ਅਕਾਲ ਤਖ਼ਤ ਸਾਹਿਬ ਦੀ ਸਿੱਖ ਭਾਈਚਾਰੇ ਵਿੱਚ ਕੀ ਅਹਿਮੀਅਤ ਹੈ, ਜਥੇਦਾਰ ਦੇ ਕੀ ਅਧਿਕਾਰ ਹਨ

03/29/2023 3:01:51 PM

ਅਕਾਲ ਤਖ਼ਤ
Getty Images
ਗਿਆਨੀ ਹਰਪ੍ਰੀਤ ਸਿੰਘ ਦੀ ਆਹੁਦਾ ਸੰਭਾਲਣ ਮੌਕੇ ਦੀ ਇੱਕ ਤਸਵੀਰ

27 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਪੰਥਕ ਇਕੱਠ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ, ਕਿ ਉਹ ਪੰਜਾਬ ਵਿੱਚ ਪਿਛਲੇ ਦਿਨੀਂ ਗ੍ਰਿਫ਼ਤਾਰ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰੇ।

ਪੰਜਾਬ ਵਿੱਚ ਅਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੈਂਕੜੇ ਕਾਰਕੁਨਾਂ ਖ਼ਿਲਾਫ਼ 18 ਮਾਰਚ ਤੋਂ ਪੁਲਿਸ ਕਾਰਵਾਈ ਚੱਲ ਰਹੀ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਪੰਜਾਬ ਪੁਲਿਸ ਨੇ 353 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਵਿੱਚੋਂ 197 ਜਣੇ ਰਿਹਾਅ ਕਰ ਦਿੱਤੇ ਗਏ ਹਨ।

ਪੁਲਿਸ ਦੇ ਦਾਅਵੇ ਮੁਤਾਬਕ ਅਮ੍ਰਿਤਪਾਲ ਸਿੰਘ ਅਜੇ ਫ਼ਰਾਰ ਹੈ ਅਤੇ ਉਨ੍ਹਾਂ ਦੇ 7 ਸਾਥੀਆਂ ਨੂੰ ਐੱਨਐੱਸਏ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।

ਜਥੇਦਾਰ ਦਾ ਇਹ ਅਲਟੀਮੇਟਮ ਅਜੇ ਖ਼ਤਮ ਹੋਣ ਵਾਲਾ ਹੀ ਸੀ ਕਿ ਮੁੱਖ ਮੰਤਰੀ ਨੇ ਟਵੀਟ ਕਰਕੇ ਸਖ਼ਤ ਸ਼ਬਦਾਂ ਵਿੱਚ ਜਥੇਦਾਰ ਦੀ ਮਨਸ਼ਾ ਉੱਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਜਿਸ ਦਾ ਜਵਾਬ ਜਥੇਦਾਰ ਨੇ ਟਵੀਟ ਰਾਹੀ ਹੀ ਦਿੰਦਿਆਂ ਮੁੱਖ ਮੰਤਰੀ ਉੱਤੇ ਪਲਟਵਾਰ ਕੀਤਾ ਸੀ।

ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਚਰਚਾ ਛਿੜ ਗਈ, ਜਿਸ ਵਿੱਚ ਵੱਡੀ ਗਿਣਤੀ ਲੋਕ ਅਕਾਲ ਤਖ਼ਤ ਦੇ ਹੁਕਮਾਂ ਦੀ ਪਾਲਣਾ ਤੇ ਸਿੱਖ ਸਮਾਜ ਲਈ ਅਕਾਲ ਤਖ਼ਤ ਤੇ ਇਸ ਦੇ ਜਥੇਦਾਰ ਦੀ ਅਹਿਮੀਅਤ ਦੀ ਗੱਲ ਕਰ ਰਹੇ ਹਨ।

ਅਕਾਲ ਤਖ਼ਤ ’ਤੇ ਸਮੇਂ ਸਮੇਂ ਸੰਸਥਾ ਦੇ ਸਿਆਸੀਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵਲੋਂ ਇਕੱਤਰ ਕੀਤੀ ਜਾਣਕਾਰੀ ਦੇ ਆਧਾਰ ’ਤੇ ਬਣੀ ਇਸ ਰਿਪੋਰਟ ਵਿੱਚ ਅਸੀਂ ਅਕਾਲ ਤਖ਼ਤ ਦੀ ਸਿੱਖਾਂ ਲਈ ਧਾਰਮਿਕ ਤੇ ਸਿਆਸੀ ਅਹਿਮਤੀਅਤ ਦੀ ਗੱਲ ਕਰਾਂਗੇ।

ਅਕਾਲ ਤਖ਼ਤ
Getty Images
ਅਕਾਲ ਤਖ਼ਤ ਵਲੋਂ ਸਿੱਖਾਂ ਨੂੰ ਇਸ ਥਾਂ ਤੋਂ ਹੁਕਮਨਾਮੇ ਸੁਣਾਏ ਜਾਂਦੇ ਹਨ

ਅਕਾਲ ਤਖ਼ਤ ਸਾਹਿਬ ਕੀ ਹੈ?

ਅਕਾਲ ਤਖ਼ਤ ਸਿੱਖ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ।

ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਅਕਾਲ ਤਖ਼ਤ ਪ੍ਰਮੁੱਖ ਹੈ। ਅਕਾਲ ਤਖ਼ਤ ਦੀ ਸਥਾਪਨਾ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਆਪ, 15 ਜੂਨ, 1606 ਨੂੰ ਕੀਤੀ ਸੀ। ਇਸ ਦਾ ਪਹਿਲਾ ਨਾਂ ਅਕਾਲ ਬੁੰਗਾ ਸੀ।

ਇੱਥੇ ਗੁਰੂ ਸਾਹਿਬ ਸਿੱਖਾਂ ਦੇ ਸਿਆਸੀ ਅਤੇ ਸਮਾਜਿਕ ਮਸਲਿਆਂ ਦੇ ਹੱਲ ਕਰਿਆ ਕਰਦੇ ਸਨ। ਇਤਿਹਾਸਕ ਤੌਰ ''''ਤੇ ਇਹ ਹਰਿਮੰਦਰ ਸਾਹਿਬ ਸਮੂਹ, ਅੰਮ੍ਰਿਤਸਰ ਸਾਹਿਬ ਦੇ ਅੰਦਰ ਹੀ ਉਸਰਿਆ ਹੋਇਆ ਹੈ।

ਇਤਿਹਾਸਕ ਰਵਾਇਤ ਮੁਤਾਬਕ ਗੁਰੂ ਸਾਹਿਬ ਨੇ ਇਸ ਦਾ ਨਿਰਮਾਣ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਨਿਰਮਾਣ ਲਈ ਕੱਢੀ ਮਿੱਟੀ ਦੇ ਢੇਰ ਨਾਲ ਬਣੇ ਉੱਚੇ ਸਥਾਨ ''''ਤੇ ਕੀਤਾ ਸੀ।

ਅਕਾਲ ਤਖ਼ਤ
Getty Images
ਸਿੱਖ ਪੰਥ ਵਿੱਚ ਪੰਜ ਪਿਆਰਿਆਂ ਨੂੰ ਬਹੁਤ ਖ਼ਾਸ ਅਹਿਮੀਅਤ ਦਿੱਤੀ ਜਾਂਦੀ ਹੈ।

ਅਕਾਲ ਤਖ਼ਤ ਦੀ ਅਹਿਮੀਅਤ?

ਸਿੱਖਾਂ ਦੇ ਪੰਜ ਤਖ਼ਤ ਹਨ- ਅਕਾਲ ਤਖ਼ਤ ਸਾਹਿਬ, ਕੇਸ਼ਗੜ੍ਹ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਦਮਦਮਾ ਸਾਹਿਬ।

ਪੰਜ ਸਿੰਘ ਸਾਹਿਬਾਨ ਦੀਆਂ ਬੈਠਕਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਗਵਾਈ ਵਾਲੀ ਭੂਮਿਕਾ ਵਿੱਚ ਸ਼ਾਮਲ ਹੁੰਦੇ ਹਨ।

ਰਵਾਇਤ ਹੈ ਕਿ ਜਥੇਦਾਰਾਂ ਦੀਆਂ ਇਨ੍ਹਾਂ ਬੈਠਕਾਂ ਵਿੱਚ ਸਿੱਖ ਧਰਮ ਨੂੰ ਦਰਪੇਸ਼ ਸਮੱਸਿਆਵਾਂ ਉੱਪਰ ਵਿਚਾਰ ਕੀਤੀ ਜਾਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਗੁਰਮਤਿ ਮਰਿਆਦਾ ਦੇ ਆਧਾਰ ’ਤੇ ਢੁਕਵਾਂ ਫ਼ੈਸਲਾ ਲਿਆ ਜਾਂਦਾ ਹੈ।

ਸਮੁੱਚੀ ਸਿੱਖ ਕੌਮ ਆਪਣੀ ਅਗਵਾਈ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲ ਦੇਖਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜਥੇਦਾਰ ਬਿਨਾਂ ਕਿਸੇ ਪੱਖ਼ਪਾਤ ਦੇ ਨਿਰੋਲ ਪੰਥਕ ਰਵਾਇਤਾਂ, ਗੁਰੂ ਗ੍ਰੰਥ ਸਾਹਿਬ ਦੀ ਫ਼ਿਲਾਸਫੀ ਅਤੇ ਗੁਰ-ਮਰਿਆਦਾ ਦੀ ਰੌਸ਼ਨੀ ਵਿੱਚ ਹੀ ਆਪਣੇ ਫ਼ੈਸਲੇ ਕਰਨ।

ਹਰਪ੍ਰੀਤ ਸਿੰਘ, ਜਥੇਦਾਰ ਅਕਾਲ ਤਖ਼ਤ
BBC

ਅਕਾਲ ਤਖ਼ਤ ਸਾਹਿਬ ਦਾ ਇਤਿਹਾਸਕ ਪ੍ਰਸੰਗ ਕੀ ਹੈ?

ਇਤਿਹਾਸਕ ਰਵਾਇਤ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਹੁਕਮਨਾਮਾ ਇਸ ਦੇ ਸੰਸਥਾਪਕ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਹੀ ਜਾਰੀ ਕੀਤਾ ਗਿਆ ਸੀ।

ਗੁਰਗੱਦੀ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਉਹ ਗੁਰੂ ਘਰ ਲਈ ਵਧੀਆ ਘੋੜੇ ਅਤੇ ਜਵਾਨਾਂ ਦੀ ਭੇਟਾ ਲੈ ਕੇ ਆਉਣ।

ਇਸ ਸਮੇਂ ਨੂੰ ਇਤਿਹਾਸ ਵਿੱਚ ਸਿੱਖ ਧਰਮ ਲਈ ਨਵਾਂ ਮੋੜ ਕਿਹਾ ਜਾਂਦਾ ਹੈ, ਜਦੋਂ ਸਿੱਖ ਗੁਰੂਆਂ ਨੇ ਨਿਰੋਲ ਧਾਰਮਿਕ ਅਗਵਾਈ ਦੇ ਨਾਲ-ਨਾਲ ਸਿੱਖਾਂ ਦੀ ਸਿਆਸੀ ਰਾਹਨੁਮਾਈ ਵੀ ਕਰਨੀ ਸ਼ੁਰੂ ਕਰ ਦਿੱਤੀ।

ਇਸ ਮਗਰੋਂ ਗੁਰੂ ਸਾਹਿਬਾਨ ਨੇ ਬਾਕਾਇਦਾ ਫ਼ੌਜ ਵੀ ਰੱਖਣੀ ਸ਼ੁਰੂ ਕਰ ਦਿੱਤੀ।

ਸਿੱਟੇ ਵਜੋਂ ਸਿੱਖਾਂ ਦੀਆਂ ਤਤਕਾਲੀ ਮੁਗਲ ਹਾਕਮਾਂ ਨਾਲ ਟੱਕਰਾਂ ਵੀਂ ਹੋਣ ਲੱਗੀਆਂ ,ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਪੂਰੇ ਸਿਖ਼ਰ ਤੱਕ ਪਹੁੰਚ ਗਈਆਂ ਸਨ।

BBC
BBC

ਜਥੇਦਾਰ ਅਕਾਲ ਤਖ਼ਤ ਵਲੋਂ 27 ਮਾਰਚ ਨੂੰ ਕੀਤੇ ਗਏ ਐਲਾਨ

  • ਬੇਕਸੂਰ ਨੌਜਵਾਨ ਫੜ੍ਹੇ ਹਨ ਅਤੇ ਅਸੀਂ 100 ਫ਼ੀਸਦੀ ਉਨ੍ਹਾਂ ਨਾਲ ਹਾਂ
  • 24 ਘੰਟਿਆਂ ਅੰਦਰ ਸਾਡੇ ਮੁੰਡੇ ਛੱਡੇ ਜਾਣ
  • ਸਾਡੀਆਂ ਗੱਡੀਆਂ ਰਿਲੀਜ਼ ਕੀਤੀਆਂ ਜਾਣ
  • ਗੱਡੀਆਂ ਭੰਨਣ ਵਾਲੇ ਅਫਸਰਾਂ ਨੂੰ ਜਥੇਬੰਦੀਆਂ ਜਵਾਬਦੇਹ ਬਣਾਉਣ
  • ਭਾਰਤ ਸਰਕਾਰ ਸਿੱਖਾਂ ਨੂੰ ਵੱਖਵਾਦੀ ਕਹਿਣ ਵਾਲੀ ਖੇਡ ਬੰਦ ਕਰੇ
  • ਪੰਜਾਬ ਵਿੱਚ ਲਾਗੂ ਕੀਤੇ ਗਏ ਕਾਲ਼ੇ ਕਾਨੂੰਨ ਤੁਰੰਤ ਹਟਾਏ ਜਾਣ
  • ਹਿੰਦੂ ਰਾਸ਼ਟਰ ਵਾਲਿਆਂ ਉੱਤੇ ਵੀ ਐੱਨਐੱਸਏ ਲਾ ਦਿਓ, ਅਸੀਂ ਭੁਗਤ ਲਵਾਂਗੇ
  • ਜੇ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਸਾਰੀਆਂ ਜਥੇਬੰਦੀਆਂ ਵਹੀਰ ਕੱਢਣਗੀਆਂ
  • ਵਿਸਾਖੀ ਮੌਕੇ ਨਗਰ ਕੀਰਤਨਾਂ ਰਾਹੀ ਆਪਣੀ ਗੱਲ ਰੱਖਾਂਗੇ
  • ਸਿੱਖਾਂ ਬਾਰੇ ਗਲ਼ਤ ਜਾਣਕਾਰੀ ਫੈਲਾਉਣ ਬਾਰੇ ਚੈਨਲਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ
  • ਚੈਨਲ ਤੇ ਅਕਾਊਂਟ ਜੋ ਬੰਦ ਕੀਤੇ ਗਏ ਤਾਂ ਉਹ ਵੀ ਤੁਰੰਤ ਚਲਾਏ ਜਾਣ
  • ਸਿੱਖ ਰਿਆਸਤਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਿਸ਼ਾਨ ਦਾ ਪ੍ਰਚਾਰ ਕੀਤਾ ਜਾਵੇਗਾ
BBC
BBC

ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਕੀ ਹੈ?

ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਗੁਰਦੁਆਰਿਆਂ ਦੇ ਗੁਰਮਤਿ ਦੇ ਸਿਧਾਂਤਾਂ ਮੁਤਾਬਕ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ।

ਉਸ ਦੇ ਬਾਅਦ ਤੋਂ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਕਮੇਟੀ ਵੱਲੋਂ ਹੀ ਕੀਤੀ ਜਾਂਦੀ ਹੈ।

18ਵੀਂ ਸਦੀ ਵਿੱਚ ਇਹ ਨਿਯੁਕਤੀ ਸਰਬੱਤ ਖ਼ਾਲਸਾ ਵੱਲੋਂ ਸਮੂਹਿਕ ਤੌਰ ''''ਤੇ ਕੀਤੀ ਜਾਂਦੀ ਸੀ।

ਸ਼੍ਰੋਮਣੀ ਕਮੇਟੀ ਵੱਲੋਂ ਅਪਣਾਈ ਜਾਂਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਦੀ ਮੰਗ ਸਮੇਂ-ਸਮੇਂ ''''ਤੇ ਸਿੱਖ ਸਮਾਜ ਵਿੱਚ ਉੱਠਦੀ ਰਹੀ ਹੈ।

ਅਕਾਲ ਤਖ਼ਤ
BBC

ਅਕਾਲ ਤਖ਼ਤ ਸਾਹਿਬ ਦੇ ਪ੍ਰਮੁੱਖ ਜਥੇਦਾਰ

ਭਾਈ ਗੁਰਦਾਸ ਜੀ (ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ) ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਸਨ।

ਇਤਿਹਾਸ ਵਿੱਚ ਭਾਈ ਮਨੀ ਸਿੰਘ, ਅਕਾਲੀ ਫੂਲਾ ਸਿੰਘ ਇਸ ਤਖ਼ਤ ਦੇ ਜਥੇਦਾਰ ਰਹੇ ਹਨ।

ਭਾਈ ਮਨੀ ਸਿੰਘ ਨੂੰ ਮੁਗਲ ਕਾਲ ਵਿੱਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਜਦੋਂ ਕਿ ਅਕਾਲੀ ਫੂਲਾ ਸਿੰਘ ਦੀ ਸ਼ਖ਼ਸ਼ੀਅਤ ਤੋਂ ਮਹਾਰਜਾ ਰਣਜੀਤ ਸਿੰਘ ਵੀ ਭੈਅ ਖਾਂਦੇ ਸਨ।

ਪਿਛਲੇ ਸਮਿਆਂ ਵਿੱਚ- ਪ੍ਰੋਫੈਸਰ ਮਨਜੀਤ ਸਿੰਘ, ਰਣਜੀਤ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ ਵਰਗੇ ਵਿਦਵਾਨ ਇਸ ਦੇ ਜਥੇਦਾਰ ਰਹੇ ਹਨ।

ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਹਨ।

BBC
BBC

ਅਮ੍ਰਿਤਪਾਲ ਸਿੰਘ ''''ਤੇ ਪੁਲਿਸ ਦੀ ਕਾਰਵਾਈ - ਹੁਣ ਤੱਕ ਕੀ-ਕੀ ਹੋਇਆ

  • ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਦੀ ਕਾਰਵਾਈ ਜਾਰੀ ਹੈ
  • ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਅਜੇ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਭਾਲ਼ ਜਾਰੀ ਹੈ
  • 28 ਮਾਰਚ ਰਾਤ ਭਰ ਜਲੰਧਰ ਤੇ ਫ਼ਗਵਾੜਾ ਇਲਾਕਿਆਂ ਵਿੱਚ ਤਲਾਸ਼ੀ ਦਾ ਕੰਮ ਜਾਰੀ ਰਿਹਾ
  • 29 ਮਾਰਚ ਨੂੰ ਦਰਬਾਰ ਸਾਹਿਬ, ਅਮ੍ਰਿਤਸਰ ਦੇ ਬਾਹਰ ਵੱਡੀ ਗਿਣਤੀ ਪੁਲਿਸ ਕਰਮੀ ਤੈਨਾਤ ਕੀਤੇ ਗਏ ਹਨ
  • ਇਹ ਕਾਰਵਾਈ 18 ਮਾਰਚ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਤੋਂ ਸ਼ੁਰੂ ਕੀਤੀ ਗਈ ਸੀ
  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਅਫ਼ਗਾਨਿਸਤਾਨ ਨਹੀਂ ਬਣਨ ਦੇਣਗੇ
  • ਅਮ੍ਰਿਤਪਾਲ ਸਿੰਘ ਖ਼ਿਲਾਫ਼ ਐੱਨਐੱਸਏ ਲਗਾ ਦਿੱਤਾ ਗਿਆ ਹੈ
  • ਇਸ ਤੋਂ ਪਹਿਲਾਂ ਪੁਲਿਸ ਨੇ 7 ਲੋਕਾਂ ਉਪਰ ਐੱਨਐੱਸਏ ਲਗਾਉਣ ਦੀ ਪੁਸ਼ਟੀ ਕੀਤੀ ਸੀ
BBC
BBC

ਅਕਾਲ ਤਖ਼ਤ ਦੇ ਵਿਸ਼ੇਸ਼ ਅਧਿਕਾਰ

ਉਂਝ ਤਾਂ ਪੰਜ ਪਿਆਰਿਆਂ ਦੇ ਸਿਧਾਂਤ ਮੁਤਾਬਕ ਸਾਰੇ ਜਥੇਦਾਰਾਂ ਦਾ ਰੁਤਬਾ ਬਰਾਬਰ ਹੈ ਪਰ ਇਨ੍ਹਾਂ ਵੱਲੋਂ ਲਏ ਸਾਂਝੇ ਫ਼ੈਸਲਿਆਂ ਨੂੰ ਅਕਾਲ ਤਖ਼ਤ ਸਾਹਬ ਤੋਂ ਹੀ ਜਾਰੀ ਕੀਤਾ ਜਾਂਦਾ ਹੈ।

ਸਿੱਖ ਧਾਰਮਿਕ ਰਵਾਇਤਾਂ ਮੁਤਾਬਕ ਅਕਾਲ ਤਖ਼ਤ ਨੂੰ ਸਿਰਮੌਰ ਰੁਤਬਾ ਹਾਸਲ ਰਿਹਾ ਹੈ।

ਕੋਈ ਵੀ ਸਿੱਖ ਅਕਾਲ ਤਖ਼ਤ ਤੋਂ ਉੱਪਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਮਹਾਰਜਾ ਰਣਜੀਤ ਸਿੰਘ ਵੀ, ਸੱਦੇ ਜਾਣ ’ਤੇ ਇੱਕ ਸਿੱਖ ਵਜੋਂ ਹੀ ਪੇਸ਼ ਹੁੰਦੇ ਸਨ।

ਤਤਕਾਲੀ ਜਥੇਦਾਰ ਬਾਬਾ ਫੂਲਾ ਸਿੰਘ ਨੇ ਉਨ੍ਹਾਂ ਨੂੰ ਕੋੜਿਆਂ ਦੀ ਸਜ਼ਾ ਦਾ ਐਲਾਨ ਕੀਤਾ ਤਾਂ ਉਨ੍ਹਾਂ ਇੱਕ ਸਿੱਖ ਵਜੋਂ ਅਕਾਲ ਤਖ਼ਤ ਦੇ ਹੁਕਮ ਨੂੰ ਮੰਨਿਆ ਸੀ।

ਕਈ ਮਾਮਲਿਆਂ ਵਿੱਚ ਅਕਾਲ ਤਖ਼ਤ ਦਾ ਜਥੇਦਾਰ ਦੂਜੇ ਚਾਰ ਸਿੰਘ ਸਾਹਿਬਾਨ ਦੀ ਸਲਾਹ ਨਾਲ ਫ਼ੌਰੀ ਫ਼ੈਸਲਾ ਵੀ ਲੈ ਸਕਦੇ ਹਨ।

ਅਕਾਲ ਤਖ਼ਤ ਤੋਂ ਸਿੱਖਾਂ ਦੇ ਨਾਂ ਜਾਰੀ ਕੀਤੇ ਜਾਂਦੇ ਹੁਕਮ ਨੂੰ ਹੁਕਮਨਾਮਾ ਕਿਹਾ ਜਾਂਦਾ ਹੈ, ਜਿਸ ਦੀ ਪਾਲਣਾ ਲਈ ਹਰੇਕ ਨਾਨਕ ਨਾਮ ਲੇਵਾ ਸਿੱਖ ਧਾਰਮਿਕ ਤੌਰ ''''ਤੇ ਪਾਬੰਦ ਹੈ।

ਅਕਾਲ ਤਖ਼ਤ
Getty Images
ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਹਰਮਿੰਦਰ ਸਾਹਿਬ ਦੀ ਤਸਵੀਰ

ਸਰਕਾਰਾਂ ਨਾਲ ਟਕਰਾਅ

ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਜੀਵਨ ਊਰਜਾ ਦਾ ਸੋਮਾ ਰਿਹਾ ਹੈ, ਜਿਸ ਕਰਕੇ ਇਹ ਤਤਕਾਲੀ ਸਰਕਾਰਾਂ ਇਸ ਨੂੰ ਆਪਣੇ ਸ਼ਰੀਕ ਵਜੋਂ ਦੇਖਦੀਆਂ ਰਹੀਆਂ ਹਨ ਅਤੇ ਹਮਲੇ ਕਰਦੀਆਂ ਰਹੀਆਂ ਹਨ।

4 ਜੂਨ 1984 ਨੂੰ ਅਜ਼ਾਦ ਭਾਰਤ ਵਿੱਚ ਹਿੰਦੁਸਤਾਨੀ ਫ਼ੌਜ ਨੇ ਤਹਿਤ ਹਰਿਮੰਦਰ ਸਾਹਿਬ ਉੱਪਰ ਹਮਲਾ ਕੀਤਾ। ਜਿਸ ਵਿੱਚ ਮੁੱਖ ਨਿਸ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਣਾਇਆ ਗਿਆ।

ਹਮਲੇ ਤੋਂ ਬਾਅਦ ਸਰਕਾਰ ਨੇ ਇਸ ਦੀ ਉਸਾਰੀ ਕਰਵਾਈ, ਜਿਸ ਨੂੰ ਸਿੱਖਾਂ ਨੇ ਖਾਰਜ ਕਰਦੇ ਹੋਏ ਮੁੜ ਉਸਾਰੀ ਕਰਕੇ ਵਰਤਮਾਨ ਇਮਾਰਤ ਦਾ ਨਿਰਮਾਣ ਕਰਵਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News