ਅਮਰ ਸਿੰਘ ਚਮਕੀਲਾ: ਛੋਟੇ ਜਿਹੇ ਪਿੰਡ ਦਾ ਧਨੀ ਰਾਮ ਕਿਵੇਂ ‘ਚਮਕੀਲਾ’ ਬਣ ਕੇ ਗਾਇਕੀ ਦੇ ਅਰਸ਼ਾਂ ਤੱਕ ਪਹੁੰਚ ਗਿਆ

Sunday, Mar 12, 2023 - 11:31 AM (IST)

ਅਮਰ ਸਿੰਘ ਚਮਕੀਲਾ: ਛੋਟੇ ਜਿਹੇ ਪਿੰਡ ਦਾ ਧਨੀ ਰਾਮ ਕਿਵੇਂ ‘ਚਮਕੀਲਾ’ ਬਣ ਕੇ ਗਾਇਕੀ ਦੇ ਅਰਸ਼ਾਂ ਤੱਕ ਪਹੁੰਚ ਗਿਆ
ਅਮਰ ਸਿੰਘ ਚਮਕੀਲਾ
Puneet Barnala/bbc
ਅਮਰਜੋਤ ਤੇ ਚਮਕੀਲਾ ਦੀ ਜੋੜੀ ਨੇ ਥੋੜ੍ਹੇ ਹੀ ਸਮੇਂ ਵਿੱਚ ਬਹੁਤ ਜ਼ਿਆਦਾ ਨਾਮਣਾ ਖੱਟ ਲਿਆ ਸੀ

8 ਮਾਰਚ 1988 ਦਾ ਦਿਨ ਸੀ, ਜਲੰਧਰ ਦੇ ਪਿੰਡ ਮਹਿਸਮਪੁਰ ਦੇ ਇੱਕ ਐੱਨਆਰਆਈ ਦੇ ਘਰ ਵਿੱਚ ਵਿਆਹ ਸੀ, ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅਖਾੜਾ ਲਾਉਣ ਲਈ ਸੱਦਿਆ ਹੋਇਆ ਸੀ।

ਉਸੇ ਪਿੰਡ ਦੇ ਵਸਨੀਕ ਜੋਗਿੰਦਰ ਪਾਲ ਸਿੰਘ ਦੀ ਡਿਊਟੀ ਵਿਆਹ ਵਿੱਚ ਆਏ ਲੋਕਾਂ ਨੂੰ ਰੋਟੀ-ਪਾਣੀ ਛਕਾਉਣ ਦੀ ਸੀ। ਉਸ ਦਿਨ ਦਾ ਸਾਰਾ ਵਾਕਿਆ ਜੋਗਿੰਦਰ ਪਾਲ ਸਿੰਘ ਨੂੰ ਸਾਢੇ ਤਿੰਨ ਦਹਾਕਿਆਂ ਤੋਂ ਬਾਅਦ ਵੀ ਚੇਤੇ ਹੈ।

ਉਹ ਦੱਸਦੇ ਹਨ, “ਦੁਪਹਿਰ ਡੇਢ ਵਜੇ ਦਾ ਵਕਤ ਸੀ। ਅਮਰ ਸਿੰਘ ਚਮਕੀਲਾ ਬੈਠੇ ਹੋਏ ਸਨ, ਬੜ੍ਹੇ ਹਸਮੁੱਖ ਸੁਭਾਅ ਦੇ ਮਾਲਕ ਸਨ, ਮੈਂ ਉਨ੍ਹਾਂ ਲਈ ਲੰਗਰ ਲੈ ਕੇ ਆਇਆ। ਉਨ੍ਹਾਂ ਮੈਨੂੰ ਕਿਹਾ ਦਾਲ ਠੰਢੀ ਹੈ, ਮੈਂ ਲੰਗਰ ਲੈ ਕੇ ਵਾਪਸ ਮੁੜ ਗਿਆ, ਚਮਕੀਲਾ ਨੇ ਮੈਨੂੰ ਪਿੱਛੋਂ ਆ ਕੇ ਜੱਫ਼ੀ ਪਾ ਲਈ।”

“ਉਹ ਕਹਿੰਦੇ ਤੂੰ ਗੁੱਸਾ ਹੋ ਗਿਆ ਮੈਂ ਤਾਂ ਮਜ਼ਾਕ ਕਰਦਾ ਸੀ। ਚਮਕੀਲੇ ਨੇ ਉਸ ਵੇਲੇ ਆਪਣੀ ਸਾਥੀ ਕਲਾਕਾਰ ਅਮਰਜੋਤ ਨੂੰ ਉਠਾਇਆ ਜੋ ਉਸ ਵੇਲੇ ਲੰਬੇ ਪਏ ਸਨ।”

“ਉਨ੍ਹਾਂ ਨੇ ਅਮਰਜੋਤ ਨੂੰ ਕਿਹਾ, ‘ਅੱਗੇ ਅਸੀਂ ਆਪਣਾ ਪ੍ਰਸ਼ਾਦਾ ਛਕਦੇ ਸੀ ਅੱਜ ਅਸੀਂ ਲੰਗਰ ਦਾ ਪ੍ਰਸ਼ਾਦਾ ਛਕਣਾ ਹੈ।”

ਇਹ ਉਹ ਥਾਂ ਹੈ ਜਿੱਥੇ ਚਮਕੀਲਾ, ਅਮਰਜੋਤ ਕੌਰ ਤੇ ਉਨ੍ਹਾਂ ਦੇ ਸਾਥੀਆਂ ਦਾ ਕਤਲ ਕੀਤਾ ਗਿਆ ਸੀ
Pardeep Sharma/bbc
ਇਹ ਉਹ ਥਾਂ ਹੈ ਜਿੱਥੇ ਚਮਕੀਲਾ, ਅਮਰਜੋਤ ਕੌਰ ਤੇ ਉਨ੍ਹਾਂ ਦੇ ਸਾਥੀਆਂ ਦਾ ਕਤਲ ਕੀਤਾ ਗਿਆ ਸੀ

ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਦੀਪ ਸ਼ਰਮਾ ਨੂੰ ਜੋਗਿੰਦਰ ਪਾਲ ਸਿੰਘ ਅੱਗੇ ਦੱਸਦੇ ਹਨ, “ਫਿਰ ਉਹ ਅੰਬੈਸਡਰ ਗੱਡੀ ਵਿੱਚ ਸਵਾਰ ਹੋ ਗਏ, ਮੈਂ ਵੀ ਗੱਡੀ ਵਿੱਚ ਬਹਿਣਾ ਸੀ ਪਰ ਥਾਂ ਨਹੀਂ ਸੀ। ਉਹ ਗੱਡੀ ਵਿੱਚ ਬਹਿ ਕੇ ਅਖਾੜੇ ਵਾਲੀ ਥਾਂ ਵੱਲ ਤੁਰ ਪਏ। ਅਜੇ ਗੱਡੀ ਕੁਝ ਦੂਰ ਹੀ ਗਈ ਹੋਣੀ ਕਿ ਅਚਾਨਕ ਗੋਲੀਆਂ ਦੀ ਅਵਾਜ਼ ਆਈ।”

“ਅਸੀਂ ਉੱਥੇ ਪਹੁੰਚੇ ਤਾਂ ਭਾਣਾ ਵਾਪਰ ਚੁੱਕਿਆ ਸੀ, ਸਾਨੂੰ ਅਮਰ ਸਿੰਘ ਚਮਕੀਲਾ, ਅਮਨਜੋਤ ਕੌਰ, ਬਲਦੇਵ ਸਿੰਘ ਢੋਲਕੀ ਮਾਸਟਰ ਅਤੇ ਹਰਜੀਤ ਸਿੰਘ ਗਿੱਲ ਦੀਆਂ ਲਾਸ਼ਾਂ ਪਈਆਂ ਹੋਈਆਂ ਮਿਲੀਆਂ ਸਨ।”

ਸੁਰਿੰਦਰ ਛਿੰਦਾ ਨੂੰ ਵੀ ਉਹ ਦਿਨ ਚੇਤੇ ਹੈ

ਅਮਰ ਸਿੰਘ ਚਮਕੀਲਾ ਦੇ ਉਸਤਾਦ ਤੇ ਉਨ੍ਹਾਂ ਨੂੰ ਗਾਇਕੀ ਵੱਲ ਲੈ ਕੇ ਆਉਣ ਵਾਲੇ ਸੁਰਿੰਦਰ ਛਿੰਦਾ ਨੂੰ ਵੀ 8 ਮਾਰਚ 1988 ਦਾ ਦਿਨ ਯਾਦ ਹੈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, “ਉਸ ਵੇਲੇ ਬੀਤੇ ਕੁਝ ਮਹੀਨਿਆਂ ਤੋਂ ਮੇਰੀ ਲੱਤ ਫੱਟੜ ਸੀ ਤੇ 8 ਮਾਰਚ 1988 ਨੂੰ ਮੇਰਾ ਸਿਰਸਾ ਵਿੱਚ ਅਖਾੜਾ ਸੀ। ਅਸੀਂ ਉੱਥੋਂ ਵਾਪਸ ਆ ਰਹੇ ਸੀ। ਉਸ ਵੇਲੇ ਸਾਨੂੰ ਪੁਲਿਸ ਨਾਕੇ ਉੱਤੇ ਰੋਕਿਆ ਗਿਆ ਤੇ ਕਾਫੀ ਤਲਾਸ਼ੀ ਲਈ ਜਾ ਰਹੀ ਸੀ।”

“ਅਸੀਂ ਪੁਲਿਸ ਵਾਲਿਆਂ ਨੂੰ ਪੁੱਛਿਆ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਸੇ ਕਲਾਕਾਰ ਦਾ ਕਤਲ ਕਰ ਦਿੱਤਾ ਗਿਆ ਹੈ।”

“ਫਿਰ ਜਦੋਂ ਅਸੀਂ ਘਰ ਪਰਤੇ ਅਤੇ ਜਲੰਧਰ ਦੂਰਦਰਸ਼ਨ ਤੋਂ ਸਾਨੂੰ ਪਤਾ ਲੱਗਿਆ ਕਿ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ।”

ਮਹਿਸਮਪੁਰ
BBC/PARDEEP SHARMA
ਜਲੰਧਰ ਦੇ ਮਹਿਸਮਪੁਰ ਵਿੱਚ ਚਮਕੀਲਾ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ

ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੇ ਕਤਲ ਨਾਲ ਜੁੜੇ ਕਈ ਦਾਅਵੇ ਅਤੇ ਕਈ ਕਹਾਣੀਆਂ ਹਨ।

ਕਤਲ ਕਰਨ ਵਾਲੇ ਕੌਣ ਸਨ ਤੇ ਕਤਲ ਕਰਨ ਦੀ ਵਜ੍ਹਾ ਕੀ ਸੀ ਇਸ ਬਾਰੇ ਅੱਜ ਵੀ ਪਤਾ ਨਹੀਂ ਲੱਗਾ ਹੈ।

ਅੱਜ ਵੀ ਪੰਜਾਬ ਵਿੱਚ ਅਮਰ ਸਿੰਘ ਚਮਕੀਲਾ ਦੇ ਗਾਣੇ ਸੁਣਨ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ।

ਉਹ ਵੱਖ ਗੱਲ ਹੈ ਕਿ ਚਮਕੀਲਾ ਦੇ ਗਾਣਿਆਂ ਨੂੰ ਇੱਕ ਤਬਕਾ ‘ਅਸ਼ਲੀਲ’ ਕਰਾਰ ਦੇ ਕੇ ਉਨ੍ਹਾਂ ਦੀ ਆਲੋਚਨਾ ਕਰਦਾ ਹੈ।

ਇਸ ਆਲੋਚਨਾ ਦੇ ਜਵਾਬ ਵਿੱਚ ਅਮਰ ਸਿੰਘ ਚਮਕੀਲਾ ਦੇ ਫੈਨ ਉਨ੍ਹਾਂ ਵੱਲੋਂ ਗਾਏ ਧਾਰਮਿਕ ਗਾਣੇ, ‘ਸਰਹੰਦ ਦੀ ਦੀਵਾਰ’, ਤੇ ‘ਬਾਬਾ ਤੇਰਾ ਨਨਕਾਣਾ’ ਗਿਣਵਾਉਂਦੇ ਹਨ।

ਇਸ ਰਿਪੋਰਟ ਦਾ ਵਿਸ਼ਾ ਇਸ ਮੁੱਦੇ ਉੱਤੇ ਬਹਿਸ ਕਰਨਾ ਨਹੀਂ ਹੈ। ਸਗੋਂ ਅਮਰ ਸਿੰਘ ਚਮਕੀਲਾ ਦੀ ਹਸਤੀ ਬਾਰੇ ਵਿਸਥਾਰ ਨਾਲ ਦੱਸਣਾ ਹੈ ਜਿਸ ਨੇ ਜ਼ਿੰਦਗੀ ਦੇ ਥੋੜ੍ਹੇ ਸਮੇਂ ਵਿੱਚ ਗਾਇਕੀ ਵਿੱਚ ਅਜਿਹੀ ਪ੍ਰਸਿੱਧੀ ਹਾਸਲ ਕਰ ਲਈ ਕਿ ਉਨ੍ਹਾਂ ਦੇ ਗਾਣੇ ਅੱਜ ਵੀ ਚਰਚਾ ਦਾ ਵਿਸ਼ਾ ਹਨ।

ਗਰੀਬੀ ’ਚ ਜੰਮੇ ਸੀ ਚਮਕੀਲਾ

ਇਸੇ ਥਾਂ ਉੱਤੇ ਅਮਰ ਸਿੰਘ ਚਮਕੀਲਾ ਨੇ ਆਖਰੀ ਵਾਰ ਆਪਣੇ ਸਾਥੀਆਂ ਦੇ ਨਾਲ ਰੋਟੀ ਖਾਦੀ ਸੀ
Pardeep Sharma/BBC
ਮਹਿਸਮਪੁਰ ਇਸੇ ਥਾਂ ਉੱਤੇ ਅਮਰ ਸਿੰਘ ਚਮਕੀਲਾ ਨੇ ਆਖਰੀ ਵਾਰ ਆਪਣੇ ਸਾਥੀਆਂ ਦੇ ਨਾਲ ਰੋਟੀ ਖਾਧੀ ਸੀ

ਅਮਰ ਸਿੰਘ ਚਮਕੀਲਾ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਡੁੱਗਰੀ ਵਿੱਚ 1960ਵਿਆਂ ਵਿੱਚ ਹੋਇਆ ਸੀ।

ਅਮਰ ਸਿੰਘ ਚਮਕੀਲਾ ਦਾ ਅਸਲ ਨਾਂ ਧਨੀ ਰਾਮ ਸੀ।

ਆਰਥਿਕ ਹਾਲਤ ਪਤਲੀ ਹੋਣ ਕਾਰਨ ਪਰਿਵਾਰਕ ਜ਼ਿੰਮੇਵਾਰੀਆਂ ਦੀ ਪੰਡ ਨੌਜਵਾਨ ਧਨੀ ਰਾਮ ਦੇ ਸਿਰ ਉੱਤੇ ਛੇਤੀ ਹੀ ਪੈ ਗਈ।

ਉਨ੍ਹਾਂ ਨੇ ਲੁਧਿਆਣਾ ਦੀ ਹੌਜ਼ਰੀ ਫੈਕਟਰੀ ਵਿੱਚ ਕੰਮ ਲੱਭ ਲਿਆ ਤੇ ਉੱਥੋਂ ਰੋਜ਼ੀ-ਰੋਟੀ ਕਮਾਉਣ ਲੱਗੇ।

ਪਰਿਵਾਰ ਵਾਲਿਆਂ ਮੁਤਾਬਕ ਅਮਰ ਸਿੰਘ ਚਮਕੀਲਾ ਨੂੰ ਗੀਤ ਲਿਖਣ ਦਾ ਕਾਫੀ ਸ਼ੌਕ ਸੀ ਪਰ ਇਸ ਸ਼ੌਕ ਨੂੰ ਸ਼ਾਇਦ ਕਿਸੇ ਮੌਕੇ ਦਾ ਇੰਤਜ਼ਾਰ ਸੀ।

ਅਮਰ ਸਿੰਘ ਚਮਕੀਲਾ ਦੀ ਸੁਰਿੰਦਰ ਛਿੰਦਾ ਨਾਲ ਪਹਿਲੀ ਮੁਲਾਕਾਤ

ਸੁਰਿੰਦਰ ਛਿੰਦਾ
Gurminder Singh Grewal/BBC
ਸੁਰਿੰਦਰ ਛਿੰਦਾ ਕਹਿੰਦੇ ਹਨ ਕਿ ਅਮਰ ਸਿੰਘ ਚਮਕੀਲਾ ਇੱਕ ਪੁੱਤ ਬਣ ਕੇ ਉਨ੍ਹਾਂ ਦਾ ਸ਼ਾਗਿਰਦ ਬਣਿਆ ਤੇ ਫਿਰ ਉਸ ਨੇ ਸਿੱਖਿਆ

ਜਦੋਂ ਧਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਫੈਕਟਰੀਆਂ ਵਿੱਚ ਦਿਹਾੜੀਆਂ ਕਰ ਰਹੇ ਸੀ, ਉਸ ਵੇਲੇ ਸੁਰਿੰਦਰ ਛਿੰਦਾ ਨੇ ਗਾਇਕੀ ਵਿੱਚ ਆਪਣਾ ਚੰਗਾ ਨਾਂ ਕਮਾ ਲਿਆ ਸੀ।

ਸੁਰਿੰਦਰ ਛਿੰਦਾ ਚਮਕੀਲਾ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਇੰਝ ਦੱਸਦੇ ਹਨ, “ਮੈਂ ਆਪਣੇ ਇੱਕ ਦੋਸਤ ਨਾਲ ਮੋਗਾ ਵਿੱਚ ਬੈਠਾ ਸੀ ਉੱਥੇ ਉਸੇ ਵੇਲੇ ਢੋਲਕ ਮਾਸਟਰ ਵਜੋਂ ਕੰਮ ਕਰਦੇ ਕੇਸਰ ਸਿੰਘ ਟਿੱਕੀ ਮੇਰੇ ਕੋਲ ਆਏ।”

“ਉਹ ਕਹਿੰਦੇ ਇੱਕ ਮੁੰਡਾ ਹੈ, ਜਿਸ ਦਾ ਨਾਮ ਹੈ ਧਨੀ ਰਾਮ ਡੁੱਗਰੀ ਵਾਲਾ, ਉਹ ਗੀਤ ਬਹੁਤ ਸੋਹਣੇ ਲਿਖਦਾ ਹੈ, ਤੁਸੀਂ ਇੱਕ ਵਾਰ ਸੁਣ ਲਓ। ਪਹਿਲਾਂ ਮੈਂ ਨਾ-ਨੁਕਰ ਕੀਤੀ ਪਰ ਫਿਰ ਮਿਲਣ ਲਈ ਤਿਆਰ ਹੋ ਗਿਆ।”

“ਮੈਂ ਵੇਖਿਆ ਸਾਹਮਣੇ ਇੱਕ ਹਲਕੀ ਦਾੜ੍ਹੀ ਵਾਲੇ ਮੁੰਡੇ ਨੇ ਪੱਗ ਬੰਨੀ ਹੋਈ ਹੈ ਤੇ ਆਪਣਾ ਸਾਇਕਲ ਉਸ ਨੇ ਬਾਹਰ ਖੜ੍ਹਾ ਕੀਤਾ ਹੋਇਆ ਸੀ, ਉਸ ਉੱਤੇ ਦਰੀ ਵਾਲਾ ਝੋਲਾ ਟੰਗਿਆ ਹੋਇਆ ਸੀ।”

“ਅਸੀਂ ਉਸ ਨੂੰ ਰੋਟੀ ਬਾਰੇ ਪੁੱਛਿਆ ਤਾਂ ਕਹਿੰਦਾ ਮੇਰੇ ਕੋਲ ਸਭ ਕੁਝ ਹੈ, ਮੇਰੀ ਰੋਟੀ ਝੋਲੇ ਵਿੱਚ ਹੈ। ਉਹ ਇੱਕ ਬਿਲਕੁੱਲ ਪੇਂਡੂ ਸਟਾਈਲ ਦਾ ਮੁੰਡਾ ਸੀ। ਉਸ ਦਿਨ ਜ਼ਿਆਦਾ ਗੱਲਬਾਤ ਤਾਂ ਨਹੀਂ ਹੋਈ ਪਰ ਹਾਂ ਮੈਂ ਉਸ ਨੂੰ ਪੁੱਛਿਆ ਕਿ ਤੂੰ ਕੀ ਕਰਦਾ ਹੈ, ਤਾਂ ਉਸ ਨੇ ਕਿਹਾ ਕਿ ਮੈਨੂੰ ਗੀਤ ਲਿਖਣ ਦਾ ਸ਼ੌਕ ਹੈ।”

ਕਿਵੇਂ ਧਨੀ ਰਾਮ ਬਣਿਆ ‘ਚਮਕੀਲਾ’?

ਅਮਰ ਸਿੰਘ ਚਮਕੀਲਾ
PUNEET BARNALA/BBC

ਡੁੱਗਰੀ ਦੇ ਧਨੀ ਰਾਮ ਨੂੰ ਚਮਕੀਲਾ ਬਣਾਉਣ ਵਾਲੇ ਵੀ ਸੁਰਿੰਦਰ ਛਿੰਦਾ ਹੀ ਹਨ।

ਉਹ ਇਸ ਬਾਰੇ ਕਿੱਸਾ ਦੱਸਦੇ ਹੋਏ ਕਹਿੰਦੇ ਹਨ, “ਚੰਡੀਗੜ੍ਹ ਦੇ ਬੁੜੈਲ ਵਿੱਚ ਰਾਮਲੀਲਾ ਮੌਕੇ ਸਾਡੀ ਬੁਕਿੰਗ ਸੀ। ਉੱਥੇ ਚਮਕੀਲਾ ਸਾਡੇ ਨਾਲ ਹੈਲਪਰ ਵਜੋਂ ਸੀ।”

“ਉੱਥੇ ਚਮਕੀਲਾ ਨੇ ਸਾਡੀ ਬੜੀ ਸੇਵਾ ਕੀਤੀ ਅਤੇ ਸੇਵਾ ਤੋਂ ਖੁਸ਼ ਹੋ ਕੇ ਮੈਂ ਤੇ ਮੇਰੇ ਸਾਥੀਆਂ ਨੇ ਉਸ ਦਾ ਨਾਂ ਉੱਥੇ ਰੱਖਿਆ, ‘ਅਮਰ ਸਿੰਘ ਚਮਕੀਲਾ’।”

“ਸਾਨੂੰ ਉਸ ਵੇਲੇ ਹੀ ਮਹਿਸੂਸ ਹੋਇਆ ਸੀ ਕਿ ਇਹ ਮੁੰਡਾ ਕੁਝ ਕਰੇਗਾ। ਅਸੀਂ ਕਿਹਾ ਰੰਗੀਲੇ ਤਾਂ ਕਾਫੀ ਹਨ ਇਹ ਜ਼ਰੂਰ ਚਮਕੇਗਾ, ਤਾਂ ਅਸੀਂ ਧਨੀ ਰਾਮ ਦਾ ਨਾਂ ਰੱਖਿਆ ਅਮਰ ਸਿੰਘ ਚਮਕੀਲਾ।”

ਪਹਿਲਾ ਗੀਤ ਮਿਲਣ ਦਾ ਕਿੱਸਾ ਵੀ ਦਿਲਚਸਪ ਹੈ

ਸੁਰਿੰਦਰ ਛਿੰਦਾ ਦੱਸਦੇ ਹਨ ਕਿ ਇੱਕ ਵਾਰ ਉਹ ਰਾਜਸਥਾਨ ਵੱਲ ਜਾ ਰਹੇ ਸਨ ਤਾਂ ਸਾਥੀਆਂ ਨੇ ਕਿਹਾ ਕਿ ਚਮਕੀਲੇ ਦਾ ਗਾਣਾ ਸੁਣ ਲਓ ਤਾਂ ਚਮਕੀਲੇ ਨੇ ਗੀਤ ਸੁਣਾਇਆ, ‘ਮੈਂ ਡਿੱਗੀ ਤਿਲਕ ਕੇ’

ਛਿੰਦਾ ਕਹਿੰਦੇ ਹਨ, “ਇਹ ਗੀਤ ਮੈਨੂੰ ਕਾਫੀ ਹੌਟ ਲਗਿਆ ਤਾਂ ਚਮਕੀਲਾ ਨੇ ਕਿਹਾ ਕਿ ਤੁਸੀਂ ਇਹ ਗੀਤ ਗਾਓ, ਵੇਖਣਾ ਇਸ ਨੇ ਧਮਾਲਾਂ ਪਾ ਦੇਣੀਆਂ ਹਨ।”

“ਮੈਂ ਇਹ ਗੀਤ ਗਾਇਆ ਤੇ ਚਮਕੀਲੇ ਦਾ ਲਿਖਿਆ ਪਹਿਲਾ ਹੀ ਗੀਤ ਸੁਪਰ ਹਿੱਟ ਹੋ ਗਿਆ।”

ਸੁਰਿੰਦਰ ਛਿੰਦਾ ਕਹਿੰਦੇ ਹਨ ਕਿ ਮੈਂ ਇਸ ਮਗਰੋਂ ਚਮਕੀਲੇ ਦੇ ਲਿਖੇ ਕਈ ਗੀਤ ਗਾਏ।

ਉਨ੍ਹਾਂ ਨੇ ਜਦੋਂ ਚਮਕੀਲੇ ਨੂੰ ਗਾਉਂਦੇ ਸੁਣਿਆ ਤਾਂ ਉਨ੍ਹਾਂ ਨੂੰ ਰਿਆਜ਼ ਦੀ ਕਮੀ ਲੱਗੀ। ਫਿਰ ਉਨ੍ਹਾਂ ਨੇ ਖੁਦ ਅਮਰ ਸਿੰਘ ਚਮਕੀਲਾ ਨੂੰ ਹਾਰਮੋਨੀਅਮ ਸਿਖਾਇਆ, ਸਰਗਮਾਂ ਸਿਖਾਈਆਂ ਸਨ।

ਚਮਕੀਲਾ
BBC/PUNEET BARNALA

ਸੁਰਿੰਦਰ ਛਿੰਦਾ ਦਾ ਅਖਾੜਾ ਜਦੋਂ ਵੀ ਲਗਦਾ ਸੀ ਤਾਂ ਸਟੇਜ ਨੂੰ ਲਗਾਉਣ ਦੀ ਜ਼ਿੰਮੇਵਾਰੀ ਚਮਕੀਲਾ ਦੀ ਹੀ ਹੁੰਦੀ ਸੀ। ਦਰੀਆਂ ਵਿਛਾਉਣ ਤੋਂ ਸਪੀਕਰ ਲਗਾਉਣ ਤੱਕ ਦਾ ਸਾਰਾ ਕੰਮ ਚਮਕੀਲਾ ਦੇ ਹੱਥ ਹੁੰਦਾ ਸੀ।

ਅਖਾੜੇ ਦੀ ਸ਼ੁਰੂਆਤ ਵਿੱਚ ਪਹਿਲਾ ਗੀਤ ਅਮਰ ਸਿੰਘ ਚਮਕੀਲਾ ਗਾਉਂਦਾ ਸੀ ਤੇ ਫਿਰ ਸੁਰਿੰਦਰ ਛਿੰਦਾ ਅਖਾੜੇ ਨੂੰ ਸਾਂਭਦੇ ਸੀ।

ਇੱਕ ਵਾਰ ਸੁਰਿੰਦਰ ਛਿੰਦਾ ਸਾਲ 1977-78 ਵਿੱਚ ਕੈਨੇਡਾ ਗਏ ਹੋਏ ਸੀ। ਭਾਰਤ ਵਿੱਚ ਉਨ੍ਹਾਂ ਦੀ ਐੱਚਐੱਮਵੀ ਕੰਪਨੀ ਲਈ ਰਿਕਾਰਡਿੰਗ ਸੀ, ਜਿਸ ਦੀ ਕੰਪਨੀ ਨੇ ਪੂਰੀ ਤਿਆਰੀ ਕਰ ਲਈ ਸੀ।

ਸੁਰਿੰਦਰ ਛਿੰਦਾ ਦੱਸਦੇ ਹਨ ਕਿ ਕੈਨੇਡਾ ਤੋਂ ਉਨ੍ਹਾਂ ਦਾ ਆਉਣਾ ਸੰਭਵ ਨਹੀਂ ਸੀ ਤੇ ਕੰਪਨੀ ਨੂੰ ਰਿਕਾਰਡ ਕਰਨ ਦੀ ਕਾਹਲੀ ਸੀ। ਕੰਪਨੀ ਨੂੰ ਸੁਝਾਅ ਦਿੱਤਾ ਗਿਆ ਕਿ ਗੀਤ ਚਮਕੀਲੇ ਨੇ ਹੀ ਲਿਖੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਮੌਕਾ ਦਿਓ।

“ਕੰਪਨੀ ਨੇ ਚਮਕੀਲੇ ਨੂੰ ਗਾਉਂਦੇ ਹੋਏ ਸੁਣਿਆ ਤੇ ਉਨ੍ਹਾਂ ਨੂੰ ਪਸੰਦ ਆਇਆ ਤੇ ਇੰਝ ਚਮਕੀਲੇ ਦੀ ਪਹਿਲੀ ਕੈਸਟ ਰਿਕਾਰਡ ਹੋਈ।”

ਅਮਰਜੋਤ ਤੇ ਚਮਕੀਲਾ
Gurminder Grewal/bbc

ਅਮਰਜੋਤ ਨਾਲ ਜੋੜੀ ਹੋਈ ਹਿੱਟ

ਅਮਰ ਸਿੰਘ ਚਮਕੀਲਾ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਵਿੱਚ ਵੱਖ-ਵੱਖ ਕੁੜੀਆਂ ਨਾਲ ਜੋੜੀਆਂ ਬਣਾਈਆਂ ਪਰ ਅਮਰਜੋਤ ਨਾਲ ਉਨ੍ਹਾਂ ਦੀ ਜੋੜੀ ਕਾਫੀ ਹਿੱਟ ਹੋਈ।

ਸੁਰਿੰਦਰ ਛਿੰਦਾ ਦੱਸਦੇ ਹਨ, “ਚਮਕੀਲੇ ਨੂੰ ਸਟੇਜ ਸਾਥਣ ਦੀ ਲੋੜ ਸੀ ਤੇ ਅਮਰਜੋਤ ਜੋ ਫਰੀਦਕੋਟ ਦੇ ਰਹਿਣ ਵਾਲੇ ਸਨ ਉਨ੍ਹਾਂ ਨਾਲ ਚਮਕੀਲੇ ਨੂੰ ਮਿਲਵਾਇਆ ਗਿਆ। ਹੌਲੀ-ਹੌਲੀ ਅਮਰਜੋਤ ਚਮਕੀਲੇ ਨਾਲ ਜਾਣਾ ਸ਼ੁਰੂ ਹੋ ਗਏ ਤੇ ਦੋਵਾਂ ਦੀ ਟਿਊਨਿੰਗ ਸੈੱਟ ਹੋ ਗਈ।”

“ਚਮਕੀਲਾ ਤੇ ਅਮਰਜੋਤ ਦੀ ਜੋੜੀ ਨੇ ਚਾਰੇ ਪਾਸੇ ਧਮਾਲਾਂ ਹੀ ਪਾ ਛੱਡੀਆਂ।”

ਛਿੰਦਾ ਕਹਿੰਦੇ ਹਨ, “ਮੈਨੂੰ ਅੱਜ ਵੀ ਯਾਦ ਕਿ ਜਦੋਂ ਜੋੜੀ ਕਾਫੀ ਹਿੱਟ ਹੋਈ ਗਈ ਤਾਂ ਚਮਕੀਲੇ ਨੇ ਮੇਰੇ ਕੋਲ ਇੱਕ ਲੱਡੂਆਂ ਦਾ ਡੱਬਾ, ਸ਼ਰਾਬ ਦੀ ਬੋਤਲ ਲੈ ਕੇ ਆਇਆ ਅਤੇ ਪੰਜ ਸੌ ਰੁਪਏ ਦਾ ਮੱਥਾ ਵੀ ਟੇਕਿਆ। ਚਮਕੀਲੇ ਨੇ ਮੈਨੂੰ ਕਿਹਾ ਗੁਰੂ ਜੀ ਮੈਨੂੰ ਖੁਸ਼ੀ ਹੈ ਕਿ ਮੈਂ ਵੀ ਹਿੱਟ ਹਾਂ ਅਤੇ ਮੇਰੇ ਗੁਰੂ ਵੀ ਹਿੱਟ ਹਨ।”

ਚਮਕੀਲਾ ਅਤੇ ਅਮਰਜੋਤ ਨੇ ਕਈ ਹਿੱਟ ਗਾਣੇ ਦਿੱਤੇ। ਇਨ੍ਹਾਂ ਵਿੱਚ ''''ਪਹਿਲੇ ਲਲਕਾਰੇ ਨਾਲ'''','''' ਟਕੁਏ ਤੇ ਟਕੁਆ'''' ਅੱਜ ਵੀ ਗਣਗੁਣਾਏ ਜਾਂਦੇ ਹਨ।

ਕਤਲ ਕੇਸ ਦਾ ਕੀ ਬਣਿਆ?

ਅਮਰ ਸਿੰਘ ਚਮਕੀਲਾ
Gurminder SIngh/BBC

8 ਮਾਰਚ 1988 ਨੂੰ ਜਲੰਧਰ ਦੇ ਮਹਿਸਮਪੁਰ ਵਿੱਚ ਅਮਰ ਸਿੰਘ ਚਮਕੀਲਾ, ਅਮਰਜੋਤ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਤਲ ਦੀ ਚਰਚਾ ਹੁਣ ਵੀ ਹੁੰਦੀ ਹੈ।

ਪੁਲਿਸ ਉਨ੍ਹਾਂ ਦੇ ਕੇਸ ਦੀ ਤਫ਼ਤੀਸ਼ ਨੂੰ ਬੰਦ ਕਰ ਚੁੱਕੀ ਹੈ। ਡੀਐੱਸਪੀ ਹਰਜਿੰਦਰ ਸਿੰਘ ਨੇ ਦੱਸਿਆ, “ਇਸ ਕਤਲ ਦੀ ਵਾਰਦਾਤ ਬਾਰੇ ਥਾਣਾ ਨੂਰਮਹਿਲ ਵਿੱਚ ਚਮਕੀਲੇ ਦੇ ਡਰਾਇਵਰ ਦੇ ਬਿਆਨਾਂ ਉੱਤੇ ਮਾਮਲਾ ਦਰਜ ਹੋਇਆ ਸੀ। ਤਫ਼ਤੀਸ਼ ਦੌਰਾਨ ਤਿੰਨ ਸ਼ੱਕੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ।”

“ਤਿੰਨੇ ਮੁਲਜ਼ਮਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਕਰ ਦਿੱਤਾ ਸੀ। ਇਹ ਤਿੰਨੇ ਮੁਲਜ਼ਮ ਵੱਖ-ਵੱਖ ਥਾਂਵਾਂ ਅਤੇ ਵੱਖ-ਵੱਖ ਸਮਿਆਂ ਉੱਤੇ ਪੁਲਿਸ ਦੇ ਮੁਕਾਬਲਿਆਂ ਵਿੱਚ ਮਾਰੇ ਜਾ ਚੁੱਕੇ ਹਨ। ਅਦਾਲਤ ਵੱਲੋਂ ਇਸ ਕੇਸ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ।”

‘ਅਮਰ ਸਿੰਘ ਚਮਕੀਲਾ ਦਾ ਕਤਲ ਬਹੁਤ ਵੱਡਾ ਘਾਟਾ ਸੀ’

ਲੁਧਿਆਣਾ ਦੇ ਪਿੰਡ ਦੁੱਗਰੀ ਵਿੱਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਯਾਦ ਵਿੱਚ ਉਨ੍ਹਾਂ ਦੀ ਸਮਾਧ ਬਣੀ ਹੋਈ ਹੈ
Gurminder Singh Grewal/bbc
ਲੁਧਿਆਣਾ ਦੇ ਡੁੱਗਰੀ ਵਿੱਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਯਾਦ ਵਿੱਚ ਉਨ੍ਹਾਂ ਦੀ ਸਮਾਧ ਬਣੀ ਹੋਈ ਹੈ

ਅਚਾਨਕ ਹੋਈ ਇਸ ਕਤਲ ਦੀ ਵਾਰਦਾਤ ਕਾਰਨ ਅਮਰ ਸਿੰਘ ਚਮਕੀਲਾ ਦੇ ਪਰਿਵਾਰ ਉੱਤੇ ਮੁਸ਼ਕਲਾਂ ਦਾ ਪਹਾੜ ਟੁੱਟ ਗਿਆ ਸੀ।

ਉਸ ਔਖੇ ਵੇਲੇ ਨੂੰ ਯਾਦ ਕਰਦੇ ਹੋਏ ਚਮਕੀਲਾ ਦੀ ਧੀ ਅਮਨਦੀਪ ਕੌਰ ਕਹਿੰਦੇ ਹਨ ਕਿ ਵਾਰਦਾਤ ਨੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਸੀ।

ਉਹ ਕਹਿੰਦੇ ਹਨ, “ਮੇਰੇ ਦਾਦੇ ਅਤੇ ਚਾਚੇ ਉੱਤੇ ਇਸ ਘਟਨਾ ਦਾ ਬੇਹੱਦ ਮਾੜਾ ਅਸਰ ਪਿਆ। ਉਹ ਪੂਰੇ ਤਰੀਕੇ ਨਾਲ ਸਦਮੇ ਵਿੱਚ ਚਲੇ ਗਏ ਸਨ।”

“ਮੈਂ ਤਾਂ ਕਾਫੀ ਛੋਟੀ ਸੀ ਪਰ ਹਾਂ ਇੰਨਾ ਪਤਾ ਹੈ ਕਿ ਰਿਸ਼ਤੇਦਾਰਾਂ ਨੇ ਡਰ ਦੇ ਕਾਰਨ ਸਾਡੇ ਘਰ ਆਉਣਾ ਛੱਡ ਦਿੱਤਾ ਸੀ। ਅਸੀਂ ਬੜਾ ਮੁਸ਼ਕਲ ਸਮਾਂ ਵੇਖਿਆ ਸੀ।”

ਪਰਿਵਾਰ ਵੱਲੋਂ ਅਮਰ ਸਿੰਘ ਚਮਕੀਲਾ ਦੀ ਯਾਦ ਵਿੱਚ ਸਮਾਧ ਵੀ ਬਣਾਈ ਗਈ ਹੈ। ਹਰ ਸਾਲ ਉਨ੍ਹਾਂ ਦੀ ਬਰਸੀ ਮੌਕੇ ਉੱਥੇ ਮੇਲਾ ਵੀ ਲਗਾਇਆ ਜਾਂਦਾ ਹੈ।

ਚਮਕੀਲਾ
BBC/Puneet Barnala

ਅਮਨਪ੍ਰੀਤ ਮੁਤਾਬਕ ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਨ੍ਹਾਂ ਦੀ ਯਾਦ ਵਿੱਚ ਪੰਜਾਬ ਵਿੱਚ ਕੋਈ ਥਾਂ ਨਹੀਂ ਬਣਾਈ ਗਈ ਹੈ।

ਉਹ ਕਹਿੰਦੇ, “ਅਸੀਂ ਤਾਂ ਕਹਿੰਦੇ ਹਾਂ ਕਿ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ ਹੈ। ਸਾਡੇ ਪਰਿਵਾਰ ਨਾਲ ਬੇਹੱਦ ਬੁਰਾ ਹੋਇਆ ਹੈ। ਸਾਨੂੰ ਇਸ ਗੱਲ ਦਾ ਮਲਾਲ ਹੈ ਕਿ ਉਨ੍ਹਾਂ ਦੀ ਯਾਦ ਵਿੱਚ ਕੋਈ ਸਥਾਨ ਨਹੀਂ ਬਣਿਆ ਹੈ।”

ਅਮਰ ਸਿੰਘ ਚਮਕੀਲਾ ਦੀ ਗਾਇਕੀ ਬਾਰੇ ਬੋਲਦੇ ਹੋਏ ਉਨ੍ਹਾਂ ਦੀ ਧੀ ਅਮਨਦੀਪ ਨੇ ਕਿਹਾ, “ਉਨ੍ਹਾਂ ਦੀ ਗਾਇਕੀ ’ਤੇ ਇੱਕ ਲੇਬਲ ਲਗਾ ਦਿੱਤਾ ਗਿਆ। ਜੋ ਲੋਕ ਸੁਣਦੇ ਸੀ ਕਿ ਉਹ ਉਸੇ ਤਰੀਕੇ ਦੇ ਗੀਤ ਹੀ ਗਾਉਂਦੇ ਸੀ। ਉਸ ਵੇਲੇ ਕਈ ਕਲਾਕਾਰ ਅਜਿਹੇ ਗੀਤ ਗਾਉਂਦੇ ਸੀ।”

ਸੁਰਿੰਦਰ ਛਿੰਦਾ ਕਹਿੰਦੇ ਹਨ ਕਿ ਅਮਰ ਸਿੰਘ ਚਮਲਕੀਲਾ ਦਾ ਕਸੂਰ ਨਹੀਂ ਸੀ ਸਗੋਂ ਉਹ ਧਾਰਮਿਕ ਜਾਂ ਜੋਸ਼ੀਲੇ ਗੀਤ ਗਾਉਣਾ ਚਾਹੁੰਦਾ ਸੀ ਪਰ ਸਰੋਤੇ ਵਾਰ-ਵਾਰ ਘੁੰਮ-ਘੁੰਮਾਂ ਕੇ ਉਸੇ ਤਰੀਕੇ ਦੇ ਗੀਤ ਉਨ੍ਹਾਂ ਤੋਂ ਸੁਣਨਾ ਚਾਹੁੰਦੇ ਸੀ।

ਸੁਰਿੰਦਰ ਛਿੰਦਾ ਚਮਕੀਲੇ ਤੇ ਕਤਲ ਬਾਰੇ ਕਹਿੰਦੇ ਹਨ, “ਇਹ ਮੰਦਭਾਗੀ ਘਟਨਾ ਹੀ ਨਹੀਂ ਸੀ, ਇਹ ਵੱਡਾ ਘਾਟਾ ਹੋਇਆ ਹੈ। ਚਮਕੀਲਾ ਆਪਣੇ ਗੀਤਾਂ ਦੇ ਕਿੱਲੇ ਗੱਡ ਕੇ, ਥੰਮ ਗੱਡ ਕੇ ਇਸ਼ ਜਹਾਨ ਤੋਂ ਚਲਾ ਗਿਆ।”

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News