ਚੀਨ ਵਿੱਚ ਅਰਬਪਤੀ ਕਿਉਂ ਗਾਇਬ ਹੋ ਰਹੇ ਹਨ, ਸਰਕਾਰ ਇਸ ਬਾਰੇ ਕੀ ਕਹਿੰਦੀ ਹੈ

Saturday, Mar 11, 2023 - 07:01 PM (IST)

ਚੀਨ ਵਿੱਚ ਅਰਬਪਤੀ ਕਿਉਂ ਗਾਇਬ ਹੋ ਰਹੇ ਹਨ, ਸਰਕਾਰ ਇਸ ਬਾਰੇ ਕੀ ਕਹਿੰਦੀ ਹੈ
ਬਾਓ ਫੈਨ
Getty Images
ਬਾਓ ਫੈਨ, ਚਾਈਨਾ ਰੇਨੇਸੈਂਸ ਹੋਲਡਿੰਗਜ਼ ਦੇ ਸੰਸਥਾਪਕ ਹਨ

ਟੈਕਨਾਲੋਜੀ ਉਦਯੋਗ ਦੇ ਡੀਲਮੇਕਰ ਬਾਓ ਫੈਨ ਪਿਛਲੇ ਮਹੀਨੇ ਤੋਂ ਲਾਪਤਾ ਹਨ ਅਤੇ ਉਨ੍ਹਾਂ ਦੇ ਇਸ ਤਰ੍ਹਾਂ ਲਾਪਤਾ ਹੋਣ ਨੇ ਇੱਕ ਵਾਰ ਫ਼ਿਰ ਇਸ ਗੱਲ ਵੱਲ ਧਿਆਨ ਖਿੱਚਿਆ ਹੈ ਕਿ ਕਿਵੇਂ, ਚੀਨੀ ਅਰਬਪਤੀ ਸਮੇਂ-ਸਮੇਂ ਉੱਤੇ ਗਾਇਬ ਹੋ ਰਹੇ ਹਨ।

ਬਾਓ ਫੈਨ, ਚਾਈਨਾ ਰੇਨੇਸੈਂਸ ਹੋਲਡਿੰਗਜ਼ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਦੀ ਗਾਹਕ ਸੂਚੀ ਵਿੱਚ ਇੰਟਰਨੈਟ ਦਿੱਗਜ ਟੈਨਸੈਂਟ, ਅਲੀਬਾਬਾ ਅਤੇ ਬਾਇਡੂ ਸ਼ਾਮਲ ਹਨ।

ਬਾਓ ਨੂੰ ਦੇਸ਼ ਦੇ ਤਕਨੀਕੀ ਖੇਤਰ ਵਿੱਚ ਇੱਕ ਵੱਡੇ ਨਾਮ ਵਜੋਂ ਦੇਖਿਆ ਜਾਂਦਾ ਹੈ।

ਬਾਓ ਦੇ ਗਾਇਬ ਹੋਣ ਦਾ ਮਾਮਲਾ ਬੜਾ ਨਾਟਕੀ ਹੈ। ਉਹ ਆਪਣੀ ਕੰਪਨੀ ਵੱਲੋਂ ਇੱਕ ਵਿਸ਼ੇਸ਼ ਐਲਾਨ ਕਰਨ ਤੋਂ ਕਈ ਦਿਨ ਪਹਿਲਾਂ ਲਾਪਤਾ ਹੋ ਗਏ ਸਨ।

ਇਸ ਐਲਾਨ ਵਿੱਚ ਕਿਹਾ ਗਿਆ ਸੀ ਕਿ ਉਹ "ਪੀਪਲਜ਼ ਰੀਪਬਲਿਕ ਆਫ ਚਾਈਨਾ ਵਿੱਚ ਕੁਝ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ।"

ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਮਾਮਲੇ ਦੀ ਜਾਂਚ ਕਿਹੜੀ ਸਰਕਾਰੀ ਸੰਸਥਾ ਕਰ ਰਹੀ ਹੈ, ਇਹ ਕਿਸ ਬਾਰੇ ਹੈ ਜਾਂ ਬਾਓ ਦਾ ਕੋਈ ਪਤਾ ਠਿਕਾਣਾ ਹੈ ਜਾਂ ਨਹੀਂ।

ਅਜਿਹੇ ਮਾਮਲਿਆਂ ਵਿੱਚ ਇਹ ਤਾਂ ਜਿਵੇਂ ਆਮ ਹੀ ਗੱਲ ਬਣ ਗਈ ਹੈ ਕਿ ਕੋਈ ਜਾਣਕਾਰੀ ਹੀ ਨਹੀਂ ਦਿੱਤੀ ਜਾਂਦੀ।

ਬੀਬੀਸੀ
BBC

ਗਾਇਬ ਹੋਣ ਵਾਲੇ ਅਰਬਪਤੀ

  • ਟੈਕਨਾਲੋਜੀ ਉਦਯੋਗ ਦੇ ਡੀਲਮੇਕਰ ਬਾਓ ਫੈਨ ਪਿਛਲੇ ਮਹੀਨੇ ਤੋਂ ਲਾਪਤਾ ਹਨ।
  • ਗੁਓ ਗੁਆਂਗਚਾਂਗ, ਫੋਸੁਨ ਇੰਟਰਨੈਸ਼ਨਲ ਸਮੂਹ ਦੇ ਚੇਅਰਮੈਨ ਵੀ ਲਾਪਤਾ ਹੋਏ ਸਨ।
  • 2020 ਵਿੱਚ ਅਰਬਪਤੀ ਅਤੇ ਰੀਅਲ ਅਸਟੇਟ ਕਾਰੋਬਾਰੀ ਰੇਨ ਝਿਕਿਆਂਗ ਲਾਪਤਾ ਹੋ ਗਏ ਸਨ।
  • ਚੀਨੀ-ਕੈਨੇਡੀਅਨ ਕਾਰੋਬਾਰੀ ਜ਼ਿਆਓ ਜਿਆਨਹੁਆ ਨੂੰ ਹਾਂਗਕਾਂਗ ਦੇ ਇੱਕ ਲਗਜ਼ਰੀ ਹੋਟਲ ਤੋਂ ਚੁੱਕ ਲਿਆ ਗਿਆ ਸੀ।
  • ਜਾਣੀ-ਪਛਾਣੀ ਕੰਪਨੀ ਅਲੀਬਾਬਾ ਦੇ ਬਾਸ ਜੈਕ ਮਾ ਵੀ ਲਾਪਤਾ ਹੋਣ ਵਾਲਿਆਂ ''''ਚੋਂ ਇੱਕ ਹਨ।
  • ਚੀਨੀ ਨਾਗਰਿਕਾਂ ਦੇ ਲਾਪਤਾ ਹੋਣ ਦੇ ਘੱਟ ਹੀ ਮਾਮਲੇ ਜਨਤਕ ਹੁੰਦੇ ਹਨ।
ਬੀਬੀਸੀ
BBC

ਪਹਿਲਾਂ ਵੀ ਕਈ ਅਰਬਪਤੀ ਹੋਏ ਲਾਪਤਾ

ਬਾਓ ਦਾ ਲਾਪਤਾ ਜਾਂ ਗਾਇਬ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਤੋਂ ਪਹਿਲਾਂ, ਪਿਛਲੇ ਕੁਝ ਸਾਲਾਂ ਵਿੱਚ ਕਈ ਚੀਨੀ ਅਰਬਪਤੀ ਇਸੇ ਤਰ੍ਹਾਂ ਲਾਪਤਾ ਹੋਏ ਹਨ।

ਜਾਣੀ-ਪਛਾਣੀ ਕੰਪਨੀ ਅਲੀਬਾਬਾ ਦੇ ਬਾਸ ਜੈਕ ਮਾ ਵੀ ਉਨ੍ਹਾਂ ''''ਚੋਂ ਇੱਕ ਹਨ।

ਹਾਲਾਂਕਿ, ਇੱਕ ਇਹ ਵੀ ਧਿਆਨ ਦੇਣ ਯੋਗ ਹੈ ਕਿ ਇਸ ਤਰ੍ਹਾਂ ਲਾਪਤਾ ਹੋ ਰਹੇ ਅਰਬਪਤੀਆਂ ''''ਤੇ ਤਾਂ ਧਿਆਨ ਦਿੱਤਾ ਵੀ ਜਾਂਦਾ ਹੈ ਪਰ ਚੀਨੀ ਨਾਗਰਿਕਾਂ ਦੇ ਲਾਪਤਾ ਹੋਣ ਦੇ ਘੱਟ ਹੀ ਮਾਮਲੇ ਜਨਤਕ ਹੁੰਦੇ ਹਨ।

ਇਨ੍ਹਾਂ ਲੋਕਾਂ ਵਿੱਚ ਉਹ ਲੋਕ ਸ਼ਾਮਲ ਹੁੰਦੇ ਹਨ ਜੋ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਜਾਂ ਮਨੁੱਖੀ ਅਧਿਕਾਰਾਂ ਦੀਆਂ ਮੁਹਿੰਮਾਂ ''''ਚ ਹਿੱਸਾ ਲੈਂਦੇ ਹਨ।

ਖੈਰ, ਬਾਓ ਦੇ ਲਾਪਤਾ ਹੋਣ ਨੇ ਇਕ ਵਾਰ ਫਿਰ ਇਸ ਬਿੰਦੂ ਵੱਲ ਧਿਆਨ ਦਿਵਾਇਆ ਹੈ ਕਿ ਕਿਵੇਂ ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨ ਦੀ ਅਰਥਵਿਵਸਥਾ ''''ਤੇ ਆਪਣੀ ਪਕੜ ਮਜ਼ਬੂਤ ਕਰ ਰਹੇ ਹਨ।

ਇਹ ਉਸ ਵੇਲੇ ਹੋਇਆ ਜਦੋਂ ਇੱਕ ਰਬੜ ਸਟੈਂਪ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਨੈਸ਼ਨਲ ਪੀਪਲਜ਼ ਕਾਂਗਰਸ ਦਾ ਸੈਸ਼ਨ ਚੱਲ ਰਿਹਾ ਹੈ। ਇਸੇ ਸੈਸ਼ਨ ਵਿੱਚ ਇਸ ਹਫ਼ਤੇ ਚੀਨ ਦੇ ਵਿੱਤੀ ਰੇਗੂਲੇਟਰੀ ਸਿਸਟਮ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਹੋਇਆ ਹੈ।

ਬੀਬੀਸੀ
BBC

ਵਿੱਤੀ ਸੈਕਟਰਾਂ ਦੀ ਨਿਗਰਾਨੀ

ਚੀਨ ਵਿੱਚ, ਜ਼ਿਆਦਾਤਰ ਵਿੱਤੀ ਸੈਕਟਰਾਂ ਦੀ ਨਿਗਰਾਨੀ ਕਰਨ ਲਈ ਇੱਕ ਨਵਾਂ ਵਿੱਤੀ ਰੈਗੂਲੇਟਰੀ ਵਾਚਡੌਗ ਸਥਾਪਤ ਕੀਤਾ ਜਾਵੇਗਾ, ਭਾਵ ਹੁਣ ਵਿੱਤੀ ਸੈਕਟਰਾਂ ''''ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਵੇਗੀ।

ਅਧਿਕਾਰੀਆਂ ਨੇ ਕਿਹਾ ਕਿ ਚੀਨ ਦੀਆਂ ਵਿੱਤੀ ਸੇਵਾਵਾਂ ਵਾਲੇ ਉਦਯੋਗ ਖਰਬਾਂ ਡਾਲਰ ਦੀ ਕੀਮਤ ਵਾਲੇ ਹਨ, ਅਤੇ ਨਵੇਂ ਵਾਚਡੌਗ ਨਾਲ ਇਸ ਖੇਤਰ ਦੇ ਵੱਖ-ਵੱਖ ਪਹਿਲੂਆਂ ਦੀ ਨਿਗਰਾਨੀ ਕਰਨ ਵਾਲੀਆਂ ਕਈ ਏਜੰਸੀਆਂ ਦੁਆਰਾ ਰਹਿੰਦੀਆਂ ਖਾਮੀਆਂ ਨੂੰ ਪੂਰਿਆ ਜਾਵੇਗਾ।

ਇਕੱਲੇ 2015 ਵਿੱਚ, ਘੱਟੋ-ਘੱਟ ਪੰਜ ਐਗਜ਼ੀਕਿਊਟਿਵ ਅਜਿਹੇ ਸਨ ਜੋ ਗਾਇਬ ਹੋ ਗਏ ਸਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।

ਗੁਓ ਗੁਆਂਗਚਾਂਗ

ਗੁਓ ਗੁਆਂਗਚਾਂਗ
Getty Images
ਗੁਓ ਗੁਆਂਗਚਾਂਗ, ਫੋਸੁਨ ਇੰਟਰਨੈਸ਼ਨਲ ਸਮੂਹ ਦੇ ਚੇਅਰਮੈਨ ਹਨ

ਇਨ੍ਹਾਂ ਵਿੱਚ ਹਨ ਗੁਓ ਗੁਆਂਗਚਾਂਗ, ਜੋ ਫੋਸੁਨ ਇੰਟਰਨੈਸ਼ਨਲ ਸਮੂਹ ਦੇ ਚੇਅਰਮੈਨ ਵੀ ਸਨ।

ਉਨ੍ਹਾਂ ਨੂੰ ਪੱਛਮ ਵਿੱਚ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਦੇ ਕਲੱਬ ਵੁਲਵਰਹੈਂਪਟਨ ਵਾਂਡਰਰਜ਼ ਦੇ ਮਾਲਕ ਵਜੋਂ ਵੀ ਜਾਣਿਆ ਜਾਂਦਾ ਹੈ।

ਮਿਸਟਰ ਗੁਓ ਉਸੇ ਸਾਲ ਦਸੰਬਰ ਵਿੱਚ ਲਾਪਤਾ ਹੋ ਗਏ ਸਨ, ਉਨ੍ਹਾਂ ਦੀ ਕੰਪਨੀ ਨੇ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਕਿਸੇ ਜਾਂਚ ਵਿੱਚ ਸਹਾਇਤਾ ਕਰ ਰਹੇ ਸਨ।

ਜ਼ਿਆਓ ਜਿਆਨਹੁਆ

ਜ਼ਿਆਓ ਜਿਆਨਹੁਆ
Getty Images
ਰੇਨ ਝਿਕਿਆਂਗਚੀਨੀ-ਕੈਨੇਡੀਅਨ ਕਾਰੋਬਾਰੀ ਹਨ

ਉਸ ਤੋਂ ਦੋ ਸਾਲ ਬਾਅਦ, ਚੀਨੀ-ਕੈਨੇਡੀਅਨ ਕਾਰੋਬਾਰੀ ਜ਼ਿਆਓ ਜਿਆਨਹੁਆ ਨੂੰ ਹਾਂਗਕਾਂਗ ਦੇ ਇੱਕ ਲਗਜ਼ਰੀ ਹੋਟਲ ਤੋਂ ਚੁੱਕ ਲਿਆ ਗਿਆ ਸੀ।

ਉਹ ਚੀਨ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਸਨ ਅਤੇ ਪਿਛਲੇ ਸਾਲ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਜੇਲ੍ਹ ਗਏ ਸਨ।

ਮਾਰਚ 2020 ਵਿੱਚ ਅਰਬਪਤੀ ਅਤੇ ਰੀਅਲ ਅਸਟੇਟ ਕਾਰੋਬਾਰੀ ਰੇਨ ਝਿਕਿਆਂਗ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ਵਿੱਚ ਸ਼ੀ ਜਿਨਪਿੰਗ ਨੂੰ ਇੱਕ "ਜੋਕਰ" ਕਹਿ ਦਿੱਤਾ ਸੀ, ਉਸ ਤੋਂ ਬਾਅਦ ਹੀ ਰੇਨ ਲਾਪਤਾ ਹੋ ਗਏ ਸਨ।

ਉਸੇ ਸਾਲ ਬਾਅਦ ਵਿੱਚ, ਇੱਕ ਦਿਨ ਦੇ ਮੁਕੱਦਮੇ ਤੋਂ ਬਾਅਦ ਰੇਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ 18 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ।

ਜੈਕ ਮਾ

ਜੈਕ ਮਾ
Getty Images
ਅਲੀਬਾਬਾ ਦੇ ਸੰਸਥਾਪਕ ਜੈਕ ਮਾ

ਇਸੇ ਤਰ੍ਹਾਂ ਅਚਾਨਕ ਗਾਇਬ ਹੋਏ ਸਭ ਤੋਂ ਹਾਈ-ਪ੍ਰੋਫਾਈਲ ਅਰਬਪਤੀ ਹਨ- ਅਲੀਬਾਬਾ ਦੇ ਸੰਸਥਾਪਕ ਜੈਕ ਮਾ।

ਜਿਸ ਵੇਲੇ ਉਹ ਗਾਇਬ ਹੋਏ, ਉਸ ਵੇਲੇ ਉਹ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਸਨ ਅਤੇ ਉਨ੍ਹਾਂ ਨੇ ਦੇਸ਼ ਦੇ ਵਿੱਤੀ ਰੈਗੂਲੇਟਰਾਂ ਦੀ ਆਲੋਚਨਾ ਕਰ ਦਿੱਤੀ ਸੀ ਜਿਸ ਤੋਂ ਬਾਅਦ 2020 ਦੇ ਅਖੀਰ ਵਿੱਚ ਹੋ ਗਾਇਬ ਹੋ ਗਏ ਸਨ।

ਵਿੱਤੀ ਦਿੱਗਜ਼, ਐਂਟ ਗਰੁੱਪ ਵਿੱਚ ਸ਼ੇਅਰਾਂ ਦੀ ਯੋਜਨਾਬੱਧ ਮੈਗਾ-ਸੂਚੀਬੰਦੀ ਨੂੰ ਰੋਕ ਦਿੱਤਾ ਗਿਆ ਸੀ ਅਤੇ ''''ਕਾਮਨ ਪਾਰਟੀ'''' ਫੰਡ ਵਿੱਚ ਲਗਭਗ 10 ਅਰਬ ਡਾਲਰ ਦਾਨ ਕਰਨ ਦੇ ਬਾਵਜੂਦ, ਉਹ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਚੀਨ ਵਿੱਚ ਨਹੀਂ ਦੇਖੇ ਗਏ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ''''ਤੇ ਕਿਸੇ ਵੀ ਅਪਰਾਧ ਦਾ ਕੋਈ ਇਲਜ਼ਾਮ ਵੀ ਨਹੀਂ ਹੈ।

ਜੈਕ ਮਾ ਕਿੱਥੇ ਹਨ ਇਸ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਹੈ, ਹਾਲਾਂਕਿ ਹਾਲ ਹੀ ਦੇ ਮਹੀਨਿਆਂ ਵਿੱਚ ਉਨ੍ਹਾਂ ਨੂੰ ਜਾਪਾਨ, ਥਾਈਲੈਂਡ ਅਤੇ ਆਸਟਰੇਲੀਆ ਵਿੱਚ ਦੇਖੇ ਜਾਣ ਦੀਆਂ ਖ਼ਬਰਾਂ ਆਈਆਂ ਹਨ।

ਚੀਨ ਸਰਕਾਰ ਕੀ ਕਹਿੰਦੀ ਹੈ

ਚੀਨੀ ਸਰਕਾਰ ਜ਼ੋਰ ਦੇ ਕੇ ਕਹਿੰਦੀ ਹੈ ਕਿ ਦੇਸ਼ ਦੇ ਕੁਝ ਸਭ ਤੋਂ ਅਮੀਰ ਲੋਕਾਂ ਵਿਰੁੱਧ ਕਾਰਵਾਈਆਂ ਪੂਰੀ ਤਰ੍ਹਾਂ ਕਾਨੂੰਨੀ ਆਧਾਰ ''''ਤੇ ਕੀਤੀਆਂ ਗਈਆਂ ਹਨ ਅਤੇ ਇਸ ਦਾ ਮਕਸਦ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ।

ਪਰ ਅਜਿਹੀਆਂ ਕਾਰਵਾਈਆਂ ਦਹਾਕਿਆਂ ਦੇ ਉਦਾਰੀਕਰਨ ਦੇ ਪਿਛੋਕੜ ਵਿੱਚ ਵੀ ਦੇਖੀਆਂ ਜਾਂਦੀਆਂ ਹਨ, ਜੋ ਹੁਣ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ।

ਇਸ ਖੁੱਲ੍ਹ ਨੇ ਬਹੁ-ਅਰਬਪਤੀਆਂ ਦਾ ਇੱਕ ਸਮੂਹ ਬਣਾਉਣ ਵਿੱਚ ਮਦਦ ਕੀਤੀ, ਜਿਨ੍ਹਾਂ ਕੋਲ ਆਪਣੀ ਬੇਅੰਤ ਦੌਲਤ ਨਾਲ ਸ਼ਕਤੀ ਦੀ ਵਰਤੋਂ ਕਰਨ ਦੀ ਸਮਰੱਥਾ ਵੀ ਸੀ।

ਚੀਨੀ ਸਰਕਾਰ
Getty Images

ਹੁਣ, ਕੁਝ ਨਿਰੀਖਕਾਂ ਦਾ ਕਹਿਣਾ ਹੈ ਕਿ ਸ਼ੀ ਦੇ ਅਧੀਨ, ਚੀਨੀ ਕਮਿਊਨਿਸਟ ਪਾਰਟੀ ਉਸੇ ਸ਼ਕਤੀ ਨੂੰ ਵਾਪਸ ਚਾਹੁੰਦੀ ਹੈ ਅਤੇ ਇਸ ਕੰਮ ਲਈ ਉਹ ਅਜਿਹੇ ਤਰੀਕੇ ਅਪਣਾਉਂਦੀ ਹੈ ਜੋ ਅਕਸਰ ਖੂਫੀਆ ਰਹਿੰਦੇ ਹਨ।

ਇਸ ਤੋਂ ਪਹਿਲਾਂ, ਬੀਜਿੰਗ ਦਾ ਧਿਆਨ ਫੌਜੀ, ਭਾਰੀ ਉਦਯੋਗ ਅਤੇ ਸਥਾਨਕ ਸਰਕਾਰਾਂ ਸਮੇਤ ਸ਼ਕਤੀ ਦੇ ਰਵਾਇਤੀ ਕੇਂਦਰਾਂ ''''ਤੇ ਸੀ।

ਇਨ੍ਹਾਂ ਖੇਤਰਾਂ ''''ਤੇ ਮਜ਼ਬੂਤ ਪਕੜ ਬਣਾਈ ਰੱਖਦੇ ਹੋਏ, ਸ਼ੀ ਨੇ ਆਰਥਿਕਤਾ ਨੂੰ ਵੀ ਆਪਣੇ ਨਿਯੰਤਰਣ ਵਿੱਚ ਲਿਆਉਣ ''''ਤੇ ਆਪਣਾ ਧਿਆਨ ਵਧਾ ਦਿੱਤਾ ਹੈ।

ਉਨ੍ਹਾਂ ਦੀ ''''ਸਾਂਝੀ ਖੁਸ਼ਹਾਲੀ'''' ਨੀਤੀ ਨੇ ਆਰਥਿਕਤਾ ਦੇ ਬਹੁਤ ਸਾਰੇ ਹਿੱਸੇ ਵਿੱਚ ਵੱਡੀਆਂ ਕਾਰਵਾਈਆਂ ਕੀਤੀਆਂ ਹਨ ਅਤੇ ਇਸ ਦੌਰਾਨ ਟੈਕਨਾਲੋਜੀ ਉਦਯੋਗ ''''ਤੇ ਖਾਸ ਧਿਆਨ ਰਿਹਾ ਹੈ।

ਜਾਣਕਾਰ ਕੀ ਕਹਿੰਦੇ ਹਨ

ਦਿ ਇਕਨਾਮਿਸਟ ਇੰਟੈਲੀਜੈਂਸ ਯੂਨਿਟ ਦੇ ਨਿਕ ਮੈਰੋ ਨੇ ਬੀਬੀਸੀ ਨੂੰ ਦੱਸਿਆ, "ਕਈ ਵਾਰ, ਇਹਨਾਂ ਘਟਨਾਵਾਂ ਨੂੰ ਇੱਕ ਵਿਆਪਕ ਸੰਦੇਸ਼ ਭੇਜਣ ਦੇ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ, ਖਾਸ ਤੌਰ ''''ਤੇ ਕਿਸੇ ਖਾਸ ਉਦਯੋਗ ਜਾਂ ਹਿੱਤ ਸਮੂਹ ਲਈ।"

ਉਹ ਅੱਗੇ ਕਹਿੰਦੇ ਹਨ, "ਅੰਤ ਵਿੱਚ, ਇਹ ਆਰਥਿਕਤਾ ਦੇ ਇੱਕ ਖਾਸ ਹਿੱਸੇ ਉੱਤੇ ਨਿਯੰਤਰਣ ਅਤੇ ਅਧਿਕਾਰ ਨੂੰ ਕੇਂਦਰਿਤ ਕਰਨ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ, ਜੋ ਕਿ ਪਿਛਲੇ ਦਹਾਕੇ ਵਿੱਚ ਸ਼ੀ ਦੀ ਸ਼ਾਸਨ ਸ਼ੈਲੀ ਦੀ ਇੱਕ ਮੁੱਖ ਵਿਸ਼ੇਸ਼ਤਾ ਰਹੀ ਹੈ।''''''''

ਗਲੋਬਲ ਸਲਾਹਕਾਰ ਫਰਮ ਅਲਬ੍ਰਾਈਟ ਸਟੋਨਬ੍ਰਿਜ ਦੇ ਚੀਨ ਅਤੇ ਤਕਨਾਲੋਜੀ ਨੀਤੀ ਦੇ ਮੁਖੀ, ਪੌਲ ਟ੍ਰਿਓਲੋ ਨੇ ਕਿਹਾ, "ਬੀਜਿੰਗ ਇਹ ਯਕੀਨੀ ਬਣਾਉਣ ''''ਤੇ ਧਿਆਨ ਦਿੰਦਾ ਹੈ ਕਿ ਵੱਡੇ ਟੈਕਨਾਲੋਜੀ ਪਲੇਟਫਾਰਮ ਅਤੇ ਖਿਡਾਰੀ ਆਪਣੇ ਖੁਦ ਦੇ ਬ੍ਰਾਂਡ ਅਤੇ ਪ੍ਰਭਾਵ ਵਿਕਸਤ ਨਾ ਕਰਨ, ਕਿਉਂਕਿ ਉਸ ਨਾਲ ਉਨ੍ਹਾਂ ''''ਤੇ ਲਗਾਮ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਬੀਜਿੰਗ ਲਈ ਇਸ ਗੱਲ ਸੰਭਾਵਨਾ ਵਧ ਜਾਂਦੀ ਹੈ ਕਿ ਉਹ ਬੀਜਿੰਗ ਦੇ ਵਿਰੁੱਧ ਜਾ ਸਕਦੇ ਹਨ।"

ਇਸ ਦੇ ਨਾਲ ਹੀ, ਸਾਂਝੀ ਖੁਸ਼ਹਾਲੀ (ਨੀਤੀ) ਵੀ ਕਾਨੂੰਨ ਦਾ ਰਾਜ ਹੀ ਹੈ ਅਤੇ ਇਹ ਨਿਯਮ ਅਮੀਰ ਜਾਂ ਗਰੀਬ ਦੋਵਾਂ ''''ਤੇ ਲਾਗੂ ਹੋਣੇ ਚਾਹੀਦੇ ਹਨ।

ਬੀਜਿੰਗ ਦਾ ਮੰਨਣਾ ਹੈ ਕਿ ਇਸ ਨੀਤੀ ਦਾ ਉਦੇਸ਼ ਦੌਲਤ ਸਬੰਧੀ ਵਧ ਰਹੇ ਪਾੜੇ ਨੂੰ ਘਟਾਉਣਾ ਹੈ ਅਤੇ ਇਸ ਬਾਰੇ ਵਧੇਰੇ ਸਹਿਮਤੀ ਹੈ ਕਿ ਜੇਕਰ ਇਸ ''''ਤੇ ਧਿਆਨ ਨਾ ਦਿੱਤਾ ਗਿਆ ਤਾਂ ਇਹ ਇੱਕ ਵੱਡਾ ਮੁੱਦਾ ਹੈ ਜੋ ਕਮਿਊਨਿਸਟ ਪਾਰਟੀ ਦੀ ਸਥਿਤੀ ਨੂੰ ਕਮਜ਼ੋਰ ਕਰ ਸਕਦਾ ਹੈ।

ਦੇਸ਼ ਨੇ ਵਧਦੀ ਅਸਮਾਨਤਾ ਦੇਖੀ ਹੈ ਅਤੇ ਕਿਹਾ ਜਾਂਦਾ ਹੈ ਕਿ ਸ਼ੀ ਨੂੰ ਅਤਿ-ਖੱਬੇਪੱਖੀਆਂ ਦੇ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪਾਰਟੀ ਦੀਆਂ ਸਮਾਜਵਾਦੀ ਜੜ੍ਹਾਂ ਦੇ ਨੇੜੇ ਪਹੁੰਚਣਾ ਚਾਹੁੰਦੇ ਹਨ।

ਅਰਬਪਤੀਆਂ ਦੇ ਰਹੱਸਮਈ ਤਰੀਕੇ ਨਾਲ ਲਾਪਤਾ ਹੋਣ ਦੀਆਂ ਘਟਨਾਵਾਂ ਦੇ ਨਾਲ-ਨਾਲ ਵਪਾਰ ਪ੍ਰਤੀ ਬੀਜਿੰਗ ਦੇ ਰਵੱਈਏ ਬਾਰੇ ਵੱਡੀਆਂ ਚਿੰਤਾਵਾਂ ਦੇ ਮਹੱਤਵਪੂਰਣ ਤੇ ਅਣਇੱਛਤ ਨਤੀਜੇ ਹੋ ਸਕਦੇ ਹਨ।

ਬੀਬੀਸੀ
BBC

ਚੀਨ ''''ਤੇ ਨਜ਼ਰ ਰੱਖਣ ਵਾਲੇ ਸੁਝਾਅ ਦਿੰਦੇ ਹਨ ਕਿ ਸਰਕਾਰ ਦੇ ਕੁਝ ਕਦਮਾਂ ਨਾਲ ਨਵੀਂ ਵਪਾਰਕ ਪ੍ਰਤਿਭਾ ਨੂੰ ਰੋਕਣ ਦਾ ਜ਼ੋਖਮ ਵਧਦਾ ਹੈ।

ਟ੍ਰੀਓਲੋ ਕਹਿੰਦੇ ਹਨ, "ਬੀਜਿੰਗ ਲਈ, ਤਕਨੀਕੀ ਅਰਬਪਤੀਆਂ ਨੂੰ ਨਿਸ਼ਾਨਾ ਬਣਾਉਣ ਇੱਕ ਤਰ੍ਹਾਂ ਦਾ ਖ਼ਤਰਾ ਹੈ ਜੋ ਅਗਲਾ ਜੈਕ ਮਾ ਬਣਨ ਦੀ ਉਮੀਦ ਕਰਨ ਵਾਲੇ ਤਕਨਾਲੋਜੀ ਉੱਦਮੀਆਂ ''''ਤੇ ਦਬਾਅ ਪਾ ਰਿਹਾ ਹੈ।"

ਇੰਝ ਜਾਪਦਾ ਹੈ ਕਿ ਸ਼ੀ ਵੀ ਵਪਾਰਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਜੋਖਮਾਂ ਤੋਂ ਜਾਣੂ ਹਨ ਅਤੇ ਇਸ ਹਫਤੇ ਐੱਨਪੀਸੀ ਡੈਲੀਗੇਟਾਂ ਨੂੰ ਦਿੱਤੇ ਇੱਕ ਭਾਸ਼ਣ ਵਿੱਚ ਉਨ੍ਹਾਂ ਨੇ ਚੀਨ ਲਈ ਨਿੱਜੀ ਖੇਤਰ ਦੀ ਮਹੱਤਤਾ ''''ਤੇ ਜ਼ੋਰ ਦਿੱਤਾ ਹੈ।

ਪਰ ਉਨ੍ਹਾਂ ਨੇ ਨਿੱਜੀ ਉਦਯੋਗਾਂ ਅਤੇ ਉੱਦਮੀਆਂ ਨੂੰ "ਅਮੀਰ ਅਤੇ ਜ਼ਿੰਮੇਵਾਰ, ਅਮੀਰ ਅਤੇ ਇਮਾਨਦਾਰ, ਤੇ ਅਮੀਰ ਅਤੇ ਪਿਆਰ ਕਰਨ ਵਾਲੇ" ਹੋਣ ਦਾ ਸੰਦੇਸ਼ ਵੀ ਦਿੱਤਾ।

ਇੱਕ ਨਵੇਂ ਵਿੱਤੀ ਨਿਗਰਾਨ ਦੇ ਐਲਾਨ ਤੋਂ ਇਲਾਵਾ, ਪਿਛਲੇ ਮਹੀਨੇ ਬੈਂਕਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੇ "ਸੁਖਵਾਦੀ" ਪੱਛਮੀ ਹਮਰੁਤਬਾ ਦੀ ਉਦਾਹਰਣ ਦੀ ਪਾਲਣਾ ਨਾ ਕਰਨ।

ਟਿੱਪਣੀਕਾਰ, ਇਸ ਨੂੰ ਵੀ ਇੱਕ ਹੋਰ ਸਬੂਤ ਵਜੋਂ ਦੇਖਦੇ ਹਨ ਕਿ ਸ਼ੀ ਦੀ ਨਜ਼ਰ ਵਿੱਤੀ ਪ੍ਰਣਾਲੀ ''''ਤੇ ਹੈ।

ਮੈਰੋ ਕਹਿੰਦੇ ਹਨ, "ਹਾਲ ਹੀ ਦੇ ਮਹੀਨਿਆਂ ਵਿੱਚ, ਅਸੀਂ ਵਿੱਤੀ ਸੇਵਾਵਾਂ ਵਿੱਚ ਸਾਂਝੀ ਖੁਸ਼ਹਾਲੀ ਦੇ ਏਜੰਡੇ ਦੇ ਧਰਾਸ਼ਾਈ ਹੋਣ ਦੇ ਸੰਕੇਤ ਵੇਖ ਰਹੇ ਹਾਂ, ਖਾਸ ਤੌਰ ''''ਤੇ ਸੀਨੀਅਰ ਅਧਿਕਾਰੀਆਂ ਲਈ ਮਿਹਨਤਾਨੇ ਅਤੇ ਬੋਨਸ ਸਕੀਮਾਂ ਦੇ ਨਾਲ-ਨਾਲ ਪ੍ਰਬੰਧਨ ਅਤੇ ਜੂਨੀਅਰ ਸਟਾਫ ਵਿਚਕਾਰ ਤਨਖਾਹ ਦੇ ਅੰਤਰ ਦੇ ਸਬੰਧ ਵਿੱਚ।

ਇਹ ਦੇਖਣਾ ਅਜੇ ਬਾਕੀ ਹੈ ਕਿ ਕੀ ਅਰਬਪਤੀਆਂ ''''ਤੇ ਸ਼ੀ ਦੀ ਕਾਰਵਾਈ ਉਨ੍ਹਾਂ ਨੂੰ ਸੱਤਾ ''''ਤੇ ਆਪਣੀ ਪਕੜ ਨੂੰ ਮਜ਼ਬੂਤ ਕਰਨ ਵਿਚ ਮਦਦ ਕਰੇਗੀ ਜਾਂ ਨਹੀਂ।

ਫਿਲਹਾਲ, ਚੀਨ ਦੇ ਵਿੱਤੀ ਬਾਜ਼ਾਰਾਂ, ਕਾਰੋਬਾਰਾਂ ਅਤੇ ਅੰਤ ਵਿੱਚ ਪੂਰੀ ਅਰਥਵਿਵਸਥਾ ਵਿੱਚ ਜੋ ਚੀਜ਼ ਯਕੀਨਨ ਜੋਖਮ ਵਿੱਚ ਹੈ, ਉਹ ਹੈ ਵਿਸ਼ਵਾਸ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News