9 ਸਿੱਖ ਕੈਦੀ ਜਿੰਨ੍ਹਾਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ, ਉਹ ਕਿੱਥੇ ਅਤੇ ਕਿਸ ਜੁਰਮ ਤਹਿਤ ਬੰਦ ਹਨ

Thursday, Mar 09, 2023 - 05:16 PM (IST)

9 ਸਿੱਖ ਕੈਦੀ ਜਿੰਨ੍ਹਾਂ ਦੀ ਰਿਹਾਈ ਦੀ ਮੰਗ ਹੋ ਰਹੀ ਹੈ, ਉਹ ਕਿੱਥੇ ਅਤੇ ਕਿਸ ਜੁਰਮ ਤਹਿਤ ਬੰਦ ਹਨ
ਸਿੱਖ ਕੈਦੀ
SGPC/Twitter

ਕੌਮੀ ਇਨਸਾਫ਼ ਮੋਰਚਾ ਦੇ ਬੈਨਰ ਹੇਠ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਲੋਕ 7 ਜਨਵਰੀ ਤੋਂ ਮੋਹਾਲੀ ਵਿਖੇ ਧਰਨਾ ਦੇ ਰਹੇ ਹਨ।

ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ 1995 ਵਿੱਚ ਇੱਕ ਬੰਬ ਧਮਾਕੇ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿੱਖ ਕੈਦੀ, ਜਿੰਨ੍ਹਾਂ ਨੂੰ ਉਹ ਬੰਦੀ ਸਿੰਘਾਂ ਦਾ ਨਾਂ ਦਿੰਦੇ ਹਨ, ਸਜ਼ਾ ਪੂਰੀ ਕਰਨ ਦੇ ਬਾਵਜੂਦ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ।

ਉਹ ਫ਼ਰੀਦਕੋਟ ਵਿੱਚ 2015 ਦੀ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵੀ ਇਨਸਾਫ਼ ਦੀ ਮੰਗ ਕਰ ਰਹੇ ਹਨ।

ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਕੈਦੀਆਂ ਦੀ ਰਿਹਾਈ ਦਾ ਮਾਮਲਾ ਸਭ ਦੇ ਦਿਲਾਂ ਦੇ ਕਰੀਬ ਹੈ।

ਉਨ੍ਹਾਂ ਨੇ ਕਿਹਾ, “ਇੱਕ ਕਤਲ ਦੀ ਸਜ਼ਾ 14 ਸਾਲ ਹੁੰਦੀ ਹੈ ਜਿਸ ਤੋਂ ਬਾਅਦ ਕਾਤਲ ਅਕਸਰ ਰਿਹਾਅ ਹੋ ਜਾਂਦੇ ਹਨ। ਪਰ ਸਿੱਖ ਕੈਦੀ ਜਿੰਨ੍ਹਾਂ ਦੀ ਅਸੀਂ ਰਿਹਾਈ ਮੰਗ ਰਹੇ ਹਾਂ ਉਹ ਸਾਰੇ ਇਸ ਤੋਂ ਦੁਗਣੀ ਸਜ਼ਾ ਕੱਟ ਚੁੱਕੇ ਹਨ। ਇਹ ਇਸ ਕੌਮੀ ਇਨਸਾਫ਼ ਮੋਰਚੇ ਦੀ ਜਾਇਜ਼ ਮੰਗ ਹੈ।”

ਦਵਿੰਦਰ ਪਾਲ ਸਿੰਘ ਭੁੱਲਰ

ਦਵਿੰਦਰਪਾਲ ਸਿੰਘ ਭੁੱਲਰ
Getty Images
ਦਵਿੰਦਰਪਾਲ ਸਿੰਘ ਭੁੱਲਰ 1995 ਤੋਂ ਹੀ ਭਾਰਤ ਵਿੱਚ ਉਹ ਉਦੋਂ ਤੋਂ ਹੀ ਵੱਖ-ਵੱਖ ਜੇਲ੍ਹਾਂ ਵਿਚ ਰਹੇ ਹਨ

ਵਸਨੀਕ- ਬਠਿੰਡਾ

ਸਜ਼ਾ - ਫਾਂਸੀ ਜਿਸ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਗਿਆ

ਦਵਿੰਦਰ ਪਾਲ ਸਿੰਘ ਭੁੱਲਰ 1995 ਤੋਂ ਜੇਲ੍ਹ ਵਿਚ ਬੰਦ ਹਨ ਤੇ ਫ਼ਿਲਹਾਲ ਅੰਮ੍ਰਿਤਸਰ ਜੇਲ੍ਹ ਵਿੱਚ ਹਨ।

ਦਵਿੰਦਰ ਪਾਲ ਸਿੰਘ ਭੁੱਲਰ ਨੂੰ 1993 ਵਿੱਚ ਦਿੱਲੀ ਵਿੱਚ ਬੰਬ ਧਮਾਕਾ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਵਿੱਚ 9 ਲੋਕ ਮਾਰੇ ਗਏ ਸਨ ਤੇ ਉਸ ਸਮੇਂ ਦੇ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਸਮੇਤ ਕਈ ਹੋਰ ਜ਼ਖ਼ਮੀ ਹੋਏ ਸਨ।

ਉਨ੍ਹਾਂ ਨੂੰ 1995 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 2001 ਵਿੱਚ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਖ਼ਰਾਬ ਸਿਹਤ ਦੇ ਆਧਾਰ ''''ਤੇ 2014 ਵਿੱਚ ਉਮਰ ਕੈਦ ਵਿੱਚ ਬਦਲ ਦਿੱਤਾ ਸੀ।

ਭੁੱਲਰ ਨੂੰ 2019 ਵਿਚ ਕੇਂਦਰ ਦੀਆਂ ਹਦਾਇਤਾਂ ਮੁਤਾਬਕ ਰਿਹਾਅ ਕੀਤਾ ਜਾਣਾ ਸੀ। ਤਿਹਾੜ ਜੇਲ੍ਹ ਵਿੱਚ ਬੰਦ ਹੋਣ ਕਾਰਨ ਕੇਂਦਰ ਨੇ ਦਿੱਲੀ ਸਰਕਾਰ ਨੂੰ ਰਿਹਾਈ ਲਈ ਕਿਹਾ ਸੀ।

ਦਵਿੰਦਰਪਾਲ ਸਿੰਘ ਭੁੱਲਰ
BBC

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਵਕੀਲ ਦਿਲਸ਼ੇਰ ਸਿੰਘ ਨੇ ਕਿਹਾ, “ਇਹ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਰਿਹਾਈ ਨਾਲ ਸਾਨੂੰ ਕੋਈ ਸਮੱਸਿਆ ਨਹੀਂ ਹੈ। ਪਰ ਚਾਰ ਸਾਲ ਬਾਅਦ ਵੀ ਅਜਿਹਾ ਨਹੀਂ ਹੋਇਆ ਹੈ।"

"ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਸਜ਼ਾ ਸਮੀਖਿਆ ਬੋਰਡ ਦਾ ਗਠਨ ਕੀਤਾ ਸੀ। ਇਨ੍ਹਾਂ ਚਾਰ ਸਾਲਾਂ ਦੌਰਾਨ ਛੇ ਵਾਰ ਮੀਟਿੰਗ ਕਿਸੇ ਨਾ ਕਿਸੇ ਕਾਰਨ ਮੁਲਤਵੀ ਕੀਤੀ ਜਾ ਚੁੱਕੀ ਹੈ। ਪਰ ਅਜੇ ਤੱਕ ਸਰਕਾਰ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ।"

"ਇਸ ਦਾ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ''''ਆਪ'''' ਸਰਕਾਰ ਉਨ੍ਹਾਂ ਨੂੰ ਰਿਹਾਅ ਕਰਨ ਲਈ ਤਿਆਰ ਨਹੀਂ ਹੈ।”

ਜਗਤਾਰ ਸਿੰਘ ਹਵਾਰਾ

ਜਗਤਾਰ ਸਿੰਘ ਹਵਾਰਾ
BBC
ਜਗਤਾਰ ਸਿੰਘ ਹਵਾਰਾ 25 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ

ਵਸਨੀਕ - ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਹਵਾਰਾ ਕਲਾਂ

ਸਜ਼ਾ - ਲਗਭਗ 27 ਸਾਲ, ਦੋ ਸਾਲ ਦੀ ਰਿਮੀਸ਼ਨ ਵੀ ਮਿਲ ਚੁੱਕੀ ਹੈ, ਪੈਰੋਲ-0

ਜਗਤਾਰ ਸਿੰਘ ਹਵਾਰਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਦਸੰਬਰ 1995 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਸਾਲ 2007 ਵਿਚ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਪਰ ਸਾਲ 2010 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਸੀ।

ਪਰ ਨਾਲ ਹੀ ਇਹ ਵੀ ਹੁਕਮ ਦਿੱਤੇ ਕਿ ਆਖ਼ਰੀ ਸਾਹ ਤਕ ਬਾਕੀ ਜ਼ਿੰਦਗੀ ਉਹ ਜੇਲ੍ਹ ਵਿਚ ਰਹਿਣਗੇ। ਅਦਾਲਤ ਦਾ ਮੰਨਣਾ ਸੀ ਕਿ ਉਮਰ ਕੈਦ ਦੀ ਸਜ਼ਾ 14 ਸਾਲ ਵਿਚ ਖ਼ਤਮ ਹੋ ਜਾਂਦੀ ਹੈ ਜੋ ਕਿ ਉਨ੍ਹਾਂ ਲਈ ਘੱਟ ਹੈ, ਜਦਕਿ ਫਾਂਸੀ ਦੀ ਸਜ਼ਾ ਦੇ ਵੀ ਉਹ ਹੱਕਦਾਰ ਨਹੀਂ ਹਨ।

ਇਸ ਤੋਂ ਬਾਅਦ ਸੀਬੀਆਈ ਨੇ ਇਸ ਹੁਕਮ ਦੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁੱਖ ਕੀਤਾ। ਹਵਾਰਾ ਨੇ ਵੀ ਆਪਣੀ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਦੋਵੇਂ ਅਪੀਲਾਂ ਅਜੇ ਪੈਂਡਿੰਗ ਹਨ।

ਹਵਾਰਾ ਬਾਰੇ ਅਦਾਲਤ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਕਤਲ ਲਈ ਦੋਸ਼ੀਆਂ ਨੂੰ ਪ੍ਰੇਰਿਤ ਕੀਤਾ, ਉਸ ਲਈ ਲੋੜੀਂਦਾ ਪ੍ਰਬੰਧ ਕੀਤਾ, ਖ਼ਰਚੇ ਜਾਣ ਵਾਲੇ ਪੈਸੇ ਹਾਸਿਲ ਕੀਤੇ, ਉਨ੍ਹਾਂ ਥਾਵਾਂ ਦਾ ਪ੍ਰਬੰਧ ਕੀਤਾ ਜਿੱਥੇ ਉਹ ਅਤੇ ਹੋਰ ਸਹਿ-ਦੋਸ਼ੀ ਠਹਿਰੇ ਅਤੇ ਆਰਡੀਐਕਸ ਖ਼ਰੀਦੇ ਤੇ ਛੁਪਾਏ।

ਜਗਤਾਰ ਸਿੰਘ ਹਵਾਰਾ
BBC

ਸੀਬੀਆਈ ਦੇ ਵਕੀਲ ਦੀ ਇਸ ਦਲੀਲ ਨੂੰ ਵੀ ਸਹੀ ਠਹਿਰਾਇਆ ਗਿਆ ਸੀ ਕਿ “ਉਹ ਸਾਬਕਾ ਮੁੱਖ ਮੰਤਰੀ ਦੀ ਹੱਤਿਆ ਦੇ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਹੇ ਸੀ। ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਸਭ ਨੇ ਕੀਤੀ। ਉਨ੍ਹਾਂ ਨੇ ਦਿਲਾਵਰ ਸਿੰਘ ਨੂੰ ਮਨੁੱਖੀ ਬੰਬ ਬਣਨ ਲਈ ਪ੍ਰੇਰਿਆ।”

ਅੰਡਰ ਟਰਾਇਲ ਵਜੋਂ ਹਵਾਰਾ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਸੀ। ਜਨਵਰੀ 2004 ਵਿੱਚ, ਉਹ ਕੁਝ ਹੋਰ ਕੈਦੀਆਂ ਦੇ ਨਾਲ ਇੱਕ 95 ਫੁੱਟ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ ਇੱਕ ਸਨਸਨੀਖ਼ੇਜ਼ ਤਰੀਕੇ ਨਾਲ ਫ਼ਰਾਰ ਹੋਣ ਵਿੱਚ ਕਾਮਯਾਬ ਰਹੇ।

ਪਰ ਹਵਾਰਾ ਨੂੰ ਜੂਨ 2005 ਵਿੱਚ ਦਿੱਲੀ ਪੁਲਿਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਸੀ। ਉਹ ਉਦੋਂ ਤੋਂ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ।

ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਵਿਚੋਂ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਵਕੀਲ ਦਿਲਸ਼ੇਰ ਸਿੰਘ ਕਹਿੰਦੇ ਹਨ, “ਅਸੀਂ ਦਲੀਲ ਇਹ ਦਿੰਦੇ ਹਾਂ ਕਿ ਜੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਨੂੰ ਕਿਉਂ ਨਹੀਂ।”

ਗੁਰਮੀਤ ਸਿੰਘ ਉਰਫ਼ ਮੀਤਾ

ਗੁਰਮੀਤ ਸਿੰਘ
Komo insaf morcha
ਗੁਰਮੀਤ ਸਿੰਘ ਨੂੰ ਸਾਲ 2007 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ

ਵਸਨੀਕ - ਮੋਹਾਲੀ ਅਤੇ ਪਟਿਆਲਾ ਵਿਖੇ ਉਨ੍ਹਾਂ ਦੇ ਦੋ ਘਰ ਹਨ

ਜੇਲ੍ਹ - ਸਾਲ 1995 ਤੋਂ ਉਹ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹਨ

ਸਜ਼ਾ - ਅਜੇ ਤੱਕ ਲਗਭਗ 30 ਸਾਲ (6 ਸਾਲ ਦੀ ਰਿਮੀਸ਼ਨ ਸਮੇਤ)

ਗੁਰਮੀਤ ਸਿੰਘ ਉੱਤੇ ਇਹ ਦੋਸ਼ ਸੀ ਕਿ ਉਨ੍ਹਾਂ ਨੇ ਬੇਅੰਤ ਸਿੰਘ ਦੇ ਕਤਲ ਲਈ ਪਹਿਨੀ ਗਈ ਵਿਸਫੋਟਕ ਬੈਲਟ ਤਿਆਰ ਕਰਨ ਵਿੱਚ ਮਦਦ ਕੀਤੀ ਸੀ। ਉਹ ਸਤੰਬਰ 1995 ਵਿੱਚ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਸੀ।

ਸਾਲ 2007 ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਗੁਰਮੀਤ ਸਿੰਘ ਇਲੈਕਟ੍ਰਾਨਿਕ ਇੰਜੀਨੀਅਰ ਹਨ। ਬੇਅੰਤ ਸਿੰਘ ਕੇਸ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ, ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਬੈਲਟ-ਬੰਬ ਦੇ ਸਰਕਟ ਦੀ ਜਾਂਚ ਕੀਤੀ ਅਤੇ ਉਸ ਵਿਚ ਜ਼ਰੂਰੀ ਸੁਧਾਰ ਕੀਤੇ।

ਗੁਰਮੀਤ ਸਿੰਘ ਮੀਤਾ
BBC

ਉਨ੍ਹਾਂ ਕੋਲੋਂ ਬੰਬ ਤਿਆਰ ਕਰਨ ਲਈ ਵਰਤੇ ਜਾਂਦੇ ਅਖ਼ਬਾਰਾਂ ਦੇ ਟੁਕੜੇ, ਕਾਰਡ-ਬਾਕਸ ਆਦਿ ਬਰਾਮਦ ਹੋਏ ਸੀ।

ਪਿਛਲੇ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਗੁਰਮੀਤ ਸਿੰਘ ਦੀ ਜੇਲ੍ਹ ਤੋਂ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।

ਇਹ ਫ਼ੈਸਲਾ ਪਟਿਆਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਮਿਲੀ ਰਿਪੋਰਟ ਤੋਂ ਬਾਅਦ ਲਿਆ ਗਿਆ ਕਿ ਗੁਰਮੀਤ ਦੀ ਰਿਹਾਈ ਸੂਬੇ ਦੇ ਸ਼ਾਂਤਮਈ ਮਾਹੌਲ ਲਈ ਠੀਕ ਨਹੀਂ ਹੈ। ਗੁਰਮੀਤ ਨੂੰ ਪਿਛਲੇ ਦਿਨੀਂ 28 ਦਿਨਾਂ ਪਰੋਲ ਮਿਲੀ ਹੈ।

ਜੇ ਪੈਰੋਲ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਸਾਲ ਕੋਵਿਡ ਦੌਰਾਨ ਉਨ੍ਹਾਂ ਨੂੰ 7 ਮਹੀਨੇ ਦੀ ਸਪੈਸ਼ਲ ਪੈਰੋਲ ਮਿਲੀ ਹੈ। ਉਨ੍ਹਾਂ ਨੂੰ 28 ਦਿਨਾਂ ਦੀ 10 ਵਾਰ ਪੈਰੋਲ ਮਿਲੀ ਹੈ। ਇਸ ਤੋਂ ਇਲਾਵਾ 4 ਵਾਰੀ ਫਰਲੋ ''''ਤੇ ਵੀ ਰਹੇ ਹਨ।

ਗੁਰਦੀਪ ਸਿੰਘ ਖੇੜਾ

ਗੁਰਦੀਪ
BBC

ਵਸਨੀਕ - ਪਿੰਡ ਜੱਲੂਪੁਰ ਖੇੜਾ, ਜ਼ਿਲ੍ਹਾ ਅੰਮ੍ਰਿਤਸਰ

ਜੇਲ੍ਹ - ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿੱਚ 1990 ਤੋਂ ਬੰਦ ਹਨ

ਸਾਲ 1990 ਵਿਚ ਉਨ੍ਹਾਂ ਨੂੰ ਕਰਨਾਟਕ ਦੇ ਇੱਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਕਿਉਂਕਿ ਉਨ੍ਹਾਂ ਦਾ ਪਿੰਡ ਅੰਮ੍ਰਿਤਸਰ ਜੇਲ੍ਹ ਵਿਚ ਪੈਂਦਾ ਹੈ ਉਨ੍ਹਾਂ ਨੂੰ ਇੱਥੇ ਭੇਜ ਦਿੱਤਾ ਗਿਆ।

ਵਕੀਲ ਦਿਲਸ਼ੇਰ ਸਿੰਘ ਦਾ ਕਹਿਣਾ ਹੈ ਕਿ ਜਿੰਨ੍ਹਾਂ ਦੀ ਅਸੀਂ ਰਿਹਾਈ ਦੀ ਮੰਗ ਕਰ ਰਹੇ ਹਾਂ ਉਨ੍ਹਾਂ ਵਿਚੋਂ ਸਭ ਤੋਂ ਵੱਧ ਲੰਬਾ ਸਮਾਂ ਗੁਰਦੀਪ ਸਿੰਘ ਖੇੜਾ ਦਾ ਹੈ।

ਉਹ 32 ਸਾਲਾਂ ਤੋਂ ਜੇਲ੍ਹ ਵਿਚ ਹਨ। ਉਨ੍ਹਾਂ ਦੇ ਖ਼ਿਲਾਫ਼ ਇੱਕ ਦਿੱਲੀ ਦਾ ਕੇਸ ਹੈ ਤੇ ਇੱਕ ਕਰਨਾਟਕ ਦਾ।

ਪਹਿਲਾਂ ਦਿੱਲੀ ਵਾਲੇ ਕੇਸ ਵਿਚ ਸਜ਼ਾ ਹੋਈ ਤੇ ਬਾਅਦ ਵਿਚ ਕਰਨਾਟਕ ਵਾਲੇ ਮਾਮਲੇ ਵਿਚ। ਪਰ ਉਨ੍ਹਾਂ ਦਾ ਦਾਅਵਾ ਹੈ ਕਿ ਜੱਜ ਨੇ ਸਾਫ਼ ਕੀਤਾ ਸੀ ਕਿ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।

ਵਕੀਲ ਦਿਲਸ਼ੇਰ ਸਿੰਘ ਦਾ ਕਹਿਣਾ ਹੈ ਕਿ ਕਰਨਾਟਕ ਸਰਕਾਰ ਸਿਰਫ਼ ਇਹ ਚਾਹੁੰਦੀ ਹੈ, “ਪੰਜਾਬ ਦੇ ਮੁੱਖ ਮੰਤਰੀ ਤੋਂ ਲਿਖਤੀ ਤੌਰ ’ਤੇ ਦੇਣ ਕਿ ਗੁਰਮੀਤ ਸਿੰਘ ਨੂੰ ਛੱਡਿਆ ਜਾਵੇ ਜਾਂ ਪੱਕੇ ਤੌਰ ਤੇ ਰਿਹਾਅ ਕੀਤਾ ਜਾਵੇ।”

ਬਲਵੰਤ ਸਿੰਘ ਰਾਜੋਆਣਾ

ਬਲਵੰਤ ਸਿੰਘ ਰਾਜੋਆਣਾ
Getty Images
ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਹਨ

ਵਸਨੀਕ - ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ

ਸਜ਼ਾ - ਲਗਭਗ 26 ਸਾਲ, ਪੈਰੋਲ 0

ਇਸ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ, ਰਾਜੋਆਣਾ ਨੂੰ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦਸੰਬਰ 1995 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਧਮਾਕੇ ਵਾਲੇ ਦਿਨ 31 ਅਗਸਤ 1995 ਨੂੰ ਉਹ ਦਿਲਾਵਰ ਸਿੰਘ ਦੇ ਨਾਲ ਸੀ।

ਉਨ੍ਹਾਂ ਨੇ ਕਿਹਾ ਸੀ, “ਮੈਂ ਆਪਣੇ ਹੱਥਾਂ ਨਾਲ ਉਨ੍ਹਾਂ ''''ਤੇ ਬੰਬ ਬੰਨ੍ਹਿਆ ਸੀ। ਮੈਨੂੰ ਉਕਤ ਕਤਲ ਵਿੱਚ ਸ਼ਾਮਲ ਹੋਣ ਦਾ ਕੋਈ ਪਛਤਾਵਾ ਨਹੀਂ ਹੈ। ਮੈਨੂੰ ਭਾਈ ਦਿਲਾਵਰ ਦੀ ਕੁਰਬਾਨੀ ''''ਤੇ ਮਾਣ ਹੈ ਅਤੇ ਉਨ੍ਹਾਂ ਦੇ ਸਨਮੁੱਖ ਮੇਰਾ ਸਿਰ ਝੁਕਦਾ ਹੈ।”

ਬਲਵੰਤ ਸਿੰਘ ਰਾਜੋਆਣਾ
BBC

ਜੋ ਲੋਕ ਬੇਅੰਤ ਸਿੰਘ ਦੇ ਨਾਲ ਧਮਾਕੇ ਵਿਚ ਮਾਰੇ ਗਏ ਉਨ੍ਹਾਂ ਬਾਰੇ ਰਾਜੋਆਣਾ ਨੇ ਕਿਹਾ ਸੀ, “ਆਮ ਜਨਤਾ ਨਾ ਤਾਂ ਸਾਡਾ ਨਿਸ਼ਾਨਾ ਸੀ ਅਤੇ ਨਾ ਹੀ ਸਾਡਾ ਮਨੋਰਥ ਨਿਰਦੋਸ਼ ਲੋਕਾਂ ਨੂੰ ਮਾਰਨਾ ਸੀ।”

ਰਾਜੋਆਣਾ ਨੇ ਆਪਣੀ ਸਜ਼ਾ ਵਿਰੁੱਧ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀ ਤਰਫੋਂ ਰਹਿਮ ਦੀ ਅਪੀਲ ਦਾਇਰ ਕੀਤੀ ਸੀ।

2 ਮਾਰਚ ਨੂੰ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਵਾਲੀ ਪਟੀਸ਼ਨ ''''ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਯਾਨੀ ਹੁਣ ਫ਼ੈਸਲਾ ਕਿਸੇ ਵੀ ਦਿਨ ਆ ਸਕਦਾ ਹੈ।

ਪਿਛਲੇ ਦਿਨੀਂ ਰਾਜੋਆਣਾ ਨੇ ਪੁਲਿਸ ਨਾਲ ਪਟਿਆਲਾ ਜੇਲ੍ਹ ਤੋਂ ਹਸਪਤਾਲ ਦੇ ਅੰਦਰ ਜਾਂਦੇ ਸਮੇਂ ਮੀਡੀਆ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਕੌਮੀ ਇਨਸਾਫ਼ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ।

ਪਰ ਮੋਰਚੇ ਦੇ ਆਗੂ ਕਹਿੰਦੇ ਹਨ ਕਿ ਉਹ ਰਾਜੋਆਣਾ ਦੀ ਰਿਹਾਈ ਦੀ ਮੰਗ ਕਰਦੇ ਹਨ ਤੇ ਕਰਦੇ ਰਹਿਣਗੇ।

ਸ਼ਮਸ਼ੇਰ ਸਿੰਘ

ਸ਼ਮਸ਼ੇਰ ਸਿੰਘ
komi insaf morcha
ਸ਼ਮਸ਼ੇਰ ਸਿੰਘ ਦੇ ਇਕਬਾਲੀਆ ਬਿਆਨ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਨ੍ਹਾਂ ਦਾ ਕੰਮ ਆਰਡੀਐਕਸ ਮੰਗਵਾਉਣਾ ਸੀ

ਵਸਨੀਕ - ਰਾਜਪੁਰਾ

ਸਜ਼ਾ - ਲਗਭਗ 30 ਸਾਲ (ਰਿਮੀਸ਼ਨ ਮਿਲਾ ਕੇ)

ਸ਼ਮਸ਼ੇਰ ਸਿੰਘ ਨੂੰ ਸਾਲ 1995 ਦੇ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਲ 2007 ਵਿਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਤੇ ਉਹ ਬੁੜੈਲ ਜੇਲ੍ਹ ਵਿੱਚ ਬੰਦ ਹਨ।

ਉਹ ਇੱਕ ਟਰੱਕ ਡਰਾਈਵਰ ਸੀ ਅਤੇ ਇਹ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਆਤਮਘਾਤੀ ਬੰਬ ਧਮਾਕੇ ਵਿੱਚ ਵਰਤੇ ਜਾਣ ਲਈ ਭਾਰਤ-ਪਾਕਿਸਤਾਨ ਸਰਹੱਦ ਤੋਂ ਪਟਿਆਲਾ ਅਤੇ ਰੋਪੜ ਵਿੱਚ ਵਿਸਫੋਟਕ ਸਮੱਗਰੀ ਪਹੁੰਚਾਈ ਸੀ।

ਸ਼ਮਸ਼ੇਰ ਸਿੰਘ ਦੇ ਇਕਬਾਲੀਆ ਬਿਆਨ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਨ੍ਹਾਂ ਦਾ ਕੰਮ ਆਰਡੀਐਕਸ ਮੰਗਵਾਉਣਾ ਸੀ, ਜੋ ਪਾਕਿਸਤਾਨ ਤੋਂ ਵਧਾਵਾ ਸਿੰਘ ਵੱਲੋਂ ਭੇਜਿਆ ਗਿਆ ਸੀ। ਅਜਿਹਾ ਉਨ੍ਹਾਂ ਨੇ ਜਗਤਾਰ ਸਿੰਘ ਹਵਾਰਾ ਦੇ ਨਿਰਦੇਸ਼ਾਂ ''''ਤੇ ਕੀਤਾ ਸੀ।

ਉਨ੍ਹਾਂ ਨੂੰ ਪਹਿਲੀ ਵਾਰ ਦਸੰਬਰ 2013 ਵਿੱਚ ਪੈਰੋਲ ਮਿਲੀ ਸੀ।

ਕੋਵਿਡ ਵੇਲੇ ਉਨ੍ਹਾਂ ਨੂੰ 9 ਮਹੀਨੇ ਦੀ ਸਪੈਸ਼ਲ ਪੈਰੋਲ ਮਿਲੀ ਸੀ। 28 ਦਿਨਾਂ ਦੀ ਉਨ੍ਹਾਂ ਨੂੰ 10 ਵਾਰ ਪੈਰੋਲ ਮਿਲੀ। ਇਸ ਤੋਂ ਇਲਾਵਾ 4 ਵਾਰੀ ਫਰਲੋ ਵੀ ਮਿਲੀ ਸੀ।

ਪਰਮਜੀਤ ਸਿੰਘ ਭਿਓਰਾ

ਪਰਮਜੀਤ ਸਿੰਘ ਭਿਓਰਾ
Komi insaaf Morcha
ਪਰਮਜੀਤ ਸਿੰਘ ਭਿਓਰਾ ਨੂੰ 1997 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 2004 ਤੱਕ ਬੁੜੈਲ ਜੇਲ੍ਹ ਵਿੱਚ ਰਿਹਾ

ਵਸਨੀਕ - ਰੋਪੜ

ਸਜ਼ਾ - ਉਮਰ ਕੈਦ

ਪਰਮਜੀਤ ਸਿੰਘ ਭਿਓਰਾ ਬੇਅੰਤ ਸਿੰਘ ਧਮਾਕੇ ਵਿਚ ਜਗਤਾਰ ਸਿੰਘ ਹਵਾਰਾ ਦਾ ਸਹਿਯੋਗੀ ਸੀ ਅਤੇ ਉਨ੍ਹਾਂ ਉੱਤੇ ਦੋਸ਼ ਸੀ ਕਿ ਉਨ੍ਹਾਂ ਨੇ ਕਤਲ ਵਿੱਚ ਵਰਤੀ ਗਈ ਕਾਰ ਖ਼ਰੀਦੀ ਸੀ।

ਭਿਓਰਾ ਨੂੰ 1997 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 2004 ਤੱਕ ਬੁੜੈਲ ਜੇਲ੍ਹ ਵਿੱਚ ਰਿਹਾ।

ਜਿਹੜੇ ਚਾਰ ਕੈਦੀ ਬੁੜੈਲ ਜੇਲ੍ਹ ਵਿਚੋਂ ਸੁਰੰਗ ਪੁੱਟ ਕੇ ਫ਼ਰਾਰ ਹੋਏ ਸੀ ਉਨ੍ਹਾਂ ਵਿਚ ਭਿਓਰਾ ਵੀ ਸੀ। ਉਨ੍ਹਾਂ ਨੂੰ ਮਾਰਚ 2006 ਵਿੱਚ ਮੁੜ ਗ੍ਰਿਫਤਾਰ ਕੀਤਾ ਗਿਆ ਸੀ। ਭਿਓਰਾ ਨੂੰ ਕਦੇ ਵੀ ਨਿਯਮਤ ਪੈਰੋਲ ਨਹੀਂ ਦਿੱਤੀ ਗਈ।

ਉਨ੍ਹਾਂ ਨੂੰ ਦੋ ਸਾਲ ਸੱਤ ਮਹੀਨੇ ਤੋਂ ਵੱਧ ਰਿਮੀਸ਼ਨ ਮਿਲੀ ਹੈ। ਜਿਸ ਨੂੰ ਮਿਲਾ ਕੇ ਉਨ੍ਹਾਂ ਦੀ ਸਜ਼ਾ 24 ਸਾਲ ਤੋਂ ਵੱਧ ਬਣਦੀ ਹੈ।

ਪਰਮਜੀਤ ਸਿੰਘ ਭਿਓਰਾ
BBC

ਲਗਭਗ ਪੰਜ ਸਾਲ ਪਹਿਲਾਂ ਭਿਓਰਾ ਨੇ ਆਪਣੀ ਬਿਮਾਰ ਬਜ਼ੁਰਗ ਮਾਂ ਪ੍ਰੀਤਮ ਕੌਰ ਜਿਨ੍ਹਾਂ ਦੀ ਉਮਰ ਉਸ ਵੇਲੇ ਲਗਭਗ 93 ਸਾਲ ਸੀ, ਨੂੰ ਦੇਖਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਕੁਝ ਘੰਟਿਆਂ ਲਈ ਜੇਲ੍ਹ ਤੋਂ ਰਿਹਾਈ ਦੀ ਮੰਗ ਕੀਤੀ ਸੀ।

ਪਰ ਸੀਬੀਆਈ ਨੇ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਦੀ ਪ੍ਰਾਰਥਨਾ ਦਾ ਵਿਰੋਧ ਕੀਤਾ।

ਸੀਬੀਆਈ ਦਾ ਤਰਕ ਸੀ ਕਿ ਭਿਓਰਾ ਨੇ ਸਾਥੀਆਂ ਨਾਲ ਮਿਲ ਕੇ ਬੁੜੈਲ ਜੇਲ੍ਹ ਵਿੱਚੋਂ ਸੁਰੰਗ ਪੁੱਟੀ ਸੀ ਅਤੇ ਉਨ੍ਹਾਂ ਸਮੇਤ ਦੋ ਹੋਰ ਮੁਲਜ਼ਮ ਵੀ ਜੇਲ੍ਹ ਵਿੱਚੋਂ ਫ਼ਰਾਰ ਹੋ ਗਏ ਸਨ।

ਹਾਲਾਂਕਿ ਸੀਬੀਆਈ ਤੇ ਭਿਓਰਾ ਦੀ ਇਸ ਗੱਲ ''''ਤੇ ਸਹਿਮਤੀ ਬਣੀ ਕਿ ਬਿਰਧ ਮਾਂ ਅਤੇ ਭਿਓਰਾ ਦੀ ਮੁਲਾਕਾਤ ਜੇਲ੍ਹ ਵਿਚ ਹੀ ਕਰਵਾਈ ਜਾ ਸਕਦੀ ਹੈ ਜਿਸ ਦੇ ਹੁਕਮ ਅਦਾਲਤ ਵੱਲੋਂ ਦਿੱਤੇ ਗਏ ਸਨ।

ਲਖਵਿੰਦਰ ਸਿੰਘ ਉਰਫ਼ ਲੱਖਾ

ਲਖਵਿੰਦਰ ਸਿੰਘ ਉਰਫ਼ ਲੱਖਾ
Komi insaaf morcha
ਲਖਵਿੰਦਰ ਸਿੰਘ ਪੰਜਾਬ ਸਿਵਲ ਸਕੱਤਰੇਤ ਵਿੱਚ ਪੰਜਾਬ ਪੁਲਿਸ ਦੇ ਮੋਟਰ ਟਰਾਂਸਪੋਰਟ ਵਿਭਾਗ ਵਿੱਚ ਕੰਮ ਕਰਦੇ ਸੀ

ਵਸਨੀਕ - ਉਨ੍ਹਾਂ ਦਾ ਘਰ ਚੰਡੀਗੜ੍ਹ ਦੇ ਨੇੜੇ ਕਾਂਸਲ ਪਿੰਡ ਵਿੱਚ ਹੈ

ਸਜ਼ਾ - ਉਮਰ ਕੈਦ

ਜੇਲ੍ਹ - ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਸਾਲ 1995 ਤੋਂ ਬੰਦ

ਉਹ ਪੰਜਾਬ ਪੁਲਿਸ ਵਿੱਚ ਡਰਾਈਵਰ ਸੀ ਅਤੇ ਸਾਲ 2007 ਵਿਚ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।

ਸਾਲ 2020 ਵਿਚ ਉਨ੍ਹਾਂ ਨੂੰ ਵੀ ਗੁਰਮੀਤ ਸਿੰਘ ਵਾਂਗ ਕੋਵਿਡ ਕਾਰਨ ਸਪੈਸ਼ਲ ਪੈਰੋਲ ਮਿਲੀ ਤੇ ਉਹ 7 ਮਹੀਨੇ ਤੋਂ ਵੱਧ ਪੈਰੋਲ ''''ਤੇ ਰਹੇ।

6 ਸਾਲ ਦੀ ਮਾਫੀ ਮਿਲ ਚੁੱਕੀ ਹੈ। ਮਾਫੀ ਤੇ ਪੈਰੋਲ ਮਿਲਾ ਕੇ ਉਨ੍ਹਾਂ ਨੇ 30 ਸਾਲ ਤੋਂ ਵੱਧ ਦੀ ਸਜ਼ਾ ਪੂਰੀ ਕਰ ਲਈ ਹੈ।

ਹੱਤਿਆ ਦੀ ਸਾਜ਼ਿਸ਼ ਰਚਣ ਲਈ ਦੋਸ਼ੀ ਠਹਿਰਾਇਆ ਗਿਆ ਸੀ ।

ਉਹ 1995 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਦਸੰਬਰ 2013 ਵਿੱਚ ਪੈਰੋਲ ਵੀ ਮਿਲੀ ਸੀ।

ਪਿਛਲੇ ਸਾਲ ਲਖਵਿੰਦਰ ਨੇ ਆਪਣੀ ਜਲਦੀ ਰਿਹਾਈ ਦੀ ਮੰਗ ਲਈ ਭੁੱਖ ਹੜਤਾਲ ਕੀਤੀ ਸੀ।

ਲਖਵਿੰਦਰ ਸਿੰਘ ਪੰਜਾਬ ਸਿਵਲ ਸਕੱਤਰੇਤ ਵਿੱਚ ਪੰਜਾਬ ਪੁਲਿਸ ਦੇ ਮੋਟਰ ਟਰਾਂਸਪੋਰਟ ਵਿਭਾਗ ਵਿੱਚ ਕੰਮ ਕਰਦੇ ਸੀ। ਉਹ ਪਿੰਡ ਕਾਂਸਲ ਦਾ ਰਹਿਣ ਵਾਲੇ ਹੈ।

ਸੀਬੀਆਈ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਮਨੁੱਖੀ ਬੰਬ ਦਿਲਾਵਰ ਸਿੰਘ ਦੇ ਕੱਪੜੇ ਅਤੇ ਪੇਟੀ ਫਿਟ ਕਰਨ ਵਿਚ ਮਦਦ ਕੀਤੀ।

ਉਨ੍ਹਾਂ ''''ਤੇ ਅਪਰਾਧ ਵਿੱਚ ਇਸਤੇਮਾਲ ਕੀਤੀ ਕਾਰ ਨੂੰ ਪੇਂਟ ਕਰਾਉਣ ਦਾ ਕੰਮ ਸੌਂਪਿਆ ਗਿਆ ਸੀ।

ਕਾਰ ਨੂੰ ਬਾਹਰੋਂ ਚਿੱਟਾ ਰੰਗ ਦਿੱਤਾ ਗਿਆ ਸੀ। ਲਖਵਿੰਦਰ ਸਿੰਘ ਨੇ ਇਸ ਲਈ ਕੁੱਲ 3,000 ਰੁਪਏ ਅਦਾ ਕੀਤੇ ਸੀ। ਉਨ੍ਹਾਂ ਦੇ ਉਂਗਲਾਂ ਦੇ ਨਿਸ਼ਾਨ ਕਾਰ ਤੋਂ ਮਿਲੇ ਸੀ।

ਲਖਵਿੰਦਰ ਸਿੰਘ ਨੂੰ ਧਮਾਕੇ ਦੇ ਪੰਜਵੇਂ ਦਿਨ ਪਿੰਡ ਕਾਂਸਲ ਨੇੜਿਉਂ ਗ੍ਰਿਫਤਾਰ ਕੀਤਾ ਗਿਆ ਸੀ।

ਜਗਤਾਰ ਸਿੰਘ ਤਾਰਾ

ਰੋਪੜ ਦੇ ਇੱਕ ਪਿੰਡ ਦਾ ਵਸਨੀਕ

ਜੇਲ੍ਹ- ਬੁੜੈਲ ਜੇਲ੍ਹ, ਚੰਡੀਗੜ੍ਹ ਵਿੱਚ ਪਹਿਲਾਂ 1995 ਤੋਂ 2004 ਤੱਕ ਤੇ ਫਿਰ 2015 ਤੋਂ ਜੇਲ੍ਹ ਵਿੱਚ ਬੰਦ।

ਜਗਤਾਰ ਸਿੰਘ ਤਾਰਾ ਨੂੰ 1995 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ 2004 ਵਿੱਚ ਹਵਾਰਾ ਨਾਲ ਜੇਲ੍ਹ ਵਿੱਚੋਂ ਫ਼ਰਾਰ ਹੋਣ ਵਾਲਿਆਂ ਵਿੱਚ ਸ਼ਾਮਲ ਸੀ।

ਸਤੰਬਰ 2015 ਵਿੱਚ ਉਨ੍ਹਾਂ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 2018 ਵਿੱਚ, ਉਨ੍ਹਾਂ ਨੂੰ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਤਾਰਾ ਨੂੰ ਕਦੇ ਨਿਯਮਤ ਪੈਰੋਲ ਨਹੀਂ ਦਿੱਤੀ ਗਈ।

ਬੇਅੰਤ ਸਿੰਘ ਦੇ ਕਤਲ ਤੋਂ ਇਲਾਵਾ, ਤਾਰਾ ਦੇ ਖ਼ਿਲਾਫ਼ ਕਈ ਮਾਮਲੇ ਦਰਜ ਕੀਤੇ ਗਏ ਸੀ।

ਸਾਲ 2022 ਦੇ ਕਸਟਡੀ ਸਰਟੀਫਿਕੇਟ ਦੇ ਮੁਤਾਬਕ ਉਨ੍ਹਾਂ ਦੇ ਖ਼ਿਲਾਫ਼ ਰੋਪੜ ਵਿਚ ਸਾਲ 1998 ਦਾ ਮਾਮਲਾ ਦਰਜ ਸੀ ਜਿਸ ਵਿਚ ਉਨ੍ਹਾਂ ਨੂੰ ਬਰੀ ਕੀਤਾ ਗਿਆ ਸੀ।

ਫਿਰ ਰੋਪੜ ਦੇ ਸਾਲ 1991 ਦੇ ਇੱਕ ਹੋਰ ਮਾਮਲੇ ਵਿਚ ਵੀ ਉਨ੍ਹਾਂ ਨੂੰ ਬਰੀ ਕੀਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News