ਮੌੜ ਮੰਡੀ ਬੰਬ ਧਮਾਕਾ: ਉਹ ਤਿੰਨ ਮੁਲਜ਼ਮ ਕੌਣ ਹਨ ਜਿੰਨਾਂ ਬਾਰੇ ''''ਰੈੱਡ ਕਾਰਨਰ ਨੋਟਿਸ'''' ਜਾਰੀ ਹੋਇਆ
Wednesday, Mar 08, 2023 - 02:31 PM (IST)


ਪੰਜਾਬ ਦੇ ਮੌੜ ਮੰਡੀ ਕਸਬੇ ਵਿੱਚ 31 ਜਨਵਰੀ 2017 ਨੂੰ ਵਿਧਾਨ ਸਭਾ ਚੋਣਾਂ ਤੋਂ ਠੀਕ ਤਿੰਨ ਦਿਨ ਪਹਿਲਾਂ ਇਕ ਚੋਣ ਜਲਸੇ ਨੇੜੇ ਹੋਏ ਧਮਾਕੇ ਦੇ ਤਿੰਨ ਕਥਿਤ ਮੁਲਜ਼ਮਾਂ ਸਬੰਧੀ ਇੰਟਰਪੋਲ ਨੇ ''''ਰੈੱਡ ਨੋਟਿਸ'''' ਜਾਰੀ ਕੀਤਾ ਹੈ।
ਇੰਟਰਨੈਸ਼ਨਲ ਕਰਿਮੀਨਲ ਪੁਲਿਸ ਅਰਗੇਨਾਈਜੇਸ਼ਨ ਨੇ ਅਮਰੀਕ ਸਿੰਘ, ਗੁਰਤੇਜ ਸਿੰਘ ਅਤੇ ਅਵਤਾਰ ਸਿੰਘ ਬਾਰੇ ਇਹ ਨੋਟਿਸ ਜਾਰੀ ਕੀਤਾ ਹੈ।
ਪੰਜਾਬ ਪੁਲਿਸ ਮੁਤਾਬਿਕ ਮੌੜ ਧਮਾਕੇ ਵਿਚ ਨਾਮਜ਼ਦ ਇਹ ਤਿੰਨੇ ਮੁਲਜ਼ਮ ਕਥਿਤ ਤੌਰ ''''ਤੇ ਡੇਰਾ ਸੱਚਾ ਸੌਦਾ ਸਿਰਸਾ ਨਾਲ ਸਬੰਧਤ ਹਨ।
ਕਰੀਬ 6 ਸਾਲ ਪਹਿਲਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਵੱਲੋਂ ਬਠਿੰਡੇ ਜ਼ਿਲ੍ਹੇ ਦੇ ਕਸਬਾ ਮੌੜ ਮੰਡੀ ਦੀ ਟਰੱਕ ਯੂਨੀਅਨ ਨੇੜੇ ਆਪਣੀ ਜਨਤਕ ਮੀਟਿੰਗ ਕੀਤੀ ਜਾ ਰਹੀ ਸੀ।
ਇਸ ਧਮਾਕੇ ਵਿਚ 5 ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
ਧਮਾਕਾ ਕਥਿਤ ਤੌਰ ’ਤੇ ਇਕ ਮਾਰੂਤੀ ਕਾਰ ਵਿਚ ਇਕ ਪ੍ਰੈਸ਼ਰ ਕੁੱਕਰ ਬੰਬ ਦੀ ਮਦਦ ਨਾਲ ਕੀਤਾ ਗਿਆ ਸੀ।
ਇਸ ਮਾਮਲੇ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ।

ਮੁਲਜ਼ਮ ਕੌਣ ਹਨ ਜਿੰਨਾਂ ਬਾਰੇ '''' ਰੈੱਡ ਕਾਰਨਰ ਨੋਟਿਸ'''' ਜਾਰੀ ਹੋਇਆ
ਪੰਜਾਬ ਪੁਲਿਸ ਦੀ ਐੱਸਆਈਟੀ ਨੇ ਆਪਣੀ ਜਾਂਚ ਮਗਰੋਂ ਇਸ ਘਟਨਾ ਲਈ ਅਮਰੀਕ ਸਿੰਘ (52), ਗੁਰਤੇਜ ਸਿੰਘ (51) ਅਤੇ ਅਵਤਾਰ ਸਿੰਘ (47) ਨੂੰ ''''ਮੁੱਖ ਸਾਜ਼ਿਸ਼ਕਰਤਾ'''' ਕਰਾਰ ਦਿੱਤਾ ਸੀ।
ਇਸ ਤੋਂ ਬਾਅਦ ਸਾਲ 2018 ਵਿੱਚ ਤਲਵੰਡੀ ਸਾਬੋ ਦੀ ਅਦਾਲਤ ਨੇ ਇਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।
ਪੁਲਿਸ ਮੁਤਾਬਿਕ ਅਮਰੀਕ ਸਿੰਘ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ''''ਅਹਿਮ'''' ਪੈਰੋਕਾਰਾਂ ਵਿੱਚੋਂ ਹੈ ਤੇ ਉਹ ਕਥਿਤ ਤੌਰ ''''ਤੇ ਡੇਰਾ ਮੁਖੀ ਦੀ ਸੁਰੱਖਿਆ ਦੀ ਨਿਗਰਾਨੀ ਕਰਦਾ ਸੀ।
ਅਮਰੀਕ ਸਿੰਘ ਹਰਿਆਣਾ ਦੇ ਸਿਰਸਾ ਨਾਲ ਸਬੰਧਤ ਹੈ।

ਪੁਲਿਸ ਨੇ ਆਪਣੀ ਮੁੱਢਲੀ ਜਾਂਚ ਵਿੱਚ ਇਹ ਵੀ ਖੁਲਾਸਾ ਕੀਤਾ ਸੀ ਕਿ ਇਹ ਵਿਅਕਤੀ ਡੇਰੇ ਵਿਚ ਇਲੈਕਟ੍ਰਿਸ਼ਨ ਵਜੋਂ ਸੇਵਾਵਾਂ ਨਿਭਾਉਂਦਾ ਸੀ ਤੇ ਡੇਰੇ ਦੇ ''''ਮੋਹਤਬਰ'''' ਵਿਅਕਤੀਆਂ ਵਿੱਚ ਸ਼ੁਮਾਰ ਸੀ।
ਪੁਲਿਸ ਵੱਲੋਂ ਇਸੇ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਗੁਰਤੇਜ ਸਿੰਘ ਹਰਿਆਣਾ ਸੂਬੇ ਦੇ ਡੱਬਵਾਲੀ ਖੇਤਰ ਨਾਲ ਸੰਬੰਧਤ ਹੈ।
ਐੱਸਆਈਟੀ ਨੇ ਆਪਣੀ ਜਾਂਚ ਵਿੱਚ ਖੁਲਾਸਾ ਕੀਤਾ ਸੀ ਕਿ ਇਹ ਵਿਅਕਤੀ ਡੇਰਾ ਸੱਚਾ ਸੌਦਾ ਦੀ ਵਰਕਸ਼ਾਪ ਦਾ ''''ਕਰਤਾ-ਧਰਤਾ'''' ਸੀ।
ਜਾਂਚ ਵਿੱਚ ਕਿਹਾ ਗਿਆ ਸੀ ਕਿ ਜਿਸ ਮਾਰੂਤੀ ਕਾਰ ਤੇ ਪ੍ਰੈਸ਼ਰ ਕੁੱਕਰ ਰਾਹੀਂ ਚੋਣ ਜਲਸੇ ਵਾਲੀ ਜਗ੍ਹਾ ''''ਤੇ ਧਮਾਕਾ ਕੀਤਾ ਗਿਆ ਸੀ, ਉਹ ਕਾਰ ਕਥਿਤ ਤੌਰ ''''ਤੇ ਡੇਰੇ ਦੀ ਵਰਕਸ਼ਾਪ ਵਿੱਚ ਤਿਆਰ ਕੀਤੀ ਗਈ ਸੀ।
ਇਨਾਂ ਦਾ ਤੀਜਾ ਕਥਿਤ ਸਾਥੀ ਪੰਜਾਬ ਦੇ ਜ਼ਿਲਾ ਸੰਗਰੂਰ ਨਾਲ ਸਬੰਧਤ ਅਵਤਾਰ ਸਿੰਘ ਹੈ।
ਪੁਲਿਸ ਮੁਤਾਬਿਕ ਧਮਾਕੇ ਦੀ ਸਾਜ਼ਿਸ਼ ਰਚਣ ਵੇਲੇ ਇਹ ਵਿਅਕਤੀ ਅਮਰੀਕ ਸਿੰਘ ਤੇ ਗੁਰਤੇਜ ਸਿੰਘ ਦਾ ''''ਖਾਸਮ-ਖਾਸ'''' ਸੀ।

ਪੰਜਾਬ ਪੁਲਿਸ ਦੇ ਇੱਕ ਪੱਤਰ ਤੋਂ ਬਾਅਦ ਇਨਾਂ ਤਿੰਨਾਂ ਦੇ ਪਾਸਪੋਰਟ ਪਹਿਲਾਂ ਦੀ ਰੱਦ ਕੀਤੇ ਜਾ ਚੁੱਕੇ ਹਨ।
ਪੰਜਾਬ ਪੁਲਿਸ ਦੇ ਪੱਤਰ ਤੋਂ ਬਾਅਦ ਹੀ ਅਮਰੀਕ ਸਿੰਘ, ਗੁਰਤੇਜ ਸਿੰਘ ਅਤੇ ਅਵਤਾਰ ਸਿੰਘ ਬਾਰੇ ''''ਲੁੱਕ ਆਊਟ ਸਰਕੂਲਰ'''' ਜਾਰੀ ਕੀਤਾ ਗਿਆ ਸੀ।
ਇਨ੍ਹਾਂ ਤਿੰਨਾਂ ਕਥਿਤ ਮੁਲਜ਼ਮਾਂ ਦੇ ਪੁਲਿਸ ਦੀ ਪਕੜ ਤੋਂ ਬਾਹਰ ਹੋਣ ਕਾਰਨ ਇਸ ਘਟਨਾ ਪਿਛਲੀ ਕਹਾਣੀ ਤੋਂ ਪਰਦਾ ਚੁੱਕਣਾ ਜਾਂਚ ਏਜੰਸੀਆ ਲਈ ਇਕ ਚੁਣੌਤੀ ਮੰਨਿਆ ਜਾ ਰਿਹਾ ਹੈ।
ਹੁਣ ਪੰਜਾਬ ਪੁਲਿਸ ਵੱਲੋਂ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੂੰ ਪੱਤਰ ਲਿਖ ਕੇ ਗੁਜਾਰਿਸ਼ ਕੀਤੀ ਗਈ ਸੀ ਕਿ ਇਨਾਂ ਤਿੰਨਾਂ ਜਣਿਆਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣ ਲਈ ਇੰਟਰਪਲ ਤੱਕ ਪਹੁੰਚ ਕੀਤੀ ਜਾਵੇ।


ਰੈੱਡ ਕਾਰਨਰ ਨੋਟਿਸ ਕੀ ਹੁੰਦਾ ਹੈ?
ਰੈੱਡ ਕਾਰਨਰ ਨੋਟਿਸ ਨੂੰ ਅਧਿਕਾਰਤ ਭਾਸ਼ਾ ਵਿੱਚ ਰੈੱਡ ਨੋਟਿਸ ਕਿਹਾ ਜਾਂਦਾ ਹੈ, ਜੇਕਰ ਕੋਈ ਮੁਲਜ਼ਮ ਪੁਲਿਸ ਅਤੇ ਜਾਂਚ ਏਜੰਸੀਆਂ ਤੋਂ ਬਚਣ ਲਈ ਦੂਜੇ ਮੁਲਕ ਵਿੱਚ ਭੱਜ ਜਾਂਦਾ ਹੈ ਤਾਂ ਰੈੱਡ ਕਾਰਨਰ ਨੋਟਿਸ ਅਜਿਹੇ ਮੁਲਜ਼ਮਾਂ ਬਾਰੇ ਦੁਨੀਆਂ ਭਰ ਦੀ ਪੁਲਿਸ ਨੂੰ ਸੁਚੇਤ ਕਰਦਾ ਹੈ।
ਇਹ ਨੋਟਿਸ ਸਰੰਡਰ ਕਰਨ, ਹਵਾਲਗੀ, ਗ੍ਰਿਫ਼ਤਾਰੀ ਲਈ ਜਾਂ ਫਿਰ ਕਿਸੇ ਤਰ੍ਹਾਂ ਦੀ ਕਾਨੂੰਨ ਕਾਰਵਾਈ ਕਰਨ ਲਈ ਜਾਰੀ ਹੁੰਦਾ ਹੈ। ਇਸ ਨੋਟਿਸ ਨੂੰ ਕੌਮਾਂਤਰੀ ਏਜੰਸੀ ਇੰਟਰਪੋਲ ਵੱਲੋਂ ਜਾਰੀ ਕੀਤਾ ਜਾਂਦਾ ਹੈ।
ਜਦੋਂ ਇੰਟਰਪੋਲ ਦੀ ਮਦਦ ਨਾਲ ਕਿਸੇ ਵੀ ਦੇਸ ਦੀ ਪੁਲਿਸ ਅਜਿਹੇ ਵਿਅਕਤੀ ਨੂੰ ਫੜ ਲੈਂਦੀ ਹੈ ਤਾਂ ਜਿਸ ਦੇਸ ਵਿੱਚ ਉਹ ਮੁਲਜ਼ਮ ਲੋੜੀਂਦਾ ਹੈ ਉਸ ਦੇਸ ਨੂੰ ਹਵਾਲਗੀ ਲੈਣ ਲਈ ਪ੍ਰਕਿਰਿਆ ਦਾ ਪਾਲਣ ਕਰਨਾ ਪੈਂਦਾ ਹੈ।

ਮੌੜ ਬੰਬ ਧਮਾਕਾ ਕੇਸ
- ਇੰਟਰਪੋਲ ਨੇ ਮੌੜ ਮੰਡੀ ਧਮਾਕੇ ਦੇ ਤਿੰਨ ਕਥਿਤ ਮੁਲਜ਼ਮਾਂ ਸਬੰਧੀ ''''ਰੈੱਡ ਨੋਟਿਸ'''' ਜਾਰੀ ਕੀਤਾ ਹੈ
- 31 ਜਨਵਰੀ 2017 ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਚੋਣ ਜਲਸੇ ਨੇੜੇ ਹੋਇਆ ਸੀ ਧਮਾਕਾ
- ਇਸ ਧਮਾਕੇ ਵਿਚ 5 ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਸਨ
- ਧਮਾਕਾ ਕਥਿਤ ਤੌਰ ’ਤੇ ਇਕ ਮਾਰੂਤੀ ਕਾਰ ਵਿੱਚ ਇਕ ਪ੍ਰੈਸ਼ਰ ਕੁੱਕਰ ਬੰਬ ਦੀ ਮਦਦ ਨਾਲ ਕੀਤਾ ਗਿਆ ਸੀ

ਹਰਮਿੰਦਰ ਸਿੰਘ ਜੱਸੀ ਕੌਣ ਹਨ ?
ਇਹ ਧਮਾਕਾ ਸੂਬਾ ਵਿਧਾਨ ਸਭਾ ਚੋਣਾਂ ਤੋਂ ਚਾਰ ਦਿਨ ਪਹਿਲਾਂ ਮੌੜ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਵੱਲੋਂ ਆਪਣੀ ਚੋਣ ਰੈਲੀ ਸਮਾਪਤ ਕਰਨ ਤੋਂ ਤੁਰੰਤ ਬਾਅਦ ਹੋਇਆ ਹੈ।
ਇਸ ਘਟਨਾ ਵਿੱਚ ਜੱਸੀ ਵਾਲ-ਵਾਲ ਬਚ ਗਏ ਸਨ।
ਜੱਸੀ ਦੀ ਧੀ ਦਾ ਵਿਆਹ ਹੁਣ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪੁੱਤਰ ਨਾਲ ਹੋਇਆ ਹੈ।
ਪੰਜਾਬ ਪੁਲਿਸ ਦੀ ਸਿਟ ਦੀ ਜਾਂਚ ਦਾ ਮੁੱਖ ਧੁਰਾ ਇਸ ਗੱਲ ਉੱਪਰ ਕੇਂਦਰਤ ਰਿਹਾ ਕਿ ਆਖਰਕਾਰ ਪ੍ਰੈਸ਼ਰ ਕੁੱਕਰ ਬੰਬ ਨੂੰ ਘਟਨਾ ਵਾਲੀ ਥਾਂ ਉੱਪਰ ਕਿਵੇਂ ਲਿਆਂਦਾ ਗਿਆ ਸੀ ਅਤੇ ਇਹ ਧਮਾਕਾ ਡੇਰਾ ਮੁਖੀ ਦੇ ਕਰੀਬੀ ਰਿਸ਼ਤੇਦਾਰ ਦੇ ਚੋਣ ਜਲਸੇ ਨੇੜੇ ਹੀ ਕਿਉਂ ਕੀਤਾ ਗਿਆ ਸੀ ?

ਹੁਣ ਤੱਕ ਦੋ ਵਿਸ਼ੇਸ਼ ਜਾਂਚ ਟੀਮਾਂ ਦਾ ਹੋਇਆ ਗਠਨ
ਪਟਿਆਲਾ ਵਾਸੀ ਗੁਰਜੀਤ ਸਿੰਘ ਪਾਤੜਾਂ ਨੇ ਮਈ 2018 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਜਾਂ ਕੌਮੀ ਜਾਂਚ ਏਜੰਸੀ (ਐਨਆਈਏ) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।
ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਜਦੋਂ ਤੋਂ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦੇ ਨਾਂ ਸਾਹਮਣੇ ਆਏ ਹਨ, ਉਸੇ ਸਮੇਂ ਤੋਂ ਪੰਜਾਬ ਪੁਲਿਸ ਦੀ ਜਾਂਚ ਢਿੱਲੀ ਹੋ ਗਈ ਸੀ।
ਗੁਰਜੀਤ ਸਿੰਘ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਸ ਮਾਮਲੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਤੋਂ ਅਜੇ ਪੁੱਛਗਿੱਛ ਹੋਣੀ ਬਾਕੀ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ''''ਤੇ 2019 ਵਿੱਚ ਮੌੜ ਦੋਹਰੇ ਬੰਬ ਧਮਾਕਿਆਂ ਬਾਰੇ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ।
ਹਾਈਕੋਰਟ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਤਿੰਨ ਮਹੀਨਿਆਂ ਵਿੱਚ ਜਾਂਚ ਪੂਰੀ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਸੀ।

ਐੱਸਆਈਟੀ ਦੀ ਅਗਵਾਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਈਸ਼ਵਰ ਸਿੰਘ ਅਤੇ ਇੰਸਪੈਕਟਰ ਜਨਰਲ (ਆਈਜੀ) ਅਮਿਤ ਪਰਸ਼ਾਦ, ਬਠਿੰਡਾ ਰੇਂਜ ਦੇ ਆਈਜੀ ਅਰੁਣ ਕੁਮਾਰ ਮਿੱਤਲ ਅਤੇ ਬਠਿੰਡਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਨਾਨਕ ਸਿੰਘ ਇਸ ਦੇ ਮੈਂਬਰ ਸਨ।
ਪੰਜਾਬ ਪੁਲਿਸ ਦੀ ਇਸ ਵਿਸ਼ੇਸ਼ ਜਾਂਚ ਟੀਮ ਨੇ ਜਨਵਰੀ 2020 ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਸੀ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਸਾਲ 2018 ਵਿੱਚ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿੱਚ ਬਣਾਈ ਗਈ ਸੀ।
ਇਸ ਵਿਸ਼ੇਸ਼ ਟੀਮ ਨੇ ਮੌੜ ਬੰਬ ਧਮਾਕੇ ਦੇ ਕੇਸ ਵਿੱਚ ਤਲਵੰਡੀ ਸਾਬੋ ਅਦਾਲਤ ਵਿੱਚ ਚਾਰ ਗਵਾਹਾਂ ਦੇ ਬਿਆਨ ਦਰਜ ਕੀਤੇ।
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਉਸ ਸਮੇਂ ਗ੍ਰਹਿ ਵਿਭਾਗ ਸੀ, ਨੇ ਅਕਤੂਬਰ 2021 ਵਿੱਚ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਜਨਵਰੀ 2017 ਵਿੱਚ ਮੌੜ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਕਿਉਂ ਰੋਕ ਕੇ ਰੱਖੀ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)