ਅੰਮ੍ਰਿਤਸਰ: ਮੈਡੀਕਲ ਕਾਲਜ ’ਚ ਡਾਕਟਰ ਵੱਲੋਂ ਕਥਿਤ ਖੁਦਕੁਸ਼ੀ, ਪਰਿਵਾਰ ਨੇ ਜਾਤ ਅਧਾਰਿਤ ਵਿਤਕਰੇ ਦੇ ਲਾਏ ਇਲਜ਼ਾਮ
Saturday, Mar 11, 2023 - 05:46 PM (IST)
![ਅੰਮ੍ਰਿਤਸਰ: ਮੈਡੀਕਲ ਕਾਲਜ ’ਚ ਡਾਕਟਰ ਵੱਲੋਂ ਕਥਿਤ ਖੁਦਕੁਸ਼ੀ, ਪਰਿਵਾਰ ਨੇ ਜਾਤ ਅਧਾਰਿਤ ਵਿਤਕਰੇ ਦੇ ਲਾਏ ਇਲਜ਼ਾਮ](https://static.jagbani.com/multimedia/2023_3image_17_46_079779454e4778b.jpg)
![ਗੁਰੂ ਰਾਮ ਦਾਸ ਮੈਡੀਕਲ ਕਾਲਜ](https://ichef.bbci.co.uk/news/raw/cpsprodpb/c0af/live/eb80a0a0-bffd-11ed-bc7a-abb5e1e4778b.jpg)
ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੀ ਇੱਕ ਇੰਟਰਨ ਡਾਕਟਰ ਵੱਲੋਂ ਕਥਿਤ ਤੌਰ ’ਤੇ ਜਾਤ ਅਧਾਰਿਤ ਵਿਤਕਰੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਹੈ।
ਇਹ ਘਟਨਾ ਕਾਲਜ ਦੇ ਹੋਸਟਲ ਵਿੱਚ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ।
ਐੱਫ਼ਆਈਆਰ ਮੁਤਾਬਕ ਮ੍ਰਿਤਕ ਡਾਕਟਰ ਪੰਪੋਸ਼ ਨੇ ਸਾਲ 2017 ਵਿੱਚ ਐੱਮਬੀਬੀਐੱਸ ਵਿੱਚ ਦਾਖਲਾ ਲਿਆ ਸੀ ਅਤੇ ਉਹ ਕਥਿਤ ਜਾਤੀ ਵਿਤਕਰੇ ਕਾਰਨ ਪਰੇਸ਼ਾਨ ਰਹਿੰਦੀ ਸੀ।
ਮ੍ਰਿਤਕ ਪੰਪੋਸ਼ ਜਲੰਧਰ ਦੇ ਰਾਮਾ ਮੰਡੀ ਦੀ ਵਸਨੀਕ ਸਨ।
ਪੁਲਿਸ ਨੇ ਇਸ ਮਾਮਲੇ ਵਿੱਚ 10 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਜਿੰਨ੍ਹਾਂ ਵਿੱਚ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀਆਂ ਦੇ ਨਾਮ ਸ਼ਾਮਿਲ ਹਨ।
ਸ਼੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾਂਦਾ ਹੈ।
ਐੱਫ਼ਆਈਆਰ ਕੀ ਕਹਿੰਦੀ ਹੈ?
![ਦਲਿਤ ਡਾਕਟਰ](https://ichef.bbci.co.uk/news/raw/cpsprodpb/5b4a/live/8f7bf4d0-bffd-11ed-bc7a-abb5e1e4778b.jpg)
ਪੁਲਿਸ ਵੱਲੋਂ ਐੱਫ਼ਆਈਆਰ ਮ੍ਰਿਤਕ ਡਾਕਟਰ ਪੰਪੋਸ਼ (26) ਦੀ ਮਾਂ ਕਮਲੇਸ਼ ਰਾਣੀ ਦੇ ਬਿਆਨ ਦੇ ਅਧਾਰ ਉਪਰ ਦਰਜ ਕੀਤਾ ਗਈ ਹੈ।
ਪੁਲਿਸ ਨੇ 10 ਲੋਕਾਂ ਖਿਲਾਫ਼ 306 (ਮਰਨ ਲਈ ਮਜਬੂਰ ਕਰਨ ) ਅਤੇ ਐੱਸਸੀ/ ਐੱਸਟੀ ਐਕਟ 1989 ਤਹਿਤ ਕੇਸ ਦਰਜ ਕੀਤਾ ਹੈ।
ਕਮਲੇਸ਼ ਰਾਣੀ ਨੇ ਪੁਲਿਸ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਉਸ ਦੀ ਧੀ ਬਾਰੇ ਜਾਤੀ ਸੂਚਕ ਸ਼ਬਦ ਵਰਤਦੇ ਸਨ ਅਤੇ ਕਹਿੰਦੇ ਸਨ ਕਿ ‘ਅਸੀਂ ਤੈਨੂੰ ਡਾਕਟਰ ਨਹੀਂ ਬਣਨ ਦੇਣਾ’।
ਐੱਫ਼ਆਈਆਰ ਮੁਤਾਬਕ ਕਮਲੇਸ਼ ਰਾਣੀ ਨੇ ਕਿਹਾ, “ਇਸ ਸਬੰਧੀ ਮੈਂ ਅਤੇ ਮੇਰੇ ਪਿਤਾ ਨੇ ਕਈ ਵਾਰ ਕਾਲਜ ਦੇ ਪ੍ਰਿੰਸੀਪਲ ਅਤੇ ਡੀਨ ਸਾਹਿਬ ਨੂੰ ਸ਼ਿਕਾਇਤਾਂ ਕੀਤੀਆਂ ਸਨ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ।”
ਐੱਫਆਈਆਰ ਵਿੱਚ ਦਰਜ ਬਿਆਨ ਮੁਤਾਬਕ ਕਮਲੇਸ਼ ਰਾਣੀ ਨੇ ਦੱਸਿਆ, “ਮੇਰੀ ਬੇਟੀ ਬਹੁਤ ਪ੍ਰਰੇਸ਼ਾਨ ਰਹਿੰਦੀ ਸੀ। ਮੇਰੀ ਬੇਟੀ ਸਮੇਂ-ਸਮੇਂ ਆਪਣੀਆਂ ਪ੍ਰੇਸ਼ਾਨੀਆਂ ਬਾਰੇ ਮੈਨੂੰ ਅਤੇ ਮੇਰੇ ਪਿਤਾ ਨੂੰ ਫੋਨ ਰਾਹੀਂ ਜਾਂ ਘਰ ਵਿੱਚ ਮਿਲ ਕੇ ਦੱਸਦੀ ਰਹਿੰਦੀ ਸੀ। ਮੇਰੀ ਬੇਟੀ ਪਿਛਲੇ ਦੋ ਦਿਨਾਂ ਤੋਂ ਫੋਨ ਨਹੀਂ ਚੁੱਕ ਰਹੀ ਸੀ। ਜਿਸ ਕਾਰਨ ਮੈਂ ਬਹੁਤ ਪ੍ਰੇਸ਼ਾਨ ਸੀ।”
ਐੱਫ਼ਆਈਆਰ ਅਨੁਸਾਰ, “ਮੈਂ ਆਪਣੀ ਬੇਟੀ ਦੇ ਹੋਸਟਲ ਦੇ ਕਮਰੇ ਵਿੱਚ ਪਹੁੰਚੀ ਅਤੇ ਦਰਵਾਜਾ ਖੜਕਾਇਆ। ਦਰਵਾਜਾ ਨਾ ਖੁੱਲਣ ’ਤੇ ਜਦੋਂ ਮੈਂ ਧੱਕੇ ਨਾਲ ਬੂਹਾ ਖੋਲਿਆ ਤਾਂ ਵੇਖਿਆ ਕਿ ਮੇਰੀ ਬੇਟੀ ਪੱਖੇ ਨਾਲ ਲਟਕੀ ਹੋਈ ਸੀ। ਮੈਂ ਇਹ ਦੇਖਦਿਆਂ ਹੀ ਰੋਂਦੇ ਹੋਏ ਰੋਲਾ ਪਾਇਆ ਤਾਂ ਹੋਸਟਲ ਦੇ ਸੁਪਰੀਟੈਡੇਟ ਚੌਧਰੀ ਅਤੇ ਉਸ ਦੇ ਸਾਖੀਆਂ ਨੇ ਮੇਰੀ ਬੇਟੀ ਦਾ ਲਾਸ਼ ਪੱਖੇ ਤੋਂ ਉਤਾਰੀ ਅਤੇ ਪੁਲਿਸ ਨੂੰ ਵੀ ਕੋਈ ਇਤਲਾਹ ਨਹੀਂ ਦਿੱਤੀ।”
“ਮੈਨੂੰ ਲੱਗਦਾ ਹੈ ਕਿ, ਕਿ ਮੇਰੀ ਬੇਟੀ ਪੰਪੋਸ਼ ਨੂੰ ਮਰਨ ਵਾਸਤੇ ਮਜਬੂਰ ਕੀਤਾ ਹੈ।”
ਪੁਲਿਸ ਨੇ ਕੀ ਕਿਹਾ?
ਏਡੀਸੀਪੀ ਅੰਮ੍ਰਿਤਸਰ ਅਭਿਨਿਊ ਰਾਣਾ ਨੇ ਕਿਹਾ, “ਅਸੀਂ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਹ ਨਾਜ਼ੁਕ ਮਾਮਲਾ ਹੈ।”
ਕਾਲਜ ਦੇ ਪ੍ਰਿੰਸੀਪਲ ਨੇ ਕੀ ਕਿਹਾ ?
ਗੁਰੂ ਰਾਸ ਦਾਸ ਮੈਡੀਕਲ ਕਾਲਜ ਡਾਕਟਰ ਮਨਜੀਤ ਸਿੰਘ ਉਪਲ ਨੇ ਕਿਹਾ ਕਿ, “ਹਾਲੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਲਈ ਮਨਾ ਕੀਤਾ ਗਿਆ ਹੈ ਪਰ ਜਾਂਚ ਤੋਂ ਬਾਅਦ ਸਭ ਸੱਚ ਸਾਹਮਣੇ ਆ ਜਾਵੇਗਾ।”
ਨੋਟ: ਕਿਸੇ ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019
ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820
ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 - 26995000
ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)