ਦੂਜਿਆਂ ਨੂੰ ਹਸਾਉਣ ਵਾਲੇ ''''ਮੰਕੀ ਮੈਨ'''' ਦੇ ਅੰਦਰ ਲੁਕੇ ਹੋਏ ਦਰਦ ਦੀ ਕਹਾਣੀ

03/27/2023 6:31:46 PM

ਮੰਕੀ ਮੈਨ
BBC

ਆਦਮੀ ਦਾ ਸਰੀਰ ਪਰ ਬਾਂਦਰ ਵਰਗੀ ਦਿੱਖ। ਚਿਹਰੇ ’ਤੇ ਕਾਲੇ-ਚਿੱਟੇ ਵਾਲ, ਬਾਂਦਰ ਜਿਹੇ ਨਹੁੰਦਰਾਂ ਵਾਲੇ ਹੱਥ, ਹੂਬਹੂ ਬਾਂਦਰ ਜਿਹੀਆਂ ਹਰਕਤਾਂ।

ਹਰ ਉਮਰ ਦੇ ਲੋਕਾਂ ਦੇ ਚਿਹਰੇ ਉੱਤੇ ਮੁਸਕਰਾਹਟ ਲਿਆਉਣ ਵਾਲਾ ਇਹ ਅਸਲ ਵਿੱਚ ਗੁਜਰਾਤ ਦਾ ਹਿਤੇਸ਼ ਵਾਧਵਾਨੀ ਹੈ।

ਹਿਤੇਸ਼ ਇਕੱਲੇ ਗੁਜਰਾਤ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਮਸ਼ਹੂਰ ਹੈ।

ਪਿਛਲੇ 10 ਸਾਲ ਤੋਂ ਲੋਕਾਂ ਨੂੰ ਮੰਕੀ ਮੈਨ ਬਣ ਕੇ ਹਸਾਉਣ ਵਾਲੇ ਹਿਤੇਸ਼ ਦੀ ਖੁਦ ਦੀ ਕਹਾਣੀ ਤੁਹਾਨੂੰ ਭਾਵੁਕ ਕਰ ਦੇਵੇਗੀ।

ਹਿਤੇਸ਼ ਨੂੰ ਰਾਜਕੋਟ ਦੇ ‘ਮੰਕੀ ਮੈਨ’ ਵਜੋਂ ਜਾਣਿਆ ਜਾਂਦਾ ਹੈ।

ਹਿਤੇਸ਼ ਦਾ ਸਰੀਰ ਆਮ ਇਨਸਾਨ ਜਿਹਾ ਹੀ ਹੈ, ਪਰ ਉਹ ਇੱਕ ਬਾਂਦਰ ਦਾ ਰੂਪ ਧਾਰ ਕੇ ਲੋਕਾਂ ਵਿੱਚ ਕਿਉਂ ਜਾਂਦੇ ਹਨ?

ਹਿਤੇਸ਼ ਕਹਿੰਦੇ ਹਨ, “ਮੈਂ ਕਈ ਮੰਕੀ ਮੈਨ ਦੇਖੇ ਹਨ ਪਰ ਸਿਰਫ਼ ਉਹੀ ਕੰਮ ਕਰਦਾ ਰਹਿ ਸਕਦਾ ਹੈ ਜਿਸ ਕੋਲ ਕੁਦਰਤੀ ਹੁਨਰ ਹੋਵੇ। ਮੈਂ ਮੰਕੀ ਮੈਨ ਦਾ ਕਿਰਦਾਰ ਨਿਭਾਉਂਦਾ ਹਾਂ। ਜੋ ਪਾਰਟੀਆਂ, ਵਿਆਹ ਸਮਾਗਮਾਂ ਜਾਂ ਹੋਰ ਪ੍ਰੋਗਰਾਮਾਂ ਵਿੱਚ ਹਰ ਉਮਰ ਦੇ ਲੋਕਾਂ ਦਾ ਮਨੋਰੰਜਨ ਕਰਦਾ ਹੈ।”

ਬੀਬੀਸੀ
BBC

ਮੰਕੀ ਮੈਨ ਹਿਤੇਸ਼

  • ਹਿਤੇਸ਼ ਨੂੰ ਰਾਜਕੋਟ ਦੇ ‘ਮੰਕੀ ਮੈਨ’ ਵਜੋਂ ਜਾਣਿਆ ਜਾਂਦਾ ਹੈ।
  • ਹਿਤੇਸ਼ ਪਿਛਲੇ 10 ਸਾਲ ਤੋਂ ਮੰਕੀ ਮੈਨ ਬਣ ਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।
  • ਹਿਤੇਸ਼ ਇਕੱਲੇ ਗੁਜਰਾਤ ਵਿੱਚ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਮਸ਼ਹੂਰ ਹਨ।
  • ਹਿਤੇਸ਼ ਪਹਿਲਾਂ ਦਿਹਾੜੀ-ਮਜ਼ਦੂਰੀ ਕਰਦੇ ਹੁੰਦੇ ਸਨ।
  • ਹਿਤੇਸ਼ ਦੇ ਪਰਿਵਾਰ ਵਿੱਚ ਉਸ ਦੇ ਮਾਤਾ-ਪਿਤਾ ਅਤੇ ਭੈਣ ਹਨ।
  • ਉਨ੍ਹਾਂ ਨੇ ਅੱਠਵੀਂ ਤੱਕ ਦੀ ਪੜ੍ਹਾਈ ਕੀਤੀ ਹੈ।
ਬੀਬੀਸੀ
BBC

ਪਰਿਵਾਰ ਪਾਲਣ ਲਈ ਸ਼ੁਰੂ ਕੀਤਾ ਇਹ ਕੰਮ

ਹਿਤੇਸ਼ ਦੇ ਪਰਿਵਾਰ ਵਿੱਚ ਉਸ ਦੇ ਮਾਤਾ-ਪਿਤਾ ਅਤੇ ਭੈਣ ਹਨ। ਪਿਤਾ ਮਜ਼ਦੂਰੀ ਕਰਦੇ ਹਨ।

ਹਿਤੇਸ਼ ਪਿਛਲੇ ਦਸ ਸਾਲ ਤੋਂ ਇਸ ਪੇਸ਼ੇ ਵਿੱਚ ਹਨ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ’ਤੇ ਹੀ ਹੈ।

ਉਹ ਕਹਿੰਦੇ ਹਨ, “ਇੱਥੇ ਸਾਰੇ ਮੈਨੂੰ ਮੰਕੀ ਮੈਨ ਵਜੋਂ ਹੀ ਜਾਣਦੇ ਹਨ। ਮੈਂ ਅੱਠਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਪਰਿਵਾਰ ਦੇ ਆਰਥਿਕ ਹਾਲਾਤ ਸਹੀ ਨਾ ਹੋਣ ਕਾਰਨ ਮੈਨੂੰ ਪੜ੍ਹਾਈ ਛੱਡਣੀ ਪਈ। ਪਹਿਲਾਂ ਮੈਂ ਦਿਹਾੜੀ ਮਜ਼ਦੂਰ ਵਜੋਂ ਕੰਮ ਕੀਤਾ। ਫਿਰ ਫਲਾਂ ਦੀ ਰੇਹੜੀ ਲਗਾਉਣ ਲੱਗਿਆ। ਪਰ ਇੱਕ ਦਿਨ ਦੀ ਕਮਾਈ ਤਿੰਨ ਸੌ ਰੁਪਏ ਤੋਂ ਜ਼ਿਆਦਾ ਨਹੀਂ ਹੋ ਪਾਉਂਦੀ ਸੀ। ਇੱਕ ਦਿਨ ਅਜਿਹਾ ਵੀ ਸੀ ਕਿ ਮੈਂ ਦੋ ਸੌ ਰੁਪਏ ਵੀ ਨਾ ਕਮਾ ਸਕਿਆ।”

ਫਿਰ ਹਿਤੇਸ਼ ਦੇ ਇੱਕ ਦੋਸਤ ਰਵੀ ਪੋਪਟ ਨੇ ਉਸ ਨੂੰ ਮੰਕੀ ਮੈਨ ਬਣਨ ਸਲਾਹ ਦਿੱਤੀ।

ਹਿਤੇਸ਼ ਨੇ ਦੱਸਿਆ, “ਉਸ ਨੇ ਮੈਨੂੰ ਕਿਹਾ ਕਿ ਤੇਰੇ ਕੋਲ ਲੋਕਾਂ ਨੂੰ ਹਸਾਉਣ ਦੀ ਕਲਾ ਹੈ। ਤੇਰੇ ਇਸ ਕੰਮ ਲਈ ਜੋ ਸਮਾਨ ਚਾਹੀਦਾ ਹੋਏਗਾ, ਉਹ ਮੈਂ ਤੈਨੂੰ ਲਿਆ ਕੇ ਦੇਵਾਂਗਾ। ਮੇਰੀਆਂ ਦੁਆਵਾਂ ਤੇਰੇ ਨਾਲ ਹਨ।”

ਹਿਤੇਸ਼ ਅੱਗੇ ਦੱਸਦੇ ਹਨ, “ਫਿਰ ਅਸੀਂ ਬਜ਼ਾਰ ਗਏ ਅਤੇ ਮੰਕੀ ਮੈਨ ਬਣਨ ਲਈ ਲੋੜੀਂਦਾ ਸਾਰਾ ਸਮਾਨ ਲੈ ਕੇ ਆਏ। ਪੰਜ ਦਿਨ ਬਾਅਦ ਭਾਵਨਗਰ ਵਿਚ ਰੱਥ ਯਾਤਰਾ ਸੀ। ਮੈਂ ਉੱਥੇ ਪਹੁੰਚਿਆ ਅਤੇ ਮੰਕੀ ਮੈਨ ਵਜੋਂ ਕਿਰਦਾਰ ਨਿਭਾਇਆ।”

ਸੈਲਿਬ੍ਰਿਟੀ ਬਣਨ ਦਾ ਸੁਪਨਾ

ਹਿਤੇਸ਼ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਉਨ੍ਹਾਂ ਦਾ ਪਰਿਵਾਰ ਇਸ ਕੰਮ ਲਈ ਉਨ੍ਹਾਂ ਨਾਲ ਸਹਿਮਤ ਨਹੀਂ ਸੀ ਪਰ ਬਾਅਦ ਵਿੱਚ ਮੰਨ ਗਏ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਲੋਕ ਉਨ੍ਹਾਂ ਨੂੰ ਜੈਕੀ ਬੁਲਾਉਂਦੇ ਸੀ ਪਰ ਹੁਣ ਉਨ੍ਹਾਂ ਨੂੰ ਮੰਕੀ ਮੈਨ ਕਹਿੰਦੇ ਹਨ।

ਉਹ ਕਹਿੰਦੇ ਹਨ, “ਅੱਜ ਮੈਂ ਪੂਰੇ ਭਾਰਤ ਵਿੱਚ ਮਸ਼ਹੂਰ ਹਾਂ। ਉਹ ਲੋਕ ਜੋ ਮੈਨੂੰ ਜਾਣਦੇ ਵੀ ਨਹੀਂ, ਉਹ ਵੀ ਮੇਰਾ ਸਨਮਾਨ ਕਰਦੇ ਹਨ।”

ਹਿਤੇਸ਼ ਦੱਸਦੇ ਹਨ ਕਿ ਜਦੋਂ ਕਿਸੇ ਪ੍ਰੋਗਰਾਮ ਵਿਚ ਉਹ ਕਿਰਦਾਰ ਨਿਭਾਉਂਦੇ ਹਨ ਅਤੇ ਬੱਚੇ ਸ਼ਰਾਰਤ ਕਰਦੇ ਦਿਸਦੇ ਹਨ ਤਾਂ ਬੱਚਿਆ ਦੇ ਮਾਤਾ-ਪਿਤਾ ਉਸ ਨੂੰ ਬੱਚਿਆਂ ਕੋਲ ਸੱਦਦੇ ਹਨ। ਪਹਿਲਾਂ ਬੱਚੇ ਉਨ੍ਹਾਂ ਤੋਂ ਡਰ ਵੀ ਜਾਂਦੇ ਸੀ ਪਰ ਬਾਅਦ ਵਿਚ ਦੋਸਤ ਬਣ ਗਏ।

ਉਹ ਕਹਿੰਦੇ ਹਨ, “ਮੈਂ ਜੋ ਕਰਦਾ ਉਸ ਨਾਲ ਉਨ੍ਹਾਂ ਦੇ ਚਿਹਰੇ ਉੱਤੇ ਮੁਸਕਰਾਹਟ ਆ ਜਾਂਦੀ ਹੈ। ਲੋਕ ਮੇਰੀ ਕਲਾ ਦਾ ਸਨਮਾਨ ਕਰਦੇ ਹਨ।”

ਗੁਜਰਾਤ ਵਿੱਚ ਪੇਸ਼ਕਾਰੀ ਦੇਣੀ ਹੋਵੇ ਤਾਂ ਉਹ ਇੱਕ ਪ੍ਰੋਗਰਾਮ ਦਾ ਪੰਜ-ਛੇ ਹਜ਼ਾਰ ਰੁਪਏ ਲੈਂਦੇ ਹਨ ਅਤੇ ਬਾਹਰੀ ਸੂਬਿਆਂ ਦੇ ਪ੍ਰੋਗਰਾਮਾਂ ਲਈ ਫ਼ੀਸ ਦੁੱਗਣੀ ਹੁੰਦੀ ਹੈ।

ਉਹ ਕਹਿੰਦੇ ਹਨ, “ਮੈਂ ਸੈਲਿਬ੍ਰਿਟੀ ਬਣਨਾ ਚਾਹੁੰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਰੱਬ ਦੇ ਅਸ਼ੀਰਵਾਦ ਨਾਲ ਕਦੇ ਆਪਣਾ ਇਸ ਸੁਪਨਾ ਪੂਰਾ ਕਰਾਂਗਾ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News