ਬਕਸੂਆ ਔਰਤਾਂ ਦਾ ਮਨਪਸੰਦ ਹਥਿਆਰ ਕਿਵੇਂ ਬਣ ਗਿਆ

03/25/2023 5:31:42 PM

ਸੇਫਟੀ ਪਿੰਨ
Getty Images
1849 ’ਚ ਸੇਫਟੀ ਪਿੰਨ ਦੀ ਕਾਢ ਹੋਈ ਸੀ

ਭਾਰਤ ’ਚ ਲਗਭਗ ਹਰ ਔਰਤ ਨੇ ਕਿਸੇ ਨਾ ਕਿਸੇ ਰੂਪ ’ਚ ਜਿਨਸੀ ਸੋਸ਼ਣ ਨੂੰ ਹੰਢਾਇਆ ਹੈ। ਇਹ ਘਟਨਾ ਭਾਵੇਂ ਭੀੜ-ਭੜਾਕੇ ਵਾਲੀਆਂ ਜਨਤਕ ਥਾਵਾਂ ’ਤੇ ਵਾਪਰੀ ਹੋਵੇ, ਜਦੋਂ ਕਿਸੇ ਨੇ ਉਸ ਦੀ ਛਾਤੀ ਨੂੰ ਅਸਹਿਜ ਢੰਗ ਨਾਲ ਹੱਥ ਲਗਾਇਆ ਸੀ ਜਾਂ ਫਿਰ ਉਸ ਦੇ ਹੇਠਲੇ ਹਿੱਸੇ ’ਤੇ ਚੂੰਢੀ ਵੱਡੀ ਸੀ।

ਕਿਸੇ ਦਾ ਆਪਣੀ ਕੋਹਣੀ ਨਾਲ ਉਸ ਦੀ ਛਾਤੀ ਨੂੰ ਛੂਹਣਾ ਜਾਂ ਖੁਦ ਨੂੰ ਕਿਸੇ ਔਰਤ ਨਾਲ ਚਿਪਕਾਉਣਾ ਵੀ ਇਸ ’ਚ ਹੀ ਸ਼ਾਮਲ ਹੈ।

ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲਿਆਂ ਖ਼ਿਲਾਫ਼ ਜਵਾਬੀ ਹਮਲੇ ਦੇ ਰੂਪ ’ਚ ਔਰਤਾਂ ਤੁਰੰਤ ਜੋ ਕੋਈ ਵੀ ਚੀਜ਼ ਉਨ੍ਹਾਂ ਕੋਲ ਮੌਜੂਦ ਹੁੰਦੀ ਹੈ ਉਸ ਦੀ ਵਰਤੋਂ ਕਰਦੀਆਂ ਹਨ।

ਉਦਾਹਰਣ ਦੇ ਤੌਰ ’ਤੇ ਕਈ ਦਹਾਕੇ ਪਹਿਲਾਂ ਕੋਲਕਾਤਾ ਦੇ ਪੂਰਬੀ ਸ਼ਹਿਰ ’ਚ ਭੀੜ-ਭੜਾਕੇ ਵਾਲੀਆਂ ਬੱਸਾਂ ਅਤੇ ਟਰਾਮਾਂ (ਰੇਲ) ’ਚ ਯਾਤਰਾ ਕਰਦਿਆਂ ਕਾਲਜ ਵਿਦਿਆਰਥਣ ਵਜੋਂ ਮੈਂ ਅਤੇ ਮੇਰੀ ਦੋਸਤ ਹਮੇਸ਼ਾ ਛੱਤਰੀ ਦੀ ਵਰਤੋਂ ਕਰਦੇ ਹੁੰਦੇ ਸੀ।

ਸਾਡੇ ’ਚੋਂ ਕਈਆਂ ਨੇ ਇੰਨ੍ਹਾਂ ਅਵਾਰਾ ਹੱਥਾਂ ਨੂੰ ਖਰੋਚਣ ਲਈ ਆਪਣੇ ਨਹੁੰ ਲੰਮੇ ਅਤੇ ਤਿੱਖੇ ਵੀ ਰੱਖੇ। ਕਈਆਂ ਨੇ ਆਪਣੇ ਸਟੀਲੇਟੋਜ਼ ਦੀ ਨੋਕਦਾਰ ਹੀਲ/ਅੱਡੀ ਦੀ ਵਰਤੋਂ ਉਨ੍ਹਾਂ ਮਰਦਾਂ ’ਤੇ ਹਮਲਾ ਕਰਨ ਲਈ ਕੀਤੀ, ਜੋ ਕਿ ਭੀੜ ਦਾ ਫਾਇਦਾ ਚੁੱਕ ਕੇ ਆਪਣੇ ਲਿੰਗ ਨੂੰ ਸਾਡੀ ਪਿੱਠ ਨਾਲ ਦਬਾਉਣ ਦਾ ਯਤਨ ਕਰਦੇ ਸਨ।

ਸੇਫਟੀ ਪਿੰਨ
Getty Images
ਸੇਫਟੀ ਪਿੰਨ ਦੀ ਵਰਤੋਂ ਵਿਸ਼ਵ ਪੱਧਰ ’ਤੇ ਔਰਤਾਂ ਵੱਲੋਂ ਉਨ੍ਹਾਂ ਦਾ ਸੋਸ਼ਣ ਕਰਨ ਵਾਲਿਆਂ ਵਿਰੁੱਧ ਵੀ ਕੀਤੀ ਜਾਂਦੀ ਹੈ

ਬਹੁਤ ਸਾਰੀਆਂ ਹੋਰਨਾਂ ਔਰਤਾਂ ਨੇ ਇੱਕ ਵਧੇਰੇ ਪ੍ਰਭਾਵੀ ਉਪਕਰਣ- ਸਰਵਵਿਆਪੀ ਸੇਫਟੀ ਪਿੰਨ ਦੀ ਵਰਤੋਂ ਵੀ ਕੀਤੀ।

1849 ’ਚ ਸੇਫਟੀ ਪਿੰਨ/ ਬਕਸੂਆ ਦੀ ਕਾਢ ਤੋਂ ਬਾਅਦ ਦੁਨੀਆ ਭਰ ’ਚ ਔਰਤਾਂ ਨੇ ਇਸ ਦੀ ਵਰਤੋਂ ਕੱਪੜਿਆਂ ਦੇ ਵੱਖ-ਵੱਖ ਟੁੱਕੜਿਆਂ ਨੂੰ ਜੋੜਨ ਜਾਂ ਅਚਾਨਕ ਕਿਸੇ ਕੱਪੜੇ ਦੇ ਫੱਟਣ ਦੀ ਸੂਰਤ ’ਚ ਉਸ ਨੂੰ ਸਹੀ ਕਰਨ ਲਈ ਕੀਤੀ ਹੈ।

ਇਸ ਤੋਂ ਇਲਾਵਾ ਸੇਫਟੀ ਪਿੰਨ ਦੀ ਵਰਤੋਂ ਵਿਸ਼ਵ ਪੱਧਰ ’ਤੇ ਔਰਤਾਂ ਵੱਲੋਂ ਉਨ੍ਹਾਂ ਦਾ ਸੋਸ਼ਣ ਕਰਨ ਵਾਲਿਆਂ ਵਿਰੁੱਧ ਵੀ ਕੀਤੀ ਜਾਂਦੀ ਹੈ, ਇੱਥੋਂ ਤੱਕ ਕਿ ਖੂਨ ਕੱਢਣ ਲਈ ਵੀ ਕੀਤੀ ਜਾਂਦੀ ਹੈ।

ਬੀਬੀਸੀ
BBC

ਔਰਤਾਂ ਦਾ ਹਥਿਆਰ

  • 1849 ’ਚ ਸੇਫਟੀ ਪਿੰਨ/ ਬਕਸੂਆ ਦੀ ਕਾਢ ਕੱਢੀ ਗਈ।
  • ਔਰਤਾਂ ਨੇ ਇਸ ਦੀ ਵਰਤੋਂ ਕੱਪੜਿਆਂ ਦੇ ਵੱਖ-ਵੱਖ ਟੁੱਕੜਿਆਂ ਨੂੰ ਜੋੜਨ ਲਈ ਕੀਤੀ ਹੈ।
  • ਇਸ ਤੋਂ ਇਲਾਵਾ ਸੇਫਟੀ ਪਿੰਨ ਦੀ ਵਰਤੋਂ ਵਿਸ਼ਵ ਪੱਧਰ ’ਤੇ ਔਰਤਾਂ ਦਾ ਪਸੰਦੀਦਾ ਹਥਿਆਰ ਵੀ ਬਣੀ
  • ਜਿਸ ਦੀ ਵਰਤੋਂ ਉਨ੍ਹਾਂ ਦਾ ਸੋਸ਼ਣ ਕਰਨ ਵਾਲਿਆਂ ਵਿਰੁੱਧ ਵੀ ਕੀਤੀ ਜਾਂਦੀ ਰਹੀ ਹੈ
  • 2021 ’ਚ 140 ਭਾਰਤੀ ਸ਼ਹਿਰਾਂ ਦੇ ਇੱਕ ਆਨਲਾਈਨ ਸਰਵੇਖਣ ਹੋਇਆ ਸੀ
  • ਜਿਸ ਵਿੱਚ 56% ਔਰਤਾਂ ਜਨਤਕ ਟਰਾਂਸਪੋਰਟ ’ਚ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈਆਂ ਸਨ
  • ਪਰ ਸਿਰਫ 2% ਔਰਤਾਂ ਨੇ ਹੀ ਪੁਲਿਸ ਤੱਕ ਪਹੁੰਚ ਕੀਤੀ ਸੀ
ਬੀਬੀਸੀ
BBC

ਪਸੰਦੀਦਾ ਹਥਿਆਰ

ਕੁਝ ਮਹੀਨੇ ਪਹਿਲਾਂ ਭਾਰਤ ’ਚ ਕਈ ਔਰਤਾਂ ਨੇ ਟਵਿੱਟਰ ’ਤੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਹ ਹਮੇਸ਼ਾ ਹੀ ਆਪਣੇ ਹੈਂਡਬੈਗ ਜਾਂ ਆਪਣੇ ਸਰੀਰ ਦੇ ਕਿਸੇ ਹਿੱਸੇ ’ਚ ਸੇਫਟੀ ਪਿੰਨ ਜ਼ਰੂਰ ਰੱਖਦੀਆਂ ਹਨ ਤਾਂ ਜੋ ਭੀੜ ਭੜਾਕੇ ਵਾਲੀਆਂ ਥਾਵਾਂ ’ਤੇ ਵਿਰੋਧੀ ਅਨਸਰਾਂ ਨਾਲ ਲੜਨ ਲਈ ਉਹ ਇਸ ਦੀ ਵਰਤੋਂ ਕਰ ਸਕਣ। ਇਸ ਲਈ ਸੇਫਟੀ ਪਿੰਨ ਉਨ੍ਹਾਂ ਦਾ ਪਸੰਦੀਦਾ ਹਥਿਆਰ ਹੈ।

ਉਨ੍ਹਾਂ ’ਚੋਂ ਇੱਕ- ਦੀਪਿਕਾ ਸ਼ੇਰਗਿੱਲ ਨੇ ਇੱਕ ਘਟਨਾ ਦਾ ਵਰਣਨ ਕੀਤਾ ਹੈ ਜਦੋਂ ਉਨ੍ਹਾਂ ਨੇ ਅਸਲ ’ਚ ਖੂਨ ਕੱਢਣ ਲਈ ਇਸ ਦੀ ਵਰਤੋਂ ਕੀਤੀ ਸੀ।

ਸ਼ੇਰਗਿੱਲ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਘਟਨਾ ਉਸ ਬੱਸ ’ਚ ਵਾਪਰੀ ਸੀ, ਜਿਸ ’ਚ ਉਹ ਨਿਯਮਿਤ ਤੌਰ ’ਤੇ ਦਫ਼ਤਰ ਆਉਂਦੀ-ਜਾਂਦੀ ਸੀ। ਭਾਵੇਂ ਕਿ ਇਸ ਘਟਨਾ ਨੂੰ ਵਾਪਰਿਆਂ ਕਈ ਦਹਾਕੇ ਹੋ ਗਏ ਹਨ ਪਰ ਫਿਰ ਵੀ ਉਨ੍ਹਾਂ ਨੂੰ ਛੋਟੇ ਤੋਂ ਛੋਟਾ ਵੇਰਵਾ ਯਾਦ ਹੈ।

ਸ਼ੇਰਗਿੱਲ ਉਸ ਸਮੇਂ 20 ਸਾਲਾਂ ਦੀ ਸੀ ਅਤੇ ਉਸ ਦਾ ਉਤਪੀੜਨ ਕਰਨ ਵਾਲਾ ਵਿਅਕਤੀ 40 ਤੋਂ ਵੱਧ ਉਮਰ ਦਾ ਸੀ। ਉਹ ਹਮੇਸ਼ਾ ਹੀ ਸਲੇਟੀ ਰੰਗ ਦਾ ਸਫਾਰੀ ਸੂਟ ( ਸਰਕਾਰੀ ਮੁਲਾਜ਼ਮਾਂ ’ਚ ਪ੍ਰਸਿੱਧ ਦੋ-ਪੀਸ ਵਾਲੇ ਭਾਰਤੀ ਸੂਟ ਦੀ ਇੱਕ ਕਿਸਮ) ਪਾਉਂਦੀ ਸੀ ਅਤੇ ਪੈਰੀਂ ਖੁੱਲੇ ਸੈਂਡਲ ਤੇ ਹੱਥ ’ਚ ਇੱਕ ਆਇਤਾਕਾਰ ਚਮੜੇ ਦਾ ਬੈਗ ਚੁੱਕਦੀ ਸੀ।

ਉਹ ਦੱਸਦੀਹੈ, “ਉਹ ਹਮੇਸ਼ਾ ਮੇਰੇ ਕੋਲ ਆ ਕੇ ਖੜ੍ਹਾ ਹੋ ਜਾਂਦਾ ਸੀ ਅਤੇ ਥੋੜਾ ਝੁੱਕ ਜਾਂਦਾ ਅਤੇ ਆਪਣੇ ਲਿੰਗ ਵਾਲੇ ਹਿੱਸੇ ਨੂੰ ਮੇਰੀ ਪਿੱਠ ਨਾਲ ਰਗੜਦਾ ਸੀ। ਜਦੋਂ ਵੀ ਡਰਾਇਵਰ ਬ੍ਰੇਕ ਲਗਾਉਂਦਾ ਤਾਂ ਉਹ ਮੇਰੇ ’ਤੇ ਡਿੱਗਣ ਦੀ ਕੋਸ਼ਿਸ਼ ਕਰਦਾ।”

ਦੀਪਿਕਾ ਸ਼ੇਰਗਿੱਲ
DEEPIKA SHERGILL
ਦੀਪਿਕਾ ਸ਼ੇਰਗਿੱਲ ਸੇਫਟੀ ਦੀ ਪਿੰਨ ਦੀ ਵਰਤੋਂ ਇਸ ਇਨਸਾਨ ਲਈ ਕੀਤੀ ਜੋ ਉਸਨੂੰ ਮਹੀਨਿਆਂ ਤੋਂ ਤੰਗ ਕਰ ਰਿਹਾ ਸੀ

ਉਹ ਅੱਗੇ ਦੱਸਦੀ ਹੈ ਕਿ ਉਨ੍ਹੀਂ ਦਿਨੀਂ ਉਹ “ ਬਹੁਤ ਹੀ ਡਰਪੋਕ ਸੀ ਅਤੇ ਕਿਸੇ ਦਾ ਵੀ ਆਪਣੇ ਵੱਲ ਧਿਆਨ ਨਹੀਂ ਖਿੱਚਣਾ ਚਾਹੁੰਦੀ ਸੀ” , ਇਸ ਕਰਕੇ ਹੀ ਕਈ ਮਹੀਨਿਆਂ ਤੱਕ ਉਨ੍ਹਾਂ ਨੇ ਚੁੱਪ ਧਾਰੀ ਰੱਖੀ।

ਪਰ ਇੱਕ ਸ਼ਾਮ ਨੂੰ ਜਦੋਂ ਉਸ ਵਿਅਕਤੀ ਨੇ “ਹੱਥਰਸੀ ਕਰਨੀ ਸ਼ੁਰੂ ਕੀਤੀ ਅਤੇ ਮੇਰੇ ਮੋਢੇ ’ਤੇ ਅਸਹਿਜ ਢੰਗ ਨਾਲ ਆਪਣੇ ਹੱਥ ਨਾਲ ਰਗੜਨਾ ਸ਼ੁਰੂ ਕੀਤਾ ਤਾਂ ਉਸ ਸਮੇਂ ਮੈਂ ਫੈਸਲਾ ਕੀਤਾ ਕਿ ਹੁਣ ਇਹ ਬਰਦਾਸ਼ਤ ਤੋਂ ਬਾਹਰ ਹੈ।"

“ਮੈਂ ਆਪਣੇ ਆਪ ਨੂੰ ਅਪਵਿੱਤਰ ਮਹਿਸੂਸ ਕੀਤਾ ਅਤੇ ਘਰ ਪਹੁੰਚ ਕੇ ਮੈਂ ਬਹੁਤ ਦੇਰ ਤੱਕ ਪਾਣੀ ਹੇਠਾਂ ਨਹਾਉਂਦੀ ਰਹੀ। ਮੈਂ ਆਪਣੀ ਮੰਮੀ ਨੂੰ ਵੀ ਇਸ ਬਾਰੇ ਕੁਝ ਨਾ ਦੱਸਿਆ।”

“ਉਸ ਰਾਤ ਮੈਂ ਬਿਲਕੁੱਲ ਵੀ ਸੌਂ ਨਹੀਂ ਸਕੀ ਸੀ ਅਤੇ ਆਪਣੀ ਨੌਕਰੀ ਛੱਡਣ ਤੱਕ ਬਾਰੇ ਸੋਚਿਆ, ਪਰ ਫਿਰ ਮੈਂ ਬਦਲਾ ਲੈਣ ਬਾਰੇ ਸੋਚਣਾ ਸ਼ੂਰੂ ਕੀਤਾ। ਮੈਂ ਉਸ ਨੂੰ ਸਰੀਰਕ ਤੌਰ ’ਤੇ ਨੁਕਸਾਨ ਪਹੁੰਚਾਉਣਾ ਚਾਹੁੰਦੀ ਸੀ, ਉਸ ਤੋਂ ਬਦਲਾ ਲੈਣਾ ਚਾਹੁੰਦੀ ਸੀ ਤਾਂ ਜੋ ਉਹ ਮੁੜ ਮੇਰੇ ਨਾਲ ਅਜਿਹਾ ਵਤੀਰਾ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।”

ਸ਼ੇਰਗਿੱਲ ਨੇ ਦੱਸਿਆ, “ਅਗਲੇ ਹੀ ਦਿਨ ਮੈਂ ਆਪਣੇ ਫਲੈਟ ਜੁੱਤੇ ਦੀ ਥਾਂ ’ਤੇ ਉੱਚੀ ਅੱਡੀ ਵਾਲੀ ਜੁੱਤੀ ਪਾਈ ਅਤੇ ਸੇਫਟੀ ਪਿੰਨ ਨਾਲ ਲੈ ਕੇ ਮੈਂ ਬੱਸ ’ਚ ਚੜ੍ਹ ਗਈ।"

“ਜਿਵੇਂ ਹੀ ਉਹ ਵਿਅਕਤੀ ਮੇਰੇ ਨਜ਼ਦੀਕ ਆ ਕੇ ਖੜ੍ਹਾ ਹੋਇਆ ਤਾਂ ਮੈਂ ਆਪਣੀ ਸੀਟ ਤੋਂ ਉੱਠ ਖੜ੍ਹੀ ਹੋਈ ਅਤੇ ਉਸ ਦੀਆਂ ਪੈਰ ਦੀਆਂ ਉਗਲਾਂ ਨੂੰ ਆਪਣੀ ਉੱਚੀ ਅੱਡੀ ਨਾਲ ਕੁਚਲ ਦਿੱਤਾ। ਮੈਂ ਉਸ ਨੂੰ ਦਰਦ ’ਚ ਕਰਲਾਉਂਦੇ ਸੁਣਿਆ ਤਾਂ ਮੈਨੂੰ ਸੁੱਖ ਦਾ ਸਾਹ ਆਇਆ। ਫਿਰ ਮੈਂ ਆਪਣੀ ਸੇਫਟੀ ਪਿੰਨ ਨਾਲ ਉਸ ਦੀ ਬਾਂਹ ’ਤੇ ਹਮਲਾ ਕੀਤਾ ਅਤੇ ਤੁਰੰਤ ਹੀ ਬੱਸ ਤੋਂ ਹੇਠਾਂ ਉਤਰ ਗਈ।”

ਹਾਲਾਂਕਿ ਉਹ ਅਗਲੇ ਇੱਕ ਸਾਲ ਤੱਕ ਉਸੇ ਬੱਸ ’ਚ ਸਫ਼ਰ ਕਰਦੀ ਰਹੀ, ਪਰ ਉਸ ਨੇ ਮੁੜ ਕਦੇ ਵੀ ਉਸ ਵਿਅਕਤੀ ਨੂੰ ਨਹੀਂ ਵੇਖਿਆ ।

ਸ਼ੇਰਗਿੱਲ ਦੀ ਕਹਾਣੀ ਹੈਰਾਨ ਕਰਨ ਵਾਲੀ ਜ਼ਰੂਰ ਹੈ ਪਰ ਦੁਰਲੱਭ ਨਹੀਂ ਹੈ।

''''ਬਕਸੂਆ ਚੁਭਾਉਣਾ ਜਾਰੀ ਰੱਖਿਆ''''

ਉਸ ਦੀ 30 ਸਾਲਾਂ ਦੀ ਇੱਕ ਸਹਿਕਰਮੀ ਨੇ ਇੱਕ ਘਟਨਾ ਸੁਣਾਈ, ਜਦੋਂ ਦੱਖਣੀ ਸ਼ਹਿਰਾਂ ਕੋਚੀਨ ਅਤੇ ਬੈਂਗਲੁਰੂ ਵਿਚਾਲੇ ਓਵਰਨਾਈਟ ਬੱਸ ’ਚ ਸਫ਼ਰ ਦੌਰਾਨ ਇੱਕ ਵਿਅਕਤੀ ਵਾਰ-ਵਾਰ ਉਸ ਨੂੰ ਅਸਹਿਜ ਢੰਗ ਨਾਲ ਛੂਹਣ ਦਾ ਯਤਨ ਕਰਦਾ ਰਿਹਾ।

ਉਨ੍ਹਾਂ ਦੱਸਿਆ ਕਿ ਸ਼ੁਰੂਆਤ ’ਚ ਮੈਂ ਸੋਚਿਆ ਕਿ ਇਹ ਅਚਾਨਕ ਹੋਇਆ ਹੈ, ਇਸ ਲਈ ਮੈਂ ਉਸ ਨੂੰ ਥੋੜਾ ਝਟਕਾ ਦੇ ਕੇ ਆਪਣੇ ਤੋਂ ਪਰਾਂ ਕੀਤਾ।

ਪਰ ਜਦੋਂ ਉਸ ਨੇ ਇਹ ਕਰਤੂਤ ਜਾਰੀ ਰੱਖੀ ਤਾਂ ਮੈਨੂੰ ਮਹਿਸੂਸ ਹੋਇਆ ਕੇ ਉਹ ਜਾਣਬੁੱਝ ਕੇ ਅਜਿਹਾ ਕਰ ਰਿਹਾ ਸੀ।

ਉਸ ਨੇ ਆਪਣੇ ਸਕਾਰਫ਼ ’ਚ ਸੇਫਟੀ ਪਿੰਨ ਦੀ ਵਰਤੋਂ ਕੀਤੀ ਹੋਈ ਸੀ ਅਤੇ ਉਸ ਦੀ ਵਰਤੋਂ ਕਰਕੇ ਹੀ ਉਸ ਨੇ ‘ਆਪਣੇ ਆਪ ਨੂੰ ਸੁਰੱਖਿਅਤ’ ਕੀਤਾ ਸੀ।

ਉਨ੍ਹਾਂ ਦੱਸਿਆ, “ਮੈਂ ਉਸ ਨੂੰ ਬਕਸੂਆ ਚੁਭਾਇਆ ਅਤੇ ਉਹ ਪਿੱਛੇ ਹੱਟ ਗਿਆ। ਪਰ ਉਸ ਨੇ ਵਾਰ-ਵਾਰ ਅਸਹਿਜ ਢੰਗ ਨਾਲ ਹੱਥ ਲਗਾਉਣ ਦਾ ਯਤਨ ਜਾਰੀ ਰੱਖਿਆ ਅਤੇ ਮੈਂ ਵੀ ਉਸ ਨੂੰ ਪਿੱਛੇ ਕਰਨ ਲਈ ਬਕਸੂਆ ਚੁਭਾਉਣਾ ਜਾਰੀ ਰੱਖਿਆ।"

"ਅਖੀਰ ਉਹ ਪਿੱਛੇ ਹੱਟ ਹੀ ਗਿਆ। ਮੈਂ ਖੁਸ਼ ਹਾਂ ਕਿ ਉਸ ਸਮੇਂ ਮੇਰੇ ਕੋਲ ਸੇਫਟੀ ਪਿੰਨ ਸੀ, ਪਰ ਮੈਂ ਆਪਣੇ ਆਪ ਨੂੰ ਬੇਵਕੂਫ਼ ਸਮਝਦੀ ਹਾਂ ਕਿ ਮੈਂ ਪਿੱਛੇ ਮੁੜ ਕੇ ਉਸ ਦੇ ਥੱਪੜ ਕਿਉਂ ਨਹੀਂ ਮਾਰਿਆ।”

ਔਰਤਾਂ
Getty Images

ਉਹ ਅੱਗੇ ਦੱਸਦੇ ਹਨ ਕਿ ਛੋਟੇ ਹੁੰਦਿਆਂ ਮੈਂ ਇਸ ਗੱਲ ਤੋਂ ਸਾਵਧਾਨ ਸੀ ਕਿ ਜੇਕਰ ਮੈਂ ਮਦਦ ਲਈ ਆਵਾਜ਼ ਲਗਾਈ ਤਾਂ ਕੋਈ ਵੀ ਮੇਰਾ ਸਮਰਥਨ ਨਹੀਂ ਕਰੇਗਾ।

ਕਾਰਕੁਨਾਂ ਦਾ ਕਹਿਣਾ ਹੈ ਕਿ ਇਹ ਡਰ ਅਤੇ ਸ਼ਰਮ ਦੀ ਗੱਲ ਹੈ ਕਿ ਜ਼ਿਆਦਾਤਰ ਔਰਤਾਂ ਛੇੜਛਾੜ ਕਰਨ ਵਾਲਿਆਂ ਖਿਲਾਫ਼ ਆਵਾਜ਼ ਬੁਲੰਦ ਨਹੀਂ ਕਰਦੀਆਂ ਹਨ ਅਤੇ ਇਹ ਸਮੱਸਿਆ ਵਿਆਪਕ ਰੂਪ ਧਾਰਨ ਕਰਦੀ ਹੈ।

ਅਸੁਰੱਖਿਆ ਦੀ ਭਾਵਨਾ

2021 ’ਚ 140 ਭਾਰਤੀ ਸ਼ਹਿਰਾਂ ਦੇ ਇੱਕ ਆਨਲਾਈਨ ਸਰਵੇਖਣ ਅਨੁਸਾਰ, 56% ਔਰਤਾਂ ਜਨਤਕ ਟਰਾਂਸਪੋਰਟ ’ਚ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈਆਂ ਸਨ, ਪਰ ਸਿਰਫ 2% ਔਰਤਾਂ ਨੇ ਹੀ ਪੁਲਿਸ ਤੱਕ ਪਹੁੰਚ ਕੀਤੀ।

ਇੱਕ ਵਿਸ਼ਾਲ ਬਹੁਮਤ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਕਾਰਵਾਈ ਕੀਤੀ ਜਾਂ ਫਿਰ ਸਥਿਤੀ ਨੂੰ ਨਜ਼ਰਅੰਦਾਜ਼ ਕਰਨ ਦਾ ਬਦਲ ਚੁਣਿਆ। ਅਕਸਰ ਹੀ ਉਹ ਅਜਿਹੇ ਵਿਅਕਤੀਆਂ ਤੋਂ ਦੂਰੀ ਬਣਾ ਲੈਂਦੀਆਂ ਹਨ, ਕਿਉਂਕਿ ਉਹ ਕੋਈ ਤਮਾਸ਼ਾ ਨਹੀਂ ਲਗਾਉਣਾ ਚਾਹੁੰਦੀਆਂ ਸਨ ਜਾਂ ਫਿਰ ਸਥਿਤੀ ਦੇ ਵਧਣ ਬਾਰੇ ਚਿੰਤਤ ਸਨ।

52% ਤੋਂ ਵੀ ਵੱਧ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੇ, “ਅਸੁਰੱਖਿਆ ਦੀ ਭਾਵਨਾ” ਦੇ ਕਾਰਨ ਹੀ ਸਿੱਖਿਆ ਅਤੇ ਨੌਕਰੀ ਦੇ ਮੌਕਿਆਂ ਨੂੰ ਠੁਕਰਾ ਦਿੱਤਾ ਹੈ।

ਕਲਪਨਾ ਵਿਸ਼ਵਨਾਥ, ਜੋ ਕਿ ਔਰਤਾਂ ਲਈ ਜਨਤਕ ਥਾਵਾਂ ਨੂੰ ਸੁਰੱਖਿਅਤ ਅਤੇ ਸੰਮਿਲਿਤ ਬਣਾਉਣ ਲਈ ਕੰਮ ਕਰਨ ਵਾਲੀ ਸੇਫਟੀ ਪਿੰਨ ਨਾਮ ਦੀ ਸਮਾਜਿਕ ਸੰਸਥਾ ਦੀ ਸਹਿ-ਸੰਸਥਾਪਕ ਹਨ, ਨੇ ਕਿਹਾ ਕਿ “ ਜਿਨਸੀ ਹਿੰਸਾ ਦਾ ਡਰ ਅਸਲ ਹਿੰਸਾ ਦੀ ਤੁਲਨਾ ’ਚ ਔਰਤਾਂ ਦੀ ਮਾਨਸਿਕਤਾ ਅਤੇ ਗਤੀਸ਼ੀਲਤਾ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ।”

“ਔਰਤਾਂ ਆਪਣੇ ਆਪ ’ਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੰਦੀਆਂ ਹਨ ਅਤੇ ਇਹ ਕਦਮ ਸਾਨੂੰ ਮਰਦਾਂ ਦੇ ਬਰਾਬਰ ਨਾਗਰਿਕਤਾ ਤੋਂ ਪਿਛਾਂਹ ਸੁੱਟਦਾ ਹੈ। ਇਸ ਦਾ ਔਰਤਾਂ ਦੇ ਜੀਵਨ ’ਤੇ ਛੇੜਚਾੜ ਦੀ ਅਸਲ ਕਾਰਵਾਈ ਤੋਂ ਕਿਤੇ ਵੱਧ ਪ੍ਰਭਾਵ ਪੈਂਦਾ ਹੈ।”

ਔਰਤਾਂ
Getty Images

ਵਿਸ਼ਵਵਿਆਪੀ ਮੁੱਦਾ

ਵਿਸ਼ਵਨਾਥ ਅੱਗੇ ਦੱਸਦੇ ਹਨ ਕਿ ਔਰਤਾਂ ਦਾ ਉਤਪੀੜਨ ਸਿਰਫ ਇੱਕ ਭਾਰਤੀ ਸਮੱਸਿਆ ਨਹੀਂ ਹੈ, ਸਗੋਂ ਇਹ ਇੱਕ ਵਿਸ਼ਵਵਿਆਪੀ ਮੁੱਦਾ ਹੈ।

ਲੰਡਨ, ਨਿਊਯਾਰਕ, ਮੈਕਸੀਕੋ ਸਿਟੀ, ਟੋਕਿਓ ਅਤੇ ਕਾਇਰੋ ’ਚ 1000 ਔਰਤਾਂ ਦੇ ਥੌਮਸਨ ਰਾਇਟਰਜ਼ ਫਾਊਂਡੇਸ਼ਨ ਦੇ ਸਰਵੇਖਣ ਨੇ ਦਰਸਾਇਆ ਹੈ ਕਿ “ਟਰਾਂਸਪੋਰਟ ਨੈੱਟਵਰਕ ਜਿਨਸੀ ਉਤਪੀੜਨ ਕਰਨ ਵਾਲਿਆਂ ਲਈ ਮੁੱਖ ਕੇਂਦਰ ਸਨ, ਜੋ ਕਿ ਆਪਣੇ ਕਾਰੇ ਕਰਕੇ ਫੜੇ ਜਾਣ ਤੋਂ ਬਾਅਦ ਭੀੜ-ਭਾੜ ਦਾ ਬਹਾਨਾ ਲਗਾਉਂਦੇ ਸਨ।”

ਵਿਸ਼ਵਨਾਥ ਦਾ ਕਹਿਣਾ ਹੈ ਕਿ ਲਾਤੀਨੀ ਅਮਰੀਕਾ ਅਤੇ ਅਫ਼ਰੀਕਾ ਦੀਆਂ ਔਰਤਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਵੀ ਸੇਫਟੀ ਪਿੰਨ ਹੈ। ਸਮਿਥਸੋਨੀਅਨ ਮੈਗਜ਼ੀਨ ਦੀ ਰਿਪੋਰਟ ਹੈ ਕਿ ਅਮਰੀਕਾ ’ਚ ਔਰਤਾਂ ਨੇ 1990 ਦੇ ਦਹਾਕੇ ’ਚ ਵੀ ਹੈਟਪਿੰਨ ਦੀ ਵਰਤੋਂ ਉਨ੍ਹਾਂ ਮਰਦਾਂ ਨੂੰ ਚੁਬਾਉਣ ਲਈ ਕੀਤੀ ਸੀ, ਜੋ ਕਿ ਉਨ੍ਹਾਂ ਦੇ ਨੇੜੇ ਆਉਣ ਦਾ ਯਤਨ ਕਰਦੇ ਸਨ।

ਪਰ ਜਨਤਕ ਉਤਪੀੜਨ ਦੇ ਪੈਮਾਨੇ ’ਤੇ ਕਈ ਆਲਮੀ ਸਰਵੇਖਣਾਂ ’ਚ ਸਿਖਰ ’ਤੇ ਰਹਿਣ ਦੇ ਬਾਵਜੂਦ ਭਾਰਤ ’ਚ ਇਸ ਨੂੰ ਇੱਕ ਵੱਡੀ ਸਮੱਸਿਆ ਵੱਜੋਂ ਨਹੀਂ ਵੇਖਿਆ ਜਾ ਰਿਹਾ ਹੈ।

ਵਿਸ਼ਵਨਾਥ ਦਾ ਕਹਿਣਾ ਹੈ ਕਿ ਇਹ ਅੰਸ਼ਕ ਤੌਰ ’ਤੇ ਇਸ ਲਈ ਹੈ ਕਿਉਂਕਿ ਮਾੜੀ ਰਿਪੋਰਟਿੰਗ ਕਾਰਨ ਇਹ ਅਪਰਾਧ ਦੇ ਅੰਕੜਿਆਂ ਦੇ ਘੇਰੇ ’ਚ ਨਹੀਂ ਆਉਂਦਾ ਹੈ ਅਤੇ ਪ੍ਰਸਿੱਧ ਸਿਨੇਮਾ ਦੇ ਪ੍ਰਭਾਵ ਕਾਰਨ, ਜੋ ਕਿ ਸਾਨੂੰ ਸਿਖਾਉਂਦਾ ਹੈ ਕਿ ਛੇੜਖਾਨੀ ਔਰਤਾਂ ਨੂੰ ਲੁਭਾਉਣ ਦਾ ਇੱਕ ਵਧੀਆ ਤਰੀਕਾ ਹੈ।

ਉਹ ਅੱਗੇ ਕਹਿੰਦੇ ਹਨ ਕਿ ਹਾਲਾਂਕਿ ਪਿਛਲੇ ਕੁਝ ਸਾਲਾਂ ’ਚ ਕਈ ਸ਼ਹਿਰਾਂ ’ਚ ਇਸ ਸਥਿਤੀ ’ਚ ਸੁਧਾਰ ਹੋਇਆ ਹੈ।

ਰਾਜਧਾਨੀ ਦਿੱਲੀ ’ਚ, ਬੱਸਾਂ ’ਚ ਪੈਨਿਕ ਬਟਨ ਅਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਇਸ ਤੋਂ ਇਲਾਵਾ ਵਧੇਰੇ ਮਹਿਲਾ ਡਰਾਈਵਰਾਂ ਨੂੰ ਨਿਯੁਕਤ ਕੀਤਾ ਗਿਆ ਹੈ।

ਡਰਾਈਵਰਾਂ ਅਤੇ ਕੰਡਕਟਰਾਂ ਨੂੰ ਮਹਿਲਾ ਯਾਤਰੀਆਂ ਪ੍ਰਤੀ ਵਧੇਰੇ ਜਵਾਬਦੇਹ ਬਣਨ ਲਈ ਜਾਗਰੂਕ ਕਰਨ ਲਈ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਗਏ ਹਨ ਅਤੇ ਬੱਸਾਂ ’ਚ ਮਾਰਸ਼ਲ ਤੈਨਾਤ ਕੀਤੇ ਗਏ ਹਨ।

ਪੁਲਿਸ ਨੇ ਐਪ ਅਤੇ ਹੈਲਪਲਾਈਨ ਨੰਬਰ ਵੀ ਲਾਂਚ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਔਰਤਾਂ ਮਦਦ ਲੈਣ ਦੀ ਸੂਰਤ ’ਚ ਕਰ ਸਕਦੀਆਂ ਹਨ।

ਪਰ ਵਿਸ਼ਵਨਾਥ ਦਾ ਕਹਿਣਾ ਹੈ ਕਿ ਇਹ ਹਮੇਸ਼ਾ ਪੁਲਿਸ ਦੀ ਸਮੱਸਿਆ ਨਹੀਂ ਹੁੰਦੀ ਹੈ।

“ਮੈਨੂੰ ਲੱਗਦਾ ਹੈ ਕਿ ਸਭ ਤੋਂ ਮਹੱਤਵਪੂਰਨ ਹੱਲ ਇਹ ਹੈ ਕਿ ਸਾਨੂੰ ਇਸ ਮੁੱਦੇ ਬਾਰੇ ਵਧੇਰੇ ਗੱਲ ਕਰਨੀ ਚਾਹੀਦੀ ਹੈ ਅਤੇ ਇੱਕ ਠੋਸ, ਮਜ਼ਬੂਤ ਮੀਡੀਆ ਮੁਹਿੰਮ ਹੋਣੀ ਚਾਹੀਦੀ ਹੈ, ਜੋ ਕਿ ਲੋਕਾਂ ਦੀ ਰਾਏ ਜਾਣੇ ਕਿ ਕਿਹੜਾ ਵਿਵਹਾਰ ਸਵੀਕਾਰਯੋਗ ਹੈ ਅਤੇ ਕਿਹੜਾ ਨਹੀਂ।”

ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਉਦੋਂ ਤੱਕ ਸ਼ੇਰਗਿੱਲ ਅਤੇ ਮੇਰੀ ਸਹਿਕਰਮੀ ਅਤੇ ਲੱਖਾਂ ਹੀ ਭਾਰਤੀ ਔਰਤਾਂ ਨੂੰ ਆਪਣੇ ਬਚਾਅ ਲਈ ਸੇਫਟੀ ਪਿੰਨ ਆਪਣੇ ਕੋਲ ਹੀ ਰੱਖਣੀ ਪਵੇਗੀ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News