ਕੌਣ ਹੈ ਸਟੋਰਮੀ ਡੈਨੀਅਲਸ ਤੇ ਕੀ ਹਨ ਡੌਨਲਡ ਟਰੰਪ ਖਿਲਾਫ ਇਲਜ਼ਾਮ
Wednesday, Mar 22, 2023 - 04:16 PM (IST)


ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਖ਼ਦਸ਼ਾ ਜਤਾਇਆ ਕਿ ਉਨ੍ਹਾਂ ਨੂੰ 2016 ਵਿੱਚ ਪੋਰਨ ਸਟਾਰ ਸਟੋਰਮੀ ਡੈਨੀਅਲਸ ਨੂੰ 130,000 ਡਾਲਰ ਦੇ ਭੁਗਤਾਨ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਇਸ ਕੇਸ ਨੂੰ ਕਿਵੇਂ ਅੱਗੇ ਵਧਾਇਆ ਜਾਵੇ, ਇਸ ’ਤੇ ਫੈਸਲਾ ਨਿਊਯਾਰਕ ਸ਼ਹਿਰ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰਾਗ ’ਤੇ ਨਿਰਭਰ ਕਰਦਾ ਹੈ।
ਪਰ ਜੇ ਟਰੰਪ ਉੱਤੇ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਉਹ ਗ੍ਰਿਫ਼ਤਾਰ ਹੋਣ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਹੋਣਗੇ। ਦੂਜੇ ਪਾਸੇ ਉਹ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹਨ।
ਹੁਣ ਤੱਕ ਇਸ ਮਾਮਲੇ ਬਾਰੇ ਜੋ ਕੁਝ ਪਤਾ ਹੈ, ਆਓ ਜਾਣਦੇ ਹਾਂ...
ਸਟੋਰਮੀ ਡੈਨੀਅਲਸ ਕੌਣ ਹਨ?
ਸਟੋਰਮੀ ਡੈਨੀਅਲਸ ਦਾ ਅਸਲੀ ਨਾਮ ਸਟੈਫਨੀ ਕਲਿਫੋਰਡ ਹੈ ਤੇ ਉਨ੍ਹਾਂ ਦਾ ਜਨਮ ਲੁਈਸਿਆਨਾ ਵਿੱਚ 1979 ਵਿੱਚ ਹੋਇਆ ਸੀ।
2004 ਵਿੱਚ ਨਿਰਦੇਸ਼ਨ ਅਤੇ ਲੇਖਣੀ ਵਿੱਚ ਆਉਣ ਤੋਂ ਪਹਿਲਾਂ ਉਹ ਪਹਿਲੀ ਵਾਰ ਪੋਰਨ ਫਿਲਮ ਇੰਡਸਟਰੀ ਵਿੱਚ ਇੱਕ ਕਲਾਕਾਰ ਦੇ ਰੂਪ ਵਿੱਚ ਸ਼ਾਮਲ ਹੋਏ ਸਨ।
ਬਤੌਰ ਸਟੇਜ ਪਰਫਾਰਮਰ ਉਨ੍ਹਾਂ ਦੇ ਨਵੇਂ ਨਾਮ ਪਿੱਛੇ ਇੱਕ ਦਿਲਚਸਪ ਕਹਾਣੀ ਹੈ।

ਉਨ੍ਹਾਂ ਦੇ ਨਾਮ ਵਿੱਚ ਸਟੋਰਮੀ ਸ਼ਬਦ ਮਸ਼ਹੂਰ ਅਮਰੀਕੀ ਬੈਂਡ ਮੋਤਲੇ ਕ੍ਰਿਊ ਦੇ ਬੇਸ ਗਿਟਾਰਿਸਟ ਨਿੱਕੀ ਸਿਕਸ ਦੀ ਧੀ ਸਟੋਰਮ ਤੋਂ ਲਿਆ ਗਿਆ ਹੈ। ਜਦਕਿ ਡੈਨੀਅਲਸ, ਅਮਰੀਕੀ ਵ੍ਹਿਸਕੀ ਬ੍ਰਾਂਡ ਜੈਕ ਡੈਨੀਅਲਸ ਤੋਂ ਲਿਆ ਗਿਆ ਹੈ।
ਅਮਰੀਕਾ ਦੇ ਦੱਖਣੀ ਹਿੱਸੇ ਤੋਂ ਆਉਣ ਵਾਲੀ ਕਲਿਫੋਰ਼ ਨੇ ਇਸ ਵ੍ਹਿਸਕੀ ਦਾ ਇਸ਼ਤਿਹਾਰ ਦੇਖਿਆ ਸੀ ਜਿਸ ਵਿੱਚ ਦਾਅਵਾ ਕੀਤਾ ਸੀ ਕਿ ‘ਇਹ ਦੱਖਣੀ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਦਾ ਪਸੰਦੀਦਾ ਡਰਿੰਕ ਹੈ।’
ਹਾਲਾਂਕਿ, ‘ਦਿ 40-ਯੀਅਰ-ਓਲਡ ਵਰਜਿਨ’ ਅਤੇ ‘ਨੌਕਡ ਅੱਪ’ ਫ਼ਿਲਮਾਂ ਵਿੱਚ ਕੈਮਿਓ ਰੋਲ ਅਤੇ ਪੌਪ ਬੈਂਡ ‘ਮਾਰੂਨ ਫਾਈਵ’ ਦੇ ਗੀਤ ‘ਵੇਕ ਅੱਪ ਕਾਲ’ ਦੀ ਵੀਡੀਓ ਵਿੱਚ ਆਉਣ ਨਾਲ ਉਹ ਹੋਰ ਮਸ਼ਹੂਰ ਹੋਏ।
ਉਨ੍ਹਾਂ 2010 ਵਿੱਚ ਲੁਈਸਿਆਨਾ ਵਿੱਚ ਅਮਰੀਕੀ ਸੈਨੇਟ ਦੀ ਸੀਟ ਲਈ ਚੋਣ ਲੜਨ ਬਾਰੇ ਵੀ ਸੋਚਿਆ ਸੀ। ਪਰ ਬਾਅਦ ਵਿੱਚ ਉਹ ਇਸ ਦੌੜ ਤੋਂ ਇਹ ਕਹਿੰਦੇ ਵੱਖਰੇ ਹੋ ਗਏ ਕਿ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।
ਟਰੰਪ ਖਿਲਾਫ਼ ਕੀ ਇਲਜ਼ਾਮ ਲਗਾਉਂਦੇ ਹਨ?
ਇਸ ਮਾਮਲੇ ਦੀ ਸ਼ੁਰੂਆਤ ਜੁਲਾਈ, 2006 ਵਿੱਚ ਹੁੰਦੀ ਹੈ, ਉਦੋਂ ਤੱਕ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਬਣਨ ਦੀ ਦਿਸ਼ਾ ਵੱਲ ਗੰਭੀਰ ਕੋਸ਼ਿਸ਼ਾਂ ਸ਼ੁਰੂ ਨਹੀਂ ਕੀਤੀਆਂ ਸੀ।
ਡੈਨੀਅਲਸ ਦਾ ਦਾਅਵਾ ਹੈ ਕਿ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਕੈਲੀਫੋਰਨੀਆ ਅਤੇ ਨੇਵਾਦਾ ਵਿਚਾਲੇ ਤੋਹੇ ਝੀਲ ਵਿੱਚ ਹੋਣ ਵਾਲੇ ਚੈਰਿਟੀ ਹੋਲਫ਼ ਟੂਰਨਾਮੈਂਟ ਦੌਰਾਨ ਹੋਈ ਸੀ।
ਸਾਲ 2011 ਵਿੱਚ ‘ਇਨ ਟਚ ਵੀਕਲੀ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਟਰੰਪ ਨੇ ਉਨ੍ਹਾਂ ਨੂੰ ਡਿਨਰ ਲਈ ਬੁਲਾਇਆ ਅਤੇ ਉਹ ਟਰੰਪ ਨੂੰ ਉਨ੍ਹਾਂ ਦੇ ਹੋਟਲ ਦੇ ਕਮਰੇ ਵਿੱਚ ਮਿਲਣ ਗਏ।

ਇਹ ਇੰਟਰਵਿਊ 2011 ਵਿੱਚ ਦਿੱਤਾ ਗਿਆ ਸੀ ਪਰ ਇਸ ਨੂੰ 2018 ਵਿੱਚ ਛਾਪਿਆ ਗਿਆ ਸੀ।
ਇੰਟਰਵਿਊ ਵਿੱਚ ਡੈਨੀਅਲਸ ਨੇ ਕਿਹਾ ਸੀ, "ਉਹ ਸੋਫੇ ''''ਤੇ ਪਏ ਹੋਏ ਸਨ, ਟੈਲੀਵਿਜ਼ਨ ਜਾਂ ਕੁਝ ਹੋਰ ਦੇਖ ਰਹੇ ਸਨ। ਉਨ੍ਹਾਂ ਨੇ ਪਜਾਮਾ ਪਹਿਨਿਆ ਹੋਇਆ ਸੀ।’’
ਡੈਨੀਅਲਸ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੋਵਾਂ ਨੇ ਹੋਟਲ ਦੇ ਕਮਰੇ ਵਿੱਚ ਸਰੀਰਕ ਸਬੰਧ ਬਣਾਏ ਸੀ। ਹਾਲਾਂਕਿ ਇਸ ਬਾਰੇ ਟਰੰਪ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਇਸ ਤੋਂ ‘ਸਖ਼ਤ ਇਨਕਾਰ’ ਕਰਦੇ ਹਨ।
ਜੇ ਡੈਨੀਅਲਸ ਦੀ ਗੱਲ ਸੱਚੀ ਹੈ ਤਾਂ ਇਹ ਸਭ ਕੁਝ ਟਰੰਪ ਦੇ ਸਭ ਤੋਂ ਛੋਟੇ ਬੱਚੇ ਬੈਰੋਨ ਦੇ ਜਨਮ ਤੋਂ ਸਿਰਫ਼ ਚਾਰ ਮਹੀਨੇ ਬਾਅਦ ਹੀ ਹੋਇਆ ਹੋਵੇਗਾ।
ਮਾਰਚ 2018 ਵਿੱਚ ਪ੍ਰਸਾਰਿਤ ਇੱਕ ਟੀਵੀ ਇੰਟਰਵਿਊ ਵਿੱਚ ਡੈਨੀਅਲਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਚੁੱਪ ਰਹਿਣ ਦੀ ਧਮਕੀ ਦਿੱਤੀ ਗਈ ਸੀ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਦੋਂ ‘2011 ਵਿੱਚ ‘ਇਨ ਟਚ ਵੀਕਲੀ’ ਨੂੰ ਇੰਟਰਵਿਊ ਦੇਣ ਲਈ ਮੈਂ ਹਾਂ ਕਹਿ ਦਿੱਤੀ ਤਾਂ ਉਸ ਦੇ ਕੁਝ ਦਿਨਾਂ ਬਾਅਦ ਲਾਸ ਵੇਗਾਸ ਦੀ ਇੱਕ ਕਾਰ ਪਾਰਕਿੰਗ ਵਿੱਚ ਮੇਰੇ ਕੋਲ ਇੱਕ ਸ਼ਖ਼ਸ ਆਇਆ ਤੇ ਕਹਿੰਦਾ ‘ਟਰੰਪ ਨੂੰ ਇਕੱਲੇ ਛੱਡ ਦਿਓ।’

-

ਇਹ ਮਾਮਲਾ ਹੁਣ ਕਿਉਂ ਸਾਹਮਣੇ ਆਇਆ ਹੈ?
ਜਨਵਰੀ 2018 ਵਿੱਚ ਅਮਰੀਕੀ ਅਖ਼ਬਾਰ ‘ਵਾਲ ਸਟਰੀਟ ਜਰਨਲ’ ਨੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਰਾਸ਼ਟਰਪਤੀ ਟਰੰਪ ਦੇ ਤਤਕਾਲੀ ਵਕੀਲ ਮਾਈਕਲ ਕੋਹੇਨ ਨੇ ਅਮਰੀਕੀ ਰਾਸ਼ਟਰਪਤੀ ਚੋਣ ਤੋਂ ਇੱਕ ਮਹੀਨਾ ਪਹਿਲਾਂ ਅਕਤੂਬਰ 2016 ਵਿੱਚ ਡੈਨੀਅਲਸ ਨੂੰ 130,000 ਡਾਲਰ ਦਾ ਭੁਗਤਾਨ ਕੀਤਾ ਸੀ।
ਇਨ੍ਹਾਂ ਚੋਣਾਂ ਵਿੱਚ ਟਰੰਪ ਨੇ ਜਿੱਤ ਹਾਸਲ ਹੋਈ ਸੀ।
ਡੈਨੀਅਲਸ ਨੇ ਕਥਿਤ ਤੌਰ ''''ਤੇ ਆਪਣੇ ਅਫੇਅਰ ਦੀ ਕਹਾਣੀ ਨੂੰ ਵੇਚਣ ਲਈ ਅਮਰੀਕੀ ਅਖ਼ਬਾਰ ‘ਨੈਸ਼ਨਲ ਇਨਕੁਆਇਰਰ’ ਨਾਲ ਸੰਪਰਕ ਕੀਤਾ ਸੀ।
ਜਰਨਲ ਨੇ ਕਿਹਾ ਕਿ ਕਲਿਫੋਰਡ ਨੂੰ ਦਿੱਤਾ ਗਿਆ ਇਹ ਪੈਸਾ ਇੱਕ ਗੈਰ-ਖੁਲਾਸਾ ਸਮਝੌਤੇ (ਨੌਨ ਡਿਸਕਲੋਜਰ ਐਗਰੀਮੈਂਟ) ਦਾ ਹਿੱਸਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਇਸ ਮਾਮਲੇ ਬਾਰੇ ਜਨਤਕ ਤੌਰ ''''ਤੇ ਚਰਚਾ ਨਹੀਂ ਕਰ ਸਕਦੇ ਸੀ।
ਕੀ ਇਹ ਗੈਰ-ਕਾਨੂੰਨੀ ਸੀ?

ਇਹ ਅਦਾਇਗੀ ਗੈਰ-ਕਾਨੂੰਨੀ ਨਹੀਂ ਹੈ। ਹਾਲਾਂਕਿ, ਜਦੋਂ ਟਰੰਪ ਨੇ ਕੋਹੇਨ ਨੂੰ ਅਦਾਇਗੀ ਕੀਤੀ ਤਾਂ ਭੁਗਤਾਨ ਦੇ ਰਿਕਾਰਡ ਮੁਤਾਬਕ ਇਹ ਕਾਨੂੰਨੀ ਫੀਸ ਸੀ।
ਨਿਊਯਾਰਕ ਵਿੱਚ ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਇਹ ਟਰੰਪ ਦੇ ਵਪਾਰਕ ਰਿਕਾਰਡਾਂ ਨੂੰ ਗਲਤ ਸਾਬਤ ਕਰਨ ਦੇ ਬਰਾਬਰ ਹੈ, ਜੋ ਨਿਊਯਾਰਕ ਵਿੱਚ ਇੱਕ ਸਜ਼ਾਯੋਗ ਅਪਰਾਧ ਹੈ।
ਸਰਕਾਰੀ ਵਕੀਲ ਸੰਭਾਵੀ ਤੌਰ ''''ਤੇ ਇਹ ਦੋਸ਼ ਵੀ ਲਗਾ ਸਕਦੇ ਹਨ ਕਿ ਇਹ ਚੋਣ ਕਾਨੂੰਨ ਨੂੰ ਤੋੜਦਾ ਹੈ, ਕਿਉਂਕਿ ਡੈਨੀਅਲਸ ਨੂੰ ਕੀਤੇ ਭੁਗਤਾਨ ਨੂੰ ਛੁਪਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਵੋਟਰਾਂ ਨੂੰ ਇਹ ਜਾਣਨ ਲਈ ਪ੍ਰੇਰਿਤ ਨਹੀਂ ਕਰਦੀ ਸੀ ਕਿ ਉਨ੍ਹਾਂ ਦਾ ਉਸ ਨਾਲ ਸਬੰਧ ਸੀ।
ਰਿਕਾਰਡਾਂ ਵਿੱਚ ਹੇਰਾਫੇਰੀ ਕਰਕੇ ਕਿਸੇ ਅਪਰਾਧ ਨੂੰ ਛੁਪਾਉਣਾ ਇੱਕ ਘੋਰ ਅਪਰਾਧ ਹੋਵੇਗਾ, ਜੋ ਹੋਰ ਵੀ ਜ਼ਿਆਦਾ ਗੰਭੀਰ ਦੋਸ਼ ਹੈ।
ਕੀ ਟਰੰਪ ''''ਤੇ ਅਸਲ ਵਿੱਚ ਦੋਸ਼ ਲਗਾਏ ਜਾਣਗੇ?

ਦੋਸ਼ ਦਾਇਰ ਕਰਨ ਜਾਂ ਨਾ ਕਰਨ ਦਾ ਫੈਸਲਾ ਨਿਊਯਾਰਕ ਸ਼ਹਿਰ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਕੋਲ ਹੈ।
ਉਨ੍ਹਾਂ ਨੇ ਜਾਂਚ ਕਰਨ ਲਈ ਇੱਕ ਗ੍ਰੈਂਡ ਜਿਊਰੀ ਦੀ ਸਥਾਪਨਾ ਕੀਤੀ ਕਿ ਕੀ ਮੁਕੱਦਮੇ ਨੂੰ ਅੱਗੇ ਵਧਾਉਣ ਲਈ ਕਾਫ਼ੀ ਸਬੂਤ ਸਨ ਜਾਂ ਨਹੀਂ। ਇਹ ਉਹੀ ਹਨ ਜੋ ਜਾਣਦੇ ਹਨ ਕਿ ਕਦੋਂ ਦੋਸ਼ ਦਾ ਐਲਾਨ ਕੀਤਾ ਜਾਵੇਗਾ।
ਟਰੰਪ ਦੇ ਵਕੀਲਾਂ ਨੇ 13 ਮਾਰਚ ਤੋਂ ਸ਼ੁਰੂ ਹੋਏ ਹਫ਼ਤੇ ਵਿੱਚ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਨੂੰ ਗ੍ਰੈਂਡ ਜਿਊਰੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਦਿੱਤਾ ਗਿਆ ਸੀ, ਜੋ ਇਸ ਗੱਲ ਦਾ ਸੰਕੇਤ ਮੰਨਿਆ ਜਾਂਦਾ ਹੈ ਕਿ ਜਾਂਚ ਖਤਮ ਹੋਣ ਦੇ ਕਰੀਬ ਹੈ।
ਉਨ੍ਹਾਂ ਨੇ ਇਹ ਕਹਿੰਦੇ ਹੋਏ ਸੁਝਾਵਾਂ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਜਾਂ ਟਰੰਪ ਕੋਲ ਆਗਾਮੀ ਦੋਸ਼ ਦੀ ਕੋਈ ਅਗਾਊਂ ਸੂਚਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਦੀ ਟਿੱਪਣੀ ਮੀਡੀਆ ਰਿਪੋਰਟਾਂ ''''ਤੇ ਆਧਾਰਿਤ ਸੀ।
ਮਾਈਕਲ ਕੋਹੇਨ ਨੂੰ 2018 ਵਿੱਚ ਸੰਘੀ ਅਦਾਲਤ ਵਿੱਚ ਟਰੰਪ ਦੀ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਹੋਰ ਅਪਰਾਧਾਂ ਦੇ ਨਾਲ ਹੀ ਡੈਨੀਅਲਸ ਅਤੇ ਇੱਕ ਹੋਰ ਔਰਤ ਨੂੰ ਪੈਸੇ ਦੀ ਅਦਾਇਗੀ ਵਿੱਚ ਦੋਸ਼ੀ ਮੰਨਣ ਤੋਂ ਬਾਅਦ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
20 ਮਾਰਚ ਨੂੰ ਟਰੰਪ ਦੇ ਸਾਬਕਾ ਕਾਨੂੰਨੀ ਸਲਾਹਕਾਰ ਰੌਬਰਟ ਕੌਸਟੇਲੋ ਦੇ ਨਾਲ ਮਾਈਕਲ ਕੋਹੇਨ ਦੀ ਗਵਾਹੀ ਦਰਜ ਹੋਣ ਦੀ ਉਮੀਦ ਸੀ।
ਸਟੋਰਮੀ ਡੈਨੀਅਲਸ ਨੇ ਜਾਂਚ ਵਿੱਚ ਸ਼ਾਮਲ ਸਰਕਾਰੀ ਵਕੀਲਾਂ ਨਾਲ ਵੀ ਮੁਲਾਕਾਤ ਕੀਤੀ ਹੈ।
ਇਹ ਮਾਮਲਾ ਅਹਿਮ ਕਿਉਂ ਹੈ?

ਸਾਬਕਾ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ, ਇੱਥੋਂ ਤੱਕ ਕਿ ਧਾਰਮਿਕ ਖਿਆਲਾਂ ਵਾਲੇ ਲੋਕਾਂ ਨੇ ਵੀ ਉਨ੍ਹਾਂ ਦੇ ਪਿਛਲੇ ਵਿਵਹਾਰ ਅਤੇ ਉਨ੍ਹਾਂ ਦੇ ਖਿਲਾਫ਼ ਔਰਤਾਂ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।
ਪਰ ਸਟੋਰਮੀ ਡੈਨੀਅਲਸ ਕਾਂਡ ਵਿੱਚ ਟਰੰਪ ਨੂੰ ਅਦਾਲਤ ਵਿੱਚ ਗਵਾਹੀ ਦੇਣ ਲਈ ਬੁਲਾਇਆ ਜਾ ਸਕਦਾ ਹੈ।
ਟਰੰਪ ਨੇ 2024 ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਫ਼ਿਰ ਤੋਂ ਮੈਦਾਨ ਵਿੱਚ ਆਉਣ ਦੀ ਇੱਛਾ ਜ਼ਾਹਿਰ ਕੀਤੀ ਹੈ, ਇਸ ਨੂੰ ਦੇਖਦਿਆਂ ਇਸ ਮਾਮਲੇ ਦਾ ਫ਼ੈਸਲਾ ਹੁਣ ਬੇਹੱਦ ਅਹਿਮ ਹੋ ਗਿਆ ਹੈ।
ਬੀਬੀਸੀ ਉੱਤਰੀ ਅਮਰੀਕਾ ਦੇ ਪੱਤਰਕਾਰ ਐਂਥਨੀ ਜ਼ਰਕਰ ਦਾ ਕਹਿਣਾ ਹੈ ਕਿ ਇਹ ਦੋਸ਼ ਜਾਂ ਅਪਰਾਧਿਕ ਸਜ਼ਾ ਵੀ ਟਰੰਪ ਨੂੰ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਜਾਰੀ ਰੱਖਣ ਤੋਂ ਨਹੀਂ ਰੋਕ ਸਕੇਗੀ।
ਅਸਲ ਵਿੱਚ ਅਮਰੀਕੀ ਕਾਨੂੰਨ ਵਿੱਚ ਅਜਿਹੀ ਕੋਈ ਤਜਵੀਜ਼ ਨਹੀਂ ਹੈ ਜੋ ਕਿਸੇ ਅਜਿਹੇ ਉਮੀਦਵਾਰ ਨੂੰ ਚੋਣ ਪ੍ਰਚਾਰ ਕਰਨ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਕਾਰਜ ਕਰਨ ਤੋਂ ਰੋਕਦੀ ਹੈ।
ਇੱਥੋਂ ਤੱਕ ਕਿ ਕੋਈ ਕਾਨੂੰਨ ਰਾਸ਼ਟਰਪਤੀ ਨੂੰ ਜੇਲ੍ਹ ਤੋਂ ਵੀ ਕਾਰਜ ਕਰਨ ਤੋਂ ਨਹੀਂ ਰੋਕਦਾ।
ਹਾਲਾਂਕਿ, ਟਰੰਪ ਦੀ ਗ੍ਰਿਫ਼ਤਾਰੀ ਨਿਸ਼ਚਤ ਰੂਪ ਨਾਲ ਉਨ੍ਹਾਂ ਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਗੁੰਝਲਦਾਰ ਬਣਾਏਗੀ।
(ਇਸ ਰਿਪੋਰਟ ਨੂੰ ਟੋਬੀ ਲਕਹਰਸਟ, ਐਂਥਨੀ ਜ਼ਰਕਰ ਅਤੇ ਮੈਟੀਆ ਬੁਬਾਲੋ ਵੱਲੋਂ ਸਮੱਗਰੀ ਤੋਂ ਰੁਪਾਂਤਰਿਤ ਕੀਤਾ ਗਿਆ ਹੈ)

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)