ਅਮ੍ਰਿਤਪਾਲ ਸਿੰਘ : ਭਗੌੜਾ ਹੈ ਜਾਂ ਫਰਾਰ, ਜਾਣੋ ਮਾਹਰ ਕੀ ਫਰਕ ਦੱਸਦੇ ਹਨ

03/27/2023 11:46:46 AM

ਅਮ੍ਰਿਤਪਾਲ
Getty Images
ਪੰਜਾਬ ਪੁਲਿਸ ਮੁਤਾਬਕ ਆਖਰੀ ਵਾਰ ਅਮ੍ਰਿਤਪਾਲ ਹਰਿਆਣਾ ਵਿੱਚ ਵੇਖਿਆ ਗਿਆ ਹੈ।

ਪੰਜਾਬ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਇਸ ਵੇਲੇ ਚਰਚਾ ਵਿੱਚ ਹਨ।

ਪੰਜਾਬ ਪੁਲਿਸ ਨੇ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ 18 ਮਾਰਚ ਤੋਂ ਆਪ੍ਰੇਸ਼ਨ ਚਲਾਇਆ ਹੋਇਆ ਹੈ।

ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਉੱਤੇ ਸ਼ਾਂਤੀ ਭੰਗ ਕਰਨਾ, ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨਾ ਅਤੇ ਪੁਲਿਸ ਨੂੰ ਡਿਊਟੀ ਕਰਨ ਤੋਂ ਰੋਕਣ ਸਣੇ ਵੱਖ-ਵੱਖ ਇਲਜ਼ਾਮਾਂ ਤਹਿਤ ਕਰੀਬ 16 ਮਾਮਲੇ ਦਰਜ ਕੀਤੇ ਹਨ।

ਬੀਬੀਸੀ ਪੰਜਾਬੀ
BBC

ਅਮ੍ਰਿਤਪਾਲ ਕੌਣ ਹੈ

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।

ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।

ਪੁਲਿਸ ਪਿਛਲੇ ਸ਼ਨੀਵਾਰ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।

ਬੀਬੀਸੀ ਪੰਜਾਬੀ
BBC

ਅਮ੍ਰਿਤਪਾਲ ’ਤੇ ਕਿਉਂ ਹੋਈ ਕਾਰਵਾਈ

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਇੱਕ ਸਾਥੀ ਨੂੰ ਰਿਹਾਅ ਕਰਵਾਉਣ ਲਈ 23 ਫਰਵਰੀ ਨੂੰ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਸੀ। ਇਸ ਘਿਰਾਓ ਦੌਰਾਨ ਹਿੰਸਾ ਵੀ ਹੋਈ ਸੀ।

ਪੁਲਿਸ ਮੁਤਾਬਕ 18 ਮਾਰਚ ਨੂੰ ਇਸੇ ਮਾਮਲੇ ਤਹਿਤ ਜਲੰਧਰ ਦੇ ਸ਼ਾਹਕੋਟ-ਮਲਸੀਆਂ ਰੋਡ ਉੱਤੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਨਾਕਾ ਲਗਾ ਕੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਨਾਕਾ ਤੋੜ ਕੇ ਫਰਾਰ ਹੋ ਗਿਆ ਸੀ।

ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 353 ਲੋਕਾਂ ਵਿੱਚੋਂ 197 ਨੂੰ ਐਤਵਾਰ ਤੱਕ ਰਿਹਾਅ ਕਰ ਦਿੱਤਾ ਗਿਆ ਹੈ।

ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਆਖਰੀ ਵਾਰ ਅਮ੍ਰਿਤਪਾਲ ਹਰਿਆਣਾ ਵਿੱਚ ਵੇਖਿਆ ਗਿਆ ਹੈ।

ਅਮ੍ਰਿਤਪਾਲ
Getty Images

ਕਈ ਸੀਸੀਟੀਵੀ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਿੱਚ ਅਮ੍ਰਿਤਪਾਲ ਨਜ਼ਰ ਆ ਰਿਹਾ ਹੈ।

ਪਰ ਪੁਲਿਸ ਵੱਲੋਂ ਹਰਿਆਣਾ ਦੀਆਂ ਤਸਵੀਰਾਂ ਦੀ ਹੀ ਪੁਸ਼ਟੀ ਕੀਤੀ ਗਈ ਹੈ।

ਪੰਜਾਬ ਪੁਲਿਸ ਅਮ੍ਰਿਤਪਾਲ ‘ਫਰਾਰ’ ਕਰਾਰ ਦੇ ਰਹੀ ਹੈ। ਸੋਸ਼ਲ ਮੀਡੀਆ ਉੱਤੇ ਅਤੇ ਕਈ ਮੀਡੀਆ ਅਦਾਰਿਆਂ ਵੱਲੋਂ ਅਮ੍ਰਿਤਪਾਲ ਲਈ ‘ਭਗੌੜਾ’ ਸ਼ਬਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਸੀਆਰਪੀਸੀ ਮੁਤਾਬਕ ਅਮ੍ਰਿਤਪਾਲ ਅਜੇ ਤੱਕ ‘ਭਗੌੜਾ’ ਨਹੀਂ ਹੈ ਅਤੇ ਉਹ ‘ਫਰਾਰ’ ਹੈ।

ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸੀਆਰਪੀਸੀ ਤਹਿਤ ਕਦੋਂ ਕਿਸੇ ਵਿਅਕਤੀ ਨੂੰ ‘ਫਰਾਰ’ ਕਿਹਾ ਜਾਂਦਾ ਹੈ ਤੇ ਕਦੋਂ ਕੋਈ ਵਿਅਕਤੀ ‘ਭਗੌੜਾ’ ਕਰਾਰ ਦਿੱਤਾ ਜਾਂਦਾ ਹੈ।

ਅਮ੍ਰਿਤਪਾਲ
Getty Images
ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ’ਤੇ ਵੀ ਮੁਲਜ਼ਮ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਤਾਂ ਅਦਾਲਤ ਉਸ ਨੂੰ ‘ਭਗੌੜਾ’ ਕਰਾਰ ਦੇ ਸਕਦੀ ਹੈ।

ਕਿਸੇ ਵਿਅਕਤੀ ਨੂੰ ‘ਫਰਾਰ’ ਕਦੋਂ ਕਿਹਾ ਜਾਂਦਾ ਹੈ?

ਸੀਆਰਪੀਸੀ ਤਹਿਤ ਜਦੋਂ ਕਿਸੇ ਵਿਅਕਤੀ ਦੇ ਖਿਲਾਫ਼ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਹੁੰਦਾ ਹੈ ਤੇ ਉਹ ਆਪਣੇ ਘਰ ਤੋਂ ਗਾਇਬ ਹੋ ਜਾਂਦਾ ਹੈ ਜਾਂ ਅਜਿਹੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਗ੍ਰਿਫਤਾਰੀ ਦੀ ਪ੍ਰਕਿਰਿਆ ਪੂਰੀ ਨਾ ਕੀਤੀ ਜਾ ਸਕੇ ਤਾਂ ਉਸ ਨੂੰ ‘ਫਰਾਰ’ ਐਲਾਨਿਆ ਜਾਂਦਾ ਹੈ।

ਜੇ ਕਿਸੇ ਵਿਅਕਤੀ ਨੂੰ ਆਪਣੇ ਖਿਲਾਫ਼ ਜਾਰੀ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਬਾਰੇ ਪਤਾ ਹੋਵੇ ਤੇ ਫਿਰ ਵੀ ਉਹ ਲੁਕਿਆ ਹੋਵੇ ਤਾਂ ਵੀ ਉਸ ਨੂੰ ‘ਫਰਾਰ’ ਐਲਾਨ ਦਿੱਤਾ ਜਾਂਦਾ ਹੈ।

ਸੁਪਰੀਮ ਕੋਰਟ ਵਿੱਚ ਸੀਨੀਅਰ ਵਕੀਲ ਕਾਮਿਨੀ ਜੈਸਵਾਲ ਇਸ ਬਾਰੇ ਕਹਿੰਦੇ ਹਨ, “ਜਦੋਂ ਕੋਈ ਵਿਅਕਤੀ ਪੁਲਿਸ ਨੂੰ ਆਪਣੀ ਰਹਿਣ ਵਾਲੀ ਥਾਂ ਜਾਂ ਦਫ਼ਤਰ ਵਿੱਚ ਨਹੀਂ ਮਿਲਦਾ ਅਤੇ ਉਹ ਨੋਟਿਸ ਦਾ ਜਵਾਬ ਨਹੀਂ ਦਿੰਦਾ ਜਾਂ ਉਹ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਫਰਾਰ ਮੰਨਿਆ ਜਾਂਦਾ ਹੈ।”

ਬੀਬੀਸੀ ਪੰਜਾਬੀ
BBC

ਅਮ੍ਰਿਤਪਾਲ ਸਿੰਘ ''''ਤੇ ਪੁਲਿਸ ਦੀ ਕਾਰਵਾਈ - ਹੁਣ ਤੱਕ ਕੀ-ਕੀ ਹੋਇਆ

  • ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ 18 ਮਾਰਚ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਜਾਰੀ ਹੈ
  • ਪੰਜਾਬ ਪੁਲਿਸ ਨੇ 353 ਲੋਕਾਂ ਨੂੰ ਹਿਰਾਸਤ ''''ਚ ਲਿਆ, ਇਨ੍ਹਾਂ ਵਿੱਚੋਂ 197 ਰਿਹਾਅ ਕਰ ਦਿੱਤੇ ਗਏ ਹਨ
  • ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਅਜੇ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਭਾਲ਼ ਜਾਰੀ ਹੈ
  • ਅਮ੍ਰਿਤਪਾਲ ਸਿੰਘ ਦੀ ਭਾਲ ਲਈ ਉੱਤਰਾਖੰਡ ਸੂਬੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
  • ਇਹ ਕਾਰਵਾਈ 18 ਮਾਰਚ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਤੋਂ ਸ਼ੁਰੂ ਕੀਤੀ ਗਈ ਸੀ
  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਅਫ਼ਗਾਨਿਸਤਾਨ ਨਹੀਂ ਬਣਨ ਦੇਣਗੇ।
  • ਅਮ੍ਰਿਤਪਾਲ ਸਿੰਘ ਖ਼ਿਲਾਫ਼ ਐੱਨਐੱਸਏ ਲਗਾ ਦਿੱਤਾ ਗਿਆ ਹੈ
  • ਇਸ ਤੋਂ ਪਹਿਲਾਂ ਪੁਲਿਸ ਨੇ 5 ਲੋਕਾਂ ਉਪਰ ਐੱਨਐੱਸਏ ਲਗਾਉਣ ਦੀ ਪੁਸ਼ਟੀ ਕੀਤੀ ਸੀ
ਬੀਬੀਸੀ ਪੰਜਾਬੀ
BBC

ਕਿਸੇ ਵਿਅਕਤੀ ਨੂੰ ਭਗੌੜਾ ਕਦੋਂ ਕਰਾਰ ਦਿੱਤਾ ਜਾਂਦਾ ਹੈ?

ਸੀਆਰਪੀਸੀ ਦੇ ਸੈਕਸ਼ਨ 82 ‘ਭਗੌੜਾ’ ਕਰਾਰ ਦੇਣ ਦੀ ਪ੍ਰਕਿਰਿਆ ਨੂੰ ਪਰਿਭਾਸ਼ਤ ਕਰਦਾ ਹੈ।

ਇਹ ਇੱਕ ਅਦਾਲਤੀ ਪ੍ਰਕਿਰਿਆ ਹੈ, ਜਿਸ ਦੇ ਤਹਿਤ ਜੇ ਅਦਾਲਤ ਨੂੰ ਲਗਦਾ ਹੈ ਕਿ ਕਿਸੇ ਵਿਅਕਤੀ ਨੇ ਕਾਨੂੰਨ ਤਹਿਤ ਗਲਤ ਕੰਮ ਕੀਤਾ ਹੈ ਤਾਂ ਅਦਾਲਤ ਉਸ ਦੇ ਖਿਲਾਫ਼ ਵਾਰੰਟ ਜਾਰੀ ਕਰਦੀ ਹੈ।

ਜੇ ਜ਼ਮਾਨਤੀ ਵਾਰੰਟ ਜਾਰੀ ਹੋਣ ਮਗਰੋਂ ਵੀ ਵਿਅਕਤੀ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਹੈ ਤਾਂ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਂਦੇ ਹਨ।

ਜਦੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ’ਤੇ ਵੀ ਮੁਲਜ਼ਮ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਤਾਂ ਅਦਾਲਤ ਉਸ ਨੂੰ ‘ਭਗੌੜਾ’ ਕਰਾਰ ਦੇ ਸਕਦੀ ਹੈ।

ਅਮ੍ਰਿਤਪਾਲ
BBC

ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਕੀ ਹੈ?

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸੀਨੀਅਰ ਵਕੀਲ ਰੀਟਾ ਕੋਹਲੀ ਦੱਸਦੇ ਹਨ, “ਅਦਾਲਤ ਇਸ ਦੇ ਲਈ ਇੱਕ ਤੈਅ ਪ੍ਰਕਿਰਿਆ ਦੀ ਪਾਲਣਾ ਕਰਦੀ ਹੈ। ਇਸ ਦੀ ਪ੍ਰਕਿਰਿਆ ਨੂੰ ਸੀਆਰਪੀਸੀ ਵਿੱਚ ਦਰਜ ਕੀਤਾ ਗਿਆ ਹੈ।”

“ਮਾਮਲੇ ਦੇ ਇਸ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ ਅਜਿਹਾ ਸਾਬਿਤ ਹੋਣਾ ਚਾਹੀਦਾ ਹੈ ਕਿ ਵਾਰੰਟ ਨੂੰ ਮੁਲਜ਼ਮ ਵਿਅਕਤੀ ਤੱਕ ਪਹੁੰਚਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਹੋਵੇ ਪਰ ਉਹ ਘਰ ਵਿੱਚ ਨਾ ਮਿਲਿਆ ਹੋਵੇ।”

“ਫਿਰ ਉਸ ਦੇ ਘਰ ਉੱਤੇ ਨੋਟਿਸ ਚਿਪਕਾਇਆ ਜਾਂਦਾ ਹੈ ਤਾਂ ਜੋ ਕੱਲ੍ਹ ਨੂੰ ਕੋਈ ਵਿਅਕਤੀ ਇਹ ਨਾ ਕਹੇ ਕਿ ਉਸ ਨੂੰ ਨੋਟਿਸ ਮਿਲਿਆ ਨਹੀਂ। ਜੇ ਮੁਲਜ਼ਮ ਵਿਅਕਤੀ ਕੋਲ ਕੋਈ ਰਿਹਾਇਸ਼ ਦੀ ਥਾਂ ਵੀ ਨਾ ਹੋਵੇ ਤਾਂ ਨੋਟਿਸ ਨੂੰ ਉਸ ਇਲਾਕੇ ਜਾਂ ਸ਼ਹਿਰ ਦੀ ਜਨਤਕ ਥਾਂ ਉੱਤੇ ਲਗਾਇਆ ਜਾ ਸਕਦਾ ਹੈ, ਜਿੱਥੇ ਮੁਲਜ਼ਮ ਰਹਿੰਦਾ ਹੋਵੇ।”

ਸੈਕਸ਼ਨ 82 ਤਹਿਤ ਉਸ ਨੋਟਿਸ ਵਿੱਚ ਵਿਅਕਤੀ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਲਈ ਕਿਹਾ ਜਾਂਦਾ ਹੈ।

ਉਸ ਦੇ ਲਈ, ਜੋ ਉਸ ਨੂੰ ਸਮਾਂ ਦਿੱਤਾ ਜਾਂਦਾ ਹੈ ਉਹ 30 ਦਿਨਾਂ ਤੋਂ ਘੱਟ ਨਹੀਂ ਹੋਣਾ ਚਾਹੀਦਾ ਹੈ।

ਅਦਾਲਤ ਵੱਲੋਂ ਤੈਅ ਕੀਤੀ ਗਈ ਸੀਮਾ ਪੂਰੀ ਹੋਣ ਉੱਤੇ ਵੀ ਜੇ ਵਿਅਕਤੀ ਹਾਜ਼ਰ ਨਹੀਂ ਹੁੰਦਾ ਤਾਂ ਉਸ ਨੂੰ ‘ਭਗੌੜਾ’ ਐਲਾਨੇ ਜਾਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ।

ਰੀਟਾ ਕੋਹਲੀ ਕਹਿੰਦੇ ਹਨ ਕਿ ਕਿਸੇ ਨੂੰ ਵੀ ‘ਭਗੌੜਾ’ ਕਰਾਰ ਦੇਣ ਦੀ ਪ੍ਰਕਿਰਿਆ ਤਾਂ ਹੀ ਸ਼ੁਰੂ ਹੁੰਦੀ ਹੈ, ਜਦੋਂ ਅਦਾਲਤ ਇਹ ਮੰਨ ਲੈਂਦੀ ਹੈ ਕਿ ਮੁਲਜ਼ਮ ਜਾਣ-ਬੁੱਝ ਕੇ ਪੇਸ਼ ਨਹੀਂ ਹੋ ਰਿਹਾ ਹੈ।

ਅਮ੍ਰਿਤਪਾਲ
BBC
''''''''ਜੇ ਅਮ੍ਰਿਤਪਾਲ ਦੀ ਗੱਲ ਕਰੀਏ ਤਾਂ ਅਜੇ ਉਹ ਫਰਾਰ ਹਨ।”

ਫਰਾਰ ਹੋਣ ਤੇ ਭਗੌੜਾ ਕਰਾਰ ਦੇਣ ਵਿੱਚ ਮੁੱਢਲਾ ਫਰਕ ਕੀ ਹੈ?

ਰੀਟਾ ਕੋਹਲੀ ਇਸ ਬਾਰੇ ਦੱਸਦੇ ਹਨ ਕਿ ਜੇ ਕਿਸੇ ਨੂੰ ਪੁਲਿਸ ਫੜ੍ਹਨ ਜਾਂਦੀ ਹੈ ਤੇ ਉਹ ਦੌੜ ਜਾਂਦਾ ਹੈ ਤਾਂ ਉਹ ਫਰਾਰ ਹੈ। ਫਰਾਰ ਐਲਾਨੇ ਜਾਣ ਲਈ ਅਦਾਲਤ ਦੀ ਮਨਜ਼ੂਰੀ ਨਹੀਂ ਲੈਣੀ ਪੈਂਦੀ ਹੈ। ਦੂਜੇ ਪਾਸੇ ਕਿਸੇ ਨੂੰ ਵੀ ‘ਭਗੌੜਾ’ ਕੇਵਲ ਅਦਾਲਤ ਹੀ ਐਲਾਨ ਸਕਦੀ ਹੈ।

ਇਸ ਦੇ ਲਈ ਰੀਟਾ ਕੋਹਲੀ ਅਮ੍ਰਿਤਪਾਲ ਸਿੰਘ ਦੇ ਕੇਸ ਦਾ ਉਦਾਹਰਨ ਲੈਂਦੇ ਹਨ। ਉਹ ਕਹਿੰਦੇ ਹਨ, “ਜੇ ਅਮ੍ਰਿਤਪਾਲ ਦੀ ਗੱਲ ਕਰੀਏ ਤਾਂ ਅਜੇ ਉਹ ਫਰਾਰ ਹਨ।”

“ਅਜੇ ਉਨ੍ਹਾਂ ਉੱਤੇ ਪਰਚੇ ਦਰਜ ਹਨ ਅਤੇ ਜਦੋਂ ਇਨ੍ਹਾਂ ਮਾਮਲਿਆਂ ਵਿੱਚ ਕੋਰਟ ਵਿੱਚ ਚਾਲਾਨ ਪੇਸ਼ ਹੁੰਦਾ ਹੈ ਤਾਂ ਮੁਲਜ਼ਮ ਵਿਅਕਤੀ ਨੂੰ ਵੀ ਪੇਸ਼ ਕਰਨਾ ਹੁੰਦਾ ਹੈ।”

“ਜੇ ਅਮ੍ਰਿਤਪਾਲ ਅਦਾਲਤ ਵੱਲੋਂ ਸੱਦੇ ਜਾਣ ਮਗਰੋਂ ਵੀ ਪੇਸ਼ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਨੂੰ ‘ਭਗੌੜਾ’ ਐਲਾਨੇ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ।”

ਅਮ੍ਰਿਤਪਾਲ
Getty Images
ਅਮ੍ਰਿਤਪਾਲ ਸਿੰਘ

ਭਗੌੜਾ ਹੋਣ ’ਤੇ ਕਿਹੜੇ ਅਧਿਕਾਰ ਖੋਹ ਲਏ ਜਾਂਦੇ ਹਨ?

ਰੀਟਾ ਕੋਹਲੀ ਇਸ ਬਾਰੇ ਦੱਸਦੇ ਹਨ, “ਅਦਾਲਤ ਵੱਲੋਂ ਜਿਸ ਵਿਅਕਤੀ ਨੂੰ ਭਗੌੜਾ ਕਰਾਰ ਦਿੱਤਾ ਜਾਂਦਾ ਹੈ ਸੀਆਰਪੀਸੀ ਦੇ ਸੈਕਸ਼ਨ 83 ਤਹਿਤ ਉਸ ਦੀ ਚਲ ਜਾਂ ਅਚਲ ਜਾਂ ਦੋਵੇਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਸਕਦੀਆਂ ਹਨ।”

“ਇਸ ਦੇ ਨਾਲ ਹੀ ਜੋ ਵਿਅਕਤੀ ਭਗੌੜਾ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਦਾ ਅੰਤਰਿਮ ਜ਼ਮਾਨਤ ਲੈਣ ਦਾ ਹੱਕ ਵੀ ਜ਼ਿਆਦਾਤਰ ਮਾਮਲਿਆਂ ਵਿੱਚ ਖ਼ਤਮ ਹੋ ਜਾਂਦਾ ਹੈ। ਕੋਰਟ ਉਸ ਨੂੰ ਕਹਿੰਦਾ ਹੈ ਕਿ ਪਹਿਲਾਂ ਜਾ ਕੇ ਆਤਮ ਸਮਰਪਣ ਕਰੋ।”

“ਭਗੌੜਾ ਹੋਣ ਉੱਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਕੋਈ ਵੀ ਫੜ੍ਹ ਸਕਦਾ ਹੈ। ਆਮ ਮੌਕਿਆਂ ਉੱਤੇ ਤਾਂ ਗ੍ਰਿਫ਼ਤਾਰੀ ਦਾ ਵਾਰੰਟ ਚਾਹੀਦਾ ਹੁੰਦਾ ਹੈ, ਪੂਰੀ ਪ੍ਰਕਿਰਿਆ ਦੀ ਪਾਲਣਾ ਹੁੰਦੀ ਹੈ। ਭਗੌੜਾ ਹੋਣ ਉੱਤੇ ਇੱਕ ਆਮ ਇਨਸਾਨ ਵੀ ਮੁਲਜ਼ਮ ਵੀ ਫੜ੍ਹ ਕੇ ਪੁਲਿਸ ਨੂੰ ਗ੍ਰਿਫ਼ਤਾਰ ਕਰਵਾ ਸਕਦਾ ਹੈ।”

“ਮਤਲਬ ਜੇ ਕੋਈ ਭਗੌੜਾ ਵਿਅਕਤੀ ਕਿਸੇ ਆਮ ਵਿਅਕਤੀ ਨੂੰ ਨਜ਼ਰ ਆ ਗਿਆ ਤਾਂ ਉਹ ਵੀ ਉਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਸਕਦਾ ਹੈ। ਇਸ ਦੇ ਨਾਲ ਹੀ ਉਸ ਦੇ ਖਿਲਾਫ ਲੁਕ ਆਊਟ ਸਰਕੁਲਰ ਵੀ ਜਾਰੀ ਹੋ ਜਾਂਦਾ ਹੈ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News