ਨਾਭਾ ਜੇਲ੍ਹ ਬਰੇਕ: ਕਿਸ ਤਰ੍ਹਾਂ ਬਣੀ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਵਿੱਚੋਂ ਆਪਣੇ ਸਾਥੀ ਛੁਡਵਾਉਣ ਦੀ ਯੋਜਨਾ, ਅਦਾਲਤ ਨੇ ਕੀ ਫ਼ੈਸਲਾ ਸੁਣਾਇਆ
Thursday, Mar 23, 2023 - 04:01 PM (IST)


ਪਟਿਆਲਾ ਦੀ ਜ਼ਿਲ੍ਹਾ ਅਦਾਲਤ ਨੇ ਸੱਤ ਸਾਲਾਂ ਬਾਅਦ 22 ਮੁਲਜ਼ਮਾਂ ਨੂੰ 2016 ਦੇ ਨਾਭਾ ਹਾਈ ਸਕਿਉਰਟੀ ਜੇਲ੍ਹ ਬਰੇਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ ਜਦੋਂ ਕਿ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।
ਵਧੀਕ ਜ਼ਿਲ੍ਹਾ ਸੈਸ਼ਨ ਜੱਜ ਐੱਚਐੱਸ ਗਰੇਵਾਲ ਦੀ ਅਦਾਲਤ ਨੇ ਵੀਰਵਾਰ ਨੂੰ ਸਜ਼ਾ ਦਾ ਐਲਾਨ ਕਰਦਿਆਂ 22 ਮੁਲਜ਼ਮਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ।
ਮੁਲਜ਼ਮ ਪੱਖ ਦੀ ਵਕੀਲ ਮੇਥਾ ਕੌਸ਼ਲ ਮੁਤਾਬਕ, "ਇਸ ਵਿੱਚ ਸਾਰੇ ਮੁਲਜ਼ਮਾਂ ਨੂੰ 10-10 ਸਾਲ ਦੀ ਸਜ਼ਾ ਹੋਈ ਹੈ ਅਤੇ ਇੱਕ ਨੂੰ ਤਿੰਨ ਸਾਲ ਦੀ ਹੋਈ ਹੈ। ਇੱਕ ਮੁਲਜ਼ਮ ਬਿਕਰ ਸਿੰਘ ਨੂੰ ਐੱਨਡੀਪੀਸੀਐੱਸ ਦੇ ਤਹਿਤ 10 ਸਾਲ ਦੀ ਹੋਰ ਸਜ਼ਾ ਸੁਣਾਈ ਗਈ ਹੈ, ਜੋ ਇਕੱਠਿਆਂ ਨਹੀਂ ਚਲੇਗੀ।"
ਮੁਲਜ਼ਮ ਪੱਖ ਦੇ ਵਕੀਲਾਂ ਦਾ ਕਹਿਣਾ ਹੈ, "ਅਸੀਂ ਇਸ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹਾਂ ਸਾਨੂੰ ਆਸ ਸੀ ਕਿ ਇਹ ਬਰੀ ਹੋਣਗੇ ਕਿਉਂਕਿ ਇਸਤਗਾਸਾ ਪੱਖ ਨੇ ਕੋਈ ਵੀ ਸਬੂਤ ਦਸਤਵੇਜ਼ੀ ਰਿਕਾਰਡ ''''ਤੇ ਨਹੀਂ ਲਗਾਇਆ।"
ਵਕੀਲਾਂ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਦਾ ਰੁਖ਼ ਕਰਨਗੇ।
ਇਸ ਮਾਮਲੇ ਵਿੱਚ ਅੱਠ ਮੁਲਜ਼ਮ ਅਜੇ ਵੀ ਫ਼ਰਾਰ ਹਨ। ਜਿਨ੍ਹਾਂ ਵਿੱਚੋਂ ਰਮਨਜੀਤ ਸਿੰਘ ਰੋਮੀ ਅੱਜ ਕਲ੍ਹ ਹਾਂਗਕਾਂਗ ਵਿੱਚ ਹੈ।
ਪੰਜਾਬ ਪੁਲਿਸ ਰੋਮੀ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਚਾਰਾਜੋਈ ਕਰ ਰਹੀ ਹੈ।

ਨਾਭਾ ਜੇਲ੍ਹ ਬਰੇਕ ਮਾਮਲਾ ਕੀ ਸੀ?
27 ਨਵੰਬਰ, 2016 ਨੰ ਕਰੀਬ 15 ਗੈਂਗਸਟਰਾਂ ਨੇ ਪੰਜਾਬ ਪੁਲਿਸ ਦੀ ਵਰਦੀ ਪਹਿਨਕੇ ਤੇ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚ ਘੁਸਪੈਠ ਕੀਤੀ ਸੀ।
ਮਕਸਦ ਸੀ ਆਪਣੇ ਕੁਝ ਸਾਥੀਆਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣਾ।
ਇਸ ਦੌਰਾਨ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐਫ਼) ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਸਮੇਤ ਚਾਰ ਗੈਂਗਸਟਰਾਂ ਅਤੇ ਦੋ ਹੋਰ ਨੂੰ ਜੇਲ੍ਹ ਵਿੱਚੋਂ ਭਜਾਉਣ ਵਿੱਚ ਕਾਮਯਾਬ ਰਹੇ ਸਨ।
ਪਰ ਹਰਮਿੰਦਰ ਸਿੰਘ ਮਿੰਟੂ, ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਨੀਟਾ ਦਿਓਲ ਅਤੇ ਅਮਨਦੀਪ ਢੋਟੀਆਂ ਨੂੰ ਪੁਲਿਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਸੀ।
ਜਦੋਂ ਕਿ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਇੱਕ ਪੁਲਿਸ ਇੰਨਕਾਉਂਟਰ ਵਿੱਚ ਮਾਰੇ ਗਏ ਸਨ।
ਇਹ ਇੰਨਕਾਉਂਟਰ ਪੰਜਾਬ ਪੁਲਿਸ ਵਲੋਂ ਕੀਤਾ ਗਿਆ ਸੀ।
ਇੱਕ ਹੋਰ ਕੱਟੜਪੰਥੀ ਕਸ਼ਮੀਰ ਸਿੰਘ ਅਜੇ ਫਰਾਰ ਹੈ ਜਦਕਿ ਮਿੰਟੂ ਦੀ 2018 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਜੇਲ੍ਹ ਬਰੇਕ ਦੀ ਯੋਜਨਾ
ਪੁਲਿਸ ਮੁਤਾਬਕ ਰਮਨਜੀਤ ਸਿੰਘ ਰੋਮੀ ਨੇ ਜੇਲ੍ਹ ਬਰੇਕ ਕਰਨ ਵਿੱਚ ਫੰਡ ਮੁਹੱਈਆ ਕਰਵਾਏ ਸਨ, ਜਦਕਿ ਮਿੰਟੂ ਦੇ ਕਰੀਬੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਨੀਟਾ ਦਿਓਲ ਨੇ ਜੇਲ੍ਹ ਤੋੜਨ ਦੀ ਯੋਜਨਾ ਬਣਾਈ ਸੀ ।
ਯੋਜਨਾਬੰਦੀ ਦੌਰਾਨ ਜੇਲ੍ਹ ਦੀ ਸੁਰੱਖਿਆ ਦੀਆਂ ਤਿੰਨ ਵਾਰ ਵੀਡੀਓ ਬਣਾ ਕੇ ਬਾਹਰ ਭੇਜੀਆਂ ਗਈਆਂ।
27 ਨਵੰਬਰ 2016 ਨੂੰ ਜੇਲ੍ਹ ਵਿੱਚ ਘੁਸਪੈਠ ਕਰਨ ਤੋਂ ਪਹਿਲਾਂ ਸਾਜ਼ਿਸ਼ਕਰਤਾਵਾਂ ਨੇ ਜੇਲ੍ਹ ਦੀ ਰੇਕੀ ਕੀਤੀ।
ਇਸ ਦੌਰਾਨ ਪੁਲਿਸ ਇੱਕ ਗੋਲੀ ਵੀ ਨਹੀਂ ਚਲਾ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਸੁਲੱਖਣ ਸਿੰਘ ਮੱਤੇਵਾਲ, ਪ੍ਰੇਮਾ ਲਾਹੌਰੀਆ, ਅਤੇ ਗੁਰਪ੍ਰੀਤ ਗੋਪੀ ਨੇ ਪੰਜਾਬ ਪੁਲਿਸ ਦੀਆਂ ਵਰਦੀਆਂ ਪਹਿਨੀਆਂ ਹੋਈਆਂ ਸਨ ਤੇ ਉਨ੍ਹਾਂ ਨੇ ਗੋਲੀਬਾਰੀ ਵੀ ਕੀਤੀ ਸੀ।
ਉਨ੍ਹਾਂ ਨੇ ਹੀ ਜੇਲ੍ਹ ਵਿੱਚ ਆਪਣੇ ਚਾਰ ਸਾਥੀਆਂ ਨੂੰ ਕੱਢਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਸੀ।

ਨਾਭਾ ਜੇਲ੍ਹ ਬਰੇਕ ਘਟਨਾਕ੍ਰਮ
- 27 ਨਵੰਬਰ, 2016 ਨੂੰ ਕਰੀਬ 15 ਗੈਂਗਸਟਰਾਂ ਨੇ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ਵਿੱਚ ਘੁਸਪੈਠ ਕੀਤੀ ਸੀ।
- ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐਫ਼) ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਸਮੇਤ ਚਾਰ ਗੈਂਗਸਟਰਾਂ ਅਤੇ ਦੋ ਹੋਰ ਨੂੰ ਜੇਲ੍ਹ ਵਿੱਚੋਂ ਭਜਾਇਆ ਗਿਆ ਸੀ।
- ਹਰਮਿੰਦਰ ਸਿੰਘ ਮਿੰਟੂ ਨੂੰ ਅਗਲੇ ਦਿਨ ਹੀ ਪੁਲਿਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਸੀ।
- ਮਿੰਟੂ ਦੀ 2018 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
- ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਇੱਕ ਪੁਲਿਸ ਇੰਨਕਾਉਂਟਰ ਵਿੱਚ ਮਾਰੇ ਗਏ ਸਨ।


ਮੁਲਜ਼ਮਾਂ ਦਾ ਵੇਰਵਾ
ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ ਤੇ ਇਹ ਕੇਸ 7 ਸਾਲ ਤੋਂ ਵੀ ਵੱਧ ਸਮਾਂ ਅਦਾਲਤ ਵਿੱਚ ਚੱਲਿਆ।
ਪੁਲਿਸ ਨੇ ਨਵੰਬਰ 2016 ਵਿੱਚ ਥਾਣਾ ਕੋਤਵਾਲੀ ਨਾਭਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਵਿੱਚ ਕੁੱਲ 28 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ।
ਜਿਨ੍ਹਾਂ ਵਿੱਚ ਚਾਰ ਉਹ ਵਿਅਕਤੀ ਸ਼ਾਮਲ ਸਨ ਜੋ ਨਾਭਾ ਜੇਲ੍ਹ ਵਿੱਚੋਂ ਫ਼ਰਾਰ ਹੋਏ।
11 ਉਹ ਜਿਨ੍ਹਾਂ ਨੇ ਨਾਭਾ ਜੇਲ੍ਹ ਵਿੱਚ ਘੁਸਪੈਠ ਕੀਤੀ ਸੀ। ਇਸ ਤੋਂ ਇਲਾਵਾ 13 ਉਹ ਲੋਕ ਸ਼ਾਮਿਲ ਹਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰੀਕੇ ਜੇਲ੍ਹ ਬਰੇਕ ਕਰਨ ਵਿੱਚ ਮਦਦ ਕੀਤੀ ਸੀ।
ਇਸ ਮਾਮਲੇ ਵਿੱਚ ਨੌਂ ਪੁਲਿਸ ਅਧਿਕਾਰੀਆਂ ਅਤੇ ਹੋਰ ਨਿੱਜੀ ਵਿਅਕਤੀਆਂ ''''ਤੇ ਪਹਿਲਾਂ ਕੇਸ ਦਰਜ ਕੀਤਾ ਗਿਆ ਸੀ ਪਰ ਪੁਲਿਸ ਜਾਂਚ ਦੌਰਾਨ ਉਹ ਨਿਰਦੋਸ਼ ਪਾਏ ਗਏ ਸਨ।
ਅਤੇ ਪੁਲਿਸ ਨੇ ਉਨ੍ਹਾਂ ਨੂੰ ਐੱਫ਼ਆਈਆਰ ਵਿੱਚ ਦੋਸ਼ਮੁਕਤ ਕਰਾਰ ਦਿੱਤਾ ਹੈ।

ਮੌਜੂਦਾ ਘਟਨਾਕ੍ਰਮ
ਪਟਿਆਲਾ ਦੀ ਜ਼ਿਲ੍ਹਾ ਅਦਾਲਤ ਨੇ ਸੱਤ ਸਾਲਾਂ ਤੱਕ ਚਲੇ ਇਸ ਮੁਕੱਦਮੇ ਵਿੱਚ ਮੁੱਖ ਮੁਲਜ਼ਮ ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਸਿੰਘ ਨੀਟਾ ਦਿਓਲ, ਅਮਨਦੀਪ ਢੋਟੀਆਂ ਸਮੇਤ 22 ਨੂੰ ਦੋਸ਼ੀ ਕਰਾਰ ਦਿੱਤਾ ਹੈ।
ਪੁਲਿਸ ਨੇ ਮੁਲਜਮਾਂ ਦੇ ਖਿਲਾਫ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਲਾਇਆ ਸੀ ਪਰ ਅਦਾਲਤ ਨੇ ਦੋਸ਼ ਤੈਅ ਕਰਦੇ ਹੋਏ ਇਸ ਧਾਰਾ ਨੂੰ ਹਟਾ ਦਿੱਤਾ।
ਬਰੀ ਕੀਤੇ ਗਏ ਵਿਅਕਤੀਆਂ ਵਿੱਚ ਤਜਿੰਦਰ ਸ਼ਰਮਾ ਉਰਫ਼ ਹੈਪੀ, ਰਣਜੀਤ ਸਿੰਘ, ਮੁਹੰਮਦ ਅਸੀਮ, ਵਰਿੰਦਰ ਸਿੰਘ ਉਰਫ਼ ਰਿੱਕੀ ਸਹੋਤਾ, ਨਰੇਸ਼ ਨਾਰੰਗ ਅਤੇ ਜਤਿੰਦਰ ਸਿੰਘ ਉਰਫ਼ ਟੋਨੀ ਸ਼ਾਮਲ ਹਨ।
ਕੁਝ ਵਿਅਕਤੀਆਂ ਖ਼ਿਲਾਫ਼ ਲੱਗੇ ਇਲਜ਼ਾਮ ਅਦਾਲਤ ਵਿੱਚ ਸਾਬਤ ਨਹੀਂ ਹੋ ਸਕੇ ਸਨ।
ਇਸ ਮਾਮਲੇ ਵਿੱਚ ਮੁਲਜ਼ਮ ਐਡਵੋਕੇਟ ਸੁਮੇਸ਼ ਜੈਨ ਨੇ ਕਿਹਾ, “ਪੁਲਿਸ ਨੇ ਉਨ੍ਹਾਂ ’ਤੇ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਮਦਦ ਕਰਨ ਦੇ ਦੋਸ਼ ਲਾਏ ਸਨ, ਪਰ ਇਹ ਸਾਬਤ ਨਹੀਂ ਹੋ ਸਕਿਆ।”
ਕੌਣ ਸੀ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਹਰਮਿੰਦਰ ਮਿੰਟੂ
ਮਰਹੂਮ ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹਰਮਿੰਦਰ ਮਿੰਟੂ ਜਲੰਧਰ ਦੇ ਪਿੰਡ ਡੱਲੀ ਦਾ ਰਹਿਣ ਵਾਲਾ ਹੈ।
ਹਰਮਿੰਦਰ ਦੇ ਬੱਚੇ ਕੈਨੇਡਾ ਵਿੱਚ ਰਹਿੰਦੇ ਹਨ।
ਮਰਹੂਮ ਹਰਮਿੰਦਰ ਸਿੰਘ ਮਿੰਟੂ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਸੀ। ਉਸ ਨੇ 2009 ਵਿੱਚ ਇਸ ਸੰਗਠਨ ਨੂੰ ਮੁੜ ਜਥੇਬੰਦ ਕੀਤਾ ਸੀ।
ਇਸ ਤੋਂ ਪਹਿਲਾਂ ਉਹ ਬੱਬਰ ਖਾਲਸਾ ਮੁਖੀ ਵਧਾਵਾ ਸਿੰਘ ਦਾ ਸਾਥੀ ਰਿਹਾ ਹੈ।
ਨਵੰਬਰ 2016 ਨੂੰ ਨਾਭਾ ਜੇਲ੍ਹ ਬਰੇਕ ਦੌਰਾਨ ਗੈਂਗਸਟਰਾਂ ਨਾਲ ਭੱਜਣ ਕਾਰਨ ਹਰਮਿੰਦਰ ਸਿੰਘ ਮਿੰਟੂ ਮੁੜ ਚਰਚਾ ਵਿੱਚ ਆਇਆ ਸੀ। ਭਾਵੇਂ ਅਗਲੇ ਹੀ ਦਿਨ ਉਨ੍ਹਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਹਰਮਿੰਦਰ ਸਿੰਘ ਮਿੰਟੂ ਉੱਤੇ ਭਾਰਤੀ ਸੁਰੱਖਿਆ ਏਜੰਸੀਆਂ ਦਸ ਅੱਤਵਾਦੀ ਘਟਨਾਵਾਂ ਵਿੱਚ ਸ਼ਾਮਲ ਹੋਣ ਅਤੇ ਖਾਲਿਸਤਾਨ ਮੁਹਿੰਮ ਲਈ ਫੰਡ ਇਕੱਠਾ ਕਰਨ ਦੇ ਇਲਜ਼ਾਮ ਲਾਉਂਦੀਆਂ ਸਨ।
ਨਵੰਬਰ 2014 ਵਿੱਚ ਮਿੰਟੂ ਨੂੰ ਭਾਰਤੀ ਏਜੰਸੀਆਂ ਨੇ ਥਾਈਲੈਂਡ ਤੋਂ ਪਰਤਦੇ ਸਮੇਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।
ਮਿੰਟੂ ਉੱਤੇ ਭਾਰਤ ਵਿੱਚ ਇਲਜ਼ਾਮ ਸਨ ਕਿ ਉਹ ਪਾਬੰਦੀ ਸ਼ੁਦਾ ਸੰਗਠਨਾਂ ਲਈ ਫੰਡ ਇਕੱਠਾ ਕਰਦਾ ਹੈ ਅਤੇ ਔਨਲਾਈਨ ਖਾਲਿਸਤਾਨ ਮੁਹਿੰਮ ਨਾਲ ਨੌਜਵਾਨਾਂ ਨੂੰ ਜੋੜਨ ਦਾ ਕੰਮ ਕਰਦਾ ਸੀ।
ਮਿੰਟੂ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਹ ਮਲੇਸ਼ੀਆ ਦਾ ਜਾਅਲੀ ਪਾਸਪੋਰਟ ਬਣਾ ਕੇ ਯੂਰਪ, ਦੱਖਣੀ ਏਸ਼ੀਆ ਅਤੇ ਪਾਕਿਸਤਾਨ ਵਿੱਚ ਸਰਗਰਮੀਆਂ ਚਲਾਉਂਦਾ ਸੀ।
ਉਨ੍ਹਾਂ ਦੀ ਪਟਿਆਲਾ ਜੇਲ੍ਹ ਵਿੱਚ ਮੌਤ ਹੋ ਗਈ ਸੀ। ਪੁਲਿਸ ਦਾ ਕਹਿਣਾ ਸੀ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣੀ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)