ਬਾਹੁਬਲੀ ਨੇਤਾ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਕਥਿਤ ਐਨਕਾਊਂਟਰ ਹੋਇਆ, ਅਸਦ ’ਤੇ ਇਲਜ਼ਾਮ ਕੀ ਸਨ
Thursday, Apr 13, 2023 - 09:17 PM (IST)


ਉਮੇਸ਼ ਪਾਲ ਕਤਲ ਕਾਂਡ ਦੇ ਮੁੱਖ ਦੋਸ਼ੀ ਅਤੀਕ ਅਹਿਮਦ ਵੀਰਵਾਰ ਨੂੰ ਅਦਾਲਤ ''''ਚ ਪੇਸ਼ ਹੋਏ। ਪ੍ਰਯਾਗਰਾਜ ਪੁਲਿਸ ਅਤੀਕ ਅਹਿਮਦ ਨੂੰ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਲੈ ਕੇ ਆਈ ਹੈ ਤਾਂ ਜੋ ਉਨ੍ਹਾਂ ਦੀ ਕਤਲ ਵਿੱਚ ਭੂਮਿਕਾ ਬਾਰੇ ਪੁੱਛਗਿੱਛ ਕੀਤੀ ਜਾ ਸਕੇ।
ਅਤੀਕ ਅਹਿਮਦ ਨੂੰ ਅਦਾਲਤ ''''ਚ ਪੇਸ਼ ਕੀਤਾ ਗਿਆ ਹੈ। ਇਹ ਪ੍ਰਕਿਰਿਆ ਹਾਲੇ ਚੱਲ ਹੀ ਰਹੀ ਸੀ ਕਿ ਪੁਲਿਸ ਨੇ ਕਿਹਾ ਕਿ ਉਮੇਸ਼ ਪਾਲ ਹੱਤਿਆਕਾਂਡ ਵਿੱਚ ਨਾਮਜ਼ਦ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਝਾਂਸੀ ਵਿੱਚ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਨ।
ਇਸ ਮਾਮਲੇ ਦੇ ਇੱਕ ਹੋਰ ਮੁਲਜ਼ਮ ਗ਼ੁਲਾਮ ਮੁਹੰਮਦ ਦੇ ਵੀ ਇਸ ਕਥਿਤ ਮੁਕਾਬਲੇ ਵਿੱਚ ਮਾਰੇ ਜਾਣ ਦੀ ਖ਼ਬਰ ਹੈ।
ਪੁਲਿਸ ਨੂੰ ਉਮੇਸ਼ ਪਾਲ ਕਤਲ ਕਾਂਡ ਵਿੱਚ ਇਨ੍ਹਾਂ ਦੋਨਾਂ ਮੁਲਜ਼ਮਾਂ ਦੀ ਤਲਾਸ਼ ਸੀ। ਦੋਵਾਂ ''''ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਹ ‘ਮੁਕਾਬਲਾ’ ਡਿਪਟੀ ਐੱਸਪੀਜ਼ ਨਵੇਂਦੂ ਅਤੇ ਡਿਪਟੀ ਐੱਸਪੀਜ਼ ਵਿਮਲ ਦੀ ਅਗਵਾਈ ਵਿੱਚ ਹੋਇਆ।
ਪੁਲਿਸ ਮੁਤਾਬਕ ਅਸਦ ਦੀ ਉਮਰ 20 ਸਾਲ ਦੇ ਕਰੀਬ ਸੀ ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਦੋਵਾਂ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ।
ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਅਸਦ ਅਹਿਮਦ ਕੌਣ ਸਨ?

24 ਫਰਵਰੀ ਨੂੰ ਪ੍ਰਯਾਗਰਾਜ ''''ਚ ਉਮੇਸ਼ ਪਾਲ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਸ ਅਸਦ ਦੀ ਭਾਲ ਕਰ ਰਹੀ ਸੀ। ਪੁਲਿਸ ਨੇ ਅਸਦ ਅਤੇ ਗ਼ੁਲਾਮ ''''ਤੇ ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਅਸਦ ਅਹਿਮਦ ਕਤਲ ਦੇ ਮਾਮਲੇ ਵਿੱਚ ਘਿਰੇ ਸਿਆਸੀ ਆਗੂ ਅਤੀਕ ਅਹਿਮਦ ਦਾ ਪੁੱਤਰ ਸੀ। ਅਤਿਕ ਅਹਿਮਦ ਦੇ ਦੋ ਨਾਬਾਲਗ ਪੁੱਤਰਾਂ ਨੂੰ ਪੁਲਿਸ ਨੇ ਬਾਲ ਸੁਰੱਖਿਆ ਕਮੇਟੀ ਦੇ ਹੁਕਮਾਂ ''''ਤੇ ਬਾਲ ਸੁਰੱਖਿਆ ਕੇਂਦਰ ਰਾਜਰੂਪ ਪੁਰ ਵਿੱਚ ਰੱਖਿਆ ਹੈ।
ਬੀਬੀਸੀ ਪੱਤਰਕਾਰ ਅਨੰਤ ਝਾਨਾਨੇ ਨੇ ਦੱਸਿਆ ਕਿ ਪੁਲਿਸ ਦਾ ਦਾਅਵਾ ਹੈ ਕਿ ਅਸਦ ਅਹਿਮਦ ਨੂੰ 24 ਫਰਵਰੀ 2023 ਨੂੰ ਪ੍ਰਯਾਗਰਾਜ ਵਿੱਚ ਉਮੇਸ਼ ਪਾਲ ਦੇ ਕਤਲ ਵਾਲੇ ਦਿਨ ਸੀਸੀਟੀਵੀ ਵਿੱਚ ਨੰਗੇ ਚਿਹਰੇ ਅਤੇ ਹੱਥ ਵਿੱਚ ਹਥਿਆਰ ਲਈ ਦੇਖਿਆ ਗਿਆ ਸੀ।
ਅਸਦ ਅਹਿਮਦ ਖ਼ਿਲਾਫ਼ 24 ਫ਼ਰਵਰੀ ਤੋਂ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਸੀ। ਪਰ ਅਸਦ ਅਹਿਮਦ 24 ਫ਼ਰਵਰੀ ਨੂੰ ਪ੍ਰਯਾਗਰਾਜ ਰੋਡ ''''ਤੇ ਉਮੇਸ਼ ਪਾਲ ਦੇ ਦਿਨ-ਦਿਹਾੜੇ ਹੋਏ ਕਤਲ ਦੇ ਬਾਅਦ ਤੋਂ ਫ਼ਰਾਰ ਸੀ।
ਅਸਦ ਅਤੀਕ ਅਹਿਮਦ ਦਾ ਤੀਜਾ ਪੁੱਤਰ ਸੀ। ਅਤੀਕੇ ਦੇ ਦੋ ਬੇਟੇ ਅਲੀ ਅਤੇ ਉਮਰ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਹਨ।
ਅਲੀ ਨੈਨੀ ਜੇਲ੍ਹ ਵਿੱਚ ਹੈ ਅਤੇ ਉਮਰ ਲਖਨਊ ਜੇਲ੍ਹ ਵਿੱਚ ਹੈ।
ਉਮੇਸ਼ ਪਾਲ ਕੌਣ ਸਨ
ਉਮੇਸ਼ ਪੇਸ਼ੇ ਵਜੋਂ ਵਕੀਲ ਸਨ। 2005 ''''ਚ ਬਸਪਾ ਵਿਧਾਇਕ ਰਾਜੂ ਪਾਲ ਦੇ ਕਤਲ ਦੇ ਮੁੱਖ ਗਵਾਹ ਸਨ। ਪਰ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਆਪਣੀ ਜਾਂਚ ਵਿੱਚ ਉਮੇਸ਼ ਪਾਲ ਨੂੰ ਗਵਾਹ ਨਹੀਂ ਬਣਾਇਆ ਸੀ।
24 ਫ਼ਰਵਰੀ 2023 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਜਦੋਂ ਉਮੇਸ਼ ਅਦਾਲਤ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।
24 ਫ਼ਰਵਰੀ ਦੀ ਸ਼ਾਮ ਨੂੰ ਜਿਵੇਂ ਹੀ ਉਮੇਸ਼ ਪਾਲ ਆਪਣੇ ਘਰ ਦੇ ਨੇੜੇ ਪਹੁੰਚੇ ਤਾਂ ਕੁਝ ਵਿਅਕਤੀਆਂ ਨੇ ਪਹਿਲਾਂ ਉਨ੍ਹਾਂ ਦੀ ਕਾਰ ''''ਤੇ ਗੋਲੀਆਂ ਚਲਾਈਆਂ ਸਨ।
ਉਮੇਸ਼ ਪਾਲ 2005 ’ਚ ਬਸਪਾ ਦੇ ਵਿਧਾਇਕ ਰਾਜੂ ਪਾਲ ਦੇ ਕਤਲ ਤੋਂ ਬਾਅਦ ਸੁਰਖੀਆਂ ’ਚ ਆਏ ਸਨ। ਉਸ ਸਮੇਂ ਉਨ੍ਹਾਂ ਨੂੰ ਰਾਜੂ ਪਾਲ ਦੇ ਕਤਲ ਮਾਮਲੇ ’ਚ ਮੁੱਖ ਗਵਾਹ ਬਣਾਇਆ ਗਿਆ ਸੀ।
ਜਦੋਂ ਉਮੇਸ਼ ਨੇ ਆਪਣੇ ਦੋ ਸੁਰੱਖਿਆ ਕਰਮੀਆਂ ਨਾਲ ਘਰ ਵੱਲ ਭੱਜਣ ਦੀ ਕੋਸ਼ਿਸ਼ ਕੀਤੀ, ਹਮਲਾਵਰਾਂ ਨੇ ਉਨ੍ਹਾਂ ਉੱਤੇ ਦੋ ਬੰਬ ਸੁੱਟ ਦਿੱਤੇ।
ਤਿੰਨਾਂ ਨੂੰ ਫ਼ੌਰੀ ਤੌਰ ’ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਮੇਸ਼ ਪਾਲ ਅਤੇ ਉਨ੍ਹਾਂ ਦੇ ਸੁਰੱਖਿਆ ਕਰਮੀ ਸੰਦੀਪ ਮਿਸ਼ਰਾ ਦੀ ਮੌਤ ਹੋ ਗਈ।
ਕੁਝ ਸਮਾਂ ਬਾਅਦ ਵਿੱਚ ਦੂਜੇ ਸੁਰੱਖਿਆ ਕਰਮੀ ਰਾਘਵੇਂਦਰ ਸਿੰਘ ਦੀ ਲਖਨਊ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਪ੍ਰਯਾਗਰਾਜ ਪੁਲਿਸ ਦਾ ਦਾਅਵਾ ਹੈ ਕਿ ਜਿਸ ਦਿਨ ਉਮੇਸ਼ ਯਾਦਵ ਦਾ ਕਤਲ ਹੋਇਆ ਉਸ ਦਿਨ ਦੀ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤਰ ਅਸਦ, ਗੁੱਡੂ ਮੁਸਲਿਮ, ਲਾਮ ਅਤੇ ਅਰਬਾਜ਼ ਦਾ ਹੱਥ ਹੋਣ ਦੇ ਸੰਕੇਤ ਮਿਲੇ ਹਨ।
ਰਾਜੂ ਪਾਲ ਦੀ ਪਤਨੀ ਪੂਜਾ ਪਾਲ ਨੇ ਕੁਝ ਸਮਾਂ ਪਹਿਲਾਂ ਬੀਬੀਸੀ ਦੇ ਸਹਿਯੋਗੀ ਅਮਨ ਦਿਵੇਦੀ ਨੂੰ ਦੱਸਿਆ ਸੀ ਕਿ ਜਦੋਂ 2006 ’ਚ ਰਾਜੂ ਪਾਲ ਦੇ ਕਤਲ ਦਾ ਮੁਕੱਦਮਾ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਉਮੇਸ਼ ਪਾਲ ਮੁਕਰ ਗਏ ਸਨ।
ਪੂਜਾ ਪਾਲ ਅਨੁਸਾਰ ਜਦੋਂ ਰਾਜੂ ਪਾਲ ਕਤਲ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ ਤਾਂ ਸੀਬੀਆਈ ਨੇ ਉਮੇਸ਼ ਪਾਲ ਨੂੰ ਗਵਾਹ ਨਹੀਂ ਬਣਾਇਆ ਸੀ।
ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਮੇਸ਼ ਪਾਲ ਆਪਣੇ ਵੱਡੇ ਭਰਾ ਦਾ ਟੈਂਕਰ ਚਲਾਉਂਦੇ ਸਨ। ਸਾਲ 2005 ’ਚ ਉਹ ਪੁਲਿਸ ਜ਼ਰੀਏ ਰਾਜੂ ਪਾਲ ਕਤਲ ਮਾਮਲੇ ’ਚ ਮੁੱਖ ਗਵਾਹ ਬਣੇ। ਪੂਜਾ ਪਾਲ ਨੇ ਅੱਗੇ ਦੱਸਿਆ ਕਿ ਰਾਜੂ ਪਾਲ ਨੂੰ ਹਸਪਤਾਲ ਉਮੇਸ਼ ਪਾਲ ਹੀ ਲੈ ਕੇ ਗਏ ਸਨ।
ਪੂਜਾ ਪਾਲ ਅਨੁਸਾਰ ਉਮੇਸ਼ ਪਾਲ 2006 ਤੋਂ 2012 ਤੱਕ ਬਸਪਾ ਪਾਰਟੀ ’ਚ ਰਹੇ ਅਤੇ ਉਸ ਤੋਂ ਬਾਅਦ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਏ ਸਨ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਮੇਸ਼ ਪਾਲ ਭਾਜਪਾ ’ਚ ਸ਼ਾਮਲ ਹੋ ਗਏ ਸਨ। ਉਹ ਪ੍ਰਯਾਗਰਾਜ ਦੀ ਫਾਫਾਮਊ ਵਿਧਾਨ ਸਭਾ ਸੀਟ ਤੋਂ ਵਿਧਾਇਕ ਦੀ ਚੋਣ ਲੜਣਾ ਚਾਹੁੰਦੇ ਸਨ।
ਪੂਜਾ ਪਾਲ ਅਨੁਸਾਰ ਰਾਜੂ ਪਾਲ ਕਤਲ ਕਾਂਡ ਤੋਂ ਬਾਅਦ ਉਮੇਸ਼ ਪਾਲ ਅਤੀਕ ਅਹਿਮਦ ਦੇ ਨਿਸ਼ਾਨੇ ’ਤੇ ਆ ਗਏ ਸਨ। ਪਰ ਜਾਇਦਾਦ ਅਤੇ ਰਾਜਨੀਤੀ ਦੇ ਕਾਰਨ ਵੀ ਉਮੇਸ਼ ਪਾਲ ਨੇ ਕਈ ਲੋਕਾਂ ਨਾਲ ਦੁਸ਼ਮਣੀ ਪਾਲ ਰੱਖੀ ਸੀ।

ਇਲਜ਼ਾਮਾਂ ’ਚ ਘਿਰੇ ਬਾਪ-ਬੇਟਾ ਅਤੀਕ ਤੇ ਅਸਦ ਅਹਿਮਦ
- 1979 ’ਚ ਅਤੀਕ ਅਹਿਮਦ ਖ਼ਿਲਾਫ਼ ਪਹਿਲਾ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਹ ਨਾਬਾਲਗ ਸਨ।
- 1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।
- 25 ਜਨਵਰੀ, 2005 ਨੂੰ ਬਸਪਾ ਵਿਧਾਇਕ ਰਾਜੂ ਪਾਲ ਦੇ ਕਾਫ਼ਲੇ ’ਤੇ ਹਮਲਾ ਹੋਇਆ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਕਤਲ ਕਾਂਡ ’ਚ ਅਤੀਕ ਅਹਿਮਦ ਅਤੇ ਅਸ਼ਰਫ਼ ਅਹਿਮਦ ਦਾ ਨਾਮ ਸਾਹਮਣੇ ਆਇਆ ਸੀ।
- 24 ਫ਼ਰਵਰੀ 2023 ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਰਾਜੂ ਪਾਲ ਕਤਲਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਦਾ ਕਤਲ ਕਰ ਦਿੱਤਾ ਗਿਆ ਸੀ।
- ਇਸ ਮਾਮਲੇ ਵਿੱਚ ਪ੍ਰਯਾਗਰਾਜ ਪੁਲਿਸ ਦਾ ਦਾਅਵਾ ਹੈ ਕਿ ਜਿਸ ਦਿਨ ਉਮੇਸ਼ ਯਾਦਵ ਦਾ ਕਤਲ ਹੋਇਆ ਉਸ ਦਿਨ ਦੀ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤਰ ਅਸਦ, ਗੁੱਡੂ ਮੁਸਲਿਮ, ਲਾਮ ਅਤੇ ਅਰਬਾਜ਼ ਦਾ ਹੱਥ ਹੋਣ ਦੇ ਸੰਕੇਤ ਮਿਲੇ ਹਨ।
- 13 ਅਪ੍ਰੈਲ 2023 ਨੂੰ ਅਤੀਕ ਅਹਿਮਦ ਅਦਾਲਤ ’ਚ ਪੇਸ਼ੀ ਲਈ ਪਹੁੰਚ ਤੇ ਇਸੇ ਦੌਰਾਨ ਉਨ੍ਹਾਂ ਦੇ ਬੇਟੇ ਅਸਦ ਅਹਿਮਦ ਦੀ ਝਾਂਸੀ ਵਿੱਚ ਹੋਏ ਇੱਕ ਕਥਿਤ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ।

ਵਿਧਾਇਕ ਰਾਜੂ ਪਾਲ ਕਤਲ ਕਾਂਡ
ਉੱਤਰ ਪ੍ਰਦੇਸ਼ ’ਚ ਸਾਲ 2003 ’ਚ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਬਣੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਅਤੀਕ ਅਹਿਮਦ ਉਦੋਂ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਏ ਸਨ।
2004 ਦੀਆਂ ਲੋਕ ਸਭਾ ਚੋਣਾਂ ’ਚ ਉਹ ਸਪਾ ਤੋਂ ਸੰਸਦ ਮੈਂਬਰ ਬਣ ਗਏ ਸਨ। ਇਸ ਕਾਰਨ ਇਲਾਹਾਬਾਦ (ਪੱਛਮੀ) ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ।
2004 ’ਚ ਅਤੀਕ ਨੇ ਆਪਣੇ ਭਰਾ ਖ਼ਾਲਿਦ ਅਜ਼ੀਮ ਉਰਫ਼ ਅਸ਼ਰਫ਼ ਨੂੰ ਉੱਥੋਂ ਚੋਣ ਮੈਦਾਨ ’ਚ ਉਤਾਰਿਆ, ਪਰ ਉਹ ਬਸਪਾ ਦੇ ਉਮੀਦਵਾਰ ਰਾਜੂ ਪਾਲ ਤੋਂ ਚਾਰ ਹਜ਼ਾਰ ਵੋਟਾਂ ਤੋਂ ਹਾਰ ਗਏ ਸਨ।
ਰਾਜੂ ਪਾਲ ’ਤੇ ਬਾਅਦ ’ਚ ਕਈ ਹਮਲੇ ਹੋਏ ਅਤੇ ਰਾਜੂ ਪਾਲ ਨੇ ਇਸ ਸਬੰਧ ’ਚ ਤਤਕਾਲੀ ਸੰਸਦ ਮੈਂਬਰ ਅਤੀਕ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ।
25 ਜਨਵਰੀ, 2005 ਨੂੰ ਰਾਜੂ ਪਾਲ ਦੇ ਕਾਫ਼ਲੇ ’ਤੇ ਇੱਕ ਵਾਰ ਫਿਰ ਹਮਲਾ ਹੋਇਆ। ਉਨ੍ਹਾਂ ਨੂੰ ਕਈ ਗੋਲੀਆਂ ਲੱਗੀਆਂ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਰਾਜੂ ਪਾਲ ਨੂੰ ਮ੍ਰਿਤਕ ਐਲਾਨ ਦਿੱਤਾ ਸੀ॥
ਇਸ ਕਤਲ ਕਾਂਡ ’ਚ ਅਤੀਕ ਅਹਿਮਦ ਅਤੇ ਅਸ਼ਰਫ਼ ਅਹਿਮਦ ਦਾ ਨਾਮ ਸਾਹਮਣੇ ਆਇਆ ਸੀ।
100 ਤੋਂ ਵੱਧ ਇਲਜ਼ਾਮਾਂ ’ਚ ਘਿਰੇ ਅਤੀਕ ਅਹਿਮਦ ਕੌਣ ਹਨ?
ਕਤਲ, ਕਤਲ ਦੀ ਕੋਸ਼ਿਸ਼, ਅਗਵਾ ਕਰਨਾ, ਜਬਰੀ ਵਸੂਲੀ ਵਰਗੇ ਤਕਰੀਬਨ 100 ਤੋਂ ਵੀ ਵੱਧ ਗੰਭੀਰ ਇਲਜ਼ਾਮਾਂ ਦੇ ਚੱਲਦਿਆਂ ਦੋਸ਼ੀ ਅਤੀਕ ਅਹਿਮਦ 5 ਵਾਰ ਵਿਧਾਇਕ ਅਤੇ 1 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।
1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।
ਅਤੀਕ ਅਹਿਮਦ ਦੇਸ਼ ਦੇ ਉਨ੍ਹਾਂ ਨੇਤਾਵਾਂ ’ਚੋਂ ਇੱਕ ਹਨ, ਜੋ ਕਿ ਅਪਰਾਧ ਦੀ ਦੁਨੀਆ ਤੋਂ ਨਿਕਲ ਕੇ ਸਿਆਸਤ ਦੀਆਂ ਗਲੀਆਂ ’ਚ ਆਏ ਹਨ। ਹਾਲਾਂਕਿ ਰਾਜਨੀਤੀ ’ਚ ਵੀ ਉਨ੍ਹਾਂ ਦੀ ਬਾਹੂਬਲੀ ਵਾਲੀ ਸਾਖ਼ ਬਰਕਰਾਰ ਰਹੀ ਹੈ ਅਤੇ ਉਹ ਸਮੇਂ-ਸਮੇਂ ’ਤੇ ਸੁਰਖੀਆਂ ਬਟੋਰਦੇ ਰਹੇ ਹਨ।
ਅਤੀਕ ਅਹਿਮਦ ਦਾ ਜਨਮ 1962 ’ਚ ਇਲਾਹਾਬਾਦ ’ਚ ਹੋਇਆ ਸੀ, ਜਿਸ ਨੂੰ ਕਿ ਮੌਜੂਦਾ ਸਮੇਂ ਪ੍ਰਯਾਗਰਾਜ ਕਿਹਾ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ ਅਤੀਕ ਦੇ ਪਿਤਾ ਫ਼ਿਰੋਜ਼ ਅਹਿਮਦ ਇਲਾਹਾਬਾਦ ’ਚ ਹੀ ਟਾਂਗਾ ਚਲਾਉਂਦੇ ਹੁੰਦੇ ਸਨ। ਚੋਣ ਪਰਚਿਆਂ ’ਚ ਅਤੀਕ ਅਹਿਮਦ ਨੇ ਆਪਣੇ ਬਾਰੇ ਜੋ ਜਾਣਕਾਰੀ ਦਿੱਤੀ ਹੈ, ਉਸ ਅਨੁਸਾਰ ਉਹ ਦਸਵੀਂ ਪਾਸ ਹਨ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਾਲ 1979 ’ਚ ਅਤੀਕ ’ਤੇ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਹ ਨਾਬਾਲਗ ਸਨ।
ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦਾ ਇਹ ਸਿਲਸਿਲਾ ਜਾਰੀ ਰਿਹਾ।
1992 ’ਚ ਇਲਾਹਾਬਾਦ ਪੁਲਿਸ ਨੇ ਅਤੀਕ ਅਹਿਮਦ ਦੇ ਕਥਿਤ ਅਪਰਾਧਾਂ ਦੀ ਇੱਕ ਸੂਚੀ ਜਾਰੀ ਕੀਤੀ ਅਤੇ ਫਿਰ ਦੱਸਿਆ ਕਿ ਉਨ੍ਹਾਂ ਵਿਰੁੱਧ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਤੋਂ ਇਲਾਵਾ ਬਿਹਾਰ ’ਚ ਵੀ ਕਤਲ, ਅਗਵਾ, ਜਬਰੀ ਵਸੂਲੀ ਆਦਿ ਦੇ ਲਗਭਗ ਚਾਰ ਦਰਜਨ ਮਾਮਲੇ ਦਰਜ ਹਨ।
ਅਤੀਕ ਅਹਿਮਦ ਦੇ ਵਿਰੁੱਧ ਜ਼ਿਆਦਾਤਰ ਮਾਮਲੇ ਇਲਾਹਾਬਾਦ ਜ਼ਿਲ੍ਹੇ ’ਚ ਹੀ ਦਰਜ ਹੋਏ ਹਨ।

ਅਤੀਕ ਅਹਿਮਦ ਦਾ ਸਿਆਸੀ ਸਫ਼ਰ
ਇੰਨੇ ਗੰਭੀਰ ਇਲਜ਼ਾਮਾਂ ਦੇ ਬਾਵਜੂਦ ਅਤੀਕ ਅਹਿਮਦ ਸਿਆਸਤ ’ਚ ਵੀ ਸਫਲਤਾ ਦੀ ਪੌੜੀ ਚੜ੍ਹਦੇ ਗਏ। ਉਨ੍ਹਾਂ ਨੇ ਪਹਿਲੀ ਵਾਰ ਸਾਲ 1989 ’ਚ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ ਸੀ ਅਤੇ ਜਿੱਤ ਵੀ ਦਰਜ ਕੀਤੀ ਸੀ।
ਉਨ੍ਹਾਂ ਦੇ ਇਲਾਕੇ ’ਚ ਇਹ ਗੱਲ ਆਮ ਹੈ ਕਿ ਇਲਾਹਾਬਾਦ ਸ਼ਹਿਰ (ਪੱਛਮੀ) ਦੀ ਸੀਟ ਵੀ ਉਹ ਆਪਣੇ ਇਸੇ ਅਕਸ ਦੇ ਕਾਰਨ ਕਈ ਵਾਰ ਜਿੱਤੇ ਹਨ।
ਅਤੀਕ ਅਹਿਮਦ ਇੱਕ ਵਾਰ ਇਲਾਹਾਬਾਦ ਦੀ ਫੂਲਪੁਰ ਸੀਟ ਤੋਂ ਸੰਸਦ ਮੈਂਬਰ ਵੀ ਬਣੇ ਸਨ।
ਕਿਸੇ ਸਮੇਂ ਸਾਬਕਾ ਪੀਐੱਮ ਜਵਾਹਰਲਾਲ ਨਹਿਰੂ ਨੇ ਵੀ ਫੂਲਪੁਰ ਸੀਟ ਦੀ ਨੁਮਾਇੰਦਗੀ ਕੀਤੀ ਸੀ।
ਪਹਿਲੀ ਚੋਣ ਜਿੱਤਣ ਤੋਂ ਬਾਅਦ ਸਮਾਜਵਾਦੀ ਪਾਰਟੀ ਨਾਲ ਨੇੜਤਾ ਵਧੀ ਅਤੇ ਅਤੀਕ ਅਹਿਮਦ ਸਪਾ ’ਚ ਸ਼ਾਮਲ ਹੋ ਗਏ।
ਤਿੰਨ ਸਾਲ ਸਪਾ ’ਚ ਰਹਿਣ ਤੋਂ ਬਾਅਦ ਅਤੀਕ 1996 ’ਚ ਅਪਨਾ ਦਲ ’ਚ ਸ਼ਾਮਲ ਹੋ ਗਏ ਸਨ।
ਸਾਲ 2002 ’ਚ ਅਤੀਕ ਅਹਿਮਦ ਨੇ ਇਲਾਹਾਬਾਦ (ਪੱਛਮੀ) ਸੀਟ ਤੋਂ ਪੰਜਵੀਂ ਵਾਰ ਵਿਧਾਨ ਸਭਾ ਚੋਣ ਜਿੱਤੀ। ਹਾਲਾਂਕਿ ਉਨ੍ਹਾਂ ਨੇ ਲੋਕ ਸਭਾ ਜਾਣਾ ਸੀ ਅਤੇ ਇਸ ਦੇ ਲਈ ਹੀ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਸਾਲ 2004 ’ਚ ਫੂਲਪੁਰ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੀ ਵੀ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)