ਕੁਰੂਕਸ਼ੇਤਰ ਦੀ ਉਹ 20 ਸਾਲਾ ਕੁੜੀ ਜਿਸ ਨੂੰ ਕੋਰੋਨਾ ਨੇ ਬਣਾਇਆ ਇਲੈਕਟ੍ਰੀਸ਼ੀਅਨ

03/28/2023 8:31:47 AM

ਨੇਹਾ
BBC

ਘਰ ਵਿੱਚ ਜਾਂ ਕਿਤੇ ਹੋਰ ਬਿਜਲੀ ਦੀ ਫਿਟਿੰਗ, ਮੁਰੰਮਤ ਜਾਂ ਕੋਈ ਵੀ ਕੰਮ ਕਰਵਾਉਣਾ ਹੋਵੇ ਤੇ ਅਸੀਂ ਇਲੈਕਟ੍ਰੀਸ਼ੀਅਨ ਬੁਲਾਉਣ ਬਾਰੇ ਸੋਚੀਏ ਤਾਂ ਮਨ ਵਿੱਚ ਕਿਸੇ ਆਦਮੀ ਦਾ ਅਕਸ ਹੀ ਆਉਂਦਾ ਹੈ।

ਅਸੀਂ ਅਕਸਰ ਪੁਰਸ਼ਾਂ ਨੂੰ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦੇ ਦੇਖਿਆ ਹੈ ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਬੀਬੀ ਇਲੈਕਟ੍ਰੀਸ਼ੀਅਨ ਦੀ ਜੋ ਕੋਰੋਨਾ ਦੇ ਸਮੇਂ ਘਰ ਦੀ ਆਰਥਿਕ ਤੰਗੀ ਦੂਰ ਕਰਨ ਲਈ ਇਲੈਕਟ੍ਰੀਸ਼ੀਅਨ ਬਣ ਗਈ।

ਕੁਰੂਕਸ਼ੇਤਰ ਦੀ ਰਹਿਣ ਵਾਲੀ ਨੇਹਾ ਨੇ ਨਿਵੇਕਲੀ ਪਿਰਤ ਪਾਈ ਹੈ। ਉਸ ਦੀ ਉਮਰ 20 ਸਾਲ ਹੈ। ਘਰ ਵਿੱਚ ਮਾਂ ਅਤੇ ਪਿਤਾ ਹਨ। ਨੇਹਾ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਮਾਂ ਘਰ ਸਾਂਭਦੀ ਹੈ। ਨੇਹਾ ਪਿਛਲੇ ਦੋ ਸਾਲ ਤੋਂ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਹੀ ਹੈ।

ਬੀਬੀਸੀ
BBC

ਨੇਹਾ ਇੰਝ ਬਣੀ ਇਲੈਕਟ੍ਰੀਸ਼ੀਅਨ

  • ਨੇਹਾ ਪਿਛਲੇ ਦੋ ਸਾਲਾਂ ਤੋਂ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਹੀ ਹੈ।
  • ਨੇਹਾ ਨੂੰ ਇਹ ਕੰਮ ਚੰਗਾ ਲਗਦਾ ਸੀ।
  • ਨੇਹਾ 20 ਸਾਲਾਂ ਦੀ ਹੈ ਅਤੇ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਮ ਜਾਣਦੇ ਹਨ।
  • ਨੇਹਾ ਨੇ ਅਠਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ।
  • ਅਸ਼ਵਨੀ ਨੇ ਦੱਸਿਆ ਕਿ ਨੇਹਾ ਉਨ੍ਹਾਂ ਦੀ ਦੁਕਾਨ ਤੇ ਘਰ ਦਾ ਸਮਾਨ ਠੀਕ ਕਰਨ ਆਉਂਦੀ ਸੀ।
  • ਉਨ੍ਹਾਂ ਮੁਤਾਬਕ ਅਚਾਨਕ ਇੱਕ ਦਿਨ ਕੰਮ ਸਿੱਖਣ ਦੀ ਇੱਛਾ ਜ਼ਾਹਿਰ ਕੀਤੀ।
  • ਨੇਹਾ ਨੂੰ ਕੰਮ ਸਿਖਣ ਲਈ ਡੇਢ ਸਾਲ ਦਾ ਸਮਾਂ ਲੱਗਾ।
ਬੀਬੀਸੀ
BBC

ਇਹ ਕੰਮ ਕੁੜੀਆਂ ਦਾ ਨਹੀਂ

ਨੇਹਾ ਦੱਸਦੇ ਹਨ ਕਿ ਜਦੋਂ ਉਸ ਨੇ ਕੰਮ ਸ਼ੁਰੂ ਕੀਤਾ ਤਾਂ ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਲੋਕ ਕਹਿੰਦੇ ਸੀ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਕੁੜੀਆਂ ਲਈ ਨਹੀਂ ਹੁੰਦਾ, ਇਹ ਕੰਮ ਸਿਰਫ਼ ਮੁੰਡੇ ਕਰਦੇ ਹਨ।

ਉਹ ਅੱਗੇ ਕਹਿੰਦੀ ਹੈ, "ਇਸ ਕੰਮ ਵਿੱਚ ਖ਼ਤਰਾ ਵੀ ਹੈ ਅਤੇ ਘਰ ਆਉਣ-ਜਾਣ ਦਾ ਕੋਈ ਸਮਾਂ ਨਹੀਂ।"

ਨੇਹਾ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਕੰਮ ਚੰਗਾ ਲਗਦਾ ਸੀ ਇਸ ਲਈ ਕਿਸੇ ਦੀ ਨਹੀਂ ਸੁਣੀ ਅਤੇ ਕੰਮ ਕਰਦੇ ਰਹੇ। ਅੱਜ ਨੇਹਾ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਮ ਜਾਣਦੇ ਹਨ ਭਾਵੇਂ ਉਹ ਨਵੇਂ ਘਰਾਂ ਵਿੱਚ ਬਿਜਲੀ ਦੀ ਫਿਟਿੰਗ ਕਰਨੀ ਹੋਵੇ ਜਾਂ ਫਿਰ ਖਰਾਬ ਸਮਾਨ ਨੂੰ ਠੀਕ ਕਰਨਾ ਹੋਵੇ।

ਨੇਹਾ ਨੇ ਦੱਸਿਆ ਕਿ ਉਹ ਅੱਠਵੀਂ ਪਾਸ ਹੈ। ਇਸ ਲਈ ਚੰਗੀ ਨੌਕਰੀ ਦੀ ਉਮੀਦ ਨਹੀਂ ਸੀ। ਇਸ ਦਰਮਿਆਨ ਇੱਕ ਹੀ ਰਾਹ ਦਿਸਿਆ ਕਿ ਖੁਦ ਕੋਈ ਕੰਮ ਸਿੱਖਿਆ ਜਾਵੇ।

ਉਨ੍ਹਾਂ ਦੱਸਿਆ, "ਇਹ ਕੰਮ ਸਿੱਖਣ ਵਿੱਚ ਡੇਢ ਸਾਲ ਦਾ ਸਮਾਂ ਲੱਗਿਆ। ਜਦੋਂ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਂਦੀ ਹਾਂ ਤਾਂ ਲੋਕ ਵੀ ਇੱਕ ਕੁੜੀ ਨੂੰ ਬਿਜਲੀ ਦਾ ਕੰਮ ਕਰਦਿਆਂ ਦੇਖ ਹੈਰਾਨ ਹੁੰਦੇ ਹਨ।"

ਨੇਹਾ ਨੇ ਦੱਸਿਆ, “ਲੋਕ ਮੈਨੂੰ ਪੁੱਛਦੇ ਹਨ ਕਿ ਡਰ ਨਹੀਂ ਲਗਦਾ। ਮੈਂ ਕਹਿੰਦੀ ਹਾਂ ਜਦੋਂ ਮੁੰਡਿਆਂ ਨੂੰ ਨਹੀਂ ਲਗਦਾ ਤਾਂ ਮੈਨੂੰ ਕਿਉਂ ਲੱਗੇਗਾ।”

ਨੇਹਾ
BBC

ਮਾਂ-ਬਾਪ ਨੂੰ ਧੀ ’ਤੇ ਮਾਣ

ਨੇਹਾ ਦੇ ਪਿਤਾ ਅਤੇ ਮਾਤਾ ਨੂੰ ਆਪਣੀ ਧੀ ਉੱਤੇ ਮਾਣ ਹੈ। ਉਹ ਕਹਿੰਦੇ ਹਨ, "ਕੋਈ ਵੀ ਕੰਮ ਛੋਟਾ-ਵੱਡਾ ਨਹੀਂ ਹੁੰਦਾ। ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕੰਮ ਕਰਨਾ ਹੀ ਪੈਂਦਾ ਹੈ ਭਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ।"

ਉਨ੍ਹਾਂ ਨੂੰ ਚੰਗਾ ਲਗਦਾ ਹੈ ਕਿ ਉਨ੍ਹਾਂ ਦੀ ਧੀ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦੀ ਹੈ।

ਉਨ੍ਹਾਂ ਨੇ ਇਸ ਦੇ ਨਾਲ ਹੀ ਦੱਸਿਆ ਕਿ ਜਦੋਂ ਨੇਹਾਂ ਨੇ ਉਨ੍ਹਾਂ ਨੂੰ ਆਪਣੀ ਇਸ ਇੱਛਾ ਬਾਰੇ ਦੱਸਿਆ ਤਾਂ ਇੱਕ ਵਾਰ ਤਾਂ ਉਨ੍ਹਾਂ ਨੂੰ ਵੀ ਡਰ ਲੱਗਿਆ। ਉਨ੍ਹਾਂ ਨੇ ਨੇਹਾ ਨੂੰ ਕੋਈ ਹੋਰ ਕੰਮ ਕਰਨ ਨੂੰ ਵੀ ਕਿਹਾ ਪਰ ਨੇਹਾ ਨੇ ਇਸੇ ਕੰਮ ਦੀ ਜ਼ਿੱਦ ਕੀਤੀ।

ਨੇਹਾ ਦੇ ਪਿਤਾ ਦੱਸਦੇ ਹਨ, "ਉਨ੍ਹਾਂ ਨੂੰ ਕਦੇ ਮਜ਼ਦੂਰੀ ਮਿਲ ਜਾਂਦੀ ਹੈ ਅਤੇ ਕਦੇ ਨਹੀਂ। ਉਹ ਮਹੀਨੇ ਵਿੱਚ ਚਾਰ-ਪੰਜ ਹਜ਼ਾਰ ਹੀ ਕਮਾ ਪਾਉਂਦੇ ਹਨ ਜਿਸ ਵਿੱਚ ਘਰ ਦਾ ਕਿਰਾਇਆ ਵੀ ਦੇਣਾ ਹੁੰਦਾ ਹੈ ਅਤੇ ਹੋਰ ਖਰਚ ਵੀ ਹਨ। ਅਜਿਹੇ ਵਿੱਚ ਨੇਹਾ ਦੀ ਕਮਾਈ ਘਰ ਚਲਾਉਣ ਵਿੱਚ ਮਦਦ ਕਰਦੀ ਹੈ।"

ਨੇਹਾ
BBC

ਹੋਰਾਂ ਲਈ ਬਣ ਰਹੀ ਪ੍ਰੇਰਨਾ ਸਰੋਤ

ਨੇਹਾ ਦੇ ਉਸਤਾਦ ਅਸ਼ਵਨੀ ਦੱਸਦੇ ਹਨ ਕਿ ਜਦੋਂ ਨੇਹਾ ਉਨ੍ਹਾਂ ਦੇ ਨਾਲ ਜਾਂਦੀ ਸੀ ਤਾਂ ਲੋਕ ਵੱਖਰੀਆਂ ਨਜ਼ਰਾਂ ਨਾਲ ਦੇਖਦੇ ਸੀ। ਉਹ ਕਹਿੰਦੇ ਹਨ, ”ਲੋਕ ਗੱਲਾਂ ਬਣਾਉਂਦੇ ਸੀ ਕਿ ਇੱਕ ਕੁੜੀ ਹਰ ਰੋਜ਼ ਮੇਰੇ ਨਾਲ ਜਾਂਦੀ ਹੈ। ਪਰ ਨੇਹਾ ਨੂੰ ਮੈਂ ਆਪਣੀ ਧੀ ਵਾਂਗ ਰੱਖਿਆ ਹੈ। ਉਸ ਦੇ ਪਰਿਵਾਰ ਨੂੰ ਮੇਰੇ ਉੱਤੇ ਭਰੋਸਾ ਸੀ।”

ਉਹ ਦੱਸਦੇ ਹਨ ਕਿ ਨੇਹਾਂ ਮੁੰਡਿਆਂ ਤੋਂ ਵੀ ਵਧੀਆ ਕੰਮ ਕਰਦੀ ਹੈ ਅਤੇ ਸਮੇਂ ਦੀ ਬਹੁਤ ਪਾਬੰਦ ਹੈ।

ਅਸ਼ਵਨੀ ਨੇ ਦੱਸਿਆ ਕਿ ਨੇਹਾ ਉਨ੍ਹਾਂ ਦੀ ਦੁਕਾਨ ਤੇ ਘਰ ਦਾ ਸਮਾਨ ਠੀਕ ਕਰਨ ਆਉਂਦੀ ਸੀ ਅਤੇ ਅਚਾਨਕ ਇੱਕ ਦਿਨ ਕੰਮ ਸਿੱਖਣ ਦੀ ਇੱਛਾ ਜ਼ਾਹਿਰ ਕੀਤੀ।

ਉਨ੍ਹਾਂ ਕਿਹਾ, “ਮੈਨੂੰ ਹੈਰਾਨੀ ਹੋਈ ਕਿ ਇੱਕ ਕੁੜੀ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦੀ ਹੈ ਪਰ ਮੈਂ ਨੇਹਾਂ ਦੇ ਘਰ ਦੇ ਹਾਲਾਤ ਤੋਂ ਵਾਕਿਫ ਸੀ ਇਸ ਲਈ ਮੈਂ ਉਸ ਨੂੰ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ। ਨੇਹਾ ਨੂੰ ਕੰਮ ਸਿੱਖਣ ਵਿੱਚ ਕਰੀਬ ਡੇਢ ਸਾਲ ਲੱਗਿਆ ਅਤੇ ਇੰਨਾਂ ਹੀ ਸਮਾਂ ਕਿਸੇ ਮੁੰਡੇ ਨੂੰ ਵੀ ਲੱਗ ਜਾਂਦਾ।”

ਅਸ਼ਵਨੀ ਨੇ ਕਿਹਾ ਕਿ ਨੇਹਾ ਨੂੰ ਕੰਮ ਕਰਦਿਆਂ ਦੇਖ ਮੈਂ ਆਪਣੀ ਬੇਟੀ ਨੂੰ ਵੀ ਇਲੈਕਟ੍ਰੀਸ਼ੀਅਨ ਦੇ ਕੋਰਸ ਵਿੱਚ ਦਾਖਲ ਕਰਵਾਇਆ ਹੈ ਤਾਂਕਿ ਬਾਅਦ ਵਿੱਚ ਦੋਹੇਂ ਕੁੜੀਆਂ ਮਿਲ ਕੇ ਕੰਮ ਸਾਂਭ ਸਕਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News