ਅਮਰੀਕਾ ਮਗਰੋਂ ਕੈਨੇਡਾ ਦੇ ਇਸ ਸ਼ਹਿਰ ''''ਚ ਜਾਤ ਅਧਾਰਿਤ ਵਿਤਕਰੇ ਬਾਰੇ ਇਹ ਮਤਾ ਪਾਸ ਹੋਇਆ
Friday, Mar 10, 2023 - 04:46 PM (IST)
ਕੈਨੇਡਾ ਦੇ ਟੋਰਾਂਟੋ ਦਾ ਸਕੂਲ ਬੋਰਡ ਦੇਸ ਦਾ ਪਹਿਲਾ ਅਜਿਹਾ ਬੋਰਡ ਬਣ ਗਿਆ ਹੈ ਜਿਸ ਨੇ ਸ਼ਹਿਰ ਦੇ ਸਕੂਲਾਂ ਵਿੱਚ ਜਾਤ ਅਧਾਰਤ ਵਿਤਕਰਾ ਹੋਣ ਦੀ ਗੱਲ ਨੂੰ ਮੰਨਿਆ ਹੈ।
ਖ਼ਬਰ ਏਜੰਸੀ ਰਾਇਟਰਜ਼ ਅਨੁਸਾਰ ਬੋਰਡ ਨੇ ਮਨੁੱਖੀ ਅਧਿਕਾਰ ਸੰਸਥਾ ਨੂੰ ਇਸ ਦੇ ਹੱਲ ਬਾਰੇ ਖਾਕਾ ਤਿਆਰ ਕਰਨ ਲਈ ਕਿਹਾ ਹੈ।
ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ ਨੇ ਬੁੱਧਵਾਰ ਨੂੰ ਇਸ ਬਾਰੇ ਇੱਕ ਪ੍ਰਸਤਾਵ ’ਤੇ ਵੋਟਿੰਗ ਕਰਵਾਈ ਸੀ।
ਇਹ ਮਤਾ ਬੋਰਡ ਟਰੱਸਟ ਦੇ ਮੈਂਬਰ ਯਾਲਿਨੀ ਰਾਜਕੁਲਾਸਿੰਘਮ ਵੱਲੋਂ ਲਿਆਂਦਾ ਗਿਆ ਸੀ।
ਇਸ ਦੌਰਾਨ 16 ਟਰੱਸਟੀਜ਼ ਨੇ ਇਸ ਦੇ ਪੱਖ ਵਿੱਚ ਅਤੇ 5 ਨੇ ਇਸ ਦੇ ਵਿਰੋਧ ਵਿੱਚ ਵੋਟ ਪਾਈ ਸੀ।
ਇਹ ਪ੍ਰਸਤਾਵ ਇਲਾਕੇ ਵਿੱਚ ਰਹਿ ਰਹੇ ਦੱਖਣੀ ਏਸ਼ੀਆ ਦੇ ਲੋਕਾਂ ਖਾਸ ਤੌਰ ’ਤੇ ਭਾਰਤੀਆਂ ਅਤੇ ਹਿੰਦੂਆਂ ਲਈ ਇੱਕ ਮਹੱਤਵਪੂਰਨ ਮੁੱਦੇ ਨਾਲ ਜੁੜਿਆ ਹੋਇਆ ਸੀ।
ਇਹ ਫੈਸਲਾ ਅਮਰੀਕਾ ਦੇ ਸ਼ਹਿਰ ਸਿਆਟਲ ਵੱਲੋਂ ਜਾਤੀ ਭੇਦਭਾਵ ਨੂੰ ਗੈਰਕਾਨੂੰਨੀ ਕਰਨ ਤੋਂ ਇੱਕ ਹਫਤਾ ਬਾਅਦ ਆਇਆ ਹੈ।
ਸਿਆਟਲ ਸ਼ਹਿਰ ਦੀ ਕੌਂਸਲ ਨੇ ਵੋਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਸੀ।
ਜਾਤੀਵਾਦ ਅਤੇ ਨਸਲਵਾਦ
ਭਾਰਤ ਦੀ ਜਾਤੀਵਾਦੀ ਵਿਵਸਥਾ ਦੁਨੀਆਂ ਦੀਆਂ ਹੋਰਨਾਂ ਸਖਤ ਸਮਾਜਿਕ ਵਿਤਕਰੇ ਦੀਆਂ ਵਿਵਸਥਾਵਾਂ ਵਿੱਚੋਂ ਇੱਕ ਹੈ।
ਰਾਜਕੁਲਾਸਿੰਘਮ ਨੇ ਕਿਹਾ, "ਇਹ ਮਤਾ ਵੰਡ ਪਾਉਣ ਵਾਲਾ ਨਹੀਂ ਹੈ, ਇਹ ਭਾਈਚਾਰਿਆਂ ਨੂੰ ਚੰਗਾ ਅਤੇ ਸਸ਼ਕਤੀਕਰਨ ਬਣਾਉਣ ਲਈ ਹੈ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸੁਰੱਖਿਅਤ ਸਕੂਲ ਪ੍ਰਦਾਨ ਕਰਨਾ ਹੈ ਜਿਸ ਦੇ ਉਹ ਹੱਕਦਾਰ ਹਨ।"
ਰਾਜਕੁਲਾਸਿੰਘਮ ਨੇ ਕਿਹਾ ਕਿ ਉਹਨਾਂ ਨੇ ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਓਨਟਾਰੀਓ ਸੂਬੇ ਦੇ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਟੋਰਾਂਟੋ ਦੇ ਸਕੂਲ ਬੋਰਡ ਵਿਚਕਾਰ ਭਾਈਵਾਲੀ ਦੀ ਮੰਗ ਕੀਤੀ ਹੈ।
ਜਾਤੀਵਾਦੀ ਵਿਵਸਥਾ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ ਅਤੇ ਇਹ ਉੱਚਜਾਤੀਆਂ ਨੂੰ ਖਾਸ ਥਾਂ ਦਿੰਦੀ ਹੈ ਅਤੇ ਛੋਟੀਆਂ ਜਾਤਾਂ ਨੂੰ ਦਬਾਉਦੀ ਹੈ।
ਹਿੰਦੂ ਜਾਤੀਵਾਦੀ ਵਿਵਸਥਾ ਵਿੱਚ ਦਲਿਤ ਭਾਈਚਾਰਾ ਹੇਠਲੇ ਪੱਧਰ ਉਪਰ ਆਉਂਦਾ ਹੈ।
ਦਲਿਤਾਂ ਨੂੰ ਨਾ ਛੋਹੇ ਜਾਣ ਵਾਲੇ ਲੋਕ ਮੰਨਿਆ ਜਾਂਦਾ ਹੈ।
ਭਾਰਤ ਵਿੱਚ ਕਰੀਬ 70 ਸਾਲ ਪਹਿਲਾਂ ਜਾਤੀ ਵਿਵਸਥਾ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ ਸੀ।
ਹਾਲਾਂਕਿ ਕਈ ਖੋਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਵਿਤਕਰਾ ਹਾਲੇ ਵੀ ਚੱਲ ਰਿਹਾ ਹੈ।
ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਕਥਿਤ ਛੋਟੀਆਂ ਜਾਤਾਂ ਨਾਲ ਸਬੰਧਤ ਲੋਕ ਉੱਚ ਤਨਖਾਹ ਵਾਲੀਆਂ ਨੌਕਰੀਆਂ ਉਪਰ ਘੱਟ ਹੀ ਹਨ।
ਭਾਵੇਂ ਕਿ ਭਾਰਤ ਵਿੱਚ ਛੂਆਛੂਤ ਨੂੰ ਬੈਨ ਕਰ ਦਿੱਤਾ ਗਿਆ ਹੈ ਪਰ ਦਲਿਤ ਭਾਈਚਾਰੇ ਦੇ ਲੋਕ ਹਾਲੇ ਵੀ ਦੇਸ ਵਿੱਚ ਦੁਰਵਿਵਹਾਰ ਦਾ ਸਾਹਮਣੇ ਕਰ ਰਹੇ ਹਨ।
ਭਾਰਤ ਅਤੇ ਵਿਦੇਸ਼ ਵਿੱਚ ਜਾਤੀਪ੍ਰਥਾ ਬਾਰੇ ਬਹਿਸ ਵਿਵਾਦਪੂਰਨ ਹੈ ਕਿਊਂਕਿ ਇਹ ਧਰਮ ਨਾਲ ਜੁੜੀ ਹੋਈ ਹੈ। ਕੁਝ ਲੋਕ ਕਹਿੰਦੇ ਹਨ ਕਿ ਅੱਜ ਕੱਲ੍ਹ ਵਿਤਕਰਾ ਬਹੁਤ ਘੱਟ ਹੈ।
ਸਰਕਾਰ ਭਾਰਤ ਵਿੱਚ ਪੱਛੜੀਆਂ ਜਾਤਾਂ ਦੇ ਵਿਦਿਆਰਰਥੀਆਂ ਲਈ ਯੂਨੀਵਰਸਿਟੀਆਂ ਵਿੱਚ ਰਾਖਵੀਆਂ ਸੀਟਾਂ ਰੱਖਦੀ ਹੈ ਅਤੇ ਇਸ ਨਾਲ ਕਈਆਂ ਨੂੰ ਵਿਦੇਸ਼ਾਂ ਵਿੱਚ ਚੰਗੀ ਨੌਕਰੀ ਲੈਣ ਵਿੱਚ ਮਦਦ ਮਿਲੀ ਹੈ।
ਕਾਰਕੁੰਨ ਜਾਤੀਪ੍ਰਥਾ ਦਾ ਵਿਰੋਧ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਵਿਤਕਰੇ ਦੀਆਂ ਹੋਰਨਾਂ ਤਰੀਕਿਆਂ ਜਿਵੇਂ ਨਸਲਵਾਦ ਵਾਂਗ ਹੀ ਹੈ।
‘ਦਿ ਗਲੋਬਲ ਐਂਡ ਮੇਲ’ ਨਾਲ ਗੱਲਬਾਤ ਕਰਦਿਆਂ ਕਾਰਲਟਨ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਤੇ ਕੈਨੇਡਾ ਸਥਿਤ ਸਾਊਥ ਏਸ਼ੀਅਨ ਦਲਿਤ ਆਦਿਵਾਸੀ ਨੈੱਟਵਰਕ ਦੇ ਸਹਿ-ਸੰਸਥਾਪਕ ਚਿਨੱਈਆ ਜੰਗਮ ਨੇ ਕਿਹਾ, “ਇਹ ਇੱਕ ਇਤਿਹਾਸਕ ਪਲ ਹੈ। ਇਹ ਦੱਸਦੇ ਹੈ ਕਿ ਜਾਤ-ਪਾਤ ਅਸਲ ਵਿੱਚ ਪਾਇਆ ਜਾ ਰਿਹਾ ਹੈ ਅਤੇ ਇਹ ਟੋਰਾਂਟੋ ਦੇ ਸਕੂਲਾਂ ਵਿੱਚ ਵੀ ਮੌਜੂਦ ਹੈ।”
ਅਮਰੀਕਾ ਦੇ ਸਿਆਟਲ ਵਿੱਚ ਕੀ ਮਤਾ ਪਿਆ ਸੀ?
20 ਫਰਵਰੀ ਨੂੰ ਵਿੱਚ ਸਿਆਟਲ ਜਾਤੀ ਆਧਾਰਿਤ ਭੇਦਭਾਵ ''''ਤੇ ਪਾਬੰਦੀ ਲਗਾਉਣ ਵਾਲਾ ਅਮਰੀਕਾ ਦਾ ਪਹਿਲਾ ਸ਼ਹਿਰ ਬਣਿਆ ਸੀ।
ਸਿਆਟਲ ਸਿਟੀ ਕੌਂਸਲ ਨੇ ਸ਼ਹਿਰ ਦੇ ਵਿਤਕਰੇ ਵਿਰੋਧੀ ਕਾਨੂੰਨ ਵਿੱਚ ਜਾਤੀ ਭੇਦਭਾਵ ਨੂੰ ਵੀ ਸ਼ਾਮਲ ਕਰ ਲਿਆ ਹੈ।
6-1 ਨਾਲ ਪਾਸ ਹੋਏ ਆਰਡੀਨੈਂਸ ਦੇ ਸਮਰਥਕਾਂ ਨੇ ਕਿਹਾ ਕਿ ਜਾਤੀ ਅਧਾਰਿਤ ਵਿਕਤਰਾ ਕੌਮੀ ਅਤੇ ਧਾਰਮਿਕ ਤੌਰ ’ਤੇ ਨਿਰਧਾਰਿਤ ਕੀਤੀਆਂ ਗਈਆਂ ਹੱਦਾਂ ਦੀ ਉਲੰਘਣਾ ਹੈ। ਅਜਿਹੇ ਕਾਨੂੰਨ ਬਗ਼ੈਰ ਜਾਤੀ ਭੇਦਭਾਵ ਦਾ ਸਾਹਮਣਾ ਕਰਨ ਵਾਲਿਆਂ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ।
ਪਿਛੋਕੜ
ਸਿਆਟਲ ਦੀ ਸਿਟੀ ਕੌਂਸਲ ਵਿੱਚ ਇੱਕ ਹਿੰਦੂ ਪ੍ਰਤੀਨਿਧੀ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੇ ਭਾਰਤੀ ਮੂਲ ਦੇ ਲੋਕਾਂ ਵਿੱਚ ਬਹਿਸ ਛੇੜ ਦਿੱਤੀ ਸੀ।
ਇਹ ਪ੍ਰਸਤਾਵ ਜਾਤੀ ਆਧਾਰਿਤ ਵਿਤਕਰੇ ''''ਤੇ ਰੋਕ ਲਗਾਉਣ ਲਈ ਆਰਡੀਨੈਂਸ ਲਿਆਉਣ ਨਾਲ ਸਬੰਧਤ ਸੀ।
ਇਸ ਪ੍ਰਸਤਾਵ ਨੂੰ ਪੇਸ਼ ਕਰਨ ਵਾਲੀ ਪ੍ਰਤੀਨਿਧੀ ਕਸ਼ਮਾ ਸਾਵੰਤ ਸਨ
ਕੌਂਸਲ ਨੇ ਪ੍ਰਸਤਾਵ ''''ਤੇ ਵੋਟਿੰਗ ਕੀਤੀ, ਜਿਸ ਤੋਂ ਬਾਅਦ ਸਿਆਟਲ ਅਮਰੀਕਾ ਦਾ ਪਹਿਲਾ ਸ਼ਹਿਰ ਬਣ ਗਿਆ, ਜਿੱਥੇ ਜਾਤੀ ਅਧਾਰਿਤ ਵਿਤਕਰਾ ਗ਼ੈਰ-ਕਾਨੂੰਨੀ ਹੋ ਗਿਆ।
ਪਰ ਇਸ ਮਤੇ ਦੇ ਪਾਸ ਹੋਣ ਤੋਂ ਬਾਅਦ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕ ਦੋ ਮੱਤ ਹੋ ਗਏ ਹਨ। ਉਨ੍ਹਾਂ ਦਰਮਿਆਨ ਵਿਚਾਰਧਾਰਕ ਵੰਡ ਸਾਫ਼ ਦੇਖੀ ਜਾ ਸਕਦੀ ਹੈ।
ਇਸ ਭਾਈਚਾਰੇ ਦੇ ਲੋਕ ਗਿਣਤੀ ਵਿੱਚ ਥੋੜ੍ਹੇ ਹਨ, ਪਰ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਸਮੂਹ ਵਜੋਂ ਦੇਖਿਆ ਜਾਂਦਾ ਹੈ।
ਇਹ ਆਪਣੀ ਕਿਸਮ ਦਾ ਪਹਿਲਾ ਪ੍ਰਸਤਾਵ ਹੈ ਜੋ ਅਮਰੀਕਾ ਦੀ ਸਿਟੀ ਕੌਂਸਲ ਵਿੱਚ ਪੇਸ਼ ਕੀਤਾ ਗਿਆ ਹੋਵੇ।
ਸਮਰਥਕ ਇਸ ਨੂੰ ਸਮਾਜਿਕ ਨਿਆਂ ਅਤੇ ਬਰਾਬਰਤਾ ਲਿਆਉਣ ਦੀ ਰਾਹ ਵੱਲ ਜਾਂਦਾ ਇੱਕ ਅਹਿਮ ਕਦਮ ਦੱਸ ਰਹੇ ਹਨ।
ਦੂਜੇ ਪਾਸੇ, ਤਕਰੀਬਨ ਅੱਧੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਇਸ ਦਾ ਵਿਰੋਧ ਕਰ ਰਹੇ ਹਨ।
ਵਿਰੋਧ ਕਰਨ ਵਾਲਿਆਂ ਦਾ ਇਲਜ਼ਾਮ ਹੈ ਕਿ ਇਸ ਮਤੇ ਦਾ ਮਕਸਦ ਦੱਖਣੀ ਏਸ਼ੀਆ ਦੇ ਲੋਕਾਂ ਖ਼ਾਸ ਕਰਕੇ ਭਾਰਤੀ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣਾ ਹੈ।
ਅਮਰੀਕਾ ਵਿੱਚ 42 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ
ਪਿਛਲੇ ਤਿੰਨ ਸਾਲਾਂ ਦੌਰਾਨ ਪੂਰੇ ਅਮਰੀਕਾ ਵਿੱਚ ਦਸ ਹਿੰਦੂ ਮੰਦਰਾਂ ਅਤੇ ਪੰਜ ਮੂਰਤੀਆਂ ਦੀ ਭੰਨਤੋੜ ਦੀਆਂ ਘਟਨਾਵਾਂ ਵਾਪਰੀਆਂ ਹਨ।
ਇਨ੍ਹਾਂ ਵਿੱਚ ਮਹਾਤਮਾ ਗਾਂਧੀ ਅਤੇ ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਦੀ ਮੂਰਤੀ ਨਾਲ ਛੇੜਛਾੜ ਦਾ ਮਾਮਲਾ ਵੀ ਸ਼ਾਮਲ ਹੈ। ਕੁਝ ਲੋਕਾਂ ਨੇ ਇਨ੍ਹਾਂ ਘਟਨਾਵਾਂ ਨੂੰ ਹਿੰਦੂ ਭਾਈਚਾਰੇ ਨੂੰ ਡਰਾਉਣ ਦੀ ਕੋਸ਼ਿਸ਼ ਦੱਸਿਆ ਸੀ।
ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਪ੍ਰਵਾਸੀਆਂ ਵਿੱਚ ਦੂਜੇ ਨੰਬਰ ''''ਤੇ ਹੈ।
ਅਮਰੀਕੀ ਕਮਿਊਨਿਟੀ ਸਰਵੇ ਦੇ 2018 ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਪੀਟੀਆਈ ਨੇ ਦੱਸਿਆ ਹੈ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ 42 ਲੱਖ ਲੋਕ ਰਹਿੰਦੇ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)