ਰਾਹੁਲ ਦੇ ਬਿਆਨਾਂ ਦੇ ''''ਤੇ ਹੰਗਾਮਾ : ਮੋਦੀ ਵਿਦੇਸ਼ੀ ਦੌਰਿਆਂ ਦੌਰਾਨ ਕਿਹੋ ਜਿਹੇ ਬਿਆਨ ਦੇ ਚੁੱਕੇ ਹਨ ''''ਚ
Saturday, Mar 18, 2023 - 11:16 AM (IST)
ਬ੍ਰਿਟੇਨ ਦੇ ਦੌਰੇ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ‘ਕੈਂਬਰਿਜ ਯੂਨੀਵਰਸਿਟੀ’ ’ਚ ‘ਇੰਡੀਅਨ ਜਰਨਲਿਸਟਸ ਐਸੋਸੀਏਸ਼ਨ’ ਅਤੇ ਬਰਤਾਨੀ ਸੰਸਦ ਦੇ ‘ਹਾਊਸ ਆਫ਼ ਕਾਮਨਜ਼’ ਦੇ ਆਡੀਟੋਰੀਅਮ ’ਚ ਪਿਛਲੇ ਦਿਨਾਂ ’ਚ ਦੋ ਵੱਖ-ਵੱਖ ਪ੍ਰੋਗਰਾਮਾਂ ’ਚ ਸੰਬੋਧਨ ਕੀਤਾ।
ਇਨ੍ਹਾਂ ਪ੍ਰੋਗਰਾਮਾਂ ’ਚ ਉਨ੍ਹਾਂ ਨੇ ਭਾਰਤ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਭਾਰਤ ਦੀ ਵਿਦੇਸ਼ ਨੀਤੀ ’ਤੇ ਵਿਚਾਰ ਪ੍ਰਗਟ ਕੀਤੇ।
ਰਾਹੁਲ ਗਾਂਧੀ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਭਾਰਤ ਵਿੱਚ ਸੱਤਾ ਦੇ ਗਲਿਆਰਾਂ ’ਚ ਕਾਫ਼ੀ ਹੰਗਾਮਾ ਵੇਖਣ ਨੂੰ ਮਿਲ ਰਿਹਾ ਹੈ।
ਸੱਤਾ ਧਿਰ ਪਾਰਟੀ ਦੇ ਆਗੂ ਅਤੇ ਮੰਤਰੀ ਰਾਹੁਲ ਗਾਂਧੀ ਦੀ ਆਲੋਚਨਾ ਕਰ ਰਹੇ ਹਨ। ਕਰਨਾਟਕ ਦੇ ਹੁਬਲੀ ’ਚ ਚਾਰ ਦਿਨ ਪਹਿਲਾਂ ਇੱਕ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਦਾ ਨਾਮ ਲਏ ਬਿਨ੍ਹਾਂ ਕਿਹਾ, “ ਕੁਝ ਲੋਕ ਲੰਡਨ ’ਚ ਭਾਰਤੀ ਲੋਕਤੰਤਰ ਦੀ ਆਲੋਚਨਾ ਕਰ ਰਹੇ ਹਨ।”
ਕੈਂਬਰਿਜ ਯੂਨੀਵਰਸਿਟੀ ’ਚ ਰਾਹੁਲ ਗਾਂਧੀ ਨੇ ਭਾਰਤ ਨੂੰ ‘ਯੂਨੀਅਨ ਆਫ਼ ਸਟੇਟਸ’ ਯਾਨੀ ਕਿ ‘ਰਾਜਾਂ ਦਾ ਸੰਘ’ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸੰਘੀ ਪ੍ਰਣਾਲੀ ’ਤੇ ਆਧਾਰਿਤ ਹੈ।
ਅਡਾਨੀ ਮਾਫ਼ੀ ਬਨਾਮ ਰਾਹੁਲ ਮਾਫ਼ੀ
ਇਸ ਸਮੇਂ ਭਾਰਤੀ ਸੰਸਦ ਦਾ ਬਜਟ ਸੈਸ਼ਨ ਚੱਲ ਰਿਹਾ ਹੈ। ਇੱਕ ਪਾਸੇ ਜਿੱਥੇ ਵਿਰੋਧੀ ਧਿਰ ਅਡਾਨੀ ਸਮੂਹ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ, ਜੇਪੀਸੀ ਦੀ ਮੰਗ ਕਰ ਰਿਹਾ ਹੈ, ਉੱਥੇ ਹੀ ਸੱਤਾ ਧਿਰ ਪਾਰਟੀ ਦੇ ਮੰਤਰੀ ਅਤੇ ਸੰਸਦ ਮੈਂਬਰ ਮੰਗ ਕਰ ਰਹੇ ਹਨ ਕਿ ਰਾਹੁਲ ਗਾਂਧੀ ਆਪਣੇ ਬਿਆਨ ਲਈ ਮੁਆਫ਼ੀ ਮੰਗਣ।ਇਸ ਖਿੱਚ-ਧੂਹ ਅਤੇ ਹੰਗਾਮੇ ਦੇ ਕਾਰਨ ਸੰਸਦ ਦੀ ਕਾਰਵਾਈ ਪ੍ਰਭਾਵਿਤ ਹੋ ਰਹੀ ਹੈ।
ਸੰਸਦ ਦੇ ਬਾਹਰ ਵੀ ਦੋਵਾਂ ਧਿਰਾਂ ਵੱਲੋਂ ਤਿੱਖੀ ਬਿਆਨਬਾਜ਼ੀ ਦਾ ਸਿਲਸਿਲਾ ਜਾਰੀ ਹੈ।
ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇੱਕ ਸੰਖੇਪ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਸੰਸਦ ’ਚ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਹੈ।
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਮੇਰਠ ’ਚ ਇੱਕ ਪ੍ਰੋਗਰਾਮ ’ਚ ਬੋਲਦਿਆਂ ਰਾਹੁਲ ਗਾਂਧੀ ਦੇ ਉਸ ਬਿਆਨ ਦੀ ਆਲੋਚਨਾ ਕੀਤੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਸੰਸਦ ’ਚ ‘ਬੋਲਣ ਨਹੀਂ ਦਿੱਤਾ ਜਾ ਰਿਹਾ ਹੈ’ ਅਤੇ ਜਦੋਂ ਵੀ ਉਹ ਬੋਲਦੇ ਹਨ ਤਾਂ ‘ਮਾਈਕ ਬੰਦ ਕਰ ਦਿੱਤਾ ਜਾਂਦਾ ਹੈ’।
ਰਾਹੁਲ ਗਾਂਧੀ ਦੇ ਇਸ ਬਿਆਨ ’ਤੇ ਉਪ-ਰਾਸ਼ਟਰਪਤੀ ਧਨਖੜ ਦਾ ਕਹਿਣਾ ਸੀ- ਲੋਕਤੰਤਰ ਦੇ ਮੰਦਰ ਦਾ ਅਪਮਾਨ ਨਹੀਂ ਹੋਣ ਦਿੱਤਾ ਜਾ ਸਕਦਾ ਹੈ।
ਰਾਹੁਲ ਗਾਂਧੀ ਦੇ ਬਿਆਨਾਂ ’ਤੇ ਸਪੱਸ਼ਟੀਕਰਨ ਪੇਸ਼ ਕਰਦਿਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘‘ਸਰਕਾਰ ਦੀ ਆਲੋਚਨਾ ਦੇਸ਼ ਦੀ ਆਲੋਚਨਾ ਨਹੀਂ ਹੈ।’’
ਪ੍ਰਧਾਨ ਮੰਤਰੀ ਮੋਦੀ ਦੇ ਵੀਡੀਓ
ਦੂਜੇ ਪਾਸੇ ਕਾਂਗਰਸ ਦੀ ਸੋਸ਼ਲ ਮੀਡੀਆ ਦੀ ਇੰਚਾਰਜ ਸੁਪ੍ਰਿਆ ਸ਼੍ਰੀਨੇਤ ਸਣੇ ਪਾਰਟੀ ਦੇ ਕਈ ਆਗੂਆਂ ਨੇ ਹੁਣ ਅਜਿਹੇ ਵੀਡੀਓ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ’ਚ ਨਰਿੰਦਰ ਮੋਦੀ ਆਪਣੇ ਵਿਦੇਸ਼ੀ ਦੌਰਿਆਂ ਦੌਰਾਨ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦੇ ਵੇਖੇ-ਸੁਣੇ ਜਾ ਸਕਦੇ ਹਨ।
ਗੁਜਰਾਤ ਦੇ ਮੁੱਖ ਮੰਤਰੀ ਵੱਜੋਂ ਨਰਿੰਦਰ ਮੋਦੀ ਨੇ ਸਾਲ 2013 ’ਚ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਸੰਬੋਧਨ ਕੀਤਾ ਸੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਸਨ।
ਇਹ ਗੱਲ 13 ਮਈ 2013 ਦੀ ਹੈ।
‘ਵੀਡੀਓ ਕਾਨਫਰੰਸ’ ਜ਼ਰੀਏ ਬੋਲਦਿਆਂ ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ‘‘ਭਾਰਤ ’ਚ ਕਮਜ਼ੋਰ ਆਗੂਆਂ ਦੀ ਸਰਕਾਰ ਹੈ।’’
ਉਨ੍ਹਾਂ ਨੇ ਤਤਕਾਲੀ ਯੂਪੀਏ ਦੀ ਸਰਕਾਰ ’ਤੇ ‘ਭ੍ਰਿਸ਼ਟਾਚਾਰ’ ਦਾ ਇਲਜ਼ਾਮ ਲਗਾਉਂਦੇ ਕਿਹਾ ਸੀ ਕਿ ‘ਸਰਕਾਰ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਅਤੇ ਭਰੋਸਾ’ ਖ਼ਤਮ ਹੋ ਗਿਆ ਹੈ।
ਸਾਲ 2015 ’ਚ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਆਪਣੇ ਦੌਰੇ ਦੌਰਾਨ ਟੋਰਾਂਟੋ ’ਚ ਜੋ ਭਾਸ਼ਣ ਦਿੱਤਾ ਸੀ, ਉਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ।
ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ੀ ਦੌਰਿਆਂ ਦੌਰਾਨ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਨੂੰ ਲੈ ਕੇ ਵੀ ਸੰਸਦ ’ਚ ਹੰਗਾਮਾ ਹੋਇਆ ਸੀ।
ਜਦੋਂ ਜੇਤਲੀ ਨੇ ਕੀਤਾ ਮੋਦੀ ਦਾ ਬਚਾਅ
28 ਅਪ੍ਰੈਲ 2015 ਨੂੰ ਰਾਜ ਸਭਾ ’ਚ ਜਾਰੀ ਹੰਗਾਮੇ ਦੌਰਾਨ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਦਾ ਬਚਾਅ ਕਰਦਿਆਂ ਰਾਜ ਸਭਾ ’ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇ ‘‘ਵਿਦੇਸ਼ੀ ਦੌਰਿਆਂ ਦੌਰਾਨ ਉਨ੍ਹਾਂ ਦੇ ਬੋਲਣ ’ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਦਾ ਕੋਈ ਹੁਕਮ ਨਹੀਂ ਹੈ।’’
ਉਸ ਦਿਨ ਰਾਜ ਸਭਾ ’ਚ ਕਾਂਗਰਸ ਦੇ ਆਨੰਦ ਸ਼ਰਮਾ ਨੇ ਟੋਰਾਂਟੋ ’ਚ ‘ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣ’ ਦਾ ਮੁੱਦਾ ਉਠਾਇਆ ਸੀ।
ਆਨੰਦ ਸ਼ਰਮਾ ਨੇ ਇਲਜ਼ਾਮ ਲਗਾਇਆ ਸੀ ਕਿ “ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪਹਿਲਾਂ ਭਾਰਤ ‘ਸਕੈਮ ਇੰਡੀਆ’ ਸੀ ਅਤੇ ਹੁਣ ‘ਸਕਿਲ ਇੰਡੀਆ’ ਬਣ ਗਿਆ ਹੈ।”
ਇਸ ਸਬੰਧੀ ਭਾਜਪਾ ਦੇ ਮੁਖ਼ਤਾਰ ਅੱਬਾਸ ਨਕਵੀ ਅਤੇ ਆਨੰਦ ਸ਼ਰਮਾ ਵਿਚਾਲੇ ਤਿੱਖੀ ਬਹਿਸ ਹੋਈ ਸੀ।
ਆਨੰਦ ਸ਼ਰਮਾ ਨੇ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ, “ ਗਲਤੀਆ ਹੋ ਸਕਦੀਆਂ ਪਰ ਦੇਸ਼ ਨੂੰ ‘ਸਕੈਮ’ ਨਹੀਂ ਕਿਹਾ ਜਾ ਸਕਦਾ ਹੈ।”
ਮਈ 2015 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਅਤੇ ਦੱਖਣੀ ਕੋਰੀਆ ਦੀ ਫੇਰੀ ਦੌਰਾਨ ਦਿੱਤੇ ਭਾਸ਼ਣਾਂ ਦੀ ਵੀ ਆਲੋਚਨਾ ਹੋਈ ਸੀ।
ਮੋਦੀ ਦੇ ਵਿਦੇਸ਼ਾਂ ਵਿੱਚ ਬਿਆਨਾਂ ਉੱਤੇ ਸਵਾਲ
16 ਮਈ ਨੂੰ ਸ਼ੰਘਾਈ ਵਿਖੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਸੀ ਕਿ ‘ਇੱਕ ਸਾਲ ਪਹਿਲਾਂ ਤੱਕ ਜਿਨ੍ਹਾਂ ਨੂੰ ਸ਼ਰਮ ਆਉਂਦੀ ਸੀ, ਹੁਣ ਉਹ ਆਪਣੇ ਆਪ ਨੂੰ ਭਾਰਤੀ ਅਖਵਾਉਣ ’ਚ ਮਾਣ ਮਹਿਸੁਸ ਕਰਦੇ ਹਨ’।
ਫਿਰ ਪਿਛਲੇ ਸਾਲ ਮਈ ਮਹੀਨੇ ਮੋਦੀ ਯੂਰਪੀ ਦੇਸ਼ਾਂ ਦੇ ਦੌਰੇ ’ਤੇ ਸਨ , ਜਿਸ ਦੌਰਾਨ ਉਨ੍ਹਾਂ ਨੇ 2 ਮਈ ਨੂੰ ਜਰਮਨੀ ਦੇ ਬਰਲਿਨ ’ਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਪਿਛਲੀ ਸਰਕਾਰ ਦੀ ਆਲੋਚਨਾ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਸਾਲ 2014 ਤੋਂ ਪਹਿਲਾਂ ਭਾਰਤ ‘ਵਰਕ ਇਨ ਪ੍ਰੋਗਰੈਸ’ ਸੀ ਪਰ ‘ ਪਿਛਲੇ ਅੱਠ ਸਾਲਾਂ ’ਚ ਭਾਰਤ ਨੇ ਵਿਕਾਸ ਦੀ ਲੰਮੀ ਛਾਲ ਮਾਰਨੀ ਸ਼ੁਰੂ ਕਰ ਦਿੱਤੀ ਹੈ।”
ਸਾਲ 2015 ਦੇ ਹੀ ਸਤੰਬਰ ਮਹੀਨੇ ’ਚ ਅਮਰੀਕਾ ਦੇ ਕੈਲੀਫੋਰਨੀਆ ’ਚ ਇੱਕ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, ‘ ਦੇਸ਼ ’ਚ ਭ੍ਰਿਸ਼ਟਾਚਾਰ ਇੱਕ ਸੱਭਿਆਚਾਰ’ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸਤਦਾਨਾਂ ’ਤੇ ਇਲਜ਼ਾਮ ਬਹੁਤ ਹੀ ਆਸਾਨੀ ਨਾਲ ਲੱਗਦੇ ਹਨ।
ਸੰਸਦ ਅਤੇ ਉਸ ਤੋਂ ਬਾਹਰ ਲਗਾਤਾਰ ਜਾਰੀ ਵਿਵਾਦ ਵਿਚਾਲੇ ਕਾਂਗਰਸੀ ਆਗੂ ਮਲਿਕਾਰੁਜਨ ਖੜਗੇ ਨੇ 14 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਦੇਸ਼ਾਂ ’ਚ ਦਿੱਤੇ ਬਿਆਨਾਂ ਦਾ ਹਵਾਲਾ ਦਿੰਦਿਆਂ ਸਵਾਲ ਪੁੱਛਿਆ, “ ਕੀ ਪ੍ਰਧਾਨ ਮੰਤਰੀ ਦੇ ਅਜਿਹੇ ਬਿਆਨ ਦੇਸ਼ ਦਾ ਅਪਮਾਨ ਨਹੀਂ ਹਨ”?