ਅਮ੍ਰਿਤਪਾਲ ਸਿੰਘ ਦੇ ਮੁੱਦੇ ''''ਤੇ ਸ਼੍ਰੋਮਣੀ ਅਕਾਲੀ ਦਲ ਦੇ ਇੰਝ ਬਦਲਦੇ ਰਹੇ ਸਟੈਂਡ

03/26/2023 5:31:44 PM

“ਜੇਕਰ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਅਮ੍ਰਿਤਪਾਲ ਕਾਬੂ ਨਹੀਂ ਆਉਂਦਾ ਤਾਂ ਸਾਨੂੰ ਆਖਣ ਅਸੀਂ 10 ਮਿੰਟ ਵਿੱਚ ਉਸ ਨੂੰ ਬੰਦੇ ਦਾ ਪੁੱਤ ਬਣਾ ਦੇਵਾਂਗੇ।‘’

ਇਹ ਬਿਆਨ ਅਕਾਲੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਜਨਾਲਾ ਵਿਖੇ ਪੁਲਿਸ ਥਾਣੇ ਉੱਤੇ ਹੋਏ ਹਮਲੇ ਮਗਰੋਂ ਪੱਤਰਕਾਰਾਂ ਨੂੰ ਦਿੱਤਾ ਸੀ।

ਉਸ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਕਾਨੂੰਨ ਵਿਵਸਥਾ ਉੱਤੇ ਕੰਟਰੋਲ ਰੱਖਣ ਵਿੱਚ ਨਾਕਾਮਯਾਬ ਹੋ ਚੁੱਕੇ ਹਨ ਇਸ ਲਈ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਉਨ੍ਹਾਂ ਇਲਜ਼ਾਮ ਲਗਾਇਆ ਸੀ ਕਿ ਸਰਕਾਰ ਅਤੇ ਅਮ੍ਰਿਤਪਾਲ ਸਿੰਘ ਵਿਚਾਲੇ ਫਿਕਸ ਮੈਚ ਚੱਲ ਰਿਹਾ ਹੈ ਤੇ ਸਭ ਆਪਸ ਵਿੱਚ ਰਲੇ ਹੋਏ ਹਨ।

ਇੱਥੇ ਹੀ ਬੱਸ ਨਹੀਂ ਹੁੰਦੀ ਪਾਰਟੀ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਮ੍ਰਿਤਪਾਲ ਸਿੰਘ ਦੀਆਂ ਪੰਜਾਬ ਵਿੱਚ ਭੜਕਾਊ ਤਕਰੀਰਾਂ ਉੱਤੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਚੁੱਪੀ ਉੱਤੇ ਸਵਾਲ ਵੀ ਚੁੱਕੇ ਸਨ।

ਅਮ੍ਰਿਤਪਾਲ ਉੱਤੇ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਸਟੈਂਡ

ਬਿਕਰਮ ਸਿੰਘ ਮਜੀਠੀਆ
Getty Images
ਅਜਨਾਲਾ ਹਿੰਸਾ ਮਗਰੋਂ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਸਨ

ਬੀਤੇ ਸ਼ਨੀਵਾਰ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਹੋਈ ਪੁਲਿਸ ਕਾਰਵਾਈ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕੁਝ ਵੱਖਰਾ ਹੋ ਗਿਆ ਹੈ।

ਪੁਲਿਸ ਕਾਰਵਾਈ ਤੋਂ ਬਾਅਦ ਅਕਾਲੀ ਦਲ ਨੇ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਕੁਝ ਨੌਜਵਾਨਾਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਐਨਐਸਏ) ਲਗਾਉਣ ਅਤੇ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀ ਨਿਖੇਧੀ ਕੀਤੀ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਐਨਐਸਏ ਨੂੰ ਕਾਲਾ ਕਾਨੂੰਨ ਦੱਸਿਆ ਸੀ।

ਅਕਾਲੀ ਦਲ ਨੇ ਵਕੀਲਾਂ ਦੇ ਇੱਕ ਪੈਨਲ ਦਾ ਵੀ ਗਠਨ ਕੀਤਾ ਹੈ ਜੋ ਮੁਫ਼ਤ ਵਿੱਚ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਕਰੇਗਾ।

ਅਮ੍ਰਿਤਪਾਲ ਸਿੰਘ
Getty Images
ਅਮ੍ਰਿਤਪਾਲ ਸਿੰਘ ਦੇ ਕਈ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ

ਉੱਧਰ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬਕਾਇਦਾ ਇਹ ਮਸਲਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਚੁੱਕਿਆ ਵੀ ਅਤੇ ਸਿੱਖ ਨੌਜਵਾਨਾਂ ਉੱਤੇ ਐਨਐਸਏ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਵੀ ਨਿਖੇਧੀ ਕੀਤੀ।

ਮਨਪ੍ਰੀਤ ਸਿੰਘ ਇਯਾਲੀ ਨੇ ਮੰਗ ਕੀਤੀ ਕਿ ਜਿਹੜੇ ਬੇਕਸੂਰ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕੁਝ ਗ਼ਲਤ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਨੇ ਮੌਜੂਦਾ ਸਮੇਂ ਵਿੱਚ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਸੂਬਾ ਪੱਧਰੀ ਕਮੇਟੀ ਦਾ ਵੀ ਗਠਨ ਕਰ ਦਿੱਤਾ ਹੈ।

ਅਕਾਲੀ ਦਲ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਸਿਰਫ਼ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਬੇਕਸੂਰ ਨੌਜਵਾਨਾਂ ਨੂੰ ਹੀ ਕਾਨੂੰਨੀ ਮਦਦ ਦੇਵੇਗਾ।

ਲਾਈਨ
BBC

ਅਮ੍ਰਿਤਪਾਲ ਕੌਣ ਹਨ ਤੇ ਉਨ੍ਹਾਂ ਖ਼ਿਲਾਫ਼ ਕੀ ਹੈ ਮਾਮਲਾ

  • 18 ਮਾਰਚ ਤੋਂ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਨੇ ਕਾਰਵਾਈ ਵਿੱਢੀ ਹੋਈ ਹੈ
  • ਅਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ ਹੈ
  • ਅਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
  • ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।
  • ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
  • ਪੁਲਿਸ ਪਿਛਲੇ ਸ਼ਨੀਵਾਰ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।
ਮਨਪ੍ਰੀਤ ਸਿੰਘ ਇਯਾਲੀ
Manpreet Singh Ayali/fb
ਮਨਪ੍ਰੀਤ ਸਿੰਘ ਇਯਾਲੀ ਨੇ ਮੰਗ ਕੀਤੀ ਕਿ ਜਿਹੜੇ ਬੇਕਸੂਰ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ

ਹੁਣ ਤੱਕ ਅਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲੇ ਅਕਾਲੀ ਦਲ ਨੇ ਇੱਕ ਦਮ “ਕੌਮੀ ਰਾਸ਼ਟਰੀ ਕਾਨੂੰਨ” ਅਤੇ ਗ੍ਰਿਫਤਾਰ ਨੌਜਵਾਨਾਂ ਨੂੰ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕਰਨ ਦਾ ਸੰਵੇਦਨਸ਼ੀਲ ਰਸਤਾ ਆਖ਼ਰਕਾਰ ਕਿਉਂ ਅਪਣਾਇਆ, ਇਹ ਵੱਡਾ ਸਵਾਲ ਹੈ।

ਬਿਕਰਮ ਸਿੰਘ ਮਜੀਠੀਆ ਹੀ ਨਹੀਂ ਸਗੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅਜਨਾਲਾ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਮਿਤਪਾਲ ਸਿੰਘ ਬਾਰੇ ਮਜੀਠੀਆ ਦੇ ਮੁਕਾਬਲੇ ਕਾਫੀ ਨਪੇ ਤੁਲੇ ਬਿਆਨ ਆਏ।

ਪਰ ਲੰਘੇ ਸ਼ਨੀਵਾਰ ਦੀ ਘਟਨਾ ਤੋਂ ਬਾਅਦ ਉਨ੍ਹਾਂ ਸਿਰਫ ਟਵਿੱਟਰ ਰਾਹੀਂ ਹੀ ਆਪਣਾ ਪੱਖ ਲੋਕਾਂ ਸਾਹਮਏ ਰੱਖਣ ਨੂੰ ਪਹਿਲ ਦਿੱਤੀ।

ਸੁਖਬੀਰ ਸਿੰਧ ਬਾਦਲ
Getty Images
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਮਿਤਪਾਲ ਸਿੰਘ ਬਾਰੇ ਮਜੀਠੀਆ ਦੇ ਮੁਕਾਬਲੇ ਕਾਫੀ ਨਪੇ ਤੁਲੇ ਬਿਆਨ ਆਏ

ਪਾਰਟੀ ਪ੍ਰਧਾਨ ਨੇ ਟਵਿੱਟਰ ''''ਤੇ ਲਿਖਿਆ,“ਭਾਰਤ ਦੀ ਏਕਤਾ ਅਤੇ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਪਾਰਟੀ ਧਰਮ ਨਿਰਪੱਖ ਅਤੇ ਸ਼ਾਂਤੀਪੂਰਨ ਭਾਰਤ ਦੀ ਹਮਾਇਤ ਕਰਦੀ ਹੈ ਪਰ, ਸਿੱਖਾਂ ਨਾਲ ਬੇਇਨਸਾਫ਼ੀ ਕਦੇ ਵੀ ਨਹੀਂ ਹੋਣ ਦਿੱਤੀ ਜਾਵੇਗੀ। ਟਵੀਟ ਰਾਹੀਂ ਵੰਡ ਪਾਊ ਤਾਕਤਾਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਨੂੰ ਅਸਥਿਰ ਕਰਨ ਅਤੇ ਫ਼ਿਰਕੂ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਕਾਲੀ ਦਲ ਇਸ ਦੀ ਨਿਖੇਧੀ ਕਰਦਾ ਹੈ।‘’

ਉਨ੍ਹਾਂ ਕਿਹਾ, ‘’ਆਉਣ ਵਾਲੀਆਂ ਚੋਣਾਂ ਵਿੱਚ ਵੋਟਾਂ ਹਾਸਲ ਕਰਨ ਲਈ ਇਸ ਬਹਾਦਰ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਮੈ ਯਕੀਨ ਦਿਵਾਉਂਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਹਰ ਭਾਈਚਾਰੇ ਖ਼ਾਸ ਕਰਕੇ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਲੜੇਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਡਰ ਅਤੇ ਅਸ਼ਾਂਤੀ ਦਾ ਮਾਹੌਲ ਪੈਦਾ ਕਰਕੇ ਬੇਕਸੂਰ ਨੌਜਵਾਨਾਂ ਦੀਆਂ ਜਬਰੀ ਗ੍ਰਿਫਤਾਰੀਆਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ।‘’

ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੌਜੂਦਾ ਦੌਰ ਉੱਤੇ ਆਪਣੀ ਚੁੱਪੀ ਤੋੜੀ ਹੈ।

ਸੀਨੀਅਰ ਬਾਦਲ ਨੇ ਇੱਕ ਬਿਆਨ ਵਿੱਚ ਆਖਿਆ ਹੈ ਕਿ ਖ਼ਾਲਸਾ ਪੰਥ, ਪੰਜਾਬ ਤੇ ਦੇਸ਼ ਇਸ ਵਕਤ ਇੱਕ ਨਾਜ਼ੁਕ ਘੜੀ ਵਿੱਚੋਂ ਲੰਘ ਰਿਹਾ ਹੈ।

ਪਿਛਲੇ ਦਿਨਾਂ ਵਿੱਚ ਕੀਤੀ ਗਈ ਕਾਰਵਾਈ ਉੱਤੇ ਟਿੱਪਣੀ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਕਾਰਵਾਈ ਜਿਸ ਕਾਰਜ ਲਈ ਕੀਤੀ ਗਈ ਉਸ ਵਿਚ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ।

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਮਨ ਕਾਨੂੰਨ ਕਾਇਮ ਰੱਖਣ ਦੇ ਬਹਾਨੇ ਕਈ ਮਾਸੂਮ ਨੌਜਵਾਨਾਂ ਨੂੰ ਸੰਗੀਨ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾ ਰਿਹਾ ਹੈ ਤੇ ਇਸ ਨਾਲ ਸੂਬੇ ਵਿਚ ਦਮਨ ਵਾਲਾ ਮਾਹੌਲ ਖੜ੍ਹਾ ਹੋ ਗਿਆ ਹੈ।

"ਮੈਂ ਸੂਬਾ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸੂਝ ਬੂਝ ਤੇ ਦੂਰ ਅੰਦੇਸ਼ੀ ਤੋਂ ਕੰਮ ਲਿਆ ਜਾਵੇ ਤੇ ਸਿਰਫ਼ ਸ਼ੱਕ ਦੇ ਆਧਾਰ ’ਤੇ ਝੂਠੇ ਕੇਸਾਂ ਵਿੱਚ ਫਸਾਏ ਗਏ ਮਾਸੂਮ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।‘’

ਅਮ੍ਰਿਤਪਾਲ ਸਿੰਘ
Getty Images
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਮਨ ਕਾਨੂੰਨ ਕਾਇਮ ਰੱਖਣ ਦੇ ਬਹਾਨੇ ਕਈ ਮਾਸੂਮ ਨੌਜਵਾਨਾਂ ਨੂੰ ਸੰਗੀਨ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾ ਰਿਹਾ ਹੈ ਤੇ ਇਸ ਨਾਲ ਸੂਬੇ ਵਿਚ ਦਮਨ ਵਾਲਾ ਮਾਹੌਲ ਖੜ੍ਹਾ ਹੋ ਗਿਆ ਹੈ

ਅਕਾਲੀ ਦਲ ਦੇ ਬਦਲੇ ਸਟੈਂਡ ਦਾ ਆਖਰ ਕੀ ਹੈ ਕਾਰਨ

ਲੇਖਕ ਅਤੇ ਅਕਾਲੀ ਦਲ ਦੀ ਸਿਆਸਤ ਨੂੰ ਨੇੜਿਓਂ ਸਮਝਣ ਵਾਲੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਅਕਾਲੀ ਦਲ ਦੇ ਮੌਜੂਦਾ ਸਟੈਂਡ ਉੱਤੇ ਆਖਦੇ ਹਨ ਕਿ ਅਮ੍ਰਿਤਪਾਲ ਸਿੰਘ ਦੇ ਮੁੱਦੇ ਉੱਤੇ ਪਾਰਟੀ ਦੇ ਆਗੂਆਂ ਦੇ ਵਿਚਾਰ ਇੱਕਜੁਟਤਾ ਵਾਲੇ ਨਹੀਂ ਹਨ।

ਉਨ੍ਹਾਂ ਆਖਿਆ ਕਿ ਅਮ੍ਰਿਤਪਾਲ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਦਾ ਬਿਆਨ ਬਿਕਰਮ ਮਜੀਠੀਆ ਦਿੰਦਾ ਹੈ ਜਦਕਿ ਇਸ ਮੁੱਦੇ ਉੱਤੇ ਪਾਰਟੀ ਦੇ ਸੁਰ ਵੱਖਰੇ ਹਨ।

ਜਗਤਾਰ ਸਿੰਘ ਆਖਦੇ ਹਨ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਦਾ ਬਿਆਨ ਦੇ ਕੇ ਪਾਰਟੀ ਆਪਣੀ ਗੁਆਚੀ ਪੰਥਕ ਛਵੀ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੀ ਹੈ।

ਉਨ੍ਹਾਂ ਆਖਿਆ ਕਿ ਜਦੋਂ ਇਹ ਪਾਰਟੀ ਸੱਤਾ ਤੋਂ ਬਾਹਰ ਹੁੰਦੀ ਹੈ, ਤਾਂ ਅਕਸਰ ਪੰਥਕ ਮੁੱਦਿਆਂ ''''ਤੇ ਅਜਿਹਾ ਹੀ ਰੁਖ ਅਪਣਾਉਂਦੀ ਹੈ।

ਅਮ੍ਰਿਤਪਾਲ ਸਿੰਘ
Getty Images
ਜਗਤਾਰ ਸਿੰਘ ਆਖਦੇ ਹਨ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਦਾ ਬਿਆਨ ਦੇ ਕੇ ਪਾਰਟੀ ਆਪਣੀ ਗੁਆਚੀ ਪੰਥਕ ਛਵੀ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੀ ਹੈ।

ਜਗਤਾਰ ਸਿੰਘ ਕਹਿੰਦੇ ਹਨ ਕਿ ਜਦੋਂ ਅਕਾਲੀ ਦਲ ਸੱਤਾ ਵਿੱਚ ਹੁੰਦਾ ਤਾਂ ਉਹ ਕੱਟੜਪੰਥੀਆਂ ਦੇ ਵਿਰੁੱਧ ਉਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ, ਜਿਵੇਂ ਮੌਜੂਦਾ ਸਰਕਾਰ ਕਰ ਰਹੀ ਹੈ।

ਉਨ੍ਹਾਂ ਆਖਿਆ ਇਸ ਤਰ੍ਹਾਂ ਦੀ ਮਿਸਾਲ ਅਕਾਲੀ ਸਰਕਾਰ ਸਮੇਂ ਜਿਸ ਤਰੀਕੇ ਨਾਲ ਬੇਅਦਬੀ ਦੇ ਕੇਸਾਂ ਨਾਲ ਨਜਿੱਠਿਆ ਗਿਆ, ਉਸ ਤੋਂ ਮਿਲਦੀ ਹੈ। ਉਨ੍ਹਾਂ ਆਖਿਆ ਕਿ ਸੱਤਾ ਤੋਂ ਬਾਹਰ ਹੋਣ ਉੱਤੇ ਅਜਿਹਾ ਸਟੈਂਡ ਅਕਾਲੀ ਦਲ ਨੇ ਪਹਿਲੀ ਵਾਰ ਨਹੀਂ ਲਿਆ, ਸਗੋਂ ਅਤੀਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਖ਼ਾਲਿਸਤਾਨ ਦੇ ਹੱਕ ਵਿੱਚ ਸਟੈਂਡ ਲਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ 1992 ਵਿੱਚ ਯੂਐਨਓ ਨੂੰ ਜੋ ਖ਼ਾਲਿਸਤਾਨ ਦਾ ਮਤਾ ਭੇਜਿਆ ਗਿਆ ਸੀ ਉਸ ਉੱਤੇ ਪ੍ਰਕਾਸ਼ ਸਿੰਘ ਬਾਦਲ ਨੇ ਬਕਾਇਦਾ ਹਸਤਾਖ਼ਰ ਕੀਤੇ ਹੋਏ ਹਨ।

ਜਗਤਾਰ ਸਿੰਘ ਆਖਦੇ ਹਨ ਕਿ ਇਹ ਅਕਾਲੀ ਦਲ ਦੀ ਪੁਰਾਣੀ ਰੀਤ ਹੈ ਪਰ ਜਦੋਂ ਸੱਤਾ ਮਿਲ ਜਾਂਦੀ ਹੈ ਤਾਂ ਇਹ ਸਾਰੇ ਮੁੱਦੇ ਭੁਲਾ ਦਿੱਤੇ ਜਾਂਦੇ ਹਨ।

ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਿੱਖਾਂ ਦੀ 27 ਮਾਰਚ ਨੂੰ ਹੋ ਰਹੀ ਇਕੱਤਰਤਾ ਦੇ ਮੁੱਦੇ ਉੱਤੇ ਟਿੱਪਣੀ ਕਰਦਿਆਂ ਜਗਤਾਰ ਸਿੰਘ ਆਖਦੇ ਹਨ ਕਿ ਸਿੱਖਾਂ ਨੂੰ ਦਰਪੇਸ਼ ਆ ਰਹੇ ਮਸਲਿਆਂ ਨੂੰ ਵਿਚਾਰਿਆਂ ਜਾਣ ਬਿਲਕੁਲ ਠੀਕ ਹੈ।

ਉਨ੍ਹਾਂ ਮੁਤਾਬਕ ਸ਼੍ਰੀ ਅਕਾਲ ਤਖ਼ਤ ਸਾਹਿਬ ਹੀ ਅਜਿਹੀ ਥਾਂ ਹੈ, ਜਿੱਥੇ ਸਿੱਖ ਮਸਲਿਆਂ ਉੱਤੇ ਵਿਚਾਰ ਹੋਣਾ ਚਾਹੀਦਾ ਹੈ।

‘’ਪੰਜਾਬ ਸਰਕਾਰ ਦੇ ਐਕਸ਼ਨ ਨਾਲ ਸਿੱਖਾਂ ਦਾ ਅਕਸ ਖ਼ਰਾਬ ਹੋਇਆ’’

ਦੂਜੇ ਪਾਸੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਦੀ ਪੂਰੀ ਹਮਾਇਤ ਕਰਦੀ ਹੈ, ਪਰ ਸਿੱਖਾਂ ਖ਼ਿਲਾਫ਼ ਸਿਰਫ਼ ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ ਉੱਤੇ ਐਨਐਸਏ ਜਾਂ ਹੋਰ ਕਾਨੂੰਨਾਂ ਤਹਿਤ ਕੇਸ ਦਰਜ ਨਹੀਂ ਹੋਣ ਚਾਹੀਦੇ।

ਉਨ੍ਹਾਂ ਆਖਿਆ,’’ਛੋਟੀ ਘਟਨਾ ਨੂੰ ਬਹੁਤ ਵੱਡੀ ਦਿਖਾ ਕੇ ਜਿਸ ਤਰੀਕੇ ਦੀ ਗੰਦੀ ਰਾਜਨੀਤੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਖੇਡੀ ਹੈ, ਉਸ ਨਾਲ ਪੂਰੇ ਦੇਸ਼ ਵਿੱਚ ਪੰਜਾਬ ਅਤੇ ਸਿੱਖ ਕੌਮ ਦਾ ਅਕਸ ਖ਼ਰਾਬ ਹੋਇਆ ਹੈ।‘’

ਉਹ ਕਹਿੰਦੇ ਹਨ, ‘’ਜੇਕਰ ਪੁਲਿਸ ਕੋਲ ਕਿਸੇ ਦੇ ਖ਼ਿਲਾਫ਼ ਸਬੂਤ ਹਨ ਤਾਂ ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਸ ਤਰੀਕੇ ਨਾਲ ਸਿੱਖ ਅੰਮ੍ਰਿਤਧਾਰੀ ਨੌਜਵਾਨਾਂ ਦੀ ਫੜੋ-ਫੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।‘’

ਅਮ੍ਰਿਤਪਾਲ ਸਿੰਘ
Getty Images
ਮੁਹਾਲੀ ਵਿੱਚ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਖ਼ਿਲਾਫ਼ ਕਾਰਵਾਈ ਕਰਦੀ ਪੰਜਾਬ ਪੁਲਿਸ

ਚੀਮਾ ਮੁਤਾਬਕ ਮੌਜੂਦਾ ਮਾਹੌਲ ਕਾਰਨ ਪੰਜਾਬ ਪੂਰੇ ਦੇਸ਼ ਵਿੱਚ ਬਦਨਾਮ ਹੋਇਆ ਹੈ ਅਤੇ ਕੋਈ ਵੀ ਵਿਅਕਤੀ ਅਜਿਹੇ ਮਾਹੌਲ ਵਿੱਚ ਸੂਬੇ ਵਿੱਚ ਨਿਵੇਸ਼ ਲਈ ਨਹੀਂ ਆਵੇਗਾ।

ਅਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦੇ ਮੁੱਦੇ ਉੱਤੇ ਡਾਕਟਰ ਚੀਮਾ ਨੇ ਆਖਿਆ ਕਿ ਅਜਨਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਹਮਲਾ ਕਰਨ ਦੇ ਖ਼ਿਲਾਫ਼ ਪਾਰਟੀ ਦਾ ਸਟੈਂਡ ਅੱਜ ਵੀ ਕਾਇਮ ਹੈ ਪਰ ਜੋ ਮੌਜੂਦਾ ਹਾਲਤ ਪੈਦਾ ਕੀਤੇ ਗਏ ਹਨ ਉਹ ਪੰਜਾਬ ਸਰਕਾਰ ਦੀ ਗ਼ਲਤੀ ਹੈ।

ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਕਿਸੇ ਵੀ ਸੁਰਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਸੂਬੇ ਨੇ ਪਹਿਲਾਂ ਹੀ ਇਹ ਸੰਤਾਪ ਭੋਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News