ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਗਰੋਂ ਇਹ ਸਵਾਲ ਖੜੇ ਹੋਏ
Wednesday, Mar 15, 2023 - 04:01 PM (IST)
![ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਗਰੋਂ ਇਹ ਸਵਾਲ ਖੜੇ ਹੋਏ](https://static.jagbani.com/multimedia/2023_3image_16_01_1762389875868da.jpg)
![ਸਿੱਧੂ ਮੂਸੇਵਾਲਾ](https://ichef.bbci.co.uk/news/raw/cpsprodpb/a529/live/edce9390-c303-11ed-89c4-6bc1575868da.jpg)
29 ਮਈ, 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਹੋਏ, ਜੋ ਅੱਜ ਤੱਕ ਭਖ਼ ਰਹੇ ਹਨ।
ਇਸ ਕਤਲ ਮਾਮਲੇ ਨੂੰ ਗੈਂਗਵਾਰ ਨਾਲ ਜੋੜਿਆ ਗਿਆ ਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਨਾਮ ਸਾਹਮਣੇ ਆਇਆ ਸੀ। ਦੋਵਾਂ ਵਲੋਂ ਕਤਲ ਦੀ ਜ਼ਿੰਮੇਵਾਰੀ ਵੀ ਲਈ ਗਈ ਸੀ।
ਇੰਨੀਂ ਦਿਨੀਂ ਲਾਰੈਂਸ ਬਿਸ਼ਨੋਈ ਪੰਜਾਬ ਦੇ ਬਠਿੰਡਾ ਜੇਲ੍ਹ ਵਿੱਚ ਹੈ। ਮੰਗਲਵਾਰ ਨੂੰ ਇੱਕ ਨਿੱਜੀ ਟੀਵੀ ਚੈਨਲ ਏਬੀਪੀ ਨਿਊਜ਼ ਵਲੋਂ ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਚਲਾਇਆ ਗਿਆ ਤਾਂ ਬਿਸ਼ਨੋਈ ਇੱਕ ਵਾਰ ਫ਼ਿਰ ਚਰਚਾ ਵਿੱਚ ਆ ਗਿਆ।
![ਸਿੱਧੂ ਮੂਸੇਵਾਲਾ](https://ichef.bbci.co.uk/news/raw/cpsprodpb/1754/live/8b43d4b0-c303-11ed-8125-79702170acec.jpg)
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਕਾਰਵਾਈ ਨੂੰ ਲੈ ਕੇ ਵਿਰੋਧੀ ਧਿਰਾਂ ਵਿੱਚ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਵਿੱਚ ਵੀ ਸਵਾਲ ਕੀਤੇ ਗਏ ਸਨ।
ਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਵੀ ਦਿੱਤਾ ਸੀ।
ਮਰਹੂਮ ਗਾਇਕ ਦੇ ਪਰਿਵਾਰ ਵਲੋਂ 19 ਮਾਰਚ ਨੂੰ ਬਰਸੀ ਸਮਾਗਮ ਮਾਨਸਾ ਵਿੱਚ ਰੱਖਿਆ ਗਿਆ ਹੈ। ਅਜਿਹੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਗਰੋਂ ਕਈ ਸਵਾਲ ਖੜੇ ਹੁੰਦੇ ਹਨ।
32 ਸਾਲਾ ਲਾਰੈਂਸ ਬਿਸ਼ਨੋਈ ਖ਼ਿਲਾਫ਼ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲਿਆਂ ਦੇ ਇਲਜ਼ਾਮ ਹਨ। ਬਿਸ਼ਨੋਈ ਖ਼ਿਲਾਫ਼ ਇਹ ਮਾਮਲੇ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਖੇ ਦਰਜ ਹਨ।
ਬਾਹਰੋਂ ਸੰਪਰਕ ਕਿਵੇਂ ਹੋਇਆ?
ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਬਾਰੇ ਨਿੱਜੀ ਚੈਨਲ ਦਾ ਦਾਅਵਾ ਹੈ ਕਿ ਜਿਸ ਸਮੇਂ ਇਹ ਗੱਲਬਾਤ ਹੋਈ ਉਸ ਸਮੇਂ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਸੀ ਤੇ ਉਸ ਨੇ ਖ਼ੁਦ ਚੈਨਲ ਨਾਲ ਸੰਪਰਕ ਕੀਤਾ ਸੀ।
ਬੀਬੀਸੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।
ਇੰਟਰਵਿਊ ਆਨਲਾਇਨ ਕਿਸੇ ਐਪ ਜ਼ਰੀਏ ਲਿਆ ਗਿਆ ਹੈ। ਇਸ ਤੋਂ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਕੋਈ ਕੈਦੀ ਇੰਨਾ ਸੌਖਿਆਂ ਕਿਸੇ ਪੱਤਰਕਾਰ ਨਾਲ ਸੰਪਰਕ ਕਰ ਸਕਦਾ ਹੈ।
20 ਮਿੰਟਾਂ ਤੋਂ ਵੱਧ ਚਲੀ ਇਸ ਗੱਲਬਾਤ ਦੌਰਾਨ ਕੋਈ ਵੀ ਪੁਲਿਸ ਅਧਿਕਾਰੀ ਉੱਥੇ ਨਹੀਂ ਆਇਆ ਜਿਥੋਂ ਬਿਸ਼ਨੋਈ ਗੱਲਬਾਤ ਕਰ ਰਹੇ ਸਨ।
ਹਾਲਾਂਕਿ ਬਾਅਦ ਵਿੱਚ ਪੰਜਾਬ ਪੁਲਿਸ ਵਲੋਂ ਇਸ ਮਾਮਲੇ ’ਤੇ ਇੱਕ ਬਿਆਨ ਜਾਰੀ ਕਰਕੇ ਇੰਟਰਵਿਊ ਨੂੰ ‘ਅਧਾਰਹੀਨ’ ਦੱਸਿਆ ਗਿਆ ਤੇ ਦਾਅਵਾ ਕੀਤਾ ਗਿਆ ਇਹ ਬਠਿੰਡਾ ਜੇਲ੍ਹ ਦਾ ਨਹੀਂ ਹੈ। ਇਹ ਵੀ ਕਿਹਾ ਗਿਆ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਵੀ ਜ਼ੇਲ੍ਹ ਵਿੱਚ ਸ਼ੂਟ ਨਹੀਂ ਕੀਤਾ ਗਿਆ ਹੈ।
ਪੁਲਿਸ ਬੁਲਾਰੇ ਨੇ ਕਿਹਾ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜੇ ਕੋਈ ਵੀ ਫ਼ੇਕ ਨਿਊਜ਼ ਜ਼ਰੀਏ ਪੰਜਾਬ ਜੇਲ੍ਹ ਪ੍ਰਸ਼ਾਸਨ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਲਾਰੈਂਸ ਬਿਸ਼ਨੋਈ ਨੂੰ ਹਾਲੇ 10 ਮਾਰਚ ਨੂੰ ਹੀ ਰਾਜਸਥਾਨ ਤੋਂ ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ਲਿਆਂਦਾ ਗਿਆ ਸੀ।
![ਸਿੱਧੂ ਮੂਸੇਵਾਲਾ](https://ichef.bbci.co.uk/news/raw/cpsprodpb/caef/live/c494aeb0-c303-11ed-89c4-6bc1575868da.jpg)
ਜੇਲ੍ਹ ਵਿੱਚ ਫ਼ੋਨ ਅਤੇ ਇੰਟਰਨੈੱਟ ਦੀ ਸੁਵਿਧਾ ਕਿਵੇਂ ਪਹੁੰਚੀ?
ਲਾਰੈਂਸ ਬਿਸ਼ਨੋਈ ਖ਼ਿਲਾਫ਼ ਚੱਲ ਰਹੇ ਮੁਕੱਦਮਿਆਂ ਵਿੱਚ ਕਤਲ ਵਰਗੇ ਸੰਗੀਨ ਜ਼ੁਰਮ ਵੀ ਸ਼ਾਮਲ ਹਨ।
ਬਠਿੰਡਾ ਕੇਂਦਰੀ ਜੇਲ੍ਹ ਵਾਂਗ ਹੀ ਭਾਰਤ ਦੀਆਂ ਅਤਿ-ਸੁਰੱਖਿਆ ਵਾਲੀਆਂ ਜੇਲ੍ਹਾਂ ਵਿੱਚ ਸਕਿਊਰਿਟੀ ਦੇ ਪੁਖਤਾ ਪ੍ਰਬੰਧ ਹੁੰਦੇ ਹਨ।
ਇਸ ਜੇਲ੍ਹ ਵਿਚੋਂ ਫ਼ੋਨ ਜਾਂ ਸਿਮ ਕਾਰਡ ਜ਼ਬਤ ਕਰਨ ਦੇ ਕਈ ਮਾਮਲਿਆਂ ਬਾਰੇ, ਪੁਲਿਸ ਦੇ ਖ਼ੁਲਾਸਿਆਂ ਦੀਆਂ ਖ਼ਬਰਾਂ ਮੀਡੀਆ ਵਿੱਚ ਮੌਜੂਦ ਹਨ।
ਅਜਿਹੀ ਸਥਿਤੀ ਵਿੱਚ ਸਵਾਲ ਉੱਠਦਾ ਹੈ ਕਿ ਕੀ ਲਾਰੈਂਸ ਬਿਸ਼ਨੋਈ ਕੋਲ ਇੰਟਰਨੈੱਟ ਦੀ ਸੁਵਿਧਾ ਸਮੇਤ ਕੋਈ ਫ਼ੋਨ ਮੌਜੂਦ ਸੀ। ਜਿਸ ਦੀ ਵਰਤੋਂ ਉਨ੍ਹਾਂ ਨੇ ਇੰਟਰਵਿਊ ਦੌਰਾਨ ਕੀਤੀ ਸੀ।
ਲਾਰੈਂਸ ਨੇ ਇਹ ਇੰਟਰਵਿਊ ਕਿੱਥੋਂ ਦਿੱਤਾ?
ਲਾਰੈਂਸ ਬਿਸ਼ਨੋਈ ਨੇ ਇਹ ਇੰਟਰਵਿਊ ਕਿਹੜੀ ਥਾਂ ਤੋਂ ਦਿੱਤਾ, ਇਹ ਵੀ ਸਭ ਤੋਂ ਅਹਿਮ ਸਵਾਲ ਹੈ।
ਬਠਿੰਡਾ ਜੇਲ੍ਹ ਪ੍ਰਸ਼ਾਸਨ ਇਹ ਵੀਡੀਓ ਆਪਣੀ ਜੇਲ੍ਹ ਤੋਂ ਰਿਕਾਰਡ ਹੋਣ ਤੋਂ ਇਨਕਾਰ ਕਰਦਾ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਕਿਸੇ ਹੋਰ ਜੇਲ੍ਹ ਤੋਂ ਵੀ ਇਹ ਵੀਡੀਓ ਰਿਕਾਰਡ ਨਹੀਂ ਹੋਇਆ।
ਲਾਰੈਂਸ ਕੁਝ ਦਿਨ ਪਹਿਲਾਂ ਹੀ ਰਾਜਸਥਾਨ ਦੀ ਜੇਲ੍ਹ ਤੋਂ ਬਠਿੰਡਾ ਜੇਲ੍ਹ ਵਿੱਚ ਲਿਆਂਦਾ ਗਿਆ ਸੀ।
ਮੀਡੀਆ ਰਿਪੋਰਟਸ ਮੁਤਾਬਕ ਰਾਜਸਥਾਨ ਪੁਲਿਸ ਵੀ ਇਸ ਇੰਟਰਵਿਊ ਦੇ ਆਪਣੀ ਜੇਲ੍ਹ ਵਿੱਚ ਰਿਕਾਰਡ ਕੀਤੇ ਜਾਣ ਤੋਂ ਇਨਕਾਰ ਕਰਦੀ ਹੈ।
ਬਠਿੰਡਾ ਕੇਂਦਰੀ ਜੇਲ੍ਹ ਵਿੱਚ ਸੁਰੱਖਿਆ ਪ੍ਰਬੰਧ ਕਿਹੜੇ ਹਨ?
ਬਠਿੰਡਾ ਕੇਂਦਰੀ ਜੇਲ੍ਹ ਪੰਜਾਬ ਦੀਆਂ ਸਖ਼ਤ ਸੁਰੱਖਿਆ ਪ੍ਰਬੰਧਾਂ ਵਾਲੀਆਂ ਜੇਲ੍ਹਾਂ ਵਿੱਚੋਂ ਇੱਕ ਹੈ।
ਬਠਿੰਡਾ ਜੇਲ੍ਹ ਦੇ ਸੁਪਰਡੈਂਟ ਐੱਨ.ਡੀ.ਨੇਗੀ ਨੇ ਦੱਸਿਆ, ''''''''ਸਾਡੇ ਕੋਲ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਮਲਟੀ ਲੇਅਰ ਸੁਰੱਖਿਆ ਪ੍ਰਣਾਲੀ ਹੈ। ਖ਼ਤਰਨਾਕ ਪਿਛੋਕੜ ਵਾਲੇ ਕੈਦੀਆਂ ਦੀ ਨਿਗਰਾਨੀ ਕੇਂਦਰੀ ਬਲਾਂ, ਜੇਲ੍ਹਾਂ ਦੇ ਮੁਲਾਜ਼ਮ ਅਤੇ ਪੰਜਾਬ ਪੁਲਿਸ ਦੇ ਕਮਾਂਡੋਜ਼ ਕਰਦੇ ਹਨ।''''''''
ਉਨਾਂ ਅੱਗੇ ਕਿਹਾ, “ਜੇਲ੍ਹ ਵਿੱਚ ਜੈਮਰ ਲਗਾਏ ਗਏ ਹਨ, ਇਸ ਲਈ ਇੱਥੇ ਇੰਨੀ ਲੰਬੀ ਇੰਟਰਵਿਊ ਰਿਕਾਰਡ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਇੱਥੇ ਕੋਈ ਵੀ ਮੋਬਾਈਲ ਨੈੱਟਵਰਕ ਕੰਮ ਨਹੀਂ ਕਰਦਾ ਭਾਵੇਂ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਅਤੇ ਇਹ ਕੁਝ ਸਮੇਂ ਵਿੱਚ ਡਿਸਕਨੈਕਟ ਹੋ ਜਾਵੇਗੀ।”
“ਅਸੀਂ ਟੈਕਨੀਕਲ ਜਾਂ ਮੈਨੂਅਲ ਤਰੀਕਿਆਂ ਰਾਹੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 24 ਘੰਟੇ ਨਿਗਰਾਨੀ ਕਰਦੇ ਹਾਂ।”
ਲਾਰੈਂਸ ਬਿਸ਼ਨੋਈ ਵਰਗੇ ਕੈਦੀਆਂ ਨੂੰ ਜੇਲ੍ਹ ਦੇ ਉੱਚ ਸੁਰੱਖਿਆ ਖੇਤਰ ਵਿੱਚ ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਜੇਲ੍ਹ ਦੀ ਸੁਰੱਖਿਆ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨ ਵੀ ਤਇਨਾਤ ਹਨ।
![ਸਿੱਧੂ ਮੂਸੇਵਾਲਾ](https://ichef.bbci.co.uk/news/raw/cpsprodpb/f09b/live/e86074a0-c30d-11ed-95f8-0154daa64c44.jpg)
ਲਾਰੈਂਸ ਦਾ ਮੌਜੂਦਾ ਇੰਟਰਵਿਊ ਦੇ ਕੀ ਮਾਅਨੇ ਹਨ?
ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਉਸ ਸਮੇਂ ਸਾਹਮਣੇ ਆਇਆ ਜਦੋਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਵਿਧਾਨ ਸਭਾ ਵਿੱਚ ਗੁੰਜਿਆ ਤੇ ਉਸ ਦੀ ਬਰਸੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਵਿਰੋਧੀ ਪਾਰਟੀ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦੇ ਮੁੱਦੇ ਉੱਤੇ ਲਗਾਤਾਰ ਆਮ ਆਮਦੀ ਪਾਰਟੀ ਨੂੰ ਘੇਰਦੀ ਆ ਰਹੀ ਹੈ।
ਇਸ ਮਸਲੇ ਉੱਤੇ ਕਾਂਗਰਸ ਆਗੂ ਪ੍ਰਤਾਪ ਬਾਜਾਵ ਵਲੋਂ ਵਿਧਾਨ ਸਭਾ ਵਿੱਚ ਵੀ ਸਵਾਲ ਕੀਤੇ ਗਏ ਸਨ।
ਜਿਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਜੋ ਕਾਰਵਾਈ ਕਾਨੂੰਨ ਦੇ ਦਾਇਰੇ ਤੇ ਸਥਿਤੀਆਂ ਵਿੱਚ ਸੰਭਵ ਸੀ ਉਹ ਸਮਾਂ ਰਹਿੰਦਿਆਂ ਕੀਤੀ ਗਈ ਸੀ।
ਸਿੱਧੂ ਦੇ ਮਾਤਾ ਪਿਤਾ ਵਲੋਂ ਇਨਸਾਫ਼ ਦੀ ਮੰਗ ਕਰਦਿਆਂ ਵਿਧਾਨ ਸਭਾ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਪਹਿਲਾ ਬਰਸੀ ਸਮਾਗਮ 19 ਮਾਰਚ ਨੂੰ ਮਾਨਸਾ ਵਿੱਚ ਮਨਾਇਆ ਜਾ ਰਿਹਾ ਹੈ ।
ਅਜਿਹੀ ਸਥਿਤੀ ਵਿੱਚ ਬਿਸ਼ਨੋਈ ਦੀ ਇੰਟਰਵਿਊ ਹੋਣਾ ਜੇਲ੍ਹ ਪ੍ਰਬੰਧਾਂ ਉੱਤੇ ਸਵਾਲ ਖੜੇ ਕਰਨ ਦੇ ਨਾਲ ਨਾਲ ਇਸ ਮੁੱਦੇ ਨੂੰ ਸਿਆਸੀ ਵੀ ਬਣਾਉਂਦਾ ਹੈ।
ਸਰਬਜੀਤ ਧਾਲੀਵਾਲ ਸੀਨੀਅਰ ਪੱਤਰਕਾਰ ਹਨ ਜੋ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਨਾਲ ਜੁੜੇ ਮਾਮਲਿਆਂ ਨੂੰ ਕਵਰ ਕਰਦੇ ਰਹਿੰਦੇ ਹਨ।
ਬੀਬੀਸੀ ਪੰਜਾਬੀ ਨਾਲ ਫ਼ੋਨ ਜ਼ਰੀਏ ਗੱਲ ਕਰਦਿਆਂ ਉਨ੍ਹਾਂ ਕਿਹਾ, “ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਣ ਦਾ ਮੁੱਦਾ ਪੰਜਾਬ ਦੇ ਸਿਆਸੀ ਹਲਕਿਆਂ ਲਈ ਗੰਭੀਰ ਮਸਲਾ ਹੈ।”
“ਪਹਿਲਾਂ ਹੀ ਅਮਨ ਕਾਨੂੰਨ ਦੇ ਹਾਲਾਤ ’ਤੇ ਸੂਬਾ ਸਰਕਾਰ ਨੂੰ ਘੇਰ ਰਹੀਆਂ ਵਿਰੋਧੀ ਧਿਰਾਂ ਹੱਥ ਇੱਕ ਹੋਰ ਵੱਡਾ ਮੁੱਦਾ ਲੱਗ ਗਿਆ ਹੈ। ਕਾਂਗਰਸ ਅਤੇ ਅਕਾਲੀ ਦਲ ਇਸ ਮਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਹਮਲੇ ਕਰ ਰਹੇ ਹਨ। ਇਸ ਲਈ ਸੂਬਾ ਸਰਕਾਰ ਨੂੰ ਬੈੱਕਫ਼ੁੱਟ ’ਤੇ ਆਉਣਾ ਪਵੇਗਾ।’
ਧਾਲੀਵਾਲ ਕਹਿੰਦੇ ਹਨ ਕਿ ਇਹ ਇੰਟਰਵਿਊ ਇਸ ਲਈ ਵਧੇਰੇ ਅਹਿਮ ਹੋ ਜਾਂਦੀ ਹੈ ਕਿਉਂਕਿ 19 ਮਾਰਚ ਨੂੰ ਸਿੱਧੂ ਮੂਸੇਵਾਲੇ ਦਾ ਬਰਸੀ ਸਮਾਗਮ ਹੈ।
ਇਸ ਪੂਰੀ ਗੱਲਬਾਤ ਨੂੰ ਜੇ ਧਿਆਨ ਨਾਲ ਸੁਣੀਏ ਤਾਂ ਮੂਸੇਵਾਲੇ ਦੇ ਕਤਲ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਧਾਲੀਵਾਲ ਮੁਤਾਬਕ ਪੂਰੀ ਇੰਟਰਵਿਊ ਵਿੱਚ ਮੋਟੇ ਤੌਰ ਉੱਤੇ ਤਿੰਨ ਨੁਕਤੇ ਉੱਭਰ ਕੇ ਸਾਹਮਣੇ ਆਏ ਹਨ।
ਪਹਿਲਾ ਲਾਰੈਂਸ ਆਪਣੇ ਆਪ ਨੂੰ ਖ਼ਾਲਿਸਤਾਨ ਵਿਰੋਧੀ ਕਹਿੰਦਾ ਹੈ।
ਦੂਜਾ ਆਪਣੇ ਆਪ ਨੂੰ ਰਾਸ਼ਟਰਵਾਦੀ ਕਰਾਰ ਦਿੰਦਾ ਹੈ।
ਤੀਜਾ ਉਹ ਆਪਣੇ ਆਪ ਨੂੰ ਪਾਕਿਸਤਾਨ ਤੇ ਖ਼ਾਲਿਸਤਾਨ ਵਿਰੋਧੀ ਵੀ ਦੱਸਦਾ ਹੈ।
ਇਨ੍ਹਾਂ ਤਿੰਨਾਂ ਗੱਲਾਂ ਦੇ ਹਵਾਲੇ ਨਾਲ ਦੇਖੀਏ ਤਾਂ ਹੁਣ ਤੱਕ ਪੰਜਾਬ ਵਿੱਚ ਸਰਹੱਦ ਪਾਰ ਤੋਂ ਜੋ ਡਰੋਨ ਤੇ ਨਸ਼ੇ ਆ ਰਹੇ ਹਨ ਉਨ੍ਹਾਂ ਬਾਰੇ ਪੰਜਾਬ ਪੁਲਿਸ ਇਹ ਕਹਿੰਦੀ ਰਹੀ ਹੈ ਕਿ ਇਹ ਕੱਟੜਵਾਦੀ, ਤਸਕਰਾਂ ਅਤੇ ਗੈਂਗਸਟਰਾਂ ਦਾ ਗੱਠਜੋੜ ਕਰਵਾ ਰਿਹਾ ਹੈ।
ਗੱਲਬਾਤ ਦੌਰਾਨ ਲਾਰੈਂਸ ਦਾ ਇਹ ਕਹਿਣਾ ਕਿ ਉਸ ਦਾ ਗੈਂਗ ਗੋਲਡੀ ਬਰਾੜ ਚਲਾ ਰਿਹਾ ਹੈ ਅਤੇ ਉਹ ਖ਼ਾਲਿਸਤਾਨ ਤੇ ਪਾਕਿਸਤਾਨ ਵਿਰੋਧ ਹਨ। ਇਹ ਸਿਧਾਂਤ ਕਿਸ ਦਿਸ਼ਾ ਵੱਲ ਇਸ਼ਾਰਾ ਕਰ ਰਿਹਾ ਹੈ।
ਧਾਲੀਵਾਲ ਕਹਿੰਦੇ ਹਨ ਮੈਂ ਸਮਝਦਾਂ ਹਾਂ ਕਿ ਜਿਸ ਸਮੇਂ ਅਤੇ ਜਿਸ ਤਰੀਕੇ ਨਾਲ ਇਹ ਇੰਟਰਵਿਊ ਕਰਵਾਈ ਗਈ ਹੈ ਉਸ ਨੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਲਈ ਵੱਡਾ ਸੰਕਟ ਖੜਾ ਕਰ ਦਿੱਤਾ ਹੈ।
ਤੇ ਵਿਰੋਧੀ ਪਾਰਟੀਆਂ ਨੂੰ ਹਮਲਾਵਰ ਹੋਣ ਦਾ ਮੌਕਾ ਮੁਹੱਈਆ ਕਰਵਾ ਦਿੱਤਾ ਹੈ। ਭਾਵੇਂ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਸਰਕਾਰ ਖ਼ਿਲਾਫ਼ ਹਮਲਾਵਰ ਹੋ ਰਹੀ ਹੈ ਪਰ ਲਾਰੈਂਸ ਵਰਗੇ ਗੈਂਗਸਟਰ ਦੀ ਜੇਲ੍ਹ ਵਿੱਚੋਂ ਮੀਡੀਆ ਇੰਟਰਵਿਊ ਹੋਣਾਂ ਕੇਂਦਰੀ ਏਜੰਸੀਆਂ ਅੱਗੇ ਵੀ ਸਵਾਲ ਖੜੇ ਕਰੇਗਾ।
ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਵਿੱਚ ਕੀਤੇ ਦਾਅਵੇ
ਬਿਸ਼ਨੋਈ ਇਸ ਇੰਟਰਵਿਊ ਵਿੱਚ ਆਪਣੇ ਆਪ ਨੂੰ ਦੇਸ਼ ਭਗਤ ਦੱਸਦਾ ਨਜ਼ਰ ਆਉਂਦਾ ਹੈ।
ਸਲਮਾਨ ਖ਼ਾਨ ਨੂੰ ਧਮਮਾਏ ਜਾਣ ਦੇ ਸਵਾਲ ’ਤੇ ਬਿਸ਼ਨੋਈ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਾਈਚਾਰਾ ਮੁਕੰਮਲ ਤੌਰ ’ਤੇ ਜੀਵ ਹੱਤਿਆ ਖ਼ਿਲਾਫ਼ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਸਲਮਾਨ ਖ਼ਾਨ ਵਲੋਂ ਹਿਰਨ ਦੇ ਸ਼ਿਕਾਰ ਕੀਤੇ ਜਾਣ ਨੂੰ ਲੈ ਕੇ ਬਿਸ਼ਨੋਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਸ ਮਾਮਲੇ ਤੇ ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲਣ ਵਾਲੀਆਂ ਧਮਕੀਆਂ ਬਾਰੇ ਦਾਅਵਾ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਆਪਣੇ ਵੱਡੇ ਸਮਝਦੇ ਹਨ ਤੇ ਉਨ੍ਹਾਂ ਦੇ ਸਮੂਹ ਵਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ।
ਇਸ ਇੰਟਰਵਿਊ ਵਿੱਚ ਬਿਸ਼ਨੋਈ ਨੇ ਸਿਆਸਤ ਦਾ ਹਿੱਸਾ ਨਾ ਬਣਨ ਦੀ ਗੱਲ ਕਰਦਿਆਂ ਅਤੇ ਪਾਕਿਸਤਾਨ ਖ਼ਿਲਾਫ਼ ਬੋਲਦਿਆਂ ਕਿਹਾ ,“ਅਸੀਂ ਦੇਸ਼ ਖ਼ਿਲਾਫ਼ ਨਹੀਂ ਹਾਂ ਤੇ ਅੱਤਵਾਦੀ ਨਹੀਂ ਹਾਂ। ਦੇਸ਼ ਖ਼ਿਲਾਫ਼ ਅੱਜ ਤੱਕ ਕੋਈ ਕੰਮ ਨਹੀਂ ਕੀਤਾ। ਦੇਸ਼ ਦੇ ਕੰਮ ਜ਼ਰੂਰ ਆਵਾਂਗੇ।”
ਲਾਰੈਂਸ ਆਪਣੀ ਆਪਣੇ ਵਲੋਂ ਕੀਤੀਆਂ ਗਤੀਵਿਧੀਆਂ ਨੂੰ ਗ਼ੈਰਤ ਦੀ ਲੜਾਈ ਦੱਸਦਾ ਹੈ।
![ਸਿੱਧੂ ਮੂਸੇਵਾਲਾ](https://ichef.bbci.co.uk/news/raw/cpsprodpb/1367/live/579b7e00-c30e-11ed-95f8-0154daa64c44.jpg)
ਲਾਰੈਂਸ ਬਿਸ਼ਨੋਈ ਕੌਣ ਹੈ?
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ ਮੁਤਾਬਕ ਪੁਲਿਸ ਵੱਲੋਂ ਇੱਕ ਗੁਪਤ ਦਸਤਾਵੇਜ਼ ਤਿਆਰ ਕੀਤਾ ਗਿਆ ਜਿਸ ਦੀ ਇੱਕ ਕਾਪੀ ਬੀਬੀਸੀ ਪੰਜਾਬੀ ਕੋਲ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਪੰਜਾਬ ਦੇ ਅਬੋਹਰ ਨਾਲ ਸਬੰਧਤ ਹੈ।
ਲਾਰੈਂਸ ਬਿਸ਼ਨੋਈ ''''ਤੇ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲਿਆਂ ਦੇ ਇਲਜ਼ਾਮ ਹਨ।
ਬਿਸ਼ਨੋਈ ਖ਼ਿਲਾਫ਼ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਖੇ ਕਈ ਮਾਮਲੇ ਦਰਜ ਹਨ।
ਉਹ ਲਾਅ ਗਰੈਜੂਏਟ ਹੈ ਅਤੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪੂਰੀ ਕੀਤੀ ਹੈ। ਉਸ ਨੇ ਵਿਦਿਆਰਥੀ ਚੋਣਾਂ ਲੜੀਆਂ ਸਨ ਅਤੇ ਚੋਣਾਂ ਦੌਰਾਨ ਉਸ ਨੇ ਚੰਡੀਗੜ੍ਹ ਦੇ ਸੈਕਟਰ 11 ਵਿੱਚ ਇੱਕ ਉਦੇ ਵੜਿੰਗ ''''ਤੇ ਕਥਿਤ ਤੌਰ ਦੇ ਗੋਲੀ ਚਲਾ ਦਿੱਤੀ ਸੀ।
"ਇਸ ਤੋਂ ਬਾਅਦ ਉਹ ਫਿਰੌਤੀ, ਗੈਂਗ ਵਾਰ, ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਅਤੇ 2009 ਵਿੱਚ ਉਹ ਹਿਰਾਸਤ ਵਿੱਚੋਂ ਵੀ ਫ਼ਰਾਰ ਹੋ ਗਿਆ। ਕੁਝ ਸਮਾਂ ਉਹ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿੱਚ ਬੰਦ ਰਿਹਾ ਤੇ ਹੁਣ ਤਿਹਾੜ ਵਿਚ ਹੈ।"
ਅੱਗੇ ਲਿਖਿਆ ਗਿਆ ਹੈ ਕਿ ਉਹ ''''ਏ'''' ਸ਼੍ਰੇਣੀ ਦਾ ਗੈਂਗਸਟਰ ਹੈ, ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਸ਼੍ਰੇਣੀ ਬਣਾਈ ਹੋਈ ਹੈ ਤੇ ''''ਏ'''' ਸ਼੍ਰੇਣੀ ਦਾ ਮਤਲਬ ਹੈ ਕਿ ਜੋ ਜ਼ਿਆਦਾ ਸੰਗੀਨ ਅਪਰਾਧਾਂ ਵਿੱਚ ਕਥਿਤ ਤੌਰ ''''ਤੇ ਸ਼ਾਮਲ ਹਨ।
ਲਾਰੈਂਸ ਬਿਸ਼ਨੋਈ ਜੇਲ੍ਹਾਂ ਵਿਚੋਂ ਚਲਾਉਂਦਾ ਹੈ ਧੰਦਾ
"ਉਹ ਜੇਲ੍ਹਾਂ ''''ਚੋਂ ਕੰਮ ਕਰਦਾ ਰਿਹਾ ਹੈ। ਉਸ ਵੱਲੋਂ ਕੀਤੇ ਗਏ ਜੁਰਮ ਬਾਰੇ ਕਿਹਾ ਗਿਆ ਹੈ ਕਿ ਉਹ ਵਪਾਰੀਆਂ ਨੂੰ ਜਬਰੀ ਕਾਲਾਂ ਕਰਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਦਿੰਦਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।"
"ਉਹ ਉਨ੍ਹਾਂ ਗੈਂਗਸਟਰਾਂ ਵਿਚੋਂ ਹੈ, ਜੋ ਸੋਸ਼ਲ ਮੀਡੀਆ ''''ਤੇ ਸਰਗਰਮ ਹਨ।"
ਇਸ ਵਿੱਚ ਅੱਗੇ ਕਿਹਾ ਗਿਆ ਹੈ, "ਉਹ ਆਪਣੇ ਸਾਥੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਜੋ ਜਬਰਨ ਵਸੂਲੀ, ਕੰਟਰੈਕਟ ਕਿਲਿੰਗ ਅਤੇ ਹੋਰ ਅਪਰਾਧਾਂ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਅਪਰਾਧ ਕਰਨ ਲਈ ਦਿਸ਼ਾ ਨਿਰਦੇਸ਼ ਦਿੰਦੇ ਹਨ।"
ਉਸ ਦੇ ਖ਼ਿਲਾਫ਼ ਜ਼ਿਆਦਾਤਰ ਮਾਮਲੇ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਦਰਜ ਹਨ।ਗੈਂਗਸਟਰਾਂ ਵਿਰੁੱਧ ਪੁਲਿਸ ਕਾਰਵਾਈ ਨਾਲ ਨਜਿੱਠਣ ਵਾਲੇ ਸਾਬਕਾ ਪੁਲਿਸ ਅਧਿਕਾਰੀ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਉਭਾਰ ਦੇ ਦੋ ਮੁੱਖ ਕਾਰਨ ਹਨ।
ਉਨ੍ਹਾਂ ਨੇ ਦੱਸਿਆ, "ਇੱਕ ਤਾਂ ਸੋਸ਼ਲ ਮੀਡੀਆ ਜਿਸ ਰਾਹੀਂ ਉਹ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਕੰਮ ਕਰ ਰਿਹਾ ਹੈ, ਅਤੇ ਦੂਜਾ, ਉਸ ਦੇ ਖ਼ਿਲਾਫ਼ ਨਾਕਾਫ਼ੀ ਕਾਨੂੰਨੀ ਕਾਰਵਾਈ ਹੈ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)