ਨਿਖ਼ਤ, ਨੀਤੂ, ਸਵੀਟੀ ਅਤੇ ਲਵਲੀਨਾ: ਮਹਿਲਾ ਮੁੱਕੇਬਾਜ਼ਾਂ ਨੇ ਕਿਵੇਂ ਲਿਖੀ ਸੁਨਹਿਰੀ ਕਹਾਣੀ
Thursday, Mar 30, 2023 - 08:01 AM (IST)


12 ਸਾਲ ਦੀ ਉਮਰ ਵਿੱਚ, ਨਿਖ਼ਤ ਜ਼ਰੀਨ ਇੱਕ ਐਥਲੈਟਿਕਸ ਮੀਟ ਵਿੱਚ ਹਿੱਸਾ ਲੈਣ ਲਈ ਨਿਜ਼ਾਮਾਬਾਦ ਗਈ ਸੀ। ਉਦੋਂ ਉਹ ਇੱਕ ਨੌਜਵਾਨ ਦੌੜਾਕ ਸੀ ਜੋ ਹੋਰ ਐਥਲੈਟਿਕਸ ਮੁਕਾਬਲਿਆਂ ਵਿੱਚ ਵੀ ਭਾਗ ਲੈਂਦੀ ਸੀ।
ਨਿਖ਼ਤ ਨੇ ਉਥੇ ਮੁੱਕੇਬਾਜ਼ੀ ਤੋਂ ਇਲਾਵਾ ਕਈ ਖੇਡਾਂ ਵਿਚ ਹਿੱਸਾ ਲਿਆ ਪਰ ਉਸ ਦੀਆਂ ਨਜ਼ਰਾਂ ਇਕ ਗੱਲ ''''ਤੇ ਟਿਕੀਆਂ ਹੋਈਆਂ ਸਨ।
ਉਹ ਆਪਣੇ ਪਿਤਾ ਮੁਹੰਮਦ ਜਮੀਲ ਅਹਿਮਦ ਨਾਲ ਉੱਥੇ ਗਈ ਤਾਂ ਉਸਨੇ ਆਪਣੇ ਪਿਤਾ ਨੂੰ ਪੁੱਛਿਆ, "ਬਾਕਸਿੰਗ ਸਿਰਫ਼ ਮੁੰਡਿਆਂ ਲਈ ਹੈ, ਕੀ ?" ਇਸ ਮਾਸੂਮ ਜਿਹੇ ਸਵਾਲ ਨਾਲ ਨਿਖ਼ਤ ਦਾ ਮੁੱਕੇਬਾਜ਼ੀ ਨਾਲ ਰਿਸ਼ਤਾ ਸ਼ੁਰੂ ਹੋਇਆ ਸੀ।
ਬੀਤੇ ਐਤਵਾਰ ਨੂੰ, ਨਿਖ਼ਤ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਵਿੱਚ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਹੈ।
ਇੰਨਾ ਹੀ ਨਹੀਂ ਤਿੰਨ ਹੋਰ ਮਹਿਲਾ ਮੁੱਕੇਬਾਜ਼ਾਂ ਨੇ ਵੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚਾਰ ਗੋਲਡ ਮੈਡਲ ਜਿੱਤ ਕੇ ਸੋਨ ਤਗਮੇ ਜਿੱਤਣ ਦੇ ਕ੍ਰਿਸ਼ਮੇ ਦੀ ਬਰਾਬਰੀ ਕੀਤੀ।
ਐਤਵਾਰ ਨੂੰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ ''''ਚ ਨਿਖ਼ਤ ਨੇ ਵੀਅਤਨਾਮ ਦੇ ਨਗੁਏਮ ਥੀ ਤਾਮ ਨੂੰ ਇਕਤਰਫਾ ਮੁਕਾਬਲੇ ''''ਚ 5-0 ਨਾਲ ਹਰਾਇਆ।
ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਨਿਖ਼ਤ ਜ਼ਰੀਨ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਹੈ।

ਐਤਵਾਰ ਨੂੰ ਹੀ, ਲਵਲੀਨਾ ਬੋਰਗੋਹੇਨ ਨੇ ਆਪਣੀ ਕਾਂਸੀ ਤਮਗਾ ਜਿੱਤਣ ਦੀ ਲੜੀ ਨੂੰ ਪਿੱਛੇ ਛੱਡਦੇ ਹੋਏ ਸੁਨਹਿਰੀ ਸਫ਼ਲਤਾ ਹਾਸਲ ਕੀਤੀ।
ਉਨ੍ਹਾਂ ਨੇ 75 ਕਿਲੋ ਵਰਗ ਵਿੱਚ ਆਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ।
ਇਨ੍ਹਾਂ ਦੋਵਾਂ ਤੋਂ ਇਕ ਦਿਨ ਪਹਿਲਾਂ ਨੀਤੂ ਘਨਘਸ ਨੇ 48 ਕਿਲੋਗ੍ਰਾਮ ਨਿਊਨਤਮ ਭਾਰ ਵਰਗ ''''ਚ ਸੋਨ ਤਗਮਾ ਜਿੱਤਿਆ ਸੀ ਜਦਕਿ ਸਵੀਟੀ ਬੂਰਾ ਨੇ 81 ਕਿਲੋਗ੍ਰਾਮ ਲਾਈਟ ਹੈਵੀਵੇਟ ਵਰਗ ''''ਚ ਸੋਨ ਤਮਗਾ ਜਿੱਤਿਆ ਸੀ।
ਗੋਲਡ ਮੈਡਲ ਅਤੇ ਪ੍ਰਸਿੱਧੀ ਦੇ ਨਾਲ-ਨਾਲ ਇਨ੍ਹਾਂ ਮੁੱਕੇਬਾਜ਼ਾਂ ਨੂੰ ਇਨਾਮ ਵਜੋਂ 82.7-82.7 ਲੱਖ ਰੁਪਏ ਦਾ ਚੈੱਕ ਵੀ ਮਿਲਿਆ।
ਇਨ੍ਹਾਂ ਚਾਰਾਂ ਦੀ ਗੋਲਡਨ ਕਾਮਯਾਬੀ ਕਾਰਨ, ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ, 2023 ਵਿੱਚ ਭਾਰਤੀ ਟੀਮ ਅੰਕ ਸੂਚੀ ਵਿੱਚ ਸਿਖਰ ''''ਤੇ ਹੈ।
ਇਸ ਕਾਮਯਾਬੀ ਤੋਂ ਬਾਅਦ ਭਾਰਤੀ ਮੁੱਕੇਬਾਜ਼ੀ ਸੰਘ ਦੇ ਪ੍ਰਧਾਨ ਅਜੈ ਸਿੰਘ ਨੇ ਐਤਵਾਰ ਨੂੰ ਕਿਹਾ, "ਇਹ ਇਤਿਹਾਸਕ ਪ੍ਰਦਰਸ਼ਨ ਹੈ। ਅਸੀਂ ਲਗਾਤਾਰ ਬਿਹਤਰ ਕਰ ਰਹੇ ਹਾਂ। ਪਰ ਜੋ ਆਤਮਵਿਸ਼ਵਾਸ ਅੱਜ ਦੇਖਣ ਨੂੰ ਮਿਲਿਆ ਹੈ, ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।"
"ਕੁਝ ਖਿਡਾਰੀਆਂ ਨੇ ਰਾਊਂਡ ਹਾਰਨ ਤੋਂ ਬਾਅਦ ਵਾਪਸੀ ਕੀਤੀ ਅਤੇ ਆਖ਼ਰੀ ਸਾਹ ਤੱਕ ਸੰਘਰਸ਼ ਜਾਰੀ ਰੱਖਿਆ।"
ਭਵਿੱਖ ਦੀ ਉਮੀਦ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ, "ਜਿਹੜੇ ਮੁੱਕੇਬਾਜ਼ ਇੱਥੇ ਨਹੀਂ ਜਿੱਤੇ, ਉਨ੍ਹਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਚੈਂਪੀਅਨ ਬਣਨ ਦੀ ਸਮਰੱਥਾ ਹੈ। ਉਨ੍ਹਾਂ ਵਿੱਚੋਂ ਕੁਝ ਤਾਂ ਆਉਣ ਵਾਲੇ ਦਿਨਾਂ ਵਿੱਚ ਓਲੰਪਿਕ ਅਤੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਚੈਂਪੀਅਨ ਹਨ।"

ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ
- ਨਿਖ਼ਤ ਜ਼ਰੀਨ ਨੇ ਨਵੀਂ ਦਿੱਲੀ ਵਿੱਚ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਹੈ।
- ਲਵਲੀਨਾ ਬੋਰਗੋਹੇਨ ਨੇ 75 ਕਿਲੋ ਵਰਗ ਵਿੱਚ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ।
- ਨੀਤੂ ਘਨਘਸ ਨੇ 48 ਕਿਲੋਗ੍ਰਾਮ ਨਿਊਨਤਮ ਭਾਰ ਵਰਗ ''''ਚ ਸੋਨ ਤਗਮਾ ਜਿੱਤਿਆ।
- ਜਦਕਿ ਸਵੀਟੀ ਬੂਰਾ ਨੇ 81 ਕਿਲੋਗ੍ਰਾਮ ਲਾਈਟ ਹੈਵੀਵੇਟ ਵਰਗ ''''ਚ ਸੋਨ ਤਮਗਾ ਜਿੱਤਿਆ ਸੀ।
- ਇਨ੍ਹਾਂ ਚਾਰਾਂ ਦੀ ਗੋਲਡਨ ਕਾਮਯਾਬੀ ਕਾਰਨ, ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ, 2023 ਵਿੱਚ ਭਾਰਤੀ ਟੀਮ ਅੰਕ ਸੂਚੀ ਵਿੱਚ ਸਿਖਰ ''''ਤੇ ਹੈ।
- ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਨਿਖ਼ਤ ਜ਼ਰੀਨ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਹੈ।

ਜਦੋਂ 2006 ਵਿੱਚ ਬਣਿਆ ਸੀ ਇਤਿਹਾਸ
2006 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਵਰਲਡ ਚੈਂਪੀਅਨਸ਼ਿਪ ਵਿੱਚ ਚਾਰ ਗੋਲਡ ਮੈਡਲ ਹਾਸਿਲ ਕੀਤੇ ਹਨ।
2006 ਵਿੱਚ ਭਾਰਤ ਪਹਿਲੀ ਵਾਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਿਹਾ ਸੀ, ਤਾਂ 46 ਕਿਲੋਗ੍ਰਾਮ ਵਰਗ ਵਿੱਚ ਐੱਮਸੀ ਮੈਰੀਕਾਮ, 52 ਕਿਲੋਗ੍ਰਾਮ ਵਰਗ ਵਿੱਚ ਸਰਿਤਾ ਦੇਵੀ, 63 ਕਿਲੋਗ੍ਰਾਮ ਵਰਗ ਵਿੱਚ ਜੇਨੀ ਆਰਐੱਲ ਅਤੇ 75 ਕਿਲੋਗ੍ਰਾਮ ਵਿੱਚ ਲੇਖਾ ਕੇਸੀ ਨੇ ਭਾਰਤ ਨੂੰ ਗੋਲਡਨ ਕਾਮਯਾਬੀ ਦਿਵਾਈ ਸੀ।
ਭਾਰਤੀ ਮਹਿਲਾ ਮੁੱਕੇਬਾਜ਼ਾਂ ਲਈ ਪਹਿਲਾਂ ਮੌਕਾ ਸੀ ਜਦੋਂ ਉਨ੍ਹਾਂ ਦੀ ਚਮਕ ਗਲੋਬਲ ਪੱਧਰ ''''ਤੇ ਦਿਖੀ ਸੀ।
ਅਸਲ ਵਿੱਚ, 2006 ਦੀਆਂ ਇਨ੍ਹਾਂ ਚੈਂਪੀਅਨ ਮੁੱਕੇਬਾਜ਼ਾਂ ਨੇ ਹੀ ਅੰਤਰਰਾਸ਼ਟਰੀ ਪੱਧਰ ''''ਤੇ ਭਾਰਤੀ ਮਹਿਲਾ ਮੁੱਕੇਬਾਜ਼ਾਂ ਦੀ ਸਫਲਤਾ ਦੀ ਨੀਂਹ ਰੱਖੀ।
ਇਸ ਤੋਂ ਬਾਅਦ, ਐੱਮਸੀ ਮੈਰੀਕਾਮ ਛੇ ਵਾਰ ਵਿਸ਼ਵ ਚੈਂਪੀਅਨ ਬਣੀ ਅਤੇ ਉਨ੍ਹਾਂ ਦੀ ਸਫਲਤਾ ਨੇ ਭਾਰਤ ਵਿੱਚ ਮਹਿਲਾ ਮੁੱਕੇਬਾਜ਼ੀ ਨੂੰ ਵੀ ਪ੍ਰਸਿੱਧ ਬਣਾਇਆ।
2012 ਲੰਡਨ ਓਲੰਪਿਕ ਦੌਰਾਨ ਪਹਿਲੀ ਵਾਰ ਔਰਤਾਂ ਦੀ ਮੁੱਕੇਬਾਜ਼ੀ ਨੂੰ ਮੈਡਲ ਵਾਲੀ ਖੇਡ ਵਜੋਂ ਸ਼ਾਮਲ ਕੀਤਾ ਗਿਆ ਸੀ। ਲੰਡਨ ਓਲੰਪਿਕ ਵਿੱਚ ਐੱਮਸੀ ਮੈਰੀਕਾਮ ਨੇ ਵੀ ਭਾਰਤ ਨੂੰ ਫਲਾਈਵੇਟ ਵਰਗ ਵਿੱਚ ਕਾਂਸੀ ਦਾ ਤਗ਼ਮਾ ਦਿਵਾਇਆ ਸੀ।
ਪਰ ਭਾਰਤ ਸਫ਼ਲਤਾ ਦਾ ਇਹ ਸਿਲਸਿਲਾ ਜਾਰੀ ਨਹੀਂ ਰੱਖ ਸਕਿਆ। ਭਾਰਤੀ ਮੁੱਕੇਬਾਜ਼ੀ ਸੰਘ ਵਿੱਚ ਪ੍ਰਬੰਧਕੀ ਮੁਸ਼ਕਲਾਂ ਦਾ ਦੌਰ ਸ਼ੁਰੂ ਹੋਇਆ।
ਦਸੰਬਰ 2012 ਵਿੱਚ, ਚੋਣ ਪ੍ਰਕਿਰਿਆ ਵਿੱਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਦੇ ਬਾਅਦ ਵਿਸ਼ਵ ਮੁੱਕੇਬਾਜ਼ੀ ਫੈਡਰੇਸ਼ਨ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੀ ਮਾਨਤਾ ਨੂੰ ਮੁਅੱਤਲ ਕਰ ਦਿੱਤਾ।

ਲਗਭਗ ਚਾਰ ਸਾਲਾਂ ਬਾਅਦ, ਭਾਰਤ ਵਿਸ਼ਵ ਮੁੱਕੇਬਾਜ਼ੀ ਫੈਡਰੇਸ਼ਨ ਦੇ ਪ੍ਰਬੰਧਾਂ ਅਨੁਸਾਰ ਆਪਣੀ ਖੇਡ ਫੈਡਰੇਸ਼ਨ ਬਣਾਉਣ ਦੇ ਯੋਗ ਹੋ ਸਕਿਆ।
ਇਸ ਦੌਰਾਨ ਭਾਰਤੀ ਮੁੱਕੇਬਾਜ਼ਾਂ ਦਾ ਭਵਿੱਖ ਲਟਕ ਗਿਆ। ਨਾ ਤਾਂ ਘਰੇਲੂ ਪੱਧਰ ''''ਤੇ ਟੂਰਨਾਮੈਂਟ ਕਰਵਾਏ ਜਾ ਰਹੇ ਸਨ ਅਤੇ ਨਾ ਹੀ ਭਾਰਤੀ ਝੰਡੇ ਨਾਲ ਅੰਤਰਰਾਸ਼ਟਰੀ ਟੂਰਨਾਮੈਂਟਾਂ ''''ਚ ਹਿੱਸਾ ਲੈ ਸਕਦੇ ਸਨ।
ਜਦੋਂ ਅੱਧ-ਵਿਚਾਲੇ ਲਟਕੇ ਮੁੱਕੇਬਾਜਾਂ ਨੂੰ ਮਿਲਿਆ ਸਹਾਰਾ
2016 ਵਿੱਚ, ਸਪਾਈਸ ਜੈਟ ਏਅਰਕ੍ਰਾਫਟ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਅਜੈ ਸਿੰਘ ਦੀ ਅਗਵਾਈ ਵਿੱਚ ਇੰਡੀਅਨ ਬਾਕਸਿੰਗ ਐਸੋਸੀਏਸ਼ਨ ਦਾ ਨਵੇਂ ਸਿਰਿਓਂ ਗਠਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਹੀ ਭਾਰਤੀ ਮੁੱਕੇਬਾਜ਼ੀ ਮੁੜ ਲੀਹ ''''ਤੇ ਆਈ।
ਅਜੈ ਸਿੰਘ ਦੀ ਅਗਵਾਈ ਵਿੱਚ, ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਹੋਇਆ ਅਤੇ ਫੈਡਰੇਸ਼ਨ ਵਿੱਚ ਪ੍ਰੋਫੈਸ਼ਨਲਿਜ਼ਮ ਦਾ ਸੱਭਿਆਚਾਰ ਵਿਕਸਿਤ ਹੋਇਆ। ਸਟੇਟ ਅਤੇ ਨੈਸ਼ਨਲ ਚੈਂਪੀਅਨਸ਼ਿਪ ਸ਼ੁਰੂ ਹੋ ਗਈ।
ਜਦੋਂ ਇਹ ਚੈਂਪੀਅਨਸ਼ਿਪ ਸ਼ੁਰੂ ਹੋਈ ਤਾਂ ਵੱਖ-ਵੱਖ ਉਮਰ ਵਰਗਾਂ ਲਈ ਵੀ ਮੁਕਾਬਲਿਆਂ ਦੀ ਲੜੀ ਸ਼ੁਰੂ ਹੋ ਗਈ।
ਭਾਰਤੀ ਮੁੱਕੇਬਾਜ਼ੀ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਕੋਚ ਅਤੇ ਸਹਾਇਕ ਸਟਾਫ ਰੱਖਣ ਦੀ ਸ਼ੁਰੂਆਤ ਹੋਈ। ਮੁੱਕੇਬਾਜ਼ਾਂ ਨੂੰ ਕਿਤੇ ਵਧੇਰੇ ਐਕਸਪੋਜਰ ਮਿਲਣਾ ਸ਼ੁਰੂ ਹੋਇਆ ਅਤੇ ਵਿਦੇਸ਼ਾਂ ਵਿੱਚ ਕੈਂਪ ਲੱਗਣੇ ਸ਼ੁਰੂ ਹੋ ਗਏ।
ਹਾਲਾਂਕਿ ਇਹ ਕੈਂਪ ਬਿਲਕੁਲ ਸੰਪੂਰਨ ਸਨ, ਅਜਿਹਾ ਨਹੀਂ ਮੰਨਿਆ ਜਾ ਸਕਦਾ। ਪਰ ਇਸ ਨੇ ਯਕੀਨੀ ਤੌਰ ''''ਤੇ ਖਿਡਾਰੀਆਂ ਨੂੰ ਅਨੁਭਵ ਦਿੱਤਾ। ਇਸ ਤੋਂ ਬਾਅਦ ਮੁੱਕੇਬਾਜ਼ਾਂ, ਖ਼ਾਸ ਕਰਕੇ ਮਹਿਲਾ ਮੁੱਕੇਬਾਜ਼ਾਂ ਨੇ ਦਿਖਾਇਆ ਕਿ ਉਹ ਥੋੜ੍ਹੀ ਜਿਹੀ ਮਦਦ ਨਾਲ ਉਹ ਕੀ ਕਮਾਲ ਕਰ ਸਕਦੀਆਂ ਹਨ।

ਵਿਸ਼ਵ ਰੈਂਕਿੰਗ ਵਿੱਚ ਚੌਥੇ ਪਾਇਦਾਨ ''''ਤੇ ਭਾਰਤ
ਭਾਰਤ ਇਸ ਸਮੇਂ ਮੁੱਕੇਬਾਜ਼ੀ ਦੀ ਵਿਸ਼ਵ ਰੈਂਕਿੰਗ ''''ਚ ਚੌਥੇ ਸਥਾਨ ''''ਤੇ ਹੈ।
ਮੁੱਕੇਬਾਜ਼ੀ ਦੀ ਦੁਨੀਆ ਵਿੱਚ ਦਬਦਬਾ ਰੱਖਣ ਵਾਲੇ ਅਮਰੀਕਾ, ਤੁਰਕੀ, ਕਿਊਬਾ, ਯੂਕੇ ਅਤੇ ਆਇਰਲੈਂਡ ਦੀ ਤੁਲਨਾ ਵਿੱਚ ਭਾਰਤ ਦੀ ਰੈਂਕਿੰਗ ਬਿਹਤਰ ਹੈ।
ਭਾਰਤ ਨੇ 2020 ਟੋਕੀਓ ਓਲੰਪਿਕ ਲਈ ਮੁੱਕੇਬਾਜ਼ਾਂ ਦੀ ਆਪਣੀ ਸਭ ਤੋਂ ਵੱਡੀ ਟੁਕੜੀ ਭੇਜੀ, ਭਾਰਤ ਲਈ ਪੰਜ ਪੁਰਸ਼ ਅਤੇ ਚਾਰ ਔਰਤਾਂ ਨੇ ਹਿੱਸਾ ਲਿਆ।
69 ਕਿਲੋਗ੍ਰਾਮ ਵਰਗ ਵਿੱਚ ਲਵਲੀਨਾ ਬੋਰਗੋਹੇਨ ਨੇ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ।
ਭਾਰਤ ਨੂੰ 2022 ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਿੰਨ ਤਗਮੇ ਮਿਲੇ ਹਨ।
ਨਿਖ਼ਤ ਜ਼ਰੀਨ ਨੇ 52 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤਿਆ, ਜਦਕਿ ਮਨੀਸ਼ਾ ਮੌਨ ਨੇ ਫੇਦਰਵੇਟ ਵਰਗ ਵਿੱਚ ਅਤੇ ਪ੍ਰਵੀਨ ਹੁੱਡਾ ਨੇ ਲਾਈਟ ਵੈਲਟਰਵੇਟ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਹ ਪ੍ਰਦਰਸ਼ਨ ਯਕੀਨੀ ਤੌਰ ''''ਤੇ ਉਤਸ਼ਾਹਜਨਕ ਸੀ।

ਭਾਰਤ ਕਰ ਰਿਹਾ ਸੀ ਮੇਜ਼ਬਾਨੀ
ਇਸ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਕੋਲ ਦੁਨੀਆਂ ਦੇ ਸਾਹਮਣੇ ਆਪਣੀ ਤਾਕਤ ਦਿਖਾਉਣ ਦਾ ਮੌਕਾ ਸੀ।
ਇਕ ਪਾਸੇ ਭਾਰਤ ਨੂੰ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣ ਦਾ ਮੌਕਾ ਮਿਲ ਰਿਹਾ ਸੀ, ਦੂਜੇ ਪਾਸੇ ਚੈਂਪੀਅਨਸ਼ਿਪ ਦੌਰਾਨ ਲਗਭਗ 100 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾਅ ''''ਤੇ ਲੱਗੀ ਹੋਈ ਸੀ।
ਭਾਰਤ ਨੇ ਈਵੈਂਟ ਦੀਆਂ ਸਾਰੀਆਂ 12 ਸ਼੍ਰੇਣੀਆਂ ਵਿੱਚ ਇੱਕ-ਇੱਕ ਮੁੱਕੇਬਾਜ਼ ਨੂੰ ਮੈਦਾਨ ਵਿੱਚ ਉਤਾਰਿਆ।
ਟੀਮ ਚੋਣ ਨੂੰ ਲੈ ਕੇ ਵਿਵਾਦ, ਰੂਸ ਅਤੇ ਬੇਲਾਰੂਸ ਨੂੰ ਖੇਡਣ ਦਾ ਮੌਕਾ ਦੇਣ ਕਾਰਨ 11 ਦੇਸ਼ਾਂ ਵੱਲੋਂ ਟੂਰਨਾਮੈਂਟ ਦਾ ਬਾਈਕਾਟ ਕੀਤਾ ਅਤੇ ਟੂਰਨਾਮੈਂਟ ਨੂੰ ਓਲੰਪਿਕ ਕੁਆਲੀਫਿਕੇਸ਼ਨ ਸਟੇਟਸ ਦਾ ਦਰਜਾ ਨਾ ਮਿਲਣਾ- ਇਹ ਸਾਰੇ ਮੁੱਦੇ ਭਾਰਤੀ ਮਹਿਲਾ ਮੁੱਕੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਾਹਮਣੇ ਦਬ ਗਏ।
ਦੋ ਵਾਰ ਵਿਸ਼ਵ ਯੁਵਾ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਚੁੱਕੀ ਨੀਤੂ ਘਨਘਾਸ ਮੁੱਕੇਬਾਜ਼ੀ ਦੇ ਗੜ੍ਹ ਭਿਵਾਨੀ ਤੋਂ ਆਉਂਦੀ ਹੈ।
ਉਨ੍ਹਾਂ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਸਨ। ਉਨ੍ਹਾਂ ਨੇ 2023 ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਹਮਲਾਵਰ ਸ਼ੁਰੂਆਤ ਕਰਦੇ ਹੋਏ ਪਹਿਲੇ ਤਿੰਨ ਮੁਕਾਬਲੇ ਇਸ ਤਰ੍ਹਾਂ ਜਿੱਤੇ ਕਿ ਰੈਫਰੀ ਨੂੰ ਮੈਚ ਰੋਕਣਾ ਪਿਆ।
ਸੈਮੀਫਾਈਨਲ ''''ਚ ਉਨ੍ਹਾਂ ਦਾ ਸਾਹਮਣਾ ਚੋਟੀ ਦਾ ਦਰਜਾ ਹਾਸਿਲ ਅਲੂਆ ਬੁਲਿਕਬੇਕੋਵਾ ਨਾਲ ਹੋਇਆ। ਪਿਛਲੀ ਵਾਰ ਬੁਲਕੇਕੋਵਾ ਨੇ ਨੀਤੂ ਘਨਘਾਸ ਨੂੰ ਹਰਾਇਆ ਅਤੇ ਬਾਅਦ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਿੱਚ ਕਾਮਯਾਬ ਰਹੀ।
ਹਾਰ ਦਾ ਬਦਲਾ ਲੈਂਦਿਆਂ ਨੀਤੂ ਨੇ ਸੈਮੀਫਾਈਨਲ ਮੈਚ 3-2 ਨਾਲ ਜਿੱਤ ਲਿਆ। ਫਾਈਨਲ ਮੈਚ ਵਿੱਚ ਨੀਤੂ ਘਨਘਸ ਦੇ ਹੀਰੋ ਅਤੇ ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਵੀ ਦਰਸ਼ਕਾਂ ਵਿੱਚ ਮੌਜੂਦ ਸਨ।
ਉਨ੍ਹਾਂ ਦੀ ਮੌਜੂਦਗੀ ਵਿੱਚ, ਨੀਤੂ ਨੇ ਮੰਗੋਲੀਆਈ ਲੁਟਸਾਇਕਨ ਅਲਟੈਂਟਸੇਟਸੇ ਨੂੰ 5-0 ਨਾਲ ਹਰਾ ਕੇ ਆਪਣਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਿਆ, ਉਹ ਵੀ ਗੋਲਡ।
ਇਸ ਸਫ਼ਲਤਾ ਤੋਂ ਬਾਅਦ ਨੀਤੂ ਘਨਘਸ ਨੇ ਮੀਡੀਆ ਨੂੰ ਕਿਹਾ ਵੀ, "ਪਿਛਲੇ ਸਾਲ ਮੈਂ ਮੈਡਲ ਨਹੀਂ ਜਿੱਤ ਸਕੀ ਸੀ, ਇਸ ਲਈ ਇਸ ਵਾਰ ਮੈਂ ਆਪਣੀਆਂ ਕਮੀਆਂ ''''ਤੇ ਕੰਮ ਕੀਤਾ ਅਤੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਮੈਡਲ ਹਾਸਲ ਕੀਤਾ।"
ਸਵੀਟੀ ਬੂਰਾ ਅਤੇ ਲਵਲੀਨਾ ਬੋਰਗੋਹੇਨ ਦਾ ਪ੍ਰਦਰਸ਼ਨ
ਉਧਰ ਦੂਜੇ ਪਾਸੇ ਸਵੀਟੀ ਬੂਰਾ ਲਈ ਇਹ ਸੋਨ ਤਮਗਾ ਨੌਂ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਇਆ ਹੈ। ਇਹ ਉਨ੍ਹਾਂ ਦੇ ਕਰੀਅਰ ਦੇ ਸਭ ਤੋਂ ਮਹੱਤਵਪੂਰਨ ਟੀਚਿਆਂ ਵਿੱਚੋਂ ਇੱਕ ਸੀ। 2014 ਵਿੱਚ, ਬੂਰਾ ਨੇ ਜੇਜੂ ਸਿਟੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਇਹ ਜਾਣਨਾ ਵੀ ਦਿਲਚਸਪ ਹੈ ਕਿ ਕੋਰੋਨਾ ਸੰਕਟ ਦੌਰਾਨ, ਬੂਰਾ ਨੇ ਮੁੱਕੇਬਾਜ਼ੀ ਛੱਡ ਦਿੱਤੀ ਅਤੇ ਆਪਣੇ ਸਕੂਲੀ ਦਿਨਾਂ ਦੀ ਖੇਡ ਕਬੱਡੀ ਵੱਲ ਮੁੜ ਗਈ ਸੀ।
ਕੁਝ ਮਹੀਨੇ ਮੁੱਕੇਬਾਜ਼ੀ ਤੋਂ ਦੂਰ ਰਹਿਣ ਤੋਂ ਬਾਅਦ, ਬੂਰਾ ਨੂੰ ਅਹਿਸਾਸ ਹੋਇਆ ਕਿ ਮੁੱਕੇਬਾਜ਼ੀ ਉਸ ਦਾ ਪਿਆਰ ਹੈ।
ਉਹ ਨਵੇਂ ਉਤਸ਼ਾਹ ਨਾਲ ਮੁੱਕੇਬਾਜ਼ੀ ਦੀ ਦੁਨੀਆਂ ਵਿੱਚ ਵਾਪਸ ਆਈ ਅਤੇ ਆਪਣੀ ਫਿਟਨੈਸ ''''ਤੇ ਬਹੁਤ ਕੰਮ ਕੀਤਾ। ਬੂਰਾ ਨੇ 2018 ਦੀ ਵਿਸ਼ਵ ਚੈਂਪੀਅਨ ਵਾਂਗ ਲੀਨਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।
30 ਸਾਲਾ ਬੂਰਾ ਨੇ ਕਿਹਾ, "ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਪੂਰਾ ਹੋਣ ਨਾਲ ਮੈਂ ਰੋਮਾਂਚਿਤ ਹਾਂ। ਮੁਕਾਬਲਾ ਚੰਗਾ ਰਿਹਾ ਅਤੇ ਮੈਂ ਆਪਣੀ ਯੋਜਨਾ ਮੁਤਾਬਕ ਹੀ ਕੰਮ ਕੀਤਾ। ਟੂਰਨਾਮੈਂਟ ਜਿਵੇਂ-ਜਿਵੇਂ ਅੱਗੇ ਵਧਦਾ ਗਿਆ ਮੇਰੇ ਖੇਡ ਵਿੱਚ ਸੁਧਾਰ ਹੁੰਦਾ ਗਿਆ ਅਤੇ ਇਸ ਦੌਰਾਨ ਮੇਰੇ ਸਰੀਰ ਨੇ ਵੀ ਤਾਲਮੇਲ ਬਿਠਾ ਲਿਆ ਸੀ।"
ਲਵਲੀਨਾ ਬੋਰਗੋਹੇਨ ਲਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਇਹ ਪਹਿਲਾ ਸੋਨ ਤਮਗਾ ਵੀ ਸੀ।
ਅਸਾਮ ਦੀ ਲਵਲੀਨਾ ਇਸ ਤੋਂ ਪਹਿਲਾਂ ਤਿੰਨ ਵੱਡੇ ਟੂਰਨਾਮੈਂਟਾਂ ਵਿੱਚ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ, ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਇਲਾਵਾ, ਉਨ੍ਹਾਂ ਨੇ 2018 ਅਤੇ 2019 ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਨਵੀਂ ਦਿੱਲੀ ''''ਚ ਹੋਣ ਵਾਲੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ''''ਚ ਲਵਲੀਨਾ ਕਾਂਸੀ ਦੇ ਤਗਮੇ ਦਾ ਰੰਗ ਬਦਲਣਾ ਚਾਹੁੰਦੀ ਸੀ।
ਹਾਲਾਂਕਿ ਟੋਕੀਓ ਓਲੰਪਿਕ ਤੋਂ ਬਾਅਦ ਉਨ੍ਹਾਂ ਦੀ ਫਾਰਮ ਥੋੜ੍ਹੀ ਘੱਟ ਗਈ ਸੀ। 2022 ਵਿਸ਼ਵ ਚੈਂਪੀਅਨਸ਼ਿਪ ਵਿੱਚ ਲਵਲੀਨਾ ਪ੍ਰੀਮੀਅਰ ਕੁਆਰਟਰ ਰਾਊਂਡ ਤੋਂ ਅੱਗੇ ਨਹੀਂ ਵਧ ਸਕੀ ਅਤੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਉਨ੍ਹਾਂ ਦਾ ਸਫ਼ਰ ਕੁਆਰਟਰ ਫਾਈਨਲ ਤੱਕ ਹੀ ਰਿਹਾ।
ਇਸ ਵਾਰ ਲਵਲੀਨਾ ਜ਼ਿਆਦਾ ਭਾਰ ਵਰਗ ''''ਚ ਉਤਰੀ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਇਹ ਇੰਨਾ ਆਸਾਨ ਵੀ ਨਹੀਂ ਸੀ। ਫਾਈਨਲ ''''ਚ ਤਾਂ ਇੱਕ ਰਾਊਂਡ ਗੁਾਉਣ ਮਗਰੋਂ ਉਨ੍ਹਾਂ ਨੇ ਵਾਪਸੀ ਕੀਤੀ।
ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਇਹ ਸਖ਼ਤ ਮੁਕਾਬਲਾ ਸੀ। ਲਿਹਾਜ਼ਾ ਅਸੀਂ ਰਣਨੀਤੀ ਮੁਤਾਬਕ ਯੋਜਨਾ ਬਣਾਈ ਸੀ। ਪਹਿਲੇ ਦੋ ਗੇੜਾਂ ਵਿੱਚ ਹਮਲਾਵਰ ਖੇਡਣ ਤੋਂ ਬਾਅਦ, ਆਖਰੀ ਰਾਊਂਡ ਵਿੱਚ ਜਵਾਬੀ ਹਮਲੇ ''''ਤੇ ਧਿਆਨ ਦੇਣਾ ਸੀ। 2018 ਅਤੇ 2019 ਵਿੱਚ ਮੈਂ ਕਾਂਸੀ ਦਾ ਤਗ਼ਮਾ ਜਿੱਤਿਆ। ਲਿਹਾਜ਼ਾ ਮੈਡਲ ਦਾ ਰੰਗ ਬਦਲ ਕੇ ਚੰਗਾ ਮਹਿਸੂਸ ਹੋ ਰਿਹਾ ਹੈ।"

ਨਿਖ਼ਤ ਦੀ ਚੁਣੌਤੀ ਅਤੇ ਉਹ ਸਵਾਲ
ਨਿਖ਼ਤ ਜ਼ਰੀਨ ਨੇ ਵੀ ਬਦਲੇ ਹੋਏ ਭਾਰ ਵਰਗ ਭਾਵ 50 ਕਿਲੋਗ੍ਰਾਮ ਵਰਗ ਵਿੱਚ ਆਪਣੀ ਕਿਸਮਤ ਅਜ਼ਮਾਉਣ ਉਤਰੀ ਸੀ। ਉਹ ਇਸ ਭਾਰ ਵਰਗ ਵਿੱਚ ਹੀ ਪੈਰਿਸ ਓਲੰਪਿਕ ਵਿੱਚ ਹਿੱਸਾ ਲੈ ਸਕਦੀ ਹੈ।
ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਖੇਡਾਂ ''''ਚ ਸੋਨ ਤਗਮਾ ਜਿੱਤਣ ਤੋਂ ਬਾਅਦ ਸਭ ਦੀਆਂ ਨਜ਼ਰਾਂ 26 ਸਾਲਾ ਨਿਖ਼ਤ ਜ਼ਰੀਨ ''''ਤੇ ਟਿਕੀਆਂ ਹੋਈਆਂ ਸਨ। ਪਰ ਉਸ ਦੇ ਸਾਹਮਣੇ ਸਭ ਤੋਂ ਔਖੀ ਚੁਣੌਤੀ ਸੀ।
ਨਿਖ਼ਤ ਇੱਕ ਤਾਂ ਬਦਲੇ ਹੋਏ ਵਜ਼ਨ ਵਰਗ ਵਿੱਚ ਹਿੱਸਾ ਲੈ ਰਹੀ ਸੀ। ਉਹ ਗ਼ੈਰ ਦਰਜਾ ਪ੍ਰਾਪਤ ਖਿਡਾਰਨ ਸੀ ਅਤੇ ਉਨ੍ਹਾਂ ਨੂੰ 12 ਦਿਨਾਂ ਦੇ ਅੰਦਰ ਛੇ ਮੈਚ ਖੇਡਣੇ ਸਨ।
ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲਾਂ ''''ਚ ਨਿਖ਼ਤ ਲੰਬੇ ਸਮੇਂ ਤੱਕ ਮੈਰੀਕਾਮ ਦੇ ਪਰਛਾਵੇਂ ''''ਚ ਰਹੀ। ਪਰ ਉਨ੍ਹਾਂ ਨੇ ਮਿਲੇ ਮੌਕਿਆਂ ਦਾ ਫਾਇਦਾ ਉਠਾਉਣਾ ਸਿੱਖ ਲਿਆ ਹੈ।
ਹਮਲਾਵਰ ਤਰੀਕੇ ਨਾਲ ਮੁੱਕੇਬਾਜ਼ੀ ਕਰਦੇ ਹੋਏ ਨਿਖ਼ਤ ਲਗਾਤਾਰ ਦੂਜੇ ਸਾਲ ਫਾਈਨਲ ''''ਚ ਪਹੁੰਚੀ।
ਨਗੂਏਮ ਦੇ ਸਾਹਮਣੇ ਦੂਜੇ ਗੇੜ ਵਿੱਚ ਨਿਖ਼ਤ ਦੇ ਉਪਰਲੇ ਬੁੱਲ ਦਾ ਹਿੱਸਾ ਕੱਟਿਆ ਗਿਆ ਸੀ ਅਤੇ ਉਹ ਦਰਦ ਦਰਦ ਵਿੱਚ ਸੀ।
ਇਸ ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਉੱਪਰਲੇ ਬੁੱਲ੍ਹ ਤੋਂ ਖੂਨ ਵਗਣਾ ਸ਼ੁਰੂ ਹੋ ਗਿਆ ਸੀ। ਅਜਿਹੇ ਵਿੱਚ ਇੱਕ ਡਾਕਟਰ ਨੂੰ ਬੁਲਾਇਆ ਜਾਂਦਾ ਸੀ ਅਤੇ ਖੇਡ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਜਾਂਦਾ ਸੀ। ਪਰ ਮੈਂ ਜੋਖ਼ਮ ਨਹੀਂ ਲੈਣਾ ਚਾਹੁੰਦਾ ਸੀ।"
"ਮੈਂ ਦਮ ਲਾਇਆ। ਮੈਂ ਆਪਣੇ ਆਪ ਨੂੰ ਕਿਹਾ, ''''ਚਲ ਨਿਖ਼ਤ, ਕਰ ਸਕਦੀ ਹੈ ਅਤੇ ਜਾਨ ਲਗਾ''''। ਇਹ ਆਖ਼ਰੀ ਮੈਚ ਸੀ, ਤਾਂ ਦਮ ਬਚਾ ਕੇ ਕੀ ਕਰਨਾ ਸੀ। ਇਸ ਲਈ ਮੈਂ ਹੋਰ ਦਮ ਲਾਇਆ।"
ਫਾਈਨਲ ਮੈਚ ਵਿੱਚ ਨਿਖ਼ਤ ਨੇ ਕਦੇ ਵੀ ਪਿੱਛੇ ਹਟ ਕੇ ਨਹੀਂ ਦੇਖਿਆ ਅਤੇ ਸੋਨ ਤਮਗਾ ਜਿੱਤ ਕੇ ਹੀ ਸਾਹ ਲਿਆ।
ਜ਼ਾਹਿਰ ਹੈ ਕਿ ਲਗਾਤਾਰ ਦੋ ਵਿਸ਼ਵ ਚੈਂਪੀਅਨਸ਼ਿਪਾਂ ''''ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਿਖ਼ਤ ਨੇ ਖ਼ੁਦ ਨੂੰ ਇਸ ਸਵਾਲ ਦਾ ਬਿਹਤਰ ਜਵਾਬ ਦਿੱਤਾ ਹੋਵੇਗਾ ਜੋ ਸਾਲਾਂ ਪਹਿਲਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਮੁੱਕੇਬਾਜ਼ੀ ਬਾਰੇ ਪੁੱਛਿਆ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)