ਆਰਐੱਸਐੱਸ ਦੀ ‘ਗਰਭ ਸੰਸਕਾਰ’ ਮੁਹਿੰਮ: ਕੀ ਗਰਭ ’ਚ ਹੀ ਬੱਚਾ ਸੰਸਕਾਰ, ਸ਼ਿਸਟਾਚਾਰ ਸਿੱਖ ਸਕਦਾ ਹੈ ?

Friday, Mar 10, 2023 - 07:46 AM (IST)

ਆਰਐੱਸਐੱਸ ਦੀ ‘ਗਰਭ ਸੰਸਕਾਰ’ ਮੁਹਿੰਮ: ਕੀ ਗਰਭ ’ਚ ਹੀ ਬੱਚਾ ਸੰਸਕਾਰ, ਸ਼ਿਸਟਾਚਾਰ ਸਿੱਖ ਸਕਦਾ ਹੈ ?
ਰਾਸ਼ਟਰ ਸੇਵਿਕਾ ਕਮੇਟੀ
Getty Images

ਰਾਸ਼ਟਰ ਸੇਵਿਕਾ ਕਮੇਟੀ ਨਾਲ ਸੰਬੰਧ ਰੱਖਣ ਵਾਲੀ ਸੰਸਥਾ ਸੰਵਰਧਿਨੀ ਨਿਆਸ ਨੇ ਗਰਭਵਤੀ ਔਰਤਾਂ ਦੇ ਲਈ ‘ਗਰਭ ਸੰਸਕਾਰ’ ਮੁਹਿੰਮ ਦਾ ਆਗਾਜ਼ ਕੀਤਾ ਹੈ।

ਰਾਸ਼ਟਰ ਸੇਵਿਕਾ ਸਮਿਤੀ, ਰਾਸ਼ਟਰੀ ਸਵੈਮ ਸੇਵਕ, ਆਰਐੱਸਐੱਸ ਦੀ ਔਰਤਾਂ ਨਾਲ ਜੁੜੀ ਸੰਸਥਾ ਹੈ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਸੰਵਰਧਿਨੀ ਨਿਆਸ ਦੀ ਕੌਮੀ ਪ੍ਰਬੰਧਕ ਸਕੱਤਰ ਮਾਧੁਰੀ ਮਰਾਠੇ ਦਾ ਕਹਿਣਾ ਸੀ, “ਗਰਭਵਤੀ ਔਰਤਾਂ ਲਈ ਗਰਭ ਸੰਸਕਾਰ ਨਾਮ ਦੀ ਮੁਹਿੰਮ ਵਿੱਢੀ ਗਈ ਹੈ ਤਾਂ ਜੋ ਕੁੱਖ ’ਚ ਹੀ ਬੱਚੇ ਨੂੰ ਸੰਸਕਾਰਾਂ ਅਤੇ ਕਦਰਾਂ ਕੀਮਤਾਂ ਬਾਰੇ ਸਿਖਾਇਆ ਜਾ ਸਕੇ।”

ਉਨ੍ਹਾਂ ਦਾ ਕਹਿਣਾ ਸੀ, “ਗਾਇਨੀਕੋਲੋਜਿਸਟਸ, ਆਯੁਰਵੇਦ ਦੇ ਡਾਕਟਰਾਂ ਅਤੇ ਯੋਗਾ ਟ੍ਰੇਨਰਾਂ ਰਾਹੀਂ ਨਿਆਸ ਇੱਕ ਪ੍ਰੋਗਰਾਮ ਦੀ ਯੋਜਨਾ ਬਣਾ ਰਿਹਾ ਹੈ, ਜਿਸ ’ਚ ਗੀਤਾ ਅਤੇ ਰਾਮਾਇਣ ਦਾ ਪਾਠ ਪੜ੍ਹਣਾ ਅਤੇ ਗਰਭ ਦੌਰਾਨ ਯੋਗ ਕਰਨਾ ਆਦਿ ਸ਼ਾਮਲ ਹੈ ਤਾਂ ਜੋ ਕੁੱਖ ’ਚ ਪਲ ਰਹੇ ਬੱਚੇ ’ਚ ਸੰਸਕਾਰ, ਕਦਰਾਂ ਕੀਮਤਾਂ ਦਾ ਨਿਰਵਾਹ ਕੀਤਾ ਜਾ ਸਕੇ।"

ਉਨ੍ਹਾਂ ਅਨੁਸਾਰ ਰਾਜਧਾਨੀ ਦਿੱਲੀ ਸਥਿਤ ਜਵਾਹਰ ਲਾਲ ਯੂਨੀਵਰਸਿਟੀ ’ਚ ਰਾਸ਼ਟਰ ਸੇਵਿਕਾ ਸਮਿਤੀ ਵੱਲੋਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ, ਜਿਸ ’ਚ 12 ਸੂਬਿਆਂ ਦੀਆਂ 80 ਗਾਇਨੀਕੋਲੋਜਿਸਟਾਂ ਨੇ ਸ਼ਮੂਲੀਅਤ ਕੀਤੀ ਸੀ।

ਮਾਂ
Getty Images

ਮਾਧੁਰੀ ਮਰਾਠੇ ਨੇ ਪੀਟੀਆਈ ਨੂੰ ਦੱਸਿਆ, “ਇਹ ਪ੍ਰੋਗਰਾਮ ਗਰਭਵਤੀ ਔਰਤ ਅਤੇ ਬੱਚੇ ਦੀ ਦੋ ਸਾਲ ਉਮਰ ਹੋਣ ਤੱਕ ਜਾਰੀ ਰਹੇਗਾ ਅਤੇ ਇਸ ਪ੍ਰੋਗਰਾਮ ’ਚ ਗੀਤਾ ਦੇ ਸਲੋਕ, ਰਾਮਾਇਣ ਦੀ ਚੌਪਈ ਦਾ ਪਾਠ ਹੋਵੇਗਾ। ਗਰਭ ’ਚ ਪਲ ਰਿਹਾ ਬੱਚਾ 500 ਸ਼ਬਦ ਤੱਕ ਸਿੱਖ ਸਕਦਾ ਹੈ।”

ਪਰ ਕੀ ਗਰਭ ’ਚ ਪਲ ਰਿਹਾ ਬੱਚਾ ਸੱਚਮੁੱਚ ਸ਼ਬਦਾਂ ਜਾਂ ਕਿਸੇ ਭਾਸ਼ਾ ਨੂੰ ਸਮਝ ਸਕਦਾ ਹੈ। ਵਿਗਿਆਨ ਦੀ ਦੁਨੀਆਂ ਇਸ ਮਾਮਲੇ ’ਚ ਵੰਡੀ ਹੋਈ ਹੈ।

ਮੁੰਬਈ ਸਥਿਤ ਮਹਿਲਾ ਕਾਰਕੁਨ ਅਤੇ ਇਸਤਰੀ ਰੋਗ ਮਾਹਰ ਡਾਕਟਰ ਸੁਚਿਤਰਾ ਦੇਲਵੀ ਦਾ ਕਹਿਣਾ ਹੈ ਕਿ ਗਰਭ ’ਚ ਪਲ ਰਿਹਾ ਬੱਚਾ ਆਵਾਜ਼ ਤਾਂ ਸੁਣ ਸਕਦਾ ਹੈ ਪਰ ਉਹ ਕਿਸੇ ਵੀ ਭਾਸ਼ਾ ਨੂੰ ਸਮਝਣ ’ਚ ਅਸਮਰਥ ਹੁੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ, “ਜਿਵੇਂ-ਜਿਵੇਂ ਕੁੱਖ ’ਚ ਪਲ ਰਹੇ ਬੱਚੇ ਦੇ ਸਰੀਰ ਦਾ ਵਿਕਾਸ ਹੁੰਦਾ ਹੈ, ਉਸ ਦੇ ਕੰਨ ਵੀ ਵਿਕਸਤ ਹੁੰਦੇ ਹਨ। ਅਜਿਹੀ ਸਥਿਤੀ ’ਚ ਧੁਨੀ ਤਰੰਗ ਵੀ ਉਸ ਤੱਕ ਪਹੁੰਚਦੀ ਹੈ।"

"ਪਰ ਉਨ੍ਹਾਂ ਧੁਨੀਆਂ ਦਾ ਕੀ ਮਤਲਬ ਹੈ, ਉਸ ਦਾ ਬੱਚੇ ਨੂੰ ਕੁਝ ਗਿਆਨ ਨਹੀਂ ਹੁੰਦਾ ਹੈ। ਅਜਿਹੀ ਸਥਿਤੀ ’ਚ ਜੇਕਰ ਮਾਂ ਸੰਸਕ੍ਰਿਤ ਜਾਂ ਕੋਈ ਵੀ ਸਲੋਕ ਪੜ੍ਹ ਰਹੀ ਹੈ ਤਾਂ ਉਹ ਬੱਚੇ ਨੂੰ ਕਿਵੇਂ ਸਮਝ ਆਉਣਗੇ?”

ਬੀਬੀਸੀ
BBC

ਗਰਭ ਸੰਸਕਾਰ ਮੁਹਿੰਮ

  • ਸੰਵਰਧਿਨੀ ਨਿਆਸ ਨੇ ਗਰਭਵਤੀ ਔਰਤਾਂ ਦੇ ਲਈ ‘ਗਰਭ ਸੰਸਕਾਰ’ ਮੁਹਿੰਮ ਦਾ ਆਗਾਜ਼ ਕੀਤਾ ਹੈ।
  • ਇਹ ਰਾਸ਼ਟਰ ਸੇਵਿਕਾ ਕਮੇਟੀ ਨਾਲ ਸੰਬੰਧਿਤ ਹੈ।
  • ਰਾਸ਼ਟਰ ਸੇਵਿਕਾ ਸਮਿਤੀ, ਰਾਸ਼ਟਰੀ ਸਵੈਮ ਸੇਵਕ, ਆਰਐੱਸਐੱਸ ਦੀ ਔਰਤਾਂ ਨਾਲ ਜੁੜੀ ਸੰਸਥਾ ਹੈ।
  • ਇਹ ਗਰਭਵਤੀ ਔਰਤਾਂ ਲਈ ਗਰਭ ਸੰਸਕਾਰ ਨਾਮ ਦੀ ਮੁਹਿੰਮ ਵਿੱਢੀ ਗਈ ਹੈ।
  • ਗਾਇਨੀਕੋਲੋਜਿਸਟਸ, ਆਯੁਰਵੇਦ ਦੇ ਡਾਕਟਰਾਂ ਅਤੇ ਯੋਗਾ ਟ੍ਰੇਨਰਾਂ ਰਾਹੀਂ ਨਿਆਸ ਇੱਕ ਪ੍ਰੋਗਰਾਮ ਦੀ ਯੋਜਨਾ ਬਣਾ ਰਿਹਾ ਹੈ।
  • ਇਸ ’ਚ ਗੀਤਾ ਅਤੇ ਰਾਮਾਇਣ ਦਾ ਪਾਠ ਪੜ੍ਹਣਾ ਅਤੇ ਗਰਭ ਦੌਰਾਨ ਯੋਗ ਕਰਨਾ ਆਦਿ ਸ਼ਾਮਲ ਹੈ।
  • ਉਸ ਦਾ ਉਦੇਸ਼ ਕੁੱਖ ’ਚ ਪਲ ਰਹੇ ਬੱਚੇ ’ਚ ਸੰਸਕਾਰ, ਕਦਰਾਂ ਕੀਮਤਾਂ ਦਾ ਨਿਰਵਾਹ ਕਰਨਾ ਹੈ।
ਬੀਬੀਸੀ
BBC

ਵੱਖੋ-ਵੱਖ ਰਾਏ

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇੱਕ ਮਿੱਥ ਹੈ ਅਤੇ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ।

ਡਾ. ਸੁਚਿਤਰਾ ਦੇਲਵੀ ਦਾ ਕਹਿਣਾ ਹੈ ਕਿ ਸਾਨੂੰ ਅਜਿਹੀਆਂ ਗੱਲਾਂ ਬਾਰੇ ਸੋਚਣ ਦੀ ਬਜਾਏ ਉਨ੍ਹਾਂ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ ਜੋ ਕਿ ਇਸ ਦੁਨੀਆ ’ਚ ਜਨਮ ਲੈ ਚੁੱਕੇ ਹਨ।

ਪਰ ਭੋਜਨ, ਸਿੱਖਿਆ ਵਰਗੀਆਂ ਬੁਨਿਆਦੀ ਚੀਜ਼ਾਂ ਤੋਂ ਵਾਂਝੇ ਹਨ। ਬੱਚਿਆਂ ਨੂੰ ਇੱਕ ਚੰਗੇ ਨਾਗਰਿਕ ਅਤੇ ਸੰਸਕਾਰੀ ਵਿਅਕਤੀ ਬਣਾਉਣ ਬਾਰੇ ਗੱਲ ਕੀਤੀ ਜਾਣੀ ਚਾਹੀਦੀ ਹੈ।

ਦੂਜੇ ਪਾਸੇ ਇਸਤਰੀ ਰੋਗ ਮਾਹਰ ਡਾ. ਐੱਸਐੱਨ ਬਾਸੂ ਦਾ ਕਹਿਣਾ ਹੈ ਕਿ ਖੋਜ ਦਰਸਾਉਂਦੀ ਹੈ ਕਿ ਕੁੱਖ ’ਚ ਪਲ ਰਿਹਾ ਭਰੂਣ ਸੁਪਨੇ ਵੇਖ ਸਕਦਾ ਹੈ ਅਤੇ ਉਹ ਮਹਿਸੂਸ ਵੀ ਕਰ ਸਕਦਾ ਹੈ।

ਉਹ ਅਮਰੀਕੀ ਵੈੱਬਸਾਈਟ ਸਾਈਕੋਲੋਜੀ ਟੂਡੇ ’ਤੇ ਪ੍ਰਕਾਸ਼ਿਤ ਭਰੂਣ ਸਾਈਕੋਲੋਜੀ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ, “ਇਸ ’ਚ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਭਰੂਣ ਦੇ 9 ਹਫ਼ਤੇ ਹੋਣ ਤੱਕ ਉਹ ਹਿਚਕੀ ਲੈ ਸਕਦਾ ਹੈ ਅਤੇ ਤੇਜ਼ ਆਵਾਜ਼ ’ਤੇ ਪ੍ਰਤੀਕਿਰਿਆ ਵੀ ਦਿੰਦਾ ਹੈ।"

"13ਵੇਂ ਹਫ਼ਤੇ ’ਚ ਭਰੂਣ ਸੁਣ ਵੀ ਸਕਦਾ ਹੈ ਅਤੇ ਮਾਂ ਅਤੇ ਕਿਸੇ ਅਣਜਾਣ ਦੀ ਆਵਾਜ਼ ’ਚ ਫਰਕ ਸਮਝਣ ਦੇ ਯੋਗ ਹੋ ਜਾਂਦਾ ਹੈ।”

ਬੀਬੀਸੀ
BBC

ਉਨ੍ਹਾਂ ਦਾ ਕਹਿਣਾ ਹੈ, “ਇਸ ਖੋਜ ’ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੁੱਖ ’ਚ ਪਲ ਰਹੇ ਭਰੂਣ ਨੂੰ ਵਾਰ-ਵਾਰ ਇੱਕ ਹੀ ਕਹਾਣੀ ਸੁਣਾਈ ਜਾਵੇ ਤਾਂ ਉਹ ਉਸ ’ਤੇ ਪ੍ਰਤੀਕਿਰਿਆ ਵੀ ਦਿੰਦਾ ਹੈ।”

ਉਹ ਅੱਗੇ ਕਹਿੰਦੇ ਹਨ, "ਇਸ ਖੋਜ ’ਚ ਇਹ ਵੀ ਲਿਖਿਆ ਗਿਆ ਹੈ ਕਿ ਭਰੂਣ ’ਚ ਮਹਿਸੂਸ ਕਰਨ, ਵੇਖਣ ਅਤੇ ਸੁਣਨ ਦੀ ਸਮਰੱਥਾ ਦੇ ਨਾਲ-ਨਾਲ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ ਵੀ ਵਿਕਸਤ ਹੁੰਦੀ ਹੈ।"

"ਇਹ ਗਤੀਵਿਧੀਆਂ ਬੁਨਿਆਦੀ, ਆਟੋਮੈਟਿਕ ਅਤੇ ਜੀਵ ਰਸਾਇਣ ਸ਼ਾਸਤਰ ਨਾਲ ਸਬੰਧਤ ਹੋ ਸਕਦੀਆਂ ਹਨ। ਜਿਵੇਂ ਭਰੂਣ ਰੌਲੇ-ਰੱਪੇ ਕਾਰਨ ਪਹਿਲਾਂ ਤਾਂ ਘਬਰਾਉਂਦਾ ਹੈ ਪਰ ਹੌਲੀ-ਹੌਲੀ ਉਹ ਪ੍ਰਤੀਕਿਰਿਆ ਦੇਣੀ ਬੰਦ ਕਰ ਦਿੰਦਾ ਹੈ।”

“ਕੁੱਖ ’ਚ ਬੱਚੇ ਦਾ ਵਿਕਾਸ ਹੋ ਰਿਹਾ ਹੁੰਦਾ ਹੈ। ਇਸ ਦੌਰਾਨ ਜੇਕਰ ਮਾਂ ਸਕਾਰਾਤਮਕ ਕੰਮ ਕਰਦੀ ਹੈ ਤਾਂ ਉਸ ਦਾ ਪ੍ਰਭਾਵ ਬੱਚੇ ’ਤੇ ਵੀ ਜਰੂਰ ਪੈਂਦਾ ਹੈ।”

ਹਾਰਮੋਨ ਅਤੇ ਬੱਚੇ ’ਤੇ ਅਸਰ

ਡਾ. ਸੁਚਿਤਰਾ ਦੇਲਵੀ ਦਾ ਕਹਿਣਾ ਹੈ, "ਜੇਕਰ ਗਰਭਵਤੀ ਔਰਤ ਤਣਾਅ ’ਚ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਰਾਮਾਇਣ, ਗੀਤਾ ਦੇ ਸਲੋਕ ਪੜ੍ਹ ਕੇ ਸ਼ਾਂਤੀ ਮਿਲਦੀ ਹੈ ਜਾਂ ਗੀਤ ਸੁਣ ਕੇ ਖੁਸ਼ੀ ਮਿਲਦੀ ਹੈ ਤਾਂ ਇਸ ਸਮੇਂ ਦੌਰਾਨ ਸਰੀਰ ’ਚ ਬਣਨ ਵਾਲੇ ਹਾਰਮੋਨ ਦਾ ਪ੍ਰਭਾਵ ਭਰੂਣ ’ਤੇ ਵੀ ਪੈਂਦਾ ਹੈ।”

ਡਾ. ਸੁਚਿਤਰਾ ਦੇਲਵੀ ਦਾ ਕਹਿਣਾ ਹੈ, “ਉਸ ’ਚ ਹੋਣ ਵਾਲੇ ਹਾਰਮੋਨ ਜਾਂ ਕੈਮੀਕਲ ਬੈਲੇਂਸ ਦਾ ਅਸਰ ਮਾਂ ਰਾਹੀਂ ਬੱਚੇ ਤੱਕ ਪਹੁੰਚਦਾ ਹੈ। ਇਸ ਦਾ ਮਤਲਬ ਇਹ ਹੈ ਕਿ ਤਣਾਅ ਵਾਲੇ ਹਾਰਮੋਨ ਜਾਂ ਖੁਸ਼ੀ ਵਾਲੇ ਹਾਰਮੋਨ ਦਾ ਅਸਰ ਵੀ ਬੱਚੇ ’ਤੇ ਪੈਂਦਾ ਹੈ ਅਤੇ ਇਸ ਦਾ ਵਿਗਿਆਨਕ ਆਧਾਰ ਹੈ।”

ਅੰਧਸ਼ਰਧਾ ਨਿਰਮੂਲਨ ਸਮਿਤੀ ਦੀ ਕਾਰਕੁਨ ਮੁਕਤਾ ਦਾਭੋਲਕਰ ਨੇ ਇੱਕ ਗਰਭਵਤੀ ਔਰਤ ਦੇ ਲਈ ਪੌਸ਼ਟਿਕ ਭੋਜਨ, ਚੰਗੇ ਵਿਚਾਰ, ਮਨ ਸ਼ਾਂਤ ਰੱਖਣ ਦੀਆ ਗੱਲਾਂ ਨੂੰ ਗਰਭ ਸੰਸਕਾਰ ਨਾਲ ਜੋੜਨ ’ਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ।

ਭਰੂਣ
SCIENCE PHOTO LIBRARY - SCIEPRO

ਉਨ੍ਹਾਂ ਅਨੁਸਾਰ, “ਜਦੋਂ ਕੁੱਖ ’ਚ ਪਲ ਰਿਹਾ ਬੱਚਾ ਭਾਸ਼ਾ ਹੀ ਨਹੀਂ ਸਮਝ ਸਕਦਾ ਹੈ ਤਾਂ ਉਸ ਨੂੰ ਕਿਵੇਂ ਪਤਾ ਲੱਗੇਗਾ ਕਿ ਉਸ ਦੀ ਮਾਂ ਮੰਤਰਾਂ ਦਾ ਜਾਪ ਕਰ ਰਹੀ ਹੈ।”

ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਗਰਭ ਸੰਸਕਾਰਾਂ ਦੀ ਗੱਲ ਕਰਨਾ ਇੱਕ ਛਲ ਵਿਗਿਆਨ ਹੈ।

ਉਨ੍ਹਾਂ ਅਨੁਸਾਰ, “ਇੱਕ ਮਾਂ ਦਾ ਖੁਸ਼ ਰਹਿਣਾ ਅਹਿਮ ਹੁੰਦਾ ਹੈ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਗਰਭਵਤੀ ਮਾਂ ਨੂੰ ਖੁਸ਼ ਰੱਖਣ ਅਤੇ ਉਸ ਦੀ ਖੁਰਾਕ ਦਾ ਵੀ ਖਾਸ ਧਿਆਨ ਰੱਖਿਆ ਜਾਵੇ।”

ਵਿਚਾਰਧਾਰਾ ਨੂੰ ਵਧਾਉਣ ਦਾ ਯਤਨ

ਉੱਤਰ ਪ੍ਰਦੇਸ਼ ਦੀ ਬਨਾਰਸ ਹਿੰਦੂ ਯੂਨੀਵਰਸਿਟੀ ’ਚ ਇੱਕ ਖੋਜ ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਗਰਭ ’ਚ ਪਲ ਰਹੇ ਭਰੂਣ ’ਤੇ ਰੌਲੇ-ਰੱਪੇ ਅਤੇ ਸੰਗੀਤ ਦਾ ਕੀ ਪ੍ਰਭਾਵ ਪੈਂਦਾ ਹੈ।

ਬੀਐੱਚਯੂ ’ਚ ਪ੍ਰਸੂਤੀ ਤੰਤਰ ਅਤੇ ਇਸਤਰੀ ਰੋਗ ਵਿਭਾਗ, ਆਯੁਰਵੇਦ ਫੈਕਲਟੀ ’ਚ ਡਾ. ਸੁਨੀਤਾ ਸੁਮਨ ਦਾ ਕਹਿਣਾ ਹੈ, “ਗਰਭ ਸੰਸਕਾਰ ਥੈਰੇਪੀ ਨਾਲ ਇਸ ਖੋਜ ਦੀ ਅਜੇ ਸ਼ੁਰੂਆਤ ਹੀ ਹੋਈ ਹੈ।"

"ਇਸ ’ਚ ਵਧੇਰੇ ਜਾਣਕਾਰੀ ਹਾਸਲ ਕਰਨ ’ਚ ਸਮਾਂ ਲੱਗੇਗਾ। ਇਸ ਦਾ ਮਕਸਦ ਇਹ ਵੀ ਹੈ ਕਿ ਜੇਕਰ ਮਾਂ ਤਣਾਅ ’ਚ ਰਹਿੰਦੀ ਹੈ ਤਾਂ ਉਸ ਦਾ ਇਸ ਤਰ੍ਹਾਂ ਦੀ ਥੈਰੇਪੀ ਨਾਲ ਕੀ ਪ੍ਰਭਾਵ ਪੈਂਦਾ ਹੈ। ਇਸ ਸਬੰਧੀ ਵੀ ਖੋਜ ਜਾਰੀ ਹੈ।"

ਕੁਝ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਇੱਕ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਯਤਨ ਹੈ।

ਵਿਸ਼ਲੇਸ਼ਕ ਰਾਜੇਸ਼ ਸਿਨਹਾ ਦਾ ਕਹਿਣਾ ਹੈ ਕਿ ਹਿੰਦੂ ਭਾਵਨਾਵਾਂ ਨੂੰ ਉਭਾਰਨ ਦੇ ਲਈ ਅਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਹਨ, ਜਿਸ ਦਾ ਕੋਈ ਤਰਕਸੰਗਤ ਆਧਾਰ ਨਹੀਂ ਹੁੰਦਾ ਹੈ।

ਭਾਰਤ ’ਚ ਲੋਕਾਂ ’ਚ ਅੰਧਵਿਸ਼ਵਾਸ ਭਰਿਆ ਪਿਆ ਹੈ ਅਤੇ ਉਹ ਪੰਚਾਂਗ ਅਤੇ ਵਾਸਤੂ ’ਚ ਵਿਸ਼ੇਸ਼ ਵਿਸ਼ਵਾਸ ਰੱਖਦੇ ਹਨ। ਅਜਿਹੀਆਂ ਗੱਲਾਂ ਉਨ੍ਹਾਂ ਦਾ ਸਿਆਸੀ ਅਤੇ ਸੱਭਿਆਚਾਰਕ ਆਧਾਰ ਵਧਾਉਂਦੀਆਂ ਹਨ।

ਇਸ ਤੋਂ ਪਹਿਲਾਂ ਵੀ ਆਰਐੱਸਐੱਸ ਦੀ ਸਿਹਤ ਸ਼ਾਖਾ ਅਰੋਗਿਆ ਭਾਰਤੀ ਵੱਲੋਂ ਗਰਭ ਵਿਗਿਆਨ ਸੰਸਕਾਰ ਨੂੰ ਸ਼ੁਰੂ ਕਰਨ ਦੀਆਂ ਖ਼ਬਰਾਂ ਆਈਆਂ ਸਨ।

ਇਸ ਨੂੰ ਗੁਜਰਾਤ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਸਾਲ 2015 ’ਚ ਇਸ ਨੂੰ ਰਾਸ਼ਟਰੀ ਪੱਧਰ ’ਤੇ ਪਹੁੰਚਾਇਆ ਗਿਆ ਸੀ। ਉੱਥੇ ਹੀ ਹੁਣ ਆਰਐੱਸਐੱਸ ਦੀ ਵਿਦਿਆ ਭਾਰਤੀ ਸ਼ਾਖਾ ਦੇ ਸਹਿਯੋਗ ਨਾਲ ਦੂਜੇ ਸੂਬਿਆਂ ’ਚ ਵੀ ਪਹੁੰਚਾਇਆ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News