ਅਤੀਕ ਅਹਿਮਦ: ਦਹਿਸ਼ਤ, ਅਪਰਾਧ, ਸਿਆਸਤ ਤੋਂ ਲੈ ਕੇ ਸਲਾਖਾਂ ਤੱਕ ਦੀ ਪੂਰੀ ਕਹਾਣੀ

03/29/2023 7:46:50 AM

ਅਤੀਕ ਅਹਿਮਦ
FACEBOOK/SANSAD ATEEQ AHMAD YOUTH BRIDGE/BBC

ਪ੍ਰਯਾਗਰਾਜ ਦੀ ਐੱਮਪੀ-ਐੱਮਐੱਲਏ ਅਦਾਲਤ ਨੇ ਅਤੀਕ ਅਹਿਮਦ ਨੂੰ ਉਮੇਸ਼ ਪਾਲ ਅਗਵਾ ਮਾਮਲੇ ’ਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਅਗਵਾ ਕਾਂਡ ਦੇ ਸੱਤ ਹੋਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਨੇ ਬਰੀ ਕਰ ਦਿੱਤਾ ਹੈ।

ਇਹ ਉਹੀ ਉਮੇਸ਼ ਪਾਲ ਹਨ, ਜਿਨ੍ਹਾਂ ਦਾ ਪਿਛਲੇ ਮਹੀਨੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਸਾਲ 2005 ’ਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਾਜੂ ਪਾਲ ਦਾ ਕਤਲ ਕਰ ਦਿੱਤਾ ਗਿਆ ਸੀ। ਉਮੇਸ਼ ਪਾਲ ਇਸ ਕਤਲ ਕਾਂਡ ਦੇ ਮੁੱਖ ਗਵਾਹ ਸਨ।

17 ਸਾਲ ਪਹਿਲਾਂ ਉਮੇਸ਼ ਪਾਲ ਨੂੰ ਅਗਵਾ ਕੀਤਾ ਗਿਆ ਸੀ। ਉਮੇਸ਼ ਪਾਲ ਨੇ ਇਲਜ਼ਾਮ ਲਗਾਇਆ ਸੀ ਕਿ ਸਾਲ 2006 ’ਚ ਅਤੀਕ ਅਹਿਮਦ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਅਗਵਾ ਕੀਤਾ ਸੀ।

ਪੇਸ਼ੀ ਦੇ ਲਈ ਅਤੀਕ ਅਹਿਮਦ ਨੂੰ ਸੋਮਵਾਰ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਪ੍ਰਯਾਗਰਾਜ ਦੀ ਨੈਨੀ ਜੇਲ੍ਹ ਲਿਆਂਦਾ ਗਿਆ ਸੀ।

ਬੀਬੀਸੀ
BBC

ਕੌਣ ਹੈ ਅਤੀਕ ਅਹਿਮਦ

  • ਅਤੀਕ ਅਹਿਮਦ ਦਾ ਜਨਮ 1962 ’ਚ ਇਲਾਹਾਬਾਦ ’ਚ ਹੋਇਆ ਸੀ।
  • 1979 ’ਚ ਅਤੀਕ ਅਹਿਮਦ ’ਤੇ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਹ ਨਾਬਾਲਗ ਸਨ।
  • 1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।
  • ਅਤੀਕ ਅਹਿਮਦ 5 ਵਾਰ ਵਿਧਾਇਕ ਅਤੇ 1 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।
  • 1992 ’ਚ ਇਲਾਹਾਬਾਦ ਪੁਲਿਸ ਨੇ ਅਤੀਕ ਅਹਿਮਦ ਦੇ ਕਥਿਤ ਅਪਰਾਧਾਂ ਦੀ ਇੱਕ ਸੂਚੀ ਜਾਰੀ ਕੀਤੀ।
  • ਉਨ੍ਹਾਂ ਨੇ ਪਹਿਲੀ ਵਾਰ ਸਾਲ 1989 ’ਚ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ ਸੀ ਅਤੇ ਜਿੱਤ ਵੀ ਦਰਜ ਕੀਤੀ ਸੀ।
  • ਤਿੰਨ ਸਾਲ ਸਪਾ ’ਚ ਰਹਿਣ ਤੋਂ ਬਾਅਦ ਅਤੀਕ 1996 ’ਚ ਅਪਨਾ ਦਲ ’ਚ ਸ਼ਾਮਲ ਹੋ ਗਏ ਸਨ।
ਬੀਬੀਸੀ
BBC

ਸੁਰਖੀਆਂ ’ਚ ਰਹਿਣ ਵਾਲੇ ਅਤੀਕ ਅਹਿਮਦ

ਸਲਾਖਾਂ ਪਿੱਛੇ ਬੰਦ ਅਤੀਕ ਅਹਿਮਦ ਦਾ ਸਿਆਸੀ ਰਸੂਖ਼ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਕਤਲ, ਕਤਲ ਦੀ ਕੋਸ਼ਿਸ਼, ਅਗਵਾ ਕਰਨਾ, ਜਬਰੀ ਵਸੂਲੀ ਵਰਗੇ ਤਕਰੀਬਨ 100 ਤੋਂ ਵੀ ਵੱਧ ਗੰਭੀਰ ਇਲਜ਼ਾਮਾਂ ਦੇ ਚੱਲਦਿਆਂ ਦੋਸ਼ੀ ਅਤੀਕ ਅਹਿਮਦ 5 ਵਾਰ ਵਿਧਾਇਕ ਅਤੇ 1 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।

1989 ਤੋਂ ਆਪਣਾ ਸਿਆਸੀ ਸਫ਼ਰ ਸ਼ੂਰੂ ਕਰਨ ਵਾਲੇ ਅਤੀਕ ਅਹਿਮਦ ਬਸਪਾ, ਅਪਨਾ ਦਲ ਅਤੇ ਸਪਾ ਪਾਰਟੀ ਦੇ ਮੈਂਬਰ ਰਹਿ ਚੁੱਕੇ ਹਨ।

ਅਤੀਕ ਅਹਿਮਦ ਦੇਸ਼ ਦੇ ਉਨ੍ਹਾਂ ਨੇਤਾਵਾਂ ’ਚੋਂ ਇੱਕ ਹਨ, ਜੋ ਕਿ ਅਪਰਾਧ ਦੀ ਦੁਨੀਆ ਤੋਂ ਨਿਕਲ ਕੇ ਰਾਜਨੀਤੀ ਦੀਆਂ ਗਲੀਆਂ ’ਚ ਆਏ ਹਨ। ਹਾਲਾਂਕਿ ਰਾਜਨੀਤੀ ’ਚ ਵੀ ਉਨ੍ਹਾਂ ਦੀ ਬਾਹੂਬਲੀ ਵਾਲੀ ਸਾਖ਼ ਬਰਕਰਾਰ ਰਹੀ ਹੈ ਅਤੇ ਉਹ ਸਮੇਂ-ਸਮੇਂ ’ਤੇ ਸੁਰਖੀਆਂ ਬਟੋਰਦੇ ਰਹੇ ਹਨ।

ਅਤੀਕ ਅਹਿਮਦ
ANI

ਅਤੀਕ ਅਹਿਮਦ ਦੀ ਸ਼ੂਰੂਆਤ

ਅਤੀਕ ਅਹਿਮਦ ਦਾ ਜਨਮ 1962 ’ਚ ਇਲਾਹਾਬਾਦ ’ਚ ਹੋਇਆ ਸੀ, ਜਿਸ ਨੂੰ ਕਿ ਮੌਜੂਦਾ ਸਮੇਂ ਪ੍ਰਯਾਗਰਾਜ ਕਿਹਾ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਅਤੀਕ ਦੇ ਪਿਤਾ ਫ਼ਿਰੋਜ਼ ਅਹਿਮਦ ਇਲਾਹਾਬਾਦ ’ਚ ਹੀ ਟਾਂਗਾ ਚਲਾਉਂਦੇ ਹੁੰਦੇ ਸਨ। ਚੋਣ ਪਰਚਿਆਂ ’ਚ ਅਤੀਕ ਅਹਿਮਦ ਨੇ ਆਪਣੇ ਬਾਰੇ ਜੋ ਜਾਣਕਾਰੀ ਦਿੱਤੀ ਹੈ, ਉਸ ਅਨੁਸਾਰ ਉਹ ਦਸਵੀਂ ਪਾਸ ਹਨ।

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਾਲ 1979 ’ਚ ਅਤੀਕ ’ਤੇ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਸ ਵੇਲੇ ਉਹ ਨਾਬਾਲਗ ਸਨ।

ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਖਿਲਾਫ਼ ਅਪਰਾਧਿਕ ਮਾਮਲਿਆਂ ਦਾ ਇਹ ਸਿਲਸਿਲਾ ਜਾਰੀ ਰਿਹਾ।

1992 ’ਚ ਇਲਾਹਾਬਾਦ ਪੁਲਿਸ ਨੇ ਅਤੀਕ ਅਹਿਮਦ ਦੇ ਕਥਿਤ ਅਪਰਾਧਾਂ ਦੀ ਇੱਕ ਸੂਚੀ ਜਾਰੀ ਕੀਤੀ ਅਤੇ ਫਿਰ ਦੱਸਿਆ ਕਿ ਉਨ੍ਹਾਂ ਵਿਰੁੱਧ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਤੋਂ ਇਲਾਵਾ ਬਿਹਾਰ ’ਚ ਵੀ ਕਤਲ, ਅਗਵਾ, ਜਬਰੀ ਵਸੂਲੀ ਆਦਿ ਦੇ ਲਗਭਗ ਚਾਰ ਦਰਜਨ ਮਾਮਲੇ ਦਰਜ ਹਨ।

ਨੈਨੀ ਜੇਲ੍ਹ
ANI
ਅਤੀਕ ਅਹਿਮਦ ਨੂੰ ਸਾਬਰਮਤੀ ਦੀ ਜੇਲ੍ਹ ਤੋਂ ਯੂਪੀ ਦੀ ਨੈਨੀ ਜੇਲ੍ਹ ਵਿੱਚ ਲਿਆਂਦਾ ਗਿਆ

ਸਿਆਸੀ ਸਫ਼ਰ

ਅਤੀਕ ਅਹਿਮਦ ਦੇ ਵਿਰੁੱਧ ਜ਼ਿਆਦਾਤਰ ਮਾਮਲੇ ਇਲਾਹਾਬਾਦ ਜ਼ਿਲ੍ਹੇ ’ਚ ਹੀ ਦਰਜ ਹੋਏ ਹਨ।

ਇੰਨੇ ਗੰਭੀਰ ਇਲਜ਼ਾਮਾਂ ਦੇ ਬਾਵਜੂਦ ਅਤੀਕ ਅਹਿਮਦ ਸਿਆਸਤ ’ਚ ਵੀ ਸਫਲਤਾ ਦੀ ਪੌੜੀ ਚੜ੍ਹਦੇ ਗਏ। ਉਨ੍ਹਾਂ ਨੇ ਪਹਿਲੀ ਵਾਰ ਸਾਲ 1989 ’ਚ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ ਸੀ ਅਤੇ ਜਿੱਤ ਵੀ ਦਰਜ ਕੀਤੀ ਸੀ।

ਉਨ੍ਹਾਂ ਦੇ ਇਲਾਕੇ ’ਚ ਇਹ ਗੱਲ ਆਮ ਹੈ ਕਿ ਇਲਾਹਾਬਾਦ ਸ਼ਹਿਰ (ਪੱਛਮੀ) ਦੀ ਸੀਟ ਵੀ ਉਹ ਆਪਣੇ ਇਸੇ ਅਕਸ ਦੇ ਕਾਰਨ ਕਈ ਵਾਰ ਜਿੱਤੇ ਹਨ।

ਅਤੀਕ ਅਹਿਮਦ ਇੱਕ ਵਾਰ ਇਲਾਹਾਬਾਦ ਦੀ ਫੂਲਪੁਰ ਸੀਟ ਤੋਂ ਸੰਸਦ ਮੈਂਬਰ ਵੀ ਬਣੇ ਸਨ।

ਕਿਸੇ ਸਮੇਂ ਸਾਬਕਾ ਪੀਐੱਮ ਜਵਾਹਰਲਾਲ ਨਹਿਰੂ ਨੇ ਵੀ ਫੂਲਪੁਰ ਸੀਟ ਦੀ ਨੁਮਾਇੰਦਗੀ ਕੀਤੀ ਸੀ।

ਪਹਿਲੀ ਚੋਣ ਜਿੱਤਣ ਤੋਂ ਬਾਅਦ ਸਮਾਜਵਾਦੀ ਪਾਰਟੀ ਨਾਲ ਨੇੜਤਾ ਵਧੀ ਅਤੇ ਅਤੀਕ ਅਹਿਮਦ ਸਪਾ ’ਚ ਸ਼ਾਮਲ ਹੋ ਗਏ।

ਤਿੰਨ ਸਾਲ ਸਪਾ ’ਚ ਰਹਿਣ ਤੋਂ ਬਾਅਦ ਅਤੀਕ 1996 ’ਚ ਅਪਨਾ ਦਲ ’ਚ ਸ਼ਾਮਲ ਹੋ ਗਏ ਸਨ।

ਸਾਲ 2002 ’ਚ ਅਤੀਕ ਅਹਿਮਦ ਨੇ ਇਲਾਹਾਬਾਦ (ਪੱਛਮੀ) ਸੀਟ ਤੋਂ ਪੰਜਵੀਂ ਵਾਰ ਵਿਧਾਨ ਸਭਾ ਚੋਣ ਜਿੱਤੀ। ਹਾਲਾਂਕਿ ਉਨ੍ਹਾਂ ਨੇ ਲੋਕ ਸਭਾ ਜਾਣਾ ਸੀ ਅਤੇ ਇਸ ਦੇ ਲਈ ਹੀ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਸਾਲ 2004 ’ਚ ਫੂਲਪੁਰ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੀ ਵੀ।

ਅਤੀਕ ਅਹਿਮਦ
ANI
ਇਸੇ ਗੱਡੀ ਵਿੱਚ ਅਤੀਕ ਅਹਿਮਦ ਨੂੰ ਨੈਨੀ ਜੇਲ੍ਹ ਲਿਆਂਦਾ ਗਿਆ

ਝਟਕਿਆਂ ਦੀ ਸ਼ੁਰੂਆਤ

ਅਜੇ ਤੱਕ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ। ਪਰ ਅਤੀਕ ਅਹਿਮਦ ਨੂੰ ਪਹਿਲਾ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋਂ ਸਾਲ 2005 ’ਚ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਭਰਾ ’ਤੇ ਰਾਜੂ ਪਾਲ ਦੇ ਕਤਲ ਮਾਮਲੇ ’ਚ ਐੱਫਆਈਆਰ ਦਰਜ ਹੋਈ ਸੀ।

ਸਾਲ 2007 ’ਚ ਯੂਪੀ ਦੀ ਸਰਕਾਰ ਬਦਲੀ ਅਤੇ ਮਾਇਆਵਤੀ ਸੂਬੇ ਦੀ ਮੁੱਖ ਮੰਤਰੀ ਬਣੀ। ਸੱਤਾ ਖੁੱਸਦਿਆਂ ਹੀ ਸਪਾ ਨੇ ਅਤੀਕ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ। ਦੂਜੇ ਪਾਸੇ ਮਾਇਆਵਤੀ ਦੀ ਸਰਕਾਰ ਨੇ ਅਤੀਕ ਨੂੰ ਮੋਸਟ ਵਾਂਟੇਡ ਐਲਾਨਿਆ।

ਅਤੀਕ ਅਹਿਮਦ ਨੇ ਸਾਲ 2008 ’ਚ ਆਤਮ ਸਮਰਪਣ ਕਰ ਦਿੱਤਾ ਅਤੇ 2012 ’ਚ ਰਿਹਾਅ ਵੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸਪਾ ਦੀ ਟਿਕਟ ’ਤੇ 2014 ਦੀਆਂ ਲੋਕ ਸਭਾ ਚੋਣਾਂ ਲੜੀਆਂ, ਪਰ ਉਹ ਇਹ ਚੋਣਾਂ ਹਾਰ ਗਏ।

ਅਤੀਕ ਅਹਿਮਦ ਨੂੰ 2019 ’ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸਾਬਰਮਤੀ ਜੇਲ੍ਹ ’ਚ ਭੇਜ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਯੂਪੀ ਦੀ ਨੈਨੀ ਜੇਲ੍ਹ ’ਚ ਹੀ ਬੰਦ ਸਨ। ਅਤੀਕ ਖਿਲਾਫ਼ ਦੇਵਰੀਆ ਦੇ ਇਕ ਵਪਾਰੀ ਨੂੰ ਜੇਲ੍ਹ ’ਚ ਬੁਲਾ ਕੇ ਧਮਕਾਉਣ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਹੋਇਆ ਸੀ।

ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਵੀ ਰਾਜਨੀਤੀ ’ਚ ਹਨ। ਉਹ ਇਸੇ ਸਾਲ ਜਨਵਰੀ ਮਹੀਨੇ ਬਹੁਜਨ ਸਮਾਜ ਪਾਰਟੀ ’ਚ ਸ਼ਾਮਲ ਹੋਏ ਸਨ।

ਉਮੇਸ਼ ਪਾਲ ਕਤਲ ਮਾਮਲੇ ’ਚ ਅਤੀਕ ਅਹਿਮਦ ਦਾ ਨਾਮ ਕਿਵੇਂ ਆਇਆ?

ਸਾਲ 2005 ’ਚ ਹੋਏ ਇੱਕ ਕਤਲ ਮਾਮਲੇ ਦੇ ਮੁੱਖ ਗਵਾਹ ਉਮੇਸ਼ ਪਾਲ ਦਾ 24 ਫਰਵਰੀ 2023 ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ।

ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਪ੍ਰਯਾਗਰਾਜ ਪੁਲਿਸ ਨੇ ਇਸ ਕਤਲ ਮਾਮਲੇ ’ਚ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤਰ ਅਸਦ, ‘ਬਮਬਾਜ਼’ ਗੁੱਡੂ ਮੁਸਲਿਮ, ਗੁਲਾਮ ਅਤੇ ਅਰਬਾਜ਼ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ।

ਉਮੇਸ਼ ਪਾਲ 2005 ’ਚ ਬਸਪਾ ਦੇ ਵਿਧਾਇਕ ਰਾਜੂ ਪਾਲ ਦੇ ਕਤਲ ਤੋਂ ਬਾਅਦ ਸੁਰਖੀਆਂ ’ਚ ਆਏ ਸਨ। ਉਸ ਸਮੇਂ ਉਨ੍ਹਾਂ ਨੂੰ ਰਾਜੂ ਪਾਲ ਦੇ ਕਤਲ ਮਾਮਲੇ ’ਚ ਮੁੱਖ ਗਵਾਹ ਬਣਾਇਆ ਗਿਆ ਸੀ।

ਰਾਜੂ ਪਾਲ ਦੀ ਪਤਨੀ ਪੂਜਾ ਪਾਲ ਨੇ ਕੁਝ ਸਮਾਂ ਪਹਿਲਾਂ ਬੀਬੀਸੀ ਦੇ ਸਹਿਯੋਗੀ ਅਮਨ ਦਿਵੇਦੀ ਨੂੰ ਦੱਸਿਆ ਸੀ ਕਿ ਜਦੋਂ 2006 ’ਚ ਰਾਜੂ ਪਾਲ ਦੇ ਕਤਲ ਦਾ ਮੁਕੱਦਮਾ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਉਮੇਸ਼ ਪਾਲ ਮੁਕਰ ਗਏ ਸਨ।

ਪੂਜਾ ਪਾਲ ਅਨੁਸਾਰ ਜਦੋਂ ਰਾਜੂ ਪਾਲ ਕਤਲ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ ਤਾਂ ਸੀਬੀਆਈ ਨੇ ਉਮੇਸ਼ ਪਾਲ ਨੂੰ ਗਵਾਹ ਨਹੀਂ ਬਣਾਇਆ ਸੀ।

ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਉਮੇਸ਼ ਪਾਲ ਆਪਣੇ ਵੱਡੇ ਭਰਾ ਦਾ ਟੈਂਕਰ ਚਲਾਉਂਦੇ ਸਨ। ਸਾਲ 2005 ’ਚ ਉਹ ਪੁਲਿਸ ਜ਼ਰੀਏ ਰਾਜੂ ਪਾਲ ਕਤਲ ਮਾਮਲੇ ’ਚ ਮੁੱਖ ਗਵਾਹ ਬਣੇ। ਪੂਜਾ ਪਾਲ ਨੇ ਅੱਗੇ ਦੱਸਿਆ ਕਿ ਰਾਜੂ ਪਾਲ ਨੂੰ ਹਸਪਤਾਲ ਉਮੇਸ਼ ਪਾਲ ਹੀ ਲੈ ਕੇ ਗਏ ਸਨ।

ਉਮੇਸ਼ ਪਾਲ
PRABHAT VERMA AND PUJA PAL
ਉਮੇਸ਼ ਪਾਲ (ਸੱਜੇ) ਸਾਲ 2005 ਵਿੱਚ ਹੋਈ ਯੂਪੀ ਦੇ ਵਿਧਾਇਕ ਰਾਜੂ ਪਾਲ (ਖੱਬੇ) ਦੇ ਕਤਲ ਮਾਮਲੇ ਵਿੱਚ ਮੁੱਖ ਗਵਾਹ ਸਨ

ਪੂਜਾ ਪਾਲ ਅਨੁਸਾਰ ਉਮੇਸ਼ ਪਾਲ 2006 ਤੋਂ 2012 ਤੱਕ ਬਸਪਾ ਪਾਰਟੀ ’ਚ ਰਹੇ ਅਤੇ ਉਸ ਤੋਂ ਬਾਅਦ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਏ ਸਨ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਮੇਸ਼ ਪਾਲ ਭਾਜਪਾ ’ਚ ਸ਼ਾਮਲ ਹੋ ਗਏ ਸਨ। ਉਹ ਪ੍ਰਯਾਗਰਾਜ ਦੀ ਫਾਫਾਮਊ ਵਿਧਾਨ ਸਭਾ ਸੀਟ ਤੋਂ ਵਿਧਾਇਕ ਦੀ ਚੋਣ ਲੜਣਾ ਚਾਹੁੰਦੇ ਸਨ।

ਪੂਜਾ ਪਾਲ ਅਨੁਸਾਰ ਰਾਜੂ ਪਾਲ ਕਤਲ ਕਾਂਡ ਤੋਂ ਬਾਅਦ ਉਮੇਸ਼ ਪਾਲ ਅਤੀਕ ਅਹਿਮਦ ਦੇ ਨਿਸ਼ਾਨੇ ’ਤੇ ਆ ਗਏ ਸਨ। ਪਰ ਜਾਇਦਾਦ ਅਤੇ ਰਾਜਨੀਤੀ ਦੇ ਕਾਰਨ ਵੀ ਉਮੇਸ਼ ਪਾਲ ਨੇ ਕਈ ਲੋਕਾਂ ਨਾਲ ਦੁਸ਼ਮਣੀ ਪਾਲ ਰੱਖੀ ਸੀ।

ਉਮੇਸ਼ ਪਾਲ ਦੇ ਅਗਵਾ ਮਾਮਲੇ ’ਚ ਫੈਸਲਾ

ਦਰਅਸਲ ਉਮੇਸ਼ ਪਾਲ ਨੇ ਸਾਲ 2007 ’ਚ ਇਲਜ਼ਾਮ ਲਗਾਇਆ ਸੀ ਕਿ 28 ਫਰਵਰੀ 2006 ਨੂੰ ਅਤੀਕ ਅਹਿਮਦ ਨੇ ਉਨ੍ਹਾਂ ਨੂੰ ਅਗਵਾ ਕੀਤਾ ਸੀ।

ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਕਿਉਂਕਿ ਉਹ ਰਾਜੂ ਪਾਲ ਕਤਲ ਕਾਂਡ ਦੇ ਇਕਲੌਤੇ ਗਵਾਹ ਸਨ।

ਉਮੇਸ਼ ਪਾਲ ਨੇ 2007 ’ਚ ਆਪਣੇ ਵੱਲੋਂ ਦਿੱਤੇ ਸ਼ਿਕਾਇਤੀ ਪੱਤਰ ’ਚ ਲਿਖਿਆ ਸੀ ਕਿ “28 ਫਰਵਰੀ, 2006 ਨੂੰ ਅਤੀਕ ਅਹਿਮਦ ਦੀ ਲੈਂਡ ਕਰੂਜ਼ਰ ਕਾਰ ਸਮੇਤ ਇੱਕ ਹੋਰ ਗੱਡੀ ਨੇ ਉਨ੍ਹਾਂ ਦਾ ਰਾਹ ਰੋਕਿਆ ਅਤੇ ਉਨ੍ਹਾਂ ਨੂੰ ਘੇਰ ਲਿਆ। ਉਸ ਕਾਰ ’ਚੋਂ ਦਿਨੇਸ਼ ਪਾਸੀ, ਅੰਸਾਰ ਬਾਬਾ ਅਤੇ ਹੋਰ ਵਿਅਕਤੀ ਹੇਠਾਂ ਉਤਰੇ।

ਉਨ੍ਹਾਂ ਨੇ ਪਿਸਤੌਲ ਦੀ ਨੋਕ ’ਤੇ ਉਮੇਸ਼ ਪਾਲ ਨੂੰ ਕਾਰ ਦੇ ਅੰਦਰ ਖਿੱਚਿਆ। ਇਸ ਕਾਰ ’ਚ ਅਤੀਕ ਅਹਿਮਦ ਅਤੇ ਤਿੰਨ ਹੋਰ ਵਿਅਕਤੀ ਬੈਠੇ ਹੋਏ ਸਨ। ਉਨ੍ਹਾਂ ਦੇ ਹੱਥਾਂ ’ਚ ਰਾਈਫਲਾਂ ਸਨ।

ਇਨ੍ਹਾਂ ਲੋਕਾਂ ਨੇ ਉਮੇਸ਼ ਪਾਲ ਨਾਲ ਕੁੱਟਮਾਰ ਕੀਤੀ ਅਤੇ ਚੱਕੀਆ ਸਥਿਤ ਆਪਣੇ ਦਫ਼ਤਰ ਵਿਖੇ ਲੈ ਗਏ। ਉਨ੍ਹਾਂ ਨੂੰ ਇੱਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਫਿਰ ਕੁੱਟਮਾਰ ਕੀਤੀ। ਬਿਜਲੀ ਦੇ ਝਟਕੇ ਲਗਾਏ ਗਏ।”

ਉਮੇਸ਼ ਪਾਲ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ’ਤੇ ਰਾਜੂ ਪਾਲ ਕਤਲ ਮਾਮਲੇ ’ਚ ਆਪਣਾ ਬਿਆਨ ਬਦਲਣ ਲਈ ਦਬਾਅ ਪਾਇਆ ਗਿਆ ਸੀ।

ਅਤੀਕ ਅਹਿਮਦ
ANI
ਉਮੇਸ਼ ਪਾਲ ਦੇ ਕਤਲ ਸੀਸੀਟੀਵੀ ਵਿੱਚ ਹੋਈ ਕੈਦ

ਆਪਣੀ ਸ਼ਿਕਾਇਤ ’ਚ ਉਨ੍ਹਾਂ ਨੇ ਲਿਖਿਆ ਹੈ ਕਿ “ਅਤੀਕ ਅਹਿਮਦ ਨੇ ਆਪਣੇ ਵਕੀਲ ਖ਼ਾਨ ਸ਼ੌਕਤ ਹਨੀਫ ਤੋਂ ਇੱਕ ਕਾਗਜ਼ ਦਾ ਟੁੱਕੜਾ ਲੈ ਕੇ ਮੈਨੂੰ ਦਿੱਤਾ ਅਤੇ ਕਿਹਾ ਕਿ ਇਸ ਨੂੰ ਚੰਗੀ ਤਰ੍ਹਾਂ ਨਾਲ ਯਾਦ ਕਰ ਲਓ, ਅਦਾਲਤ ’ਚ ਇਹੀ ਬਿਆਨ ਦੇਣਾ, ਨਹੀਂ ਤਾਂ ਤੇਰੇ ਟੁੱਕੜੇ-ਟੁੱਕੜੇ ਕਰਕੇ ਕੁੱਤਿਆਂ ਨੂੰ ਖੁਆ ਦੇਵਾਂਗਾ।

ਸੰਸਦ ਮੈਂਬਰ ਨੇ ਉਸੇ ਰਾਤ ਆਪਣੇ ਬੰਦਿਆਂ ਨੂੰ ਭੇਜ ਕੇ ਮੇਰੇ ਪਰਿਵਾਰ ਵਾਲਿਆਂ ਨੂੰ ਵੀ ਧਮਕਾਇਆ ਕਿ ਜੇਕਰ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਮੇਸ਼ ਨੂੰ ਮਾਰ ਦਿੱਤਾ ਜਾਵੇਗਾ। ਮੈਨੂੰ ਰਾਤ ਭਰ ਕਮਰੇ ’ਚ ਬੰਦ ਕਰਕੇ ਤਸੀਹੇ ਦਿੱਤੇ ਗਏ। ਸਵੇਰੇ 10 ਵਜੇ ਅਤੀਕ ਅਹਿਮਦ ਅਤੇ ਉਸ ਦੇ ਸਾਥੀ ਉਨ੍ਹਾਂ ਨੂੰ ਗੱਡੀ ’ਚ ਬਿਠਾ ਕੇ ਲੈ ਗਏ ਅਤੇ ਕਿਹਾ ਕਿ ਜਿਹੜਾ ਪਰਚਾ ਰਾਤ ਨੂੰ ਦਿੱਤਾ ਸੀ ਉਸ ਦੇ ਅਨੁਸਾਰ ਹੀ ਬਿਆਨ ਦੇਣਾ ਹੈ ਨਹੀਂ ਤਾਂ ਘਰ ਵਾਪਸ ਨਹੀਂ ਜਾ ਪਾਓਗੇ।”

ਆਪਣੇ ਸ਼ਿਕਾਇਤ ਪੱਤਰ ’ਚ ਉਮੇਸ਼ ਪਾਲ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ, ਪਰ ਇਸ ਲਈ ਉਨ੍ਹਾਂ ਨੂੰ ਸਾਰਾ ਖਰਚਾ ਖੁਦ ਚੁੱਕਣਾ ਪੈਣਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਸੀ ਕਿ ਉਹ ਸੁਰੱਖਿਆ ਲਈ ਪੈਸਿਆਂ ਦਾ ਭੁਗਤਾਨ ਕਰ ਸਕਦੇ।

ਉਮੇਸ਼ ਪਾਲ ਦੀ ਸ਼ਿਕਾਇਤ ਤੋਂ ਠੀਕ ਇੱਕ ਸਾਲ ਬਾਅਦ 5 ਜੁਲਾਈ, 2007 ਨੂੰ ਪੁਲਿਸ ਨੇ ਅਤੀਕ ਅਹਿਮਦ, ਉਨ੍ਹਾਂ ਦੇ ਭਰਾ ਅਸ਼ਰਫ਼ ਅਤੇ ਚਾਰ ਅਣਪਛਾਤੇ ਵਿਅਕਤੀਆਂ ਖਿਲ਼ਾਫ਼ ਮਾਮਲਾ ਦਰਜ ਕੀਤਾ ਸੀ।

ਇਸ ਮਾਮਲੇ ਦੀ ਅਦਾਲਤ ’ਚ ਸੁਣਵਾਈ ਮੁਕੰਮਲ ਹੋ ਗਈ ਹੈ। ਅਦਾਲਤ ਨੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਅਹਿਮਦ ਨੂੰ 28 ਮਾਰਚ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਯੂਪੀ ਪੁਲਿਸ ਉਨ੍ਹਾਂ ਨੂੰ ਅਹਿਮਦਾਬਾਦ ਦੀ ਸਾਬਰਮਤੀ ਸੈਂਟਰਲ ਜੇਲ੍ਹ ਤੋਂ ਲੈ ਕੇ ਸੋਮਵਾਰ ਨੂੰ ਪ੍ਰਯਾਗਰਾਜ ਪਹੁੰਚੀ।

ਹੁਣ ਅਦਾਲਤ ਨੇ ਅਤੀਕ ਅਹਿਮਦ ਨੂੰ ਉਮੇਸ਼ ਪਾਲ ਅਗਵਾ ਮਾਮਲੇ ’ਚ ਦੋਸ਼ੀ ਕਰਾਰ ਦੇ ਦਿੱਤਾ ਹੈ।

ਅਤੀਕ ਅਹਿਮਦ
ANI

ਵਿਧਾਇਕ ਰਾਜੂ ਪਾਲ ਕਤਲ ਕਾਂਡ

ਉੱਤਰ ਪ੍ਰਦੇਸ਼ ’ਚ ਸਾਲ 2003 ’ਚ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਬਣੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਅਤੀਕ ਅਹਿਮਦ ਉਦੋਂ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋ ਗਏ ਸਨ।

2004 ਦੀਆਂ ਲੋਕ ਸਭਾ ਚੋਣਾਂ ’ਚ ਉਹ ਸਪਾ ਤੋਂ ਸੰਸਦ ਮੈਂਬਰ ਬਣ ਗਏ ਸਨ। ਇਸ ਕਾਰਨ ਇਲਾਹਾਬਾਦ (ਪੱਛਮੀ) ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ।

2004 ’ਚ ਅਤੀਕ ਨੇ ਆਪਣੇ ਭਰਾ ਖ਼ਾਲਿਦ ਅਜ਼ੀਮ ਉਰਫ਼ ਅਸ਼ਰਫ਼ ਨੂੰ ਉੱਥੋਂ ਚੋਣ ਮੈਦਾਨ ’ਚ ਉਤਾਰਿਆ, ਪਰ ਉਹ ਬਸਪਾ ਦੇ ਉਮੀਦਵਾਰ ਰਾਜੂ ਪਾਲ ਤੋਂ ਚਾਰ ਹਜ਼ਾਰ ਵੋਟਾਂ ਤੋਂ ਹਾਰ ਗਏ ਸਨ।

ਰਾਜੂ ਪਾਲ ’ਤੇ ਬਾਅਦ ’ਚ ਕਈ ਹਮਲੇ ਹੋਏ ਅਤੇ ਰਾਜੂ ਪਾਲ ਨੇ ਇਸ ਸਬੰਧ ’ਚ ਤਤਕਾਲੀ ਸੰਸਦ ਮੈਂਬਰ ਅਤੀਕ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ।

25 ਜਨਵਰੀ, 2005 ਨੂੰ ਰਾਜੂ ਪਾਲ ਦੇ ਕਾਫ਼ਲੇ ’ਤੇ ਇੱਕ ਵਾਰ ਫਿਰ ਹਮਲਾ ਹੋਇਆ। ਉਨ੍ਹਾਂ ਨੂੰ ਕਈ ਗੋਲੀਆਂ ਲੱਗੀਆਂ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਰਾਜੂ ਪਾਲ ਨੂੰ ਮ੍ਰਿਤਕ ਐਲਾਨ ਦਿੱਤਾ ਸੀ॥

ਇਸ ਕਤਲ ਕਾਂਡ ’ਚ ਅਤੀਕ ਅਹਿਮਦ ਅਤੇ ਅਸ਼ਰਫ਼ ਅਹਿਮਦ ਦਾ ਨਾਮ ਸਾਹਮਣੇ ਆਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News