ਅਮ੍ਰਿਤਪਾਲ ਸਿੰਘ ਖਿਲਾਫ਼ ਹੁਣ ਤੱਕ ਕਿਹੜੇ ਕੇਸ ਦਰਜ ਹੋਏ ਤੇ ਕਿੰਨੀ ਸਜ਼ਾ ਹੋ ਸਕਦੀ ਹੈ
Saturday, Mar 25, 2023 - 02:01 PM (IST)


“ਦੁਨੀਆ ਦੀ ਕੋਈ ਤਾਕਤ ਸਿੱਖਾਂ ਨੂੰ ਖ਼ਾਲਿਸਤਾਨ ਦੀ ਪ੍ਰਾਪਤੀ ਅਤੇ ਆਜ਼ਾਦ ਰਾਜ ਲੈਣ ਤੋਂ ਨਹੀਂ ਰੋਕ ਸਕਦੀ...ਅਸੀਂ ਲੜਦੇ ਰਹਾਂਗੇ...”
''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਪਿਛਲੇ ਮਹੀਨੇ ਮੋਗਾ ਦੇ ਪਿੰਡ ਬੁੱਧਸਿੰਘਵਾਲਾ ਵਿੱਚ ਜਦੋਂ ਆਪਣੇ ਭਾਸ਼ਣ ਦੌਰਾਨ ਇਹ ਤਕਰੀਰ ਕੀਤੀ ਤਾਂ ਉਹ ਕਾਫ਼ੀ ਚਰਚਾ ਦਾ ਵਿਸ਼ਾ ਬਣੇ।
ਪੁਲਿਸ ਨੇ ਇਸ ਮਾਮਲੇ ਵਿੱਚ ਉਨ੍ਹਾਂ ਉੱਤੇ ਮੁਕੱਦਮਾ ਦਰਜ ਕੀਤਾ ਸੀ।
ਜਾਣਕਾਰੀ ਮੁਤਾਬਕ ਗ੍ਰਿਫ਼ਤਾਰੀ ਤੋਂ ਬਚ ਰਹੇ ਅਮ੍ਰਿਤਪਾਲ ਸਿੰਘ ਉੱਤੇ ‘ਫ਼ਰਾਰ’ ਹੋਣ ਤੋਂ ਪਹਿਲਾਂ ਕੁੱਲ ਚਾਰ ਮਾਮਲੇ ਦਰਜ ਕੀਤੇ ਗਏ ਸਨ।
ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਵੀ ਉਨ੍ਹਾਂ ਉੱਤੇ ਮਾਮਲੇ ਦਰਜ ਕੀਤੇ ਗਏ ਹਨ। ਅਸੀਂ ਉਹ ਸਾਰੀਆਂ ਐੱਫਆਈਆਰ ਬਾਰੇ ਜਾਣਕਾਰੀ ਦੇ ਰਹੇ ਹਾਂ।

ਅਮ੍ਰਿਤਪਾਲ ਸਿੰਘ ’ਤੇ ਪਹਿਲਾ ਕੇਸ
ਅਮ੍ਰਿਤਪਾਲ ਖ਼ਿਲਾਫ਼ ਪਹਿਲਾ ਕੇਸ 16 ਫਰਵਰੀ ਨੂੰ ਦਰਜ ਕੀਤਾ ਗਿਆ ਸੀ।
ਇਹ ਚਮਕੌਰ ਸਾਹਿਬ ਦੇ ਰਹਿਣ ਵਾਲੇ ਵਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ।
ਉਸ ਨੇ ਇਲਜ਼ਾਮ ਲਗਾਇਆ ਸੀ ਕਿ ਅਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਨੇ ਉਸ ਨੂੰ ਦਮਦਮੀ ਟਕਸਾਲ ਦੇ ਬਾਹਰੋਂ ਅਜਨਾਲਾ ਵਿੱਚ ਅਗਵਾ ਕਰ ਲਿਆ।
ਵਰਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਇੱਕ ਐਸਯੂਵੀ ਵਿੱਚ ਅਗਵਾ ਕੀਤਾ ਗਿਆ ਸੀ। ਮੁਲਜ਼ਮ ਉਸ ਨੂੰ ਜੰਡਿਆਲਾ ਗੁਰੂ ਵਿੱਚ ਇੱਕ ਟਿਊਬਵੈੱਲ ’ਤੇ ਲੈ ਗਏ ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਕਥਿਤ ਤੌਰ ''''ਤੇ ਪੁਲਿਸ ਕੋਲ ਸ਼ਿਕਾਇਤ ਕਰਨ ''''ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਅਜਨਾਲਾ ਪੁਲਿਸ ਨੇ ਧਾਰਾ 365 (ਅਗਵਾ ਕਰਨ), 379-ਬੀ (2) (ਸਨੈਚਿੰਗ ਕਰਦੇ ਸਮੇਂ ਸੱਟ ਪਹੁੰਚਾਉਣਾ), 323 (ਸੱਟ ਪਹੁੰਚਾਉਣਾ) ਅਤੇ 506 (ਅਪਰਾਧਿਕ ਧਮਕੀ ਦੇਣਾ) ਦੇ ਤਹਿਤ ਕੇਸ ਦਰਜ ਕੀਤਾ ਸੀ।
ਪੁਲਿਸ ਨੇ ਅਮ੍ਰਿਤਪਾਲ ਤੋਂ ਇਲਾਵਾ ਕਈ ਹੋਰਾਂ ''''ਤੇ ਵੀ ਕੇਸ ਦਰਜ ਕੀਤੇ ਹਨ। ਧਾਰਾ 365 (ਅਗਵਾ ਕਰਨ) ਅਧੀਨ ਸੱਤ ਸਾਲ ਤੱਕ ਦੀ ਸਜਾ ਦਿੱਤੀ ਜਾ ਸਕਦੀ ਹੈ।
ਅਸਲ ਵਿੱਚ ਅਜਨਾਲਾ ਵਿੱਚ 23 ਫਰਵਰੀ ਨੂੰ ਜੋ ਹਿੰਸਾ ਵੇਖਣ ਨੂੰ ਮਿਲੀ, ਉਹ ਇਸ ਕੇਸ ਤੋਂ ਬਾਅਦ ਹੀ ਹੋਈ ਸੀ।

ਅਜਨਾਲਾ ਥਾਣੇ ਦਾ ਘਿਰਾਓ
17 ਫਰਵਰੀ ਨੂੰ ਇੱਕ ਅਗਵਾ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਨੂੰ ਹਿਰਾਸਤ ਵਿੱਚ ਲਿਆ ਸੀ।
ਇਸ ਦੇ ਵਿਰੋਧ ਵਿੱਚ ਅਮ੍ਰਿਤਪਾਲ ਅਤੇ ਵੱਡੀ ਗਿਣਤੀ ਵਿੱਚ ਉਸ ਦੇ ਸਮਰਥਕਾਂ ਨੇ 23 ਫਰਵਰੀ ਨੂੰ ਅਜਨਾਲਾ ਦੇ ਪੁਲਿਸ ਥਾਣੇ ਦਾ ਘਿਰਾਓ ਕੀਤਾ।
ਕਈ ਸਮਰਥਕ ਕਥਿਤ ਤੌਰ ’ਤੇ ਬੰਦੂਕਾਂ ਅਤੇ ਤਲਵਾਰਾਂ ਨਾਲ ਲੈਸ ਸਨ।
ਉਹ ਮੰਗ ਕਰ ਰਹੇ ਸਨ ਕਿ ਲਵਪ੍ਰੀਤ ਸਿੰਘ ਨੂੰ ਰਿਹਾਅ ਕੀਤਾ ਜਾਵੇ। ਇਸ ਦੌਰਾਨ ਕਈ ਪੁਲਿਸ ਵਾਲੇ ਵੀ ਜ਼ਖਮੀ ਹੋਏ।
ਪਹਿਲਾਂ ਤਾਂ ਇਹ ਮੰਨਿਆ ਗਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹੈ ਪਰ ਬਾਅਦ ਵਿੱਚ ਸਾਹਮਣੇ ਆਇਆ ਕਿ 24 ਫਰਵਰੀ ਨੂੰ ਇੱਕ ਐਫਆਈਆਰ ਅਜਨਾਲਾ ਥਾਣੇ ਵਿੱਚ ਦਰਜ ਕੀਤੀ ਗਈ ਸੀ।

ਅਮ੍ਰਿਤਪਾਲ ਸਿੰਘ ਕੌਣ ਹਨ
ਅਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ।
ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।
ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।
ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।
ਪੁਲਿਸ ਪਿਛਲੇ ਸ਼ਨੀਵਾਰ ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।

ਇਸ ਮਾਮਲੇ ਵਿੱਚ ਕਈ ਧਾਰਾਵਾਂ ਲੱਗੀਆਂ ਸਨ। ਇਹਨਾਂ ਵਿੱਚ ਆਈਪੀਸੀ ਦੀ ਧਾਰਾ 307 (ਜਾਨ ਤੋਂ ਮਾਰਨ ਦੀ ਕੋਸ਼ਿਸ਼) ਅਤੇ ਸਰਕਾਰੀ ਕਰਮਚਾਰੀ ਨੂੰ ਡਿਊਟੀ ਨਿਭਾਉਣ ਤੋਂ ਰੋਕਣਾ, ਹਮਲਾ ਜਾਂ ਅਪਰਾਧਿਕ ਬਲ ਦਾ ਇਸਤੇਮਾਲ ਕਰਨਾ ਵੀ ਸ਼ਾਮਿਲ ਸੀ।
ਧਾਰਾ 307 ਤਹਿਤ ਜਾਨ ਤੋਂ ਮਾਰਨ ਦੀ ਕੋਸ਼ਿਸ਼ ਲਈ 10 ਸਾਲ ਦੀ ਸਜਾ ਦੀ ਤਜਵੀਜ਼ ਹੈ।
ਇਸ ਤੋਂ ਇਲਾਵਾ ਆਈਪੀਸੀ ਦੀਆਂ ਧਾਰਾਵਾਂ 332, 333, 506, 120-B, 427, 148, 149 ਵੀ ਲਗਾਈਆਂ ਗਈਆ ਹਨ।

ਅਮ੍ਰਿਤਪਾਲ ਸਿੰਘ ''''ਤੇ ਪੁਲਿਸ ਦੀ ਕਾਰਵਾਈ - ਹੁਣ ਤੱਕ ਕੀ-ਕੀ ਹੋਇਆ
- ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ 18 ਮਾਰਚ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਜਾਰੀ ਹੈ
- ਪੰਜਾਬ ਪੁਲਿਸ ਨੇ 207 ਲੋਕਾਂ ਨੂੰ ਹਿਰਾਸਤ ''''ਚ ਲਿਆ, ਇਨ੍ਹਾਂ ਵਿੱਚੋਂ 30 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ
- ਪਰ ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਅਜੇ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਭਾਲ਼ ਜਾਰੀ ਹੈ
- ਅਮ੍ਰਿਤਪਾਲ ਸਿੰਘ ਦੀ ਭਾਲ ਲਈ ਉੱਤਰਾਖੰਡ ਸੂਬੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
- ਇਹ ਕਾਰਵਾਈ ਸ਼ਨੀਵਾਰ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਤੋਂ ਸ਼ੁਰੂ ਕੀਤੀ ਗਈ ਸੀ
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਅਫ਼ਗਾਨਿਸਤਾਨ ਨਹੀਂ ਬਣਨ ਦੇਣਗੇ।
- ਅਮ੍ਰਿਤਪਾਲ ਸਿੰਘ ਖ਼ਿਲਾਫ਼ ਐੱਨਐੱਸਏ ਲਗਾ ਦਿੱਤਾ ਗਿਆ ਹੈ
- ਇਸ ਤੋਂ ਪਹਿਲਾਂ ਪੁਲਿਸ ਨੇ 5 ਲੋਕਾਂ ਉਪਰ ਐੱਨਐੱਸਏ ਲਗਾਉਣ ਦੀ ਪੁਸ਼ਟੀ ਕੀਤੀ ਸੀ


ਦੇਸ਼ ਦੇ ਖ਼ਿਲਾਫ਼ ਸਾਜ਼ਿਸ਼
ਮੋਗਾ ਦੇ ਬੁਧ ਸਿੰਘ ਵਾਲਾ ਵਿੱਚ ਜੋ ਐਫਆਈਆਰ ਦਰਜ ਹੈ, ਉਹ 22 ਫਰਵਰੀ ਦੀ ਹੈ।
ਇੱਥੇ ਦੀਪ ਸਿੱਧੂ ਤੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਯਾਦ ਵਿੱਚ ਬਰਸੀ ਸਮਾਗਮ ਕਰਵਾਇਆ ਗਿਆ ਸੀ।
ਉਨ੍ਹਾਂ ਵੱਲੋਂ ਇਹਨਾਂ ਦੀ ਯਾਦ ਵਿੱਚ ਬਣਾਏ ਗਏ ਇੱਕ ਦਰਵਾਜ਼ੇ ਦਾ ਉਦਘਾਟਨ ਵੀ ਕੀਤਾ ਗਿਆ ਸੀ।
ਇਸ ਦੌਰਾਨ ਅਮ੍ਰਿਤਪਾਲ ਦੇ ਇੱਥੇ ਤਲਖ਼ ਤੇਵਰ ਨਜ਼ਰ ਆਏ ਸਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਲੱਭਣ ਲਈ ਛਾਪਾਮਾਰੀ ਦਾ ਡਰਾਮਾ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਅਸੀਂ ਕਿਹੜਾ ਕਿਤੇ ਲੁਕੇ ਜਾਂ ਭੱਜੇ ਹਾਂ’।
ਅਮ੍ਰਿਤਪਾਲ ਨੇ ਕਥਿਤ ਤੌਰ ''''ਤੇ ਕਿਹਾ ਸੀ, “ਦੁਨੀਆ ਦੀ ਕੋਈ ਤਾਕਤ ਸਿੱਖਾਂ ਨੂੰ ਖ਼ਾਲਿਸਤਾਨ ਦੀ ਪ੍ਰਾਪਤੀ, ਆਜ਼ਾਦ ਰਾਜ ਦੀ ਪ੍ਰਾਪਤੀ ਤੋਂ ਨਹੀਂ ਰੋਕ ਸਕਦੀ...ਅਸੀਂ ਲੜਦੇ ਰਹਾਂਗੇ...” ਇਸ ਤੋਂ ਇਲਾਵਾ ਵੀ ਉਹਨਾਂ ਨੇ ਕਾਫੀ ਤਕਰੀਰਾਂ ਕੀਤੀਆਂ ਸਨ।
ਜੋ ਇਲਜਾਮ ਲਗਾਏ ਗਏ ਹਨ, ਉਸ ਲਈ ਆਈਪੀਸੀ ਦੀ ਧਾਰਾ 153-ਏ ਲਗਾਈ ਗਈ ਹੈ। ਇਸ ਤਹਿਤ ਧਰਮ, ਨਸਲ, ਜਨਮ ਸਥਾਨ, ਨਿਵਾਸ, ਭਾਸ਼ਾ ਆਦਿ ਦੇ ਆਧਾਰ ''''ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦੇਣਾ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਨੁਕਸਾਨਦੇਹ ਕੰਮ ਕਰਨਾ ਆਉਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਉਪਰ 121- ਏ ਦਾ ਵੀ ਮਾਮਲਾ ਦਰਜ ਹੈ।
ਇਸ ਤਹਿਤ ਜੇ ਕੋਈ ਵੀ ਭਾਰਤ ਦੇ ਅੰਦਰ ਕੋਈ ਦੇਸ਼ ਦੇ ਖ਼ਿਲਾਫ਼ ਲੜਾਈ ਕਰਨ ਦੀ ਸਾਜ਼ਿਸ਼ ਕਰਦਾ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਾਂ ਫਿਰ 10 ਸਾਲ ਦੀ ਸਜ਼ਾ ਨਾਲ ਜੁਰਮਾਨਾ ਕੀਤਾ ਜਾ ਸਕਦਾ ਹੈ।

ਭੜਕਾਊ ਭਾਸ਼ਣ
22 ਫਰਵਰੀ ਨੂੰ ਹੀ ਅੰਮ੍ਰਿਤਪਾਲ ਦੇ ਖ਼ਿਲਾਫ਼ ਇੱਕ ਹੋਰ ਐਫਆਈਆਰ ਦਰਜ ਹੈ।
ਮਾਮਲਾ ਕੁੱਝ ਮੋਗੇ ਦੇ ਕੇਸ ਨਾਲ ਹੀ ਮਿਲਦਾ ਜੁਲਦਾ ਹੈ। ਆਈਪੀਸੀ ਦੀ ਧਾਰਾ 153-ਏ ਲਗਾਈ ਗਈ ਹੈ। ਇਸ ਦੇ ਤਹਿਤ ਪੰਜ ਸਾਲ ਦੀ ਸਜ਼ਾ ਦਾ ਤਜਵੀਜ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਵੀਡੀਉ ਮੌਜੂਦ ਹੈ ਜੋ ਭਾਸ਼ਣ ਅੰਮ੍ਰਿਤਪਾਲ ਨੇ ਦਿੱਤਾ ਸੀ।
ਬੈਰੀਕੇਡ ਤੋੜ ਕੇ ਭੱਜਣ ਦਾ ਮਾਮਲਾ
18 ਮਾਰਚ ਯਾਨੀ ਉਨ੍ਹਾਂ ਦੀ ਭਾਲ ਲਈ ਪੁਲਿਸ ਦੀ ਕਾਰਵਾਈ ਦੇ ਪਹਿਲੇ ਦਿਨ ਅਮ੍ਰਿਤਪਾਲ ਸਿੰਘ ’ਤੇ ਪੰਜਵਾਂ ਮੁਕੱਦਮਾ ਦਰਜ ਹੈ।
ਅੰਮ੍ਰਿਤਸਰ ਜ਼ਿਲ੍ਹੇ ਦੇ ਖਿਲਚੀਆਂ ਪਿੰਡ ਵਿੱਚ ਪੁਲਿਸ ਨੇ ਇੱਕ ਨਾਕਾ ਅਤੇ ਬੈਰੀਕੇਡ ਲਗਾਏ ਸਨ।
ਪੁਲਿਸ ਮੁਤਾਬਿਕ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਚਾਰ ਗੱਡੀਆਂ ਦਾ ਕਾਫ਼ਲਾ ਉੱਥੋਂ ਗੁਜ਼ਰਿਆ।
ਉਨ੍ਹਾਂ ਵਿੱਚ ਇੱਕ ਮਰਸਡੀਜ਼ ਸੀ, ਦੋ ਫ਼ੋਰਡ ਐਨਡੇਵਰ ਅਤੇ ਇੱਕ ਕਰੇਟਾ ਗੱਡੀ ਉੱਥੋਂ ਨਿਕਲੀਆਂ ਸਨ।
ਪੁਲਿਸ ਨੇ ਨਾਕੇ ''''ਤੇ ਅਮ੍ਰਿਤਪਾਲ ਸਿੰਘ ਦੇ ਕਾਫ਼ਲੇ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਬੈਰੀਕੇਡ ਤੋੜ ਦਿੱਤਾ ਅਤੇ ਉੱਥੋਂ ਭੱਜ ਗਏ।
ਪੁਲਿਸ ਨੇ ਸੈਕਸ਼ਨ 279, 186, 506, 336, 427 IPC ਅਤੇ 25 ਆਰਮ ਐਕਟ ਦੇ ਤਹਿਤ ਕੇਸ ਦਰਜ ਕੀਤੀ ਹੈ।

ਗੱਡੀ ਵਿੱਚ ਹਥਿਆਰ
ਅਗਲੇ ਹੀ ਦਿਨ ਯਾਨੀ 19 ਮਾਰਚ ਨੂੰ ਪੁਲਿਸ ਨੇ ਅਮ੍ਰਿਤਪਾਲ ਦੇ ਖ਼ਿਲਾਫ਼ ਇੱਕ ਹੋਰ ਐਫਆਈਆਰ ਦਰਜ ਕੀਤੀ।
ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਮੁਤਾਬਕ ਅਮ੍ਰਿਤਪਾਲ ਇੱਕ ਭੂਰੇ ਰੰਗ ਦੀ ਇਸੂਜ਼ੂ ਪਿਕਅੱਪ ਗੱਡੀ ਵਿੱਚ ਵੇਖੇ ਗਏ ਸਨ।
ਉਨ੍ਹਾਂ ਨੂੰ ਪਿੰਡ ਸਲੇਮਾ ਦੇ ਸਰਕਾਰੀ ਸਕੂਲ ਨੇੜੇ ਵੇਖਿਆ ਗਿਆ। ਉਹ ਤੇਜ਼ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਹੇ ਸਨ।
ਸਬੂਤ ਵਜੋਂ ਪੁਲਿਸ ਮੁਤਾਬਕ ਇਹ ਗੱਡੀ ਹੈ ਜਿਸ ਨੂੰ ਬਾਅਦ ਵਿੱਚ ਫੜ੍ਹ ਲਿਆ ਗਿਆ।
ਪੁਲਿਸ ਨੇ ਗੱਡੀ ਦੀ ਤਲਾਸ਼ੀ ਤੋਂ ਇੱਕ ਵਾਕੀ-ਟਾਕੀ ਸੈੱਟ, ਇੱਕ 315 ਬੋਰ ਰਾਈਫ਼ਲ ਸਮੇਤ 57 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 279 ਅਤੇ 188 ਲਗਾਈ ਗਈ ਹੈ ਅਤੇ ਆਰਮਜ਼ ਐਕਟ ਵੀ ਲਾਇਆ ਗਿਆ ਹੈ।

ਅਮ੍ਰਿਤਪਾਲ ’ਤੇ ਐੱਨਐੱਸਏ ਲਗਾਇਆ
ਅਮ੍ਰਿਤਪਾਲ ’ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਵੀ ਲਗਾਇਆ ਗਿਆ ਹੈ।
ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਉਸ ਸਮੇਂ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਪ੍ਰਸਾਸ਼ਨ ਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਖ਼ਤਰਾ ਬਣ ਸਕਦਾ ਹੈ।
ਇਸ ਤਹਿਤ ਮੁਲਜ਼ਮ ਨੂੰ 12 ਮਹੀਨਿਆਂ ਤੱਕ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ।
ਪੁਲਿਸ ਮੁਤਾਬਕ ਅਮ੍ਰਿਤਪਾਲ ਸਿੰਘ ਖ਼ਿਲਾਫ਼ ਲਗਾਤਾਰ ਸੂਬੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਕਾਰਨ ਹੋਈ ਕਾਰਵਾਈ ਦੌਰਾਨ ਨਜ਼ਰਬੰਦ ਕਰਨ ਦੀ ਤਜਵੀਜ਼ ਕੀਤੀ ਗਈ ਹੈ।
ਪੁਲਿਸ ਮੁਤਾਬਕ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਨੂੰ ਪੱਤਰ ਭੇਜਿਆ ਸੀ, ਜਿਨ੍ਹਾਂ ਨੇ ਇਸ ਬਾਰੇ ਵਿਚਾਰ ਕਰਦੇ ਹੋਏ ਅਮ੍ਰਿਤਪਾਲ ਸਿੰਘ ਉੱਤੇ ਰਾਸ਼ਟਰੀ ਸੁਰੱਖਿਆ ਐਕਟ, 1980 ਦੀ ਧਾਰਾ 3(2) ਤਹਿਤ ਨਜ਼ਰਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਵਸੂਲੀ ਤੇ ਧਮਕਾਉਣ ਦਾ ਕੇਸ
ਜਲੰਧਰ ਦੇ ਇੱਕ ਪਿੰਡ ਵਿੱਚ ਗੁਰਦੁਆਰੇ ਦੇ ‘ਗ੍ਰੰਥੀ’ ਦੀ ਸ਼ਿਕਾਇਤ ਤੋਂ ਬਾਅਦ ਅਮ੍ਰਿਤਪਾਲ ਸਿੰਘ ਵਿਰੁੱਧ ਫਿਰੌਤੀ ਅਤੇ ਦੰਗੇ ਕਰਨ ਦੇ ਇਲਜਾਮ ਵਿੱਚ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ।
ਇਹ ਇਲਜ਼ਾਮ ਲਗਾਏ ਗਏ ਹਨ ਕਿ ਅਮ੍ਰਿਤਪਾਲ ਆਪਣੇ ਕੱਪੜੇ ਬਦਲ ਕੇ ਬਾਈਕ ''''ਤੇ ਭੱਜ ਗਿਆ ਸੀ ਤਾਂ ਪੁਲਿਸ ਦੀ ਕਾਰਵਾਈ ਤੋਂ ਬਚਿਆ ਜਾ ਸਕੇ।
ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਨੰਗਲ ਅੰਬੀਆਂ ਪਿੰਡ ਦੇ ਗੁਰਦੁਆਰੇ ਦਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ‘ਵਾਰਿਸ ਪੰਜਾਬ ਦੇ’ ਮੁਖੀ ਅਤੇ ਉਸ ਦੇ ਤਿੰਨ ਸਾਥੀ ਗੁਰਦੁਆਰੇ ਵਿੱਚ ਦਾਖਲ ਹੋਏ ਅਤੇ ਉਸ ਦੀ ਦਿੱਖ ਬਦਲਣ ਲਈ ਬੰਦੂਕ ਦੀ ਨੋਕ ''''ਤੇ ਉਸ ਦੇ ਲੜਕੇ ਦੇ ਕੱਪੜੇ ਮੰਗੇ।
ਗ੍ਰੰਥੀ ਨੇ ਦੱਸਿਆ ਕਿ ਕੱਪੜੇ ਦੇਣ ਤੋਂ ਇਨਕਾਰ ਕਰਨ ''''ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਅਮ੍ਰਿਤਪਾਲ ਅਤੇ ਉਸ ਦੇ ਚਾਰ ਸਾਥੀਆਂ ਦੇ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ 386 (ਕਿਸੇ ਵਿਅਕਤੀ ਨੂੰ ਮੌਤ ਦਾ ਡਰ ਪਾ ਕੇ ਜ਼ਬਰਦਸਤੀ ਵਸੂਲੀ), 506 (ਅਪਰਾਧਿਕ ਧਮਕੀ) ਅਤੇ 148 (ਦੰਗਾ ਭੜਕਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਕਿਸੇ ਵਿਅਕਤੀ ਨੂੰ ਮੌਤ ਦਾ ਡਰ ਪਾ ਕੇ ਜ਼ਬਰਦਸਤੀ ਵਸੂਲੀ ਲਈ 10 ਸਾਲ ਦੀ ਸਜ਼ਾ ਦੀ ਤਜਵੀਜ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)