ਅਮ੍ਰਿਤਪਾਲ ਸਿੰਘ ''''ਤੇ ਕਾਰਵਾਈ: ਦੁਆਬੇ ਦੇ ਲੋਕ ਕਿਉਂ ‘ਦਹਿਸ਼ਤ ਦੇ ਸਾਏ ਹੇਠ’ ਜੀਣ ਦੀ ਗੱਲ ਆਖ ਰਹੇ ਹਨ

Tuesday, Mar 21, 2023 - 08:01 PM (IST)

ਅਮ੍ਰਿਤਪਾਲ ਸਿੰਘ ''''ਤੇ ਕਾਰਵਾਈ: ਦੁਆਬੇ ਦੇ ਲੋਕ ਕਿਉਂ ‘ਦਹਿਸ਼ਤ ਦੇ ਸਾਏ ਹੇਠ’ ਜੀਣ ਦੀ ਗੱਲ ਆਖ ਰਹੇ ਹਨ
ਜਲੰਧਰ
Surinder Mann/BBC

"ਮੈਂ ਤੇ ਮੇਰੀ ਪਤਨੀ ਬੁਟੀਕ ਚਲਾ ਰਹੇ ਹਾਂ। ਸਾਡਾ ਬਹੁਤਾ ਕੰਮ ਆਨ-ਲਈਨ ਹੈ। ਅਮ੍ਰਿਤਪਾਲ ਸਿੰਘ ਵਾਲੀ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਹੈ।"

"ਪੈਰਾ ਮਿਲਟਰੀ ਫੋਰਸ ਦਿਨ-ਰਾਤ ਸ਼ਹਿਰ ਵਿੱਚ ਘੁੰਮਦੀ ਨਜ਼ਰ ਆਉਂਦੀ ਹੈ। ਸਾਡਾ ਕੰਮ ਵੀ ਪ੍ਰਭਾਵਿਤ ਹੋ ਗਿਆ ਹੈ।"

ਇਹ ਸ਼ਬਦ ਜ਼ਿਲਾ ਜਲੰਧਰ ਅਧੀਨ ਪੈਂਦੇ ਕਸਬਾ ਸ਼ਾਹਕੋਟ ਸ਼ਹਿਰ ਵਿੱਚ ਕੱਪੜੇ ਦੀ ਸਿਲਾਈ ਕਰਨ ਵਾਲੇ ਹਰਵਿੰਦਰ ਸਿੰਘ ਦੇ ਹਨ।

ਅਸਲ ਵਿੱਚ 18 ਮਾਰਚ ਨੂੰ ''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਕਾਫ਼ਲੇ ਨਾਲ ਚੱਲ ਰਹੇ ਉਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ।

ਪੁਲਿਸ ਮੁਤਾਬਕ ਹਾਲੇ ਤੱਕ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਉਸ ਦੇ 114 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹਰਵਿੰਦਰ ਸਿੰਘ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ, "ਅਸਲ ਕਹਾਣੀ ਤਾਂ ਇਹ ਹੈ ਕੀ ਸਰਕਾਰ 19 ਮਾਰਚ ਨੂੰ ਹੋਈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ''''ਤੇ ਹੋਣ ਵਾਲੇ ਵੱਡੇ ਇਕੱਠ ਨੂੰ ਰੋਕਣਾ ਚਾਹੁੰਦੀ ਸੀ। ਅਸੀਂ ਤਾਂ ਦਹਿਸ਼ਤ ਦੇ ਸਾਏ ਹੇਠ ਹੀ ਆਪਣੀ ਦੁਕਾਨਦਾਰੀ ਕਰਨ ਲਈ ਮਜਬੂਰ ਹਾਂ।"

ਉਨ੍ਹਾਂ ਕਿਹਾ, "ਹਰ ਪਾਸੇ ਪੈਰਾ ਮਿਲਟਰੀ ਫੋਰਸ ਹਥਿਆਰਬੰਦ ਹੋ ਕੇ ਘੁੰਮ ਰਹੀ ਹੈ, ਜਿਸ ਕਾਰਨ ਪਿੰਡਾਂ ਵਿੱਚੋਂ ਗਾਹਕ ਵੀ ਸ਼ਹਿਰ ਵੱਲ ਘੱਟ ਆ ਰਿਹਾ ਹੈ।"

ਅਮ੍ਰਿਤਪਾਲ ਸਿੰਘ
Surinder Mann/BBC
Line
BBC

ਅਮ੍ਰਿਤਪਾਲ ਸਿੰਘ ''''ਤੇ ਪੁਲਿਸ ਦੀ ਕਾਰਵਾਈ: ਹੁਣ ਤੱਕ ਕੀ-ਕੀ ਹੋਇਆ

  • ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਸ਼ਨੀਵਾਰ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਜਾਰੀ ਹੈ
  • ਹੁਣ ਤੱਕ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ 114 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ
  • ਪਰ ਪੁਲਿਸ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਅਜੇ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਭਾਲ਼ ਜਾਰੀ ਹੈ
  • ਇਹ ਕਾਰਵਾਈ ਸ਼ਨੀਵਾਰ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਤੋਂ ਸ਼ੁਰੂ ਕੀਤੀ ਗਈ ਸੀ
  • ਜੇ ਕੋਈ ਪੰਜਾਬ ’ਤੇ ਮਾੜੀ ਅੱਖ ਰੱਖੇ ਤਾਂ ਪੰਜਾਬ ਇਸ ਨੂੰ ਬਰਦਾਸ਼ ਨਹੀਂ ਕਰਦਾ ਹੈ: ਭਗਵੰਤ ਮਾਨ
  • ਅਮ੍ਰਿਤਪਾਲ ਸਿੰਘ ਦੇ ਵਕੀਲ ਕਿਹਾ ਕਿ ਅਮ੍ਰਿਤਪਾਲ ਖ਼ਿਲਾਫ਼ ਵੀ ਐੱਨਐੱਸਏ ਲਗਾ ਦਿੱਤਾ ਗਿਆ ਹੈ
  • ਇਸ ਤੋਂ ਪਹਿਲਾਂ ਪੁਲਿਸ ਨੇ 5 ਲੋਕਾਂ ਉਪਰ ਐੱਨਐੱਸਏ ਲਗਾਉਣ ਦੀ ਪੁਸ਼ਟੀ ਕੀਤੀ ਸੀ
  • ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਮੰਗਲਵਾਰ ਦੁਪਹਿਰ ਤੱਕ ਮੁਅੱਤਲ ਹਨ
  • ਕੁਝ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਗਈ ਹੈ ਤੇ ਪੁਲਿਸ ਫਲੈਗ ਮਾਰਚ ਵੀ ਕੱਢ ਰਹੀ ਹੈ
Line
BBC

ਪੁਲਿਸ ਤੇ ਮਿਲਟਰੀ ਦੀ ਗਸ਼ਤ: ‘ਦਹਿਸ਼ਤ ਪੈਦਾ ਕਰਨ ਵਾਲਾ ਵਰਤਾਰਾ’

ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਵੱਲੋਂ ਸ਼ਾਹਕੋਟ ਅਤੇ ਪੁਲਿਸ ਜ਼ਿਲਾ ਦਿਹਾਤੀ ਜਲੰਧਰ ਅਧੀਨ ਪੈਂਦੇ ਕਸਬਾ ਮਹਿਤਪੁਰ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਵਿੱਚ ਜੰਗੀ ਪੱਧਰ ''''ਤੇ ਗਸ਼ਤ ਕੀਤੀ ਜਾ ਰਹੀ ਹੈ।

ਬੀਬੀਸੀ ਵੱਲੋਂ ਇਸ ਖੇਤਰ ਦੇ ਸ਼ਹਿਰੀ ਅਤੇ ਪੇਂਡੂ ਲੋਕਾਂ ਨੂੰ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉਪਰ ਕੀਤੀ ਕਾਰਵਾਈ ਬਾਅਦ ਪੈਦਾ ਹੋਏ ਹਾਲਾਤ ਬਾਰੇ ਪੁੱਛਿਆ ਗਿਆ ਤਾਂ ਇੱਕੋ ਜਵਾਬ ਮਿਲਿਆ, "ਅਸੀਂ ਡਰੇ ਹੋਏ ਹਾਂ ਕਿ ਕਿਤੇ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਜਾਵੇ।"

ਮਹਿਤਪੁਰ ਨੇੜਲੇ ਪਿੰਡ ਬਘੇਲਾ ਦੇ ਵਸਨੀਕ ਮਨਜੀਤ ਸਿੰਘ ਕਹਿੰਦੇ ਹਨ, "ਮੈਂ 1984 ਦੇ ਦਿਨਾਂ ਤੋਂ ਬਾਅਦ ਪਹਿਲੀ ਵਾਰ ਪਿੰਡਾਂ ਵਿੱਚ ਫੌਜੀਆਂ ਵਰਗੀ ਬਾਹਰਲੀ ਪੁਲਿਸ ਦੇਖੀ ਹੈ। ਇਹ ਵਰਤਾਰਾ ਪੰਜਾਬੀਆਂ ਲਈ ਦਹਿਸ਼ਤ ਪੈਦਾ ਕਰ ਰਿਹਾ ਹੈ।"

"ਅਮ੍ਰਿਤਪਾਲ ਸਿੰਘ ਨੂੰ ਪੁਲਿਸ ਸਹਿਜ ਢੰਗ ਨਾਲ ਉਸ ਦੇ ਘਰੋਂ ਵੀ ਗ੍ਰਿਫਤਾਰ ਕਰ ਸਕਦੀ ਸੀ ਪਰ ਸਰਕਾਰ ਨੇ ਉਨਾਂ ਨੂੰ ਰਸਤੇ ਵਿੱਚ ਘੇਰਿਆ, ਇਹ ਗ਼ਲਤ ਸੀ। ਅਸੀਂ ਭਗਵੰਤ ਮਾਨ ਨੂੰ 92 ਸੀਟਾਂ ਜਿਤਾ ਕੇ ਮੁੱਖ ਮੰਤਰੀ ਇਸ ਲਈ ਨਹੀਂ ਬਣਾਇਆ ਸੀ ਕਿ ਉਹ ਲੋਕਾਂ ਦਾ ਧਿਆਨ ਅਸਲ ਬੁਣਿਆਦੀ ਮੁੱਦਿਆਂ ਤੋਂ ਪਾਸੇ ਕਰਨ ਲਈ ਅਜਿਹੇ ਬੇਲੋੜੇ ਮਸਲੇ ਖੜ੍ਹੇ ਕਰੇ।"

ਸੁਲੱਖਣ ਸਿੰਘ
Surinder Mann/ BBC
ਸੁਲੱਖਣ ਸਿੰਘ

ਸ਼ਾਹਕੋਟ ਅਤੇ ਮਹਿਤਪੁਰ ਦੇ ਬਾਜ਼ਾਰਾਂ ਵਿੱਚ ਹਰ ਦੁਕਾਨ ਤੇ ਦਫਤਰਾਂ ਵਿੱਚ ਆਮ ਵਾਂਗ ਕੰਮ-ਕਾਰ ਹੋ ਰਿਹਾ ਸੀ। ਆਮ ਲੋਕਾਂ ਦਾ ਸਰਕਾਰ ਨੂੰ ਇਹ ਸਵਾਲ ਜ਼ਰੂਰ ਸੀ ਕੇ ਇੱਕ ਵਿਅਕਤੀ ਨੂੰ ਫੜਨ ਲਈ ਐਡਾ ''''ਅਡੰਬਰ'''' ਕਿਉਂ ਰਚਿਆ ਗਿਆ।

ਸ਼ਾਹਕੋਟ ਦੇ ਬਾਜ਼ਾਰ ਵਿੱਚ ਖਰੀਦੋ-ਫਰੋਖ਼ਤ ਕਰ ਰਹੇ ਸੁਲੱਖਣ ਸਿੰਘ ਨੇ ਅਮ੍ਰਿਤਪਾਲ ਦੇ ਖਿਲਾਫ਼ ਕੀਤੀ ਕਾਰਵਾਈ ਨੂੰ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ।

"ਸੂਬਾ ਤੇ ਕੇਂਦਰ ਸਰਕਾਰਾਂ ਸਿੱਖਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਸਿਰਜਣ ਲਈ ਕੇਂਦਰੀ ਸੁਰੱਖਿਆ ਬਲਾਂ ਨੂੰ ਪੰਜਾਬ ਵਿੱਚ ਵਰਤ ਰਹੀਆਂ ਹਨ। ਸਾਨੂੰ ਆਜ਼ਾਦ ਭਾਰਤ ਵਿੱਚ ਗੁਲਾਮੀ ਵਾਲਾ ਅਹਿਸਾਸ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਲੋਕਤੰਤਰ ਲਈ ਠੀਕ ਨਹੀਂ ਹੈ।"

ਅਮ੍ਰਿਤਪਾਲ ਸਿੰਘ
Surinder Mann/BBC
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਇੰਟਰਨੈਟ ਸੇਵਾ ਨੂੰ ਬੰਦ ਕਰਨ ਉੱਪਰ ਵੀ ਕਈ ਕਾਰੋਬਾਰੀਆਂ ਨੇ ਸਵਾਲ ਚੁੱਕੇ।

ਇੰਟਰਨੈਟ ਸੇਵਾ ਨੂੰ ਬੰਦ ਕਰਨ ’ਤੇ ਸਵਾਲ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਇੰਟਰਨੈਟ ਸੇਵਾ ਨੂੰ ਬੰਦ ਕਰਨ ਉੱਪਰ ਵੀ ਕਈ ਕਾਰੋਬਾਰੀਆਂ ਨੇ ਸਵਾਲ ਚੁੱਕੇ।

ਸੁਲੱਖਣ ਸਿੰਘ ਕਹਿੰਦੇ ਹਨ, "ਲਗਾਤਾਰ ਇੰਟਰਨੈਟ ਬੰਦ ਰਹਿਣ ਕਾਰਨ ਸਾਡਾ ਵਿਦੇਸ਼ਾਂ ਵਿੱਚ ਵਸੇ ਸਾਡੇ ਆਪਣਿਆਂ ਨਾਲ ਹੀ ਸੰਪਰਕ ਟੁੱਟ ਗਿਆ। ਈ-ਮੇਲ ਨਹੀਂ ਚੱਲੀ, ਜਿਸ ਕਰਕੇ ਸਥਾਨਕ ਪੱਧਰ ''''ਤੇ ਸਾਡਾ ਬਿਜ਼ਨਸ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਇਆ ਹੈ।"

ਉਹ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ, "ਅਮ੍ਰਿਤਪਾਲ ਸਿੰਘ ਦਾ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਅਤੇ ਅੰਮ੍ਰਿਤ ਛਕਾਉਣ ਦੀ ਮੁਹਿੰਮ ਵਧੀਆ ਕਦਮ ਸੀ ਪਰ ਸਰਕਾਰ ਨੇ ਉਸ ਦੀਆਂ ਗਤੀਵਿਧੀਆਂ ਨੂੰ ਦੇਸ਼ ਲਈ ਖ਼ਤਰਾ ਕਿਵੇਂ ਮੰਨਿਆ, ਇਸ ਗੱਲ ਦੀ ਸਮਝ ਨਹੀਂ ਆ ਰਹੀ।"

ਅਮ੍ਰਿਤਪਾਲ ਸਿੰਘ
Surinder Mann/BBC
ਜ਼ਿਲਾ ਜਲੰਧਰ ਵਿੱਚ ਹੀ ਬਣੇ ਇੱਕ ਵੱਡੇ ਗੁਰਦੁਆਰਾ ਬੁਲੰਦਪੁਰੀ ਸਾਹਿਬ ਦੇ ਬਾਹਰ ਵੱਡੀ ਗਿਣਤੀ ਵਿੱਚ ਕੇਂਦਰੀ ਸੁਰੱਖਿਆ ਦਸਤੇ ਮੁੱਸ਼ਤੈਦ ਸਨ।

ਅਮ੍ਰਿਤਪਾਲ ਸਿੰਘ ਬਾਰੇ ਅਫਵਾਹਾਂ

ਇਹ ਵੀ ਦੇਖਣ ਵਿੱਚ ਆਇਆ ਕਿ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਪੰਜਾਬ ਪੁਲਿਸ ਦੇ ਥਾਣਿਆਂ ਸਾਹਮਣੇ ਕੀਤੀ ਗਈ ਹੈ।

ਸ਼ਾਹਕੋਟ ਅਤੇ ਮਹਿਤਪੁਰ ਦੇ ਥਾਣਿਆਂ ਅੱਗੇ ਹਥਿਆਰਬੰਦ ਸੁਰੱਖਿਆ ਬਲ ਮੌਜੂਦ ਸਨ।

ਦੇਖਣ ਵਿਚ ਆਇਆ ਕੇ ਇਨਾਂ ਥਾਣਿਆਂ ਦੇ ਮੇਨ ਗੇਟ ਬੰਦ ਸਨ। ਥਾਣੇ ਵਿੱਚ ਕੈਮਰਾ ਲੈ ਕੇ ਜਾਣ ਤੋਂ ਵੀ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਰੋਕ ਦਿੱਤਾ ਗਿਆ।

ਦੂਜੀ ਗੱਲ ਇਹ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਅਫਵਾਹਾਂ ਦੀ ਭਰਮਾਰ ਸੀ।

ਜ਼ਿਲਾ ਜਲੰਧਰ ਵਿੱਚ ਹੀ ਬਣੇ ਇੱਕ ਵੱਡੇ ਗੁਰਦੁਆਰਾ ਬੁਲੰਦਪੁਰੀ ਸਾਹਿਬ ਦੇ ਬਾਹਰ ਵੱਡੀ ਗਿਣਤੀ ਵਿੱਚ ਕੇਂਦਰੀ ਸੁਰੱਖਿਆ ਦਸਤੇ ਮੁੱਸ਼ਤੈਦ ਸਨ।

ਗੁਰਦੁਆਰੇ ਦੇ ਸਾਹਮਣੇ ਤੋਂ ਲੰਘਣ ਵਾਲੀ ਲਿੰਕ ਸੜਕ ਉੱਪਰ ਇਨਾਂ ਸੁਰੱਖਿਆ ਬਲਾਂ ਵੱਲੋਂ ਹਥਿਆਰਬੰਦ ਨਾਕਾਬੰਦੀ ਕੀਤੀ ਹੋਈ ਹੈ।

ਗਗਨਦੀਪ ਸਿੰਘ
Surinder Mann/BBC
ਗਗਨਦੀਪ ਸਿੰਘ ਮਹਿਤਪੁਰ ਵਿੱਚ ਫਾਸਟ ਫੂਡ ਦੀ ਦੁਕਾਨ ਚਲਾਉਂਦੇ ਹਨ।

ਮਹਿਤਪੁਰ ਦੇ ਵਸਨੀਕ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਗੁਰਦਵਾਰੇ ਦੇ ਸਾਹਮਣੇ 18 ਮਾਰਚ ਤੋਂ ਹੀ ਇਹ ਦਸਤੇ ਮੌਜੂਦ ਹਨ।

"ਗੁਰਦੁਆਰੇ ਵਿੱਚ ਆਉਣ ਵਾਲੇ ਹਰ ਸਖਸ਼ ਅਤੇ ਵਾਹਨਾਂ ਉੱਪਰ ਕਰੜੀ ਨਜ਼ਰ ਰੱਖੀ ਜਾ ਰਹੀ ਹੈ।"

ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਮਹਿਤਪੁਰ ਵਿੱਚ ਫਾਸਟ ਫੂਡ ਦੀ ਦੁਕਾਨ ਚਲਾਉਂਦੇ ਹਨ।

ਉਹ ਕਹਿੰਦੇ ਹਨ, "ਅਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਕਰਨ ਦੇ ਢੰਗ ਤੋਂ ਪੂਰੇ ਦੋਆਬੇ ਦੇ ਲੋਕ ਡਰੇ ਹੋਏ ਹਨ। ਬਾਹਰਲੀ ਪੁਲਿਸ ਨੂੰ ਪੰਜਾਬ ਵਿੱਚ ਤਾਇਨਾਤ ਕਰਨਾ ਸਰਕਾਰ ਦਾ ਗਲਤ ਕਦਮ ਹੈ। ਸਰਕਾਰ ਨੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਉਹ ਗੈਂਗਸਟਰਾਂ ਵਿਰੁੱਧ ਕੇਂਦਰੀ ਸੁਰੱਖਿਆ ਬਲਾਂ ਨੂੰ ਵਰਤੇ ਨਾ ਕੇ ਸਿੱਖਾਂ ਵਿਰੁੱਧ।"

ਜ਼ਿਕਰਯੋਗ ਹੈ ਕਿ 18 ਮਾਰਚ ਤੋਂ ਹੀ ਪੰਜਾਬ ਭਰ ਵਿੱਚ ਹੀ ਇਹ ਚਰਚਾ ਚੱਲੀ ਸੀ ਕਿ ਅੰਮ੍ਰਿਤਪਾਲ ਸਿੰਘ ਇਸ ਗੁਰਦਵਾਰੇ ਵਿੱਚ ਦਾਖਲ ਹੋਏ ਸਨ।

ਲੰਘੇ ਐਤਵਾਰ ਨੂੰ ਇਸ ਚਰਚਾ ਨੇ ਜ਼ੋਰ ਫੜਿਆ ਕਿ ਅਮ੍ਰਿਤਪਾਲ ਸਿੰਘ ਨੂੰ ਇਸੇ ਗੁਰਦਵਾਰੇ ਵਿੱਚੋਂ ਕਾਬੂ ਕਰ ਲਿਆ ਗਿਆ ਹੈ।

ਅਮ੍ਰਿਤਪਾਲ ਸਿੰਘ
Surinder Mann/BBC

ਇਸ ਚਰਚਾ ਦੀ ਪੜਤਾਲ ਕਰਨ ਲਈ ਬੀਬੀਸੀ ਦੀ ਟੀਮ ਗੁਰਦੁਆਰਾ ਬੁਲੰਦਪੁਰੀ ਸਾਹਿਬ ਵਿਖੇ ਪੁੱਜੀ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪਲਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਪਰਵਿੰਦਰਪਾਲ ਸਿੰਘ ਨੇ ਕੈਮਰੇ ''''ਤੇ ਅਮ੍ਰਿਤਪਾਲ ਸਿੰਘ ਵਾਲੀ ਘਟਨਾ ਬਾਰੇ ਬੋਲਣ ਤੋਂ ਇਨਕਾਰ ਕਰ ਦਿੱਤਾ।

ਇਨਾਂ ਮੈਂਬਰਾਂ ਨੇ ਦੱਸਿਆ ਕੇ ਗੁਰਦੁਆਰਾ ਬੁਲੰਦਪੁਰੀ ਸਾਹਿਬ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।

ਕਮੇਟੀ ਮੈਂਬਰਾਂ ਨੇ ਇੱਕ-ਸੁਰ ਵਿੱਚ ਕਿਹਾ, "ਅਮ੍ਰਿਤਪਾਲ ਸਿੰਘ ਨਾ ਤਾਂ ਖੁਦ ਕਦੇ ਗੁਰਦੁਆਰਾ ਬੁਲੰਦਪੁਰੀ ਸਾਹਿਬ ਆਏ ਤੇ ਨਾ ਹੀ ਉਨਾਂ ਦਾ ਕੋਈ ਸਮਰਥਕ 18 ਮਾਰਚ ਨੂੰ ਇੱਥੇ ਆਇਆ ਸੀ।"

"ਹਾਂ, ਗੁਰਦੁਆਰਾ ਸਾਹਿਬ ਦੇ ਬਾਹਰ ਕੇਂਦਰੀ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਜ਼ਰੂਰ ਤਾਇਨਾਤ ਹੈ। ਪੁਲਿਸ ਨਾ ਤਾਂ 18 ਮਾਰਚ ਨੂੰ ਗੁਰਦੁਆਰੇ ਦੀ ਹਦੂਦ ਵਿੱਚ ਦਾਖਲ ਹੋਈ ਤੇ ਨਾ ਹੀ ਬਾਅਦ ਵਿੱਚ। ਸੁਰੱਖਿਆ ਬਲ ਕਾਰ ਪਾਰਕਿੰਗ ਵਿੱਚ ਮੌਜੂਦ ਹਨ। ਇਸ ਦਾ ਕਾਰਨ ਅਸੀਂ ਪੁਲਿਸ ਨੂੰ ਨਹੀਂ ਪੁੱਛ ਸਕਦੇ।"

ਅਮ੍ਰਿਤਪਾਲ ਸਿੰਘ
Surinder Mann/BBC
ਇਸ ਇਲਾਕੇ ਦੇ ਬਹੁਤੇ ਲੋਕ ਅਮ੍ਰਿਤਪਾਲ ਸਿੰਘ ਜਾਂ ਪੁਲਿਸ ਦੀ ਕਾਰਵਾਈ ਦੀ ਗੱਲ ਕਰਨ ਤੋਂ ਟਾਲਾ ਹੀ ਵਟਦੇ ਨਜ਼ਰ ਆਏ।

ਪੁਲਿਸ ਦੀ ਕਾਰਵਾਈ ਬਾਰੇ ਚੁੱਪੀ

ਇਸ ਇਲਾਕੇ ਦੇ ਬਹੁਤੇ ਲੋਕ ਅਮ੍ਰਿਤਪਾਲ ਸਿੰਘ ਜਾਂ ਪੁਲਿਸ ਦੀ ਕਾਰਵਾਈ ਦੀ ਗੱਲ ਕਰਨ ਤੋਂ ਟਾਲਾ ਹੀ ਵਟਦੇ ਨਜ਼ਰ ਆਏ।

ਮਹਿਤਪੁਰ ਦੇ ਇੱਕ ਦੁਕਾਨਦਾਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ''''ਤੇ ਦੱਸਿਆ ਕਿ ਉਸ ਨੇ 18 ਮਾਰਚ ਦੀ ਪੁਲਿਸ ਕਾਰਵਾਈ ਦੌਰਾਨ ਕਿਸੇ ਵੀ ਗੱਡੀ ਵਿੱਚ ਅਮ੍ਰਿਤਪਾਲ ਸਿੰਘ ਨੂੰ ਨਹੀਂ ਦੇਖਿਆ ਸੀ।

"ਮੈਂ ਹੋਰ ਕੁੱਝ ਨਹੀਂ ਦੱਸ ਸਕਦਾ ਕਿਉਂਕਿ ਮੈਨੂੰ ਡਰ ਹੈ ਕੇ ਪੁਲਿਸ ਮੈਨੂੰ ਹੀ ਨਾ ਕਿਸੇ ਗੱਲ ਵਿੱਚ ਉਲਝਾ ਦੇਵੇ। ਪੁਲਿਸ ਸਾਡੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਜ਼ਬਤ ਕਰਕੇ ਲੈ ਗਈ ਹੈ। ਇਹ ਵੱਡਾ ਕੰਮ ਹੈ ਅਤੇ ਅਸੀਂ ਛੋਟੇ ਦੁਕਾਨਦਾਰ ਹਾਂ। ਇਨਾਂ ਗੱਲਾਂ ਤੋਂ ਅਸੀਂ ਕੀ ਲੈਣਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News