ਦੋ ਮੁਸਲਮਾਨ ਮੁੰਡਿਆਂ ਨੂੰ ਜ਼ਿੰਦਾ ਸਾੜਨ ਦਾ ਮਾਮਲਾ : ਮੋਨੂੰ ਮਾਨੇਸਰ ਕੌਣ ਹੈ, ਜਿਸ ਦੇ ਹੱਕ ਵਿੱਚ ਹੋ ਰਹੀਆਂ ਖਾਪ ਪੰਚਾਇਤਾਂ

Tuesday, Mar 07, 2023 - 06:30 PM (IST)

ਦੋ ਮੁਸਲਮਾਨ ਮੁੰਡਿਆਂ ਨੂੰ ਜ਼ਿੰਦਾ ਸਾੜਨ ਦਾ ਮਾਮਲਾ : ਮੋਨੂੰ ਮਾਨੇਸਰ ਕੌਣ ਹੈ, ਜਿਸ ਦੇ ਹੱਕ ਵਿੱਚ ਹੋ ਰਹੀਆਂ ਖਾਪ ਪੰਚਾਇਤਾਂ
ਜੁਨੈਦ-ਨਾਸਿਰ ਕਤਲਕਾਂਡ
BBC

ਹਰਿਆਣਾ ਦੇ ਭਿਵਾਨੀ ‘ਚ ਅੱਗ ਲਗਾ ਕੇ ਸੁਆਹ ਕੀਤੀ ਗਈ ਬਲੈਰੋ ਗੱਡੀ ਅਤੇ ਦੋ ਨੌਜਵਾਨਾਂ, ਜੁਨੈਦ ਅਤੇ ਨਾਸਿਰ ਨੂੰ ਸਾੜ ਕੇ ਮਾਰਨ ਦੇ ਮਾਮਲੇ ਦੀ ਜਾਂਚ ’ਚ ਪਿਛਲੇ ਕੁਝ ਦਿਨਾਂ ਤੋਂ ਗਊ ਰੱਖਿਅਕ ਮੋਨੂੰ ਮਾਨੇਸਰ ਦਾ ਨਾਮ ਸੁਰਖੀਆਂ ’ਚ ਰਿਹਾ ਹੈ।

ਇਸ ਘਟਨਾ ਨੇ ਇੱਕ ਵਾਰ ਗਊ ਰੱਖਿਅਕਾਂ ਵੱਲੋਂ ਕਥਿਤ ਤੌਰ ’ਤੇ ਕੀਤੀ ਜਾਂਦੀ ਕੁੱਟ ਮਾਰ ਅਤੇ ਹਿੰਸਾ ਵੱਲ ਸਾਰਿਆਂ ਦਾ ਧਿਆਨ ਖਿੱਚਿਆ ਹੈ।

ਜਿੱਥੇ ਪੁਲਿਸ ਵੱਲੋਂ ਮੋਨੂੰ ਦੀ ਭਾਲ ਕੀਤੀ ਜਾ ਰਹੀ ਹੈ, ਉੱਥੇ ਹੀ ਮੋਨੂੰ ਦੇ ਹੱਕ ’ਚ ਮਹਾਪੰਚਾਇਤ ਕੀਤੀ ਗਈ ਹੈ, ਜਿੱਥੇ ਨਾ ਸਿਰਫ਼ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ।

ਬਲਕਿ ਰਿਪੋਰਟਾਂ ਮੁਤਾਬਕ ਇਸ ਮਹਾਪੰਚਾਇਤ ਦੌਰਾਨ ਕਥਿਤ ਤੌਰ ’ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਹੋਈ ਹੈ ਅਤੇ ਰਾਜਸਥਾਨ ਪੁਲਿਸ ਨੂੰ ਧਮਕੀ ਵੀ ਦਿੱਤੀ ਗਈ ਹੈ।

ਇਹ ਮੋਨੂੰ ਮਾਨੇਸਰ ਹੈ ਕੌਣ?

ਦਿੱਲੀ ਨਾਲ ਲੱਗਦੇ ਹਰਿਆਣਾ ਦੇ ਮਾਨੇਸਰ ਪਿੰਡ ਦੀ ਇੱਕ ਗਲੀ ’ਚ ਸਾਹਮਣੇ ਦਾ ਘਰ ਮੋਨੂੰ ਮਾਨੇਸਰ ਦਾ ਹੈ।

ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੋਨੂੰ ਦੀ ਮਾਂ, ਪਤਨੀ, ਪੁੱਤਰ, ਤਾਇਆ, ਚਾਚੇ ਦਾ ਮੁੰਡਾ ਅਤੇ ਦੋਸਤ-ਮਿੱਤਰ ਆਦਿ ਸਾਰੇ ਹੀ ਘਰ ’ਚ ਮੌਜੂਦ ਸਨ।

ਘਰ ਦੇ ਇੱਕ ਕੋਨੇ ’ਚ ਦੋ ਗਾਵਾਂ ਬੰਨ੍ਹੀਆਂ ਹੋਈਆਂ ਸਨ। ਸਾਰੇ ਲੋਕ ਵਰਾਂਡੇ ’ਚ ਛੱਤ ਹੇਠਾਂ ਬੈਠੇ ਸਨ।

ਉੱਥੇ ਹੀ ਨਾਲ ਦੇ ਇੱਕ ਕਮਰੇ ’ਚ ਮੋਨੂੰ ਦੇ ਪਿਤਾ ਜੀ, ਦਾਦਾ ਅਤੇ ਦਾਦੀ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ।

ਇਹ ਦਿਨ ਵੀ ਕਿਸੇ ਹੋਰ ਆਮ ਦਿਨ ਵਾਂਗ ਹੀ ਸੀ, ਪਰ ਇੰਝ ਲੱਗ ਰਿਹਾ ਸੀ ਕਿ ਜਿਵੇਂ ਮਾਹੌਲ ਸ਼ਾਂਤ ਅਤੇ ਸਮਾਂ ਰੁਕਿਆ ਜਿਹਾ ਸੀ।

ਮੋਨੂੰ ਮਾਨੇਸਰ
BBC

ਪਿਛਲੇ ਦਿਨਾਂ ’ਚ ਅਖ਼ਬਾਰਾਂ, ਟੀਵੀ ਅਤੇ ਸੋਸ਼ਲ ਮੀਡੀਆ ’ਤੇ ਮੋਨੂੰ ਦੀ ਬੰਦੂਕ ਚੁੱਕੀ ਤਸਵੀਰਾਂ ਦਿਖਾਈ ਦਿੰਦੀਆਂ ਰਹੀਆਂ ਹਨ।

ਜਿੱਥੇ ਇੱਕ ਪਾਸੇ ਮੋਨੂੰ ਮਾਨੇਸਰ ਨੂੰ ਇੱਕ ਅਜਿਹੇ ਵਿਅਕਤੀ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਸਰਕਾਰੀ ਸਮਰਥਨ ਹੇਠ ਕਥਿਤ ਤੌਰ ’ਤੇ ਹਿੰਸਕ ਗਤੀਵਿਧੀਆਂ ’ਚ ਸ਼ਾਮਲ ਹੈ, ਉੱਥੇ ਹੀ ਦੂਜੇ ਪਾਸੇ ਉਸ ਦੇ ਸਮਰਥਕ ਉਸ ਨੂੰ ਅਜਿਹੇ ਗਊ ਰੱਖਿਅਕ ਵੱਜੋਂ ਵੇਖਦੇ ਹਨ, ਜੋ ਕਿ ਗਾਵਾਂ ਦੀ ਰੱਖਿਆ ਕਰਕੇ ਧਰਮ ਦੀ ਰੱਖਿਆ ਕਰ ਰਿਹਾ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੇ ਮੋਨੂੰ ਨੂੰ ਕਈ ਦਿਨਾਂ ਤੋਂ ਨਹੀਂ ਵੇਖਿਆ ਹੈ ਅਤੇ ਉਸ ਕੋਲ ਸਾਰੇ ਹੀ ਹਥਿਆਰ ਲਾਇਸੈਂਸੀ ਹਨ।

ਮੋਨੂੰ ਮਾਨੇਸਰ
MONU MANESAR@TWITTER

ਮੋਨੂੰ ਦੇ ਚਾਚੇ ਦੇ ਮੁੰਡੇ ਵਿਨੋਦ ਕੁਮਾਰ ਮੁਤਾਬਕ, “ਉਹ ਬਹੁਤ ਹੀ ਸ਼ਾਂਤ ਸੁਭਾਅ ਦਾ ਮਾਲਕ ਹੈ। ਕਿਸੇ ਨਾਲ ਲੜਾਈ-ਝਗੜਾ ਨਹੀਂ ਕਰਦਾ…. ਵੋਟਾਂ ਦੀ ਰਾਜਨੀਤੀ ਹੋ ਰਹੀ ਹੈ ਅਤੇ ਰਾਜਨੀਤੀ ਦੇ ਅੰਦਰ ਹੀ ਉਨ੍ਹਾਂ ਨੂੰ ਵੀ ਘੜੀਸਿਆ ਜਾ ਰਿਹਾ ਹੈ।”

ਗਊ-ਤਸਕਰੀ ਨੂੰ ਰੋਕਣ ਲਈ ਹਰਿਆਣਾ ’ਚ ਗਊ ਰੱਖਿਅਕ ਅਤੇ ਪੁਲਿਸ ਸਹਿਯੋਗ ਨਾਲ ਕੰਮ ਕਰਦੇ ਰਹੇ ਹਨ।

ਵਿਨੋਦ ਅੱਗੇ ਕਹਿੰਦੇ ਹਨ, “ਜੇਕਰ ਮੋਨੂੰ ਨੂੰ ਰੋਕਣਾ ਸੀ ਤਾਂ ਇਨ੍ਹਾ ਨੂੰ ਕਹਿ ਦਿੰਦੇ ਕਿ ਤੁਸੀਂ ਵਿਚਾਲੇ ਨਾ ਆਓ। ਇਨ੍ਹਾਂ ਨੂੰ ਮੋਹਰੀ ਰੱਖ ਕੇ ਕੰਮ ਕਰਵਾਇਆ ਅਤੇ ਹੁਣ ਕਹਿ ਰਹੇ ਹਨ ਕਿ ਤੁਸੀਂ ਗਲਤ ਕਰ ਰਹੇ ਹੋ। ਹੁਣ ਇਨ੍ਹਾਂ ’ਤੇ ਸਵਾਲ ਚੁੱਕੇ ਜਾ ਰਹੇ ਹਨ। ਇਹ ਤਾਂ ਗ਼ਲਤ ਗੱਲ ਹੈ ਨਾ…. ਜੁਨੈਦ ਅਤੇ ਨਾਸਿਰ , ਜੋ ਮਰੇ ਹਨ, ਉਨ੍ਹਾਂ ਦੀ ਮੌਤ ਦਾ ਸਾਨੂੰ ਵੀ ਦੁੱਖ ਹੈ। ਮੋਨੂੰ ਨੂੰ ਤਾਂ ਸਿਰਫ਼ ਨਿਸ਼ਾਨਾ ਬਣਾਇਆ ਜਾ ਰਿਹਾ ਹੈ।”

ਬੀਬੀਸੀ
BBC

ਕੀ ਹੈ ਮਾਮਲਾ?

  • ਦੋ ਮੁਸਲਮਾਨ ਨੋਜਨਾਵਾਂ ਨਾਸਿਰ ਅਤੇ ਜੁਨੈਦ ਦੀਆਂ ਕਾਰ ਵਿੱਚ ਸੜੀਆਂ ਲਾਸ਼ਾਂ ਮਿਲੀਆਂ ਸਨ
  • ਮਰਨ ਵਾਲੇ ਰਾਜਸਥਾਨ ਦੇ ਰਹਿਣ ਵਾਲੇ ਸਨ ਅਤੇ ਲਾਸ਼ਾਂ ਹਰਿਆਣਾ ਵਿੱਚੋਂ ਮਿਲੀਆਂ ਸਨ
  • ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਹੈ
  • ਪਰਿਵਾਰ ਦਾ ਇਲਜ਼ਾਮ ਹੈ ਕਿ ਨਾਸਿਰ ਅਤੇ ਜੁਨੈਦ ਨੂੰ ਕਥਿਤ ਗਊ ਰੱਖਿਅਕਾਂ ਨੇ ਅਗਵਾ ਕੀਤਾ ਸੀ
  • ਮੁਸਲਮਾਨ ਨੌਜਵਾਨਾਂ ਦੇ ਪਰਿਵਾਰ ਇਨਸਾਫ਼ ਗੁਹਾਰ ਲਗਾ ਰਹੇ ਹਨ
ਬੀਬੀਸੀ
BBC

ਮੋਨੂੰ ਗਊ-ਰੱਖਿਅਕ ਕਿਵੇਂ ਬਣੇ

ਮਾਨੇਸਰ ’ਚ ਮੋਨੂੰ ਇੱਕ ਜਾਣਿਆ-ਪਛਾਣਿਆ ਨਾਮ ਹੈ। ਇਸ ’ਚ ਮੋਨੂੰ ਦੇ ਸੋਸ਼ਲ ਮੀਡੀਆ ਪੰਨ੍ਹਿਆਂ ਦੀ ਅਹਿਮ ਭੂਮਿਕਾ ਹੈ। ਮੋਨੂੰ ਆਪਣੇ ਸੋਸ਼ਲ ਮੀਡੀਆ ਪੇਜਾਂ ’ਤੇ ਕਈ ਵਾਰ ਕਥਿਤ ਗਊ-ਤਸਕਰਾਂ ਦੀ ਅਤੇ ਗਾਵਾਂ ਨੂੰ ਛੁਡਾਉਣ ਆਦਿ ਦੀਆਂ ਵੀਡੀਓਜ਼ ਪੋਸਟ ਕਰਦੇ ਰਹੇ ਹਨ।

ਆਗੂਆਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਡੀਆ ’ਚ ਮੋਨੂੰ ਦੀਆਂ ਫੋਟੋਆਂ ਵੀ ਸਥਾਨਕ ਪ੍ਰਸ਼ਾਸਨ ਨਾਲ ਉਨ੍ਹਾਂ ਦੇ ਨਜ਼ਦੀਕੀ ਸੰਬੰਧਾਂ ਨੂੰ ਬਿਆਨ ਕਰਦੀਆਂ ਹਨ।

ਪਰਿਵਾਰ ਦੇ ਅਨੁਸਾਰ, 28 ਸਾਲਾ ਮੋਨੂੰ ਨੇ ਮਾਨੇਸਰ ਦੇ ਹੀ ਇੱਕ ਸਰਕਾਰੀ ਪੌਲਟੈਕਨਿਕ ਤੋਂ ਡਿਪਲੋਮਾ ਕੀਤਾ ਹੈ ਅਤੇ ਕਾਲਜ ਦੇ ਵੇਲੇ ਤੋਂ ਹੀ ਮੋਨੂੰ ਦਾ ਝੁਕਾਅ ਗਊ ਸੇਵਾ ਵੱਲ ਹੋ ਗਿਆ ਸੀ।

ਮੋਨੂੰ ਮਾਨੇਸਰ
BBC

ਮੋਨੂੰ ਦੇ ਪਿਤਾ ਜੀ ਪੇਸ਼ੇ ਵੱਜੋਂ ਡਰਾਈਵਰ ਸਨ ਅਤੇ ਬੱਸ ਅਤੇ ਡੰਪਰ ਚਲਾਇਆ ਕਰਦੇ ਸਨ।

ਬਜਰੰਗ ਦਲ ਨਾਲ ਜੁੜੇ ਮੋਨੂੰ ਦੇ ਦੋਸਤ ਸੂਰਜ ਯਾਦਵ ਦਾ ਕਹਿਣਾ ਹੈ, “ਜਦੋਂ ਕਾਲਜ ਨੇੜੇ ਗਊ ਤਸਕਰਾਂ ਦੀ ਗੱਡੀ ਫੜ੍ਹੀ ਗਈ ਸੀ ਤਾਂ ਕਾਲਜ ਦੇ ਸਾਰੇ ਬੱਚਿਆਂ ਨੇ ਵਧੀਆ ਢੰਗ ਨਾਲ ਸਾਥ ਦਿੱਤਾ ਸੀ। ਉਦੋਂ ਤੋਂ ਹੀ ਉਨ੍ਹਾਂ ਦਾ ਰੁਝਾਨ ਬਣ ਗਿਆ ਕਿ ਗਊ ਸੇਵਾ ਜਰੂਰ ਕਰਨੀ ਹੈ।”

ਸਥਾਨਕ ਲੋਕਾਂ ਅਤੇ ਗਊ ਰੱਖਿਅਕ ਦਲ ਦੇ ਗੁਰੂਗ੍ਰਾਮ ਜ਼ਿਲ੍ਹਾ ਪ੍ਰਧਾਨ ਨੀਲਮ ਰਾਮਪੁਰ ਨੇ ਦੱਸਿਆ ਕਿ ਇਲਾਕੇ ’ਚ ਜ਼ਿਆਦਾਤਰ ਲੋਕਾਂ ਦੇ ਘਰਾਂ ’ਚ ਗਾਂ ਹੈ ਅਤੇ ਗਾਂ ਸੇਵਾ ਦੀ ਭਾਵਨਾ ਨਾਲ 19-20 ਸਾਲ ਦੀ ਉਮਰ ’ਚ ਹੀ ਨੌਜਵਾਨ ਗਊ ਰੱਖਿਆ ਨਾਲ ਜੁੜੇ ਕੰਮਾਂ ਨਾਲ ਜੁੜ ਜਾਂਦੇ ਹਨ।

ਜਦੋਂ ਅਸੀਂ ਨੀਲਮ ਰਾਮਪੁਰ ਨੂੰ ਮਿਲੇ ਤਾਂ ਉਨ੍ਹਾਂ ਦੇ ਕੋਲ ਕਾਲਜ ਦੇ ਬੱਚੇ ਵੀ ਬੈਠੇ ਹੋਏ ਸਨ।

ਗਊਸ਼ਾਲਾ
BBC

ਨੀਲਮ ਰਾਮਪੁਰ ਅਨੁਸਾਰ, ਗਊ ਰੱਖਿਆ ਦਲ ਦੀ ਸਥਾਪਨਾ ਲਗਭਗ 30 ਸਾਲ ਪਹਿਲਾਂ ਹੋਈ ਸੀ ਅਤੇ ਹਰਿਆਣਾ, ਰਾਜਸਥਾਨ, ਪੰਜਾਬ ਅਤੇ ਉੱਤਰ ਪ੍ਰਦੇਸ਼ ’ਚ ਇਸ ਦੇ ਤਕਰੀਬਨ 10 ਹਜ਼ਾਰ ਤੋਂ 15 ਹਜ਼ਾਰ ਮੈਂਬਰ ਹਨ।

ਮੋਨੂੰ ਦੇ ਮਿੱਤਰ ਸੂਰਜ ਯਾਦਵ ਦਾ ਕਹਿਣਾ ਹੈ, “ਅਸੀਂ ਯਦੂਵੰਸ਼ੀ ਕ੍ਰਿਸ਼ਨ ਦੇ ਵੰਸ਼ਜ ਹਾਂ। ਸਾਡੇ ਲਈ ਗਾਂ ਦਾ ਰੁਤਬਾ ਮਾਂ ਦੇ ਰੁਤਬੇ ਦੇ ਬਰਾਬਰ ਹੈ।”

ਪਿਛਲੇ ਕੁਝ ਸਾਲਾਂ ਤੋਂ ਮੋਨੂੰ ਮਾਨੇਸਰ ਸਮੇਤ ਦੂਜੇ ਗਾਂ ਰੱਖਿਅਕਾਂ ’ਤੇ ਕੁੱਟ-ਮਾਰ, ਹਿੰਸਾ ਆਦਿ ਦੇ ਇਲਜ਼ਾਮ ਲਗਾਤਾਰ ਲੱਗਦੇ ਰਹੇ ਹਨ।

ਗਾਂ ਦੇ ਨਾਮ ’ਤੇ ਵੱਧ ਰਹੇ ਕਤਲ

ਸਾਲ 2015 ’ਚ ਦਾਦਰੀ ਦੇ ਰਹਿਣ ਵਾਲੇ ਅਖ਼ਲਾਕ ਦੀ ਜਾਨ ਗਈ, ਸਾਲ 2016 ’ਚ ਊਨਾ ’ਚ ਦਲਿਤ ਨੌਜਵਾਨਾਂ ਦੀ ਕੁੱਟਮਾਰ, ਸਾਲ 2017 ’ਚ ਅਲਵਰ ਜ਼ਿਲ੍ਹੇ ’ਚ ਪਹਿਲੂ ਖ਼ਾਨ ਨੂੰ ਗੱਡੀ ’ਚ ਗਾਂ ਲੈ ਕੇ ਜਾਣ ਕਰਕੇ ਆਪਣੀ ਜਾਨ ਤੋਂ ਹੱਥ ਧੋਣਾ ਪਿਆ।

ਸਾਲ 2019 ’ਚ ਹਿਊਮਨ ਰਾਈਟਸ ਵਾਚ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਗਊ ਰੱਖਿਆ ਦੇ ਨਾਂ ’ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਨੂੰ ਰੋਕੇ।

ਰਿਪੋਰਟ ਅਨੁਸਾਰ, ਮਈ 2015 ਅਤੇ ਦਸੰਬਰ 2018 ਦਰਮਿਆਨ 12 ਸੂਬਿਆਂ ’ਚ ਘੱਟ ਤੋਂ ਘੱਟ 44 ਲੋਕਾਂ ਦਾ ਕਤਲ ਕੀਤਾ ਗਿਆ ਸੀ ਅਤੇ ਇਨ੍ਹਾਂ ’ਚੋਂ 36 ਮੁਸਲਮਾਨ ਸਨ।

ਖੁਦ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਕਈ ਮੁੱਖ ਮੰਤਰੀ ਅਤੇ ਸਿਆਸੀ ਆਗੂ ਇਸ ਹਿੰਸਾ ਖ਼ਿਲਾਫ਼ ਬੋਲ ਚੁੱਕੇ ਹਨ।

ਨੀਲਮ ਕੁਮਾਰ
BBC
ਗੁਰੂਗ੍ਰਾਮ ਜ਼ਿਲ੍ਹਾ ਪ੍ਰਧਾਨ ਨੀਲਮ ਰਾਮਪੁਰ ਨੇ ਦੱਸਿਆ ਕਿ ਇਲਾਕੇ ’ਚ ਜ਼ਿਆਦਾਤਰ ਲੋਕਾਂ ਦੇ ਘਰਾਂ ’ਚ ਗਾਂ ਹੈ

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਹਰਿਆਣਾ ਅਤੇ ਰਾਜਸਥਾਨ ’ਚ ਮੋਨੂੰ ਦੇ ਖ਼ਿਲਾਫ਼ ਘੱਟੋ-ਘੱਟ ਚਾਰ ਮਾਮਲੇ ਦਰਜ ਹਨ।

ਅਸੀਂ ਤਾਜ਼ਾ ਸਥਿਤੀ ਬਾਰੇ ਮੋਨੂੰ ਮਾਨੇਸਰ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਸੰਪਰਕ ਨਾ ਹੋ ਸਕਿਆ।

ਹਾਲਾਂਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਸੀ, “ਇਹ (ਗਊ ਤਸਕਰ) ਗਊ ਤਸਕਰੀ ਛੱਡ ਦੇਣ ਤਾਂ ਅਜਿਹੀ ਘਟਨਾ ਹੀ ਨਹੀਂ ਵਾਪਰੇਗੀ। ਸਾਡਾ ਕੰਮ ਕੁੱਟਮਾਰ ਕਰਨ ਦਾ ਨਹੀਂ ਹੈ। ਹਾਂ, ਧਰਮ ਅਤੇ ਗਊ ਮਾਤਾ ਨਾਲ ਸਾਡੀ ਧਾਰਮਿਕ ਭਾਵਨਾ ਜਰੂਰ ਜੁੜੀ ਹੋਈ ਹੈ , ਇਸ ਲਈ ਜੇਕਰ ਕੋਈ ਸਾਡੇ ਧਰਮ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਸਾਨੂੰ ਦੁੱਖ ਹੁੰਦਾ ਹੈ।”

ਮੋਨੂੰ ਮਾਨੇਸਰ ਦੇ ਦੋਸਤ ਅਤੇ ਭਰਾ
BBC
ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੋਨੂੰ ਦੀ ਮਾਂ, ਪਤਨੀ, ਪੁੱਤਰ, ਤਾਇਆ, ਚਾਚੇ ਦਾ ਮੁੰਡਾ ਅਤੇ ਦੋਸਤ-ਮਿੱਤਰ ਆਦਿ ਸਾਰੇ ਹੀ ਘਰ ’ਚ ਮੌਜੂਦ ਸਨ

ਗਊ ਰੱਖਿਅਕਾਂ ’ਤੇ ਹਿੰਸਾ ਦੇ ਇਲਜ਼ਾਮਾਂ ’ਤੇ ਨੀਲਮ ਰਾਮਪੁਰ ਦਾ ਕਹਿਣਾ ਹੈ, “ਸਾਡੀ ਗਊ ਮਾਤਾ ਨੂੰ (ਕੋਈ) ਚੁੱਕ ਕੇ ਲੈ ਜਾਵੇਗਾ ਤਾਂ ਉਸ ਦੀ ਆਰਤੀ ਤਾਂ ਨਹੀਂ ਉਤਾਰੀ ਜਾਵੇਗੀ। ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਉਸ ਦੇ ਹੱਥ-ਪੈਰ ਹੀ ਤੋੜ ਦਿੱਤੇ ਜਾਣਗੇ।”

ਉਨ੍ਹਾਂ ਅਨੁਸਾਰ, ਗਊ ਤਸਕਰਾਂ ਨੂੰ ਫੜਣ ਤੋਂ ਬਾਅਦ ਪੁਲਿਸ ਨੂੰ ਸੌਂਪ ਦਿੱਤਾ ਜਾਂਦਾ ਹੈ।

ਗਊ ਤਸਕਰਾਂ ਨੂੰ ਕਿਵੇਂ ਫੜਿਆ ਜਾਂਦਾ ਹੈ?

ਹਰਿਆਣਾ ਗਊ ਸੇਵਾ ਕਮਿਸ਼ਨ ਦੇ ਮੁਖੀ ਸਰਵਣ ਕੁਮਾਰ ਗਰਗ ਨੇ ਦੱਸਿਆ ਕਿ ਹਰ ਜ਼ਿਲ੍ਹੇ ’ਚ ਕਾਓ ਟਾਸਕ ਫੋਰਸ/ ਗਊ ਟਾਸਕ ਫੋਰਸ ’ਚ 11 ਮੈਂਬਰ ਹਨ, ਜਿਨ੍ਹਾਂ ’ਚੋਂ 6 ਸਰਕਾਰੀ ਅਧਿਕਾਰੀ ਅਤੇ 5 ਸਮਾਜਿਕ ਲੋਕ ਹੁੰਦੇ ਹਨ।

ਜੇਕਰ ਗਊ ਰੱਖਿਅਕਾਂ ਖ਼ਿਲਾਫ਼ ਹਿੰਸਾ ਦੀ ਸ਼ਿਕਾਇਤ ਆਉਂਦੀ ਹੈ ਤਾਂ ‘ਕਾਨੂੰਨ ਆਪਣਾ ਕੰਮ ਕਰਦਾ ਹੈ’।

ਨੀਲਮ ਰਾਮਪੁਰ ਮੁਤਾਬਕ, ਗਊ ਰੱਖਿਅਕ ‘ਮੁਸਲਿਮ ਵਿਰੋਧੀ ਬਿਲਕੁੱਲ ਵੀ ਨਹੀਂ ਹਨ।’

“ਮੁਸਲਿਮ ਲੋਕਾਂ ਨਾਲ ਵੀ ਸਾਡਾ ਭਾਈਚਾਰਾ ਹੈ। ਪਟੌਦੀ ’ਚ ਵੀ ਬਹੁਤ ਸਾਰੇ ਮੁਸਲਮਾਨ ਰਹਿੰਦੇ ਹਨ। ਉਨ੍ਹਾਂ ਦੇ ਘਰ ਸਾਡਾ ਆਉਣਾ-ਜਾਣਾ ਵੀ ਹੈ। ਵਿਆਹ ਆਦਿ ਦੇ ਸੱਦੇ ਵੀ ਇੱਕ ਦੂਜੇ ਨੂੰ ਆਉਂਦੇ ਹਨ। ਅਸੀਂ ਤਾਂ ਸਿਰਫ਼ ਗਊ ਤਸਕਰਾਂ ਅਤੇ ਗਊ ਕਾਤਲਾਂ ਦੇ ਵਿਰੋਧੀ ਹਾਂ।”

ਉਨ੍ਹਾਂ ਅਨੁਸਾਰ, ਮੇਵਾਤ, ਰੇਵਾੜੀ, ਗੁਰੂਗ੍ਰਾਮ ’ਚ ਉਨ੍ਹਾਂ ਦਾ ਲਗਭਗ 200 ਲੋਕਾਂ ਦਾ ਮੁਖਬਰੀ ਵਾਲਾ ਨੈੱਟਵਰਕ ਹੈ, ਜੋ ਕਿ ਗਾਂ ਤਸਕਰਾਂ ਦੇ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

ਵਿਕਰਾਂਤ ਯਾਦਵ ਦੇ ਨਾਂ ਦੀ ਯਾਦਗਾਰ
BBC
ਵਿਕਰਾਂਤ ਯਾਦਵ ਦੇ ਨਾਂ ਦੀ ਯਾਦਗਾਰ

“ਅਸੀਂ ਤਿੱਖੇ, ਨੁਕੀਲੇ ਕੰਡੇ ਬਣਵਾਉਂਦੇ ਹਾਂ ਅਤੇ ਜਦੋਂ ਗੱਡੀ ਆਉਂਦੀ ਹੈ ਤਾਂ ਉਸ ਦੇ ਅੱਗੇ ਸੁੱਟ ਦਿੰਦੇ ਹਾਂ, ਜਿਸ ਨਾਲ ਟਾਇਰ ਫੱਟ ਜਾਂਦਾ ਹੈ। ਤਸਕਰ ਕੁਝ ਦੂਰੀ ਤੱਕ ਭੱਜਦੇ ਜ਼ਰੂਰ ਹਨ। ਜਿਹੜੇ ਵਧੀਆ ਡਰਾਈਵਰ ਹੁੰਦੇ ਹਨ, ਉਹ ਟਾਇਰ ਫਟਣ ਦੇ ਬਾਵਜੂਦ 10-12 ਕਿਲੋਮੀਟਰ ਤੱਕ ਗੱਡੀ ਭਜਾ ਕੇ ਲੈ ਜਾਂਦੇ ਹਨ।”

ਉਨ੍ਹਾਂ ਨੇ ਗਊ ਰੱਖਿਅਕਾਂ ਵੱਲੋਂ ਪੈਸੇ ਦੀ ਵਸੂਲੀ ਜਾਂ ਫਿਰ ਪੈਸੇ ਲੈ ਕੇ ਗੱਡੀਆਂ ਛੱਡ ਦੇਣ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ।

ਉਹ ਕਹਿੰਦੇ ਹਨ, “ਪੁਲਿਸ ਦਾ ਪੂਰਾ ਸਹਿਯੋਗ ਰਹਿੰਦਾ ਹੈ। ਗਊ ਟਾਸਕ ਫੋਰਸ ਹਮੇਸ਼ਾ ਨਾਲ ਰਹਿੰਦੀ ਹੈ। ਤੁਸੀਂ ਵੀਡੀਓ ਵੇਖ ਸਕਦੇ ਹੋ ਕਿਵੇਂ ਇੱਕਠੇ ਮਿਲ ਕੇ ਗੱਡੀਆਂ ਫੜਦੇ ਹਨ।"

ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਕਿਉਂ ਰੱਖਦੇ ਹੋ ਇਸ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, "ਇਸ ਲਈ ਰੱਖਦੇ ਹਾਂ ਕਿਉਂਕਿ ਸਾਡੇ ’ਤੇ ਆਸਾਨੀ ਨਾਲ ਇਲਜ਼ਾਮ ਲਗਾ ਦਿੱਤਾ ਜਾਂਦਾ ਹੈ ਕਿ ਇਹ ਤਾਂ ਪੈਸੇ ਖਾਂਦੇ ਹਨ….ਇਲਜ਼ਾਮ ਵੀ ਉਹੀ ਲੋਕ ਲਗਾਉਂਦੇ ਹਨ ਜੋ ਕਿ ਸਾਨੂੰ ਤੋੜਨਾ ਚਾਹੁੰਦੇ ਹਨ ਤਾਂ ਜੋ ਸਾਡੇ ’ਚ ਫੁੱਟ ਪੈ ਸਕੇ…. ਮੋਨੂੰ ’ਤੇ ਵੀ ਇਲਜ਼ਾਮ ਲੱਗਿਆ ਸੀ ਕਿ ਉਹ ਪੈਸੇ ਲੈ ਕੇ ਗੱਡੀਆਂ ਛੱਡ ਦਿੰਦਾ ਹੈ, ਉਹ ਖੁਦ ਬੀਫ ਬਰਾਮਦ ਕਰਦਾ ਹੈ। ਇਹ ਸਾਰੇ ਹੀ ਇਲਜ਼ਾਮ ਬੇਬੁਨਿਆਦ ਹਨ।”

ਵਿਕਰਾਂਤ ਦੇ ਚਾਚਾ ਸੁੰਦਰ ਸਿੰਘ
BBC
ਵਿਕਰਾਂਤ ਦੇ ਚਾਚਾ ਸੁੰਦਰ ਸਿੰਘ ਦੀ ਮੰਨੀਏ ਤਾਂ ਇਲਾਕੇ ’ਚ ਅੱਜ ਵੀ ਗਊ ਤਸਕਰੀ ਜਾਰੀ ਹੈ

ਮੋਨੂੰ ਨਾਲ ਕਿਹੜੇ ਲੋਕ ਖੜੇ ਹਨ?

ਮਾਨੇਸਰ ਦੇ ਸਥਾਨਕ ਲੋਕ ਇਸ ਗੱਲ ਤੋਂ ਨਾਰਾਜ਼ ਹਨ ਕਿ ਸਾਰੇ ਯਤਨਾਂ ਦੇ ਬਾਵਜੂਦ ਅੱਜ ਵੀ ਗਊ ਤਸਕਰੀ ਅਤੇ ਕਤਲ ਲਗਾਤਾਰ ਜਾਰੀ ਹੈ।

ਉਹ ਮੇਵਾਤ ਵੱਲ ਇਸ਼ਾਰਾ ਕਰਦੇ ਹਨ। ਮੇਵਾਤ ਯਾਨੀ ਕਿ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਨੂੰ ਮਿਲਾ ਕੇ ਬਣਿਆ ਖੇਤਰ ਜੋ ਕਿ ਮੁਸਲਿਮ ਬਹੁਲਤਾ ਵਾਲਾ ਖੇਤਰ ਹੈ।

ਯਾਦ ਰਹੇ ਕਿ ਹਰਿਆਣਾ ਗਊਵੰਸ਼ ਸੁਰੱਖਿਆ ਅਤੇ ਗਊਸਮਵਰਧਨ ਕਾਨੂੰਲ 2015 ਦੇ ਤਹਿਤ ਸੂਬੇ ’ਚ ਗਾਂ ਹੱਤਿਆ ਅਪਰਾਧ ਹੈ।

ਮੋਨੂੰ ਦੇ ਘਰ ਨੇੜੇ ਹੀ ਇੱਕ ਗਊਸ਼ਾਲਾ ’ਚ ਤਕਰੀਬਨ 1500 ਗਾਵਾਂ ਰਹਿੰਦੀਆ ਹਨ। ਇੱਥੋਂ ਦਾ ਖਰਚਾ ਜ਼ਿਆਦਾਤਰ ਦਾਨ-ਪੁੰਨ ਨਾਲ ਹੀ ਚੱਲਦਾ ਹੈ। ਲੋਕ ਪੈਸੇ, ਗੁੜ, ਅਨਾਜ ਆਦਿ ਦਾਨ ’ਚ ਦੇ ਜਾਂਦੇ ਹਨ।

ਮੇਵਾਤ
BBC
ਮੇਵਾਤ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਬੀਬੀਸੀ ਪੱਤਕਰਕਾਰ ਵਿਨੀਤ ਖਰੇ

ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੂਰਜ ਸਿੰਘ ਦੱਸਦੇ ਹਨ ਕਿ ਪਹਿਲਾਂ ਇਲਾਕੇ ’ਚ ਲੋਕ ਗਊ ਤਸਕਰੀ ਕਰਕੇ ਪਰੇਸ਼ਾਨ ਸਨ, ਪਰ ਗਊ ਰੱਖਿਅਕਾਂ ਦੇ ਕਾਰਨ ਗਊ ਤਸਕਰੀ ’ਚ ਕਮੀ ਆਈ ਹੈ।

ਉਹ ਅੱਗੇ ਕਹਿੰਦੇ ਹਨ, “ਤਸਕਰ ਡਰਨ ਲੱਗ ਗਏ ਹਨ ਕਿ ਜੇਕਰ ਇਸ ਇਲਾਕੇ ’ਚ ਜਾਓਗੇ ਤਾਂ ਫੜੇ ਜਾਓਗੇ ਅਤੇ ਗੱਡੀ ਵੀ ਜ਼ਬਤ ਹੋ ਜਾਵੇਗੀ। ਜੇਕਰ ਫੜੇ ਗਏ ਤਾਂ ਮਾਮਲਾ ਵੀ ਦਰਜ ਹੋਵੇਗਾ ਅਤੇ ਕੁੱਟਮਾਰ ਵੱਖਰੀ ਹੋਵੇਗੀ।”

ਇਸ ਖੇਤਰ ’ਚ ਕਈ ਲੋਕ ਗਊ ਰੱਖਿਅਕ ਵਿਕਰਾਂਤ ਯਾਦਵ ਨੂੰ ਯਾਦ ਕਰਦੇ ਹਨ।

ਕਰੀਬ ਦੱਸ ਪਹਿਲਾਂ ਚਾਰ ਭੈਣਾਂ ਦੇ ਇਕਲੌਤੇ ਭਰਾ ਵਿਕਰਾਂਤ ਦੀ ਮੌਤ ਹੋ ਗਈ ਸੀ। ਪਰਿਵਾਰ ਅਨੁਸਾਰ ਕਥਿਤ ਗਊ ਤਸਕਰਾਂ ਨੇ ਉਸ ਦਾ ਕਤਲ ਕੀਤਾ ਸੀ। ਉਨ੍ਹਾਂ ਨੂੰ ਅੱਜ ਵੀ ਇਨਸਾਫ਼ ਮਿਲਣ ਦੀ ਉਡੀਕ ’ਚ ਹਨ।

ਉਨ੍ਹਾਂ ਦੇ ਪਿਤਾ ਵੇਦਪਾਲ ਜੀ ਨੇ ਦੱਸਿਆ ਕਿ ਉਸ ਦਿਨ ਵਿਕਰਾਂਤ ਦਾ ਜਨਮ ਦਿਨ ਸੀ ਅਤੇ ‘ ਕਿਸੇ ਨੇ ਰੌਡ ਨਾਲ ਵਿਕਰਾਂਤ ਦੇ ਸਿਰ ’ਤੇ ਹਮਲਾ ਕੀਤਾ ਸੀ’।

ਵਿਕਰਾਂਤ ਦੇ ਮਾਤਾ-ਪਿਤਾ ਜਿਸ ਘਰ ’ਚ ਰਹਿੰਦੇ ਹਨ, ਉਹ ਘਰ ਕਦੇ ਵਿਕਰਾਂਤ ਲਈ ਉਸਾਰਿਆ ਗਿਆ ਸੀ।

ਜੁਨੈਦ ਅਤੇ ਨਾਸਿਰ
BBC
ਜੁਨੈਦ ਅਤੇ ਨਾਸਿਰ ਦਾ ਕਤਲ ਹੋਇਆ ਸੀ

ਵਿਕਰਾਂਤ ਦੇ ਚਾਚਾ ਸੁੰਦਰ ਸਿੰਘ ਦੀ ਮੰਨੀਏ ਤਾਂ ਇਲਾਕੇ ’ਚ ਅੱਜ ਵੀ ਗਊ ਤਸਕਰੀ ਜਾਰੀ ਹੈ।

ਇਸ ਮਾਮਲੇ ’ਚ ਸਾਬਕਾ ਮੁਲਜ਼ਮਾਂ ਦੇ ਵਕੀਲ ਸੰਜੀਵ ਜੈਨ ਨੇ ਦੱਸਿਆ ਕਿ ਤਿੰਨ ਲੋਕਾਂ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਹੈ ਜਦਕਿ ਚੌਥੇ ਵਿਅਕਤੀ ’ਤੇ ਮੁਕੱਦਮਾ ਚੱਲ ਰਿਹਾ ਹੈ।

ਵਿਕਰਾਂਤ ਦੇ ਪਰਿਵਾਰ ਅਨੁਸਾਰ, ਉਨ੍ਹਾਂ ਨੇ ਹਾਈ ਕੋਰਟ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ।

ਨਾਸਿਰ ਅਤੇ ਜੁਨੈਦ ਦੇ ਕਤਲ ਨੂੰ ਲੈ ਕੇ ਪ੍ਰਦਰਸ਼ਨ

ਮਾਨੇਸਰ ਦੇ ਨਾਲ ਲੱਗਦੇ ਮੇਵਾਤ ’ਚ ਨਾਸਿਰ ਅਤੇ ਜੁਨੈਦ ਦੇ ਕਤਲ ਤੋਂ ਨਾਰਾਜ਼ ਲੋਕਾਂ ਨੇ ਕਈ ਪ੍ਰਦਰਸ਼ਨ ਕੀਤੇ ਹਨ।

ਅਸੀਂ ਰਾਜਸਥਾਨ ਦੇ ਭਰਤਪੁਰ ਪਹੁੰਚੇ , ਜਿੱਥੇ ਇੱਕ ਮਸਜਿਦ ਨੇੜੇ ਤੰਬੂ ਹੇਠਾਂ ਕੁਝ ਦਰਜਨ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰ ਰਹੇ ਸਨ, ਜਦਕਿ ਪਿੱਛੇ ਇੱਕ ਬੈਨਰ ’ਤੇ ਹਿੰਸਾ ’ਚ ਮਾਰੇ ਗਏ ਲੋਕਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ।

ਪ੍ਰਦਰਸ਼ਨਕਾਰੀ ਆਰਐੱਸਐੱਸ ਅਤੇ ਉਸ ਨਾਲ ਜੁੜੇ ਸੰਗਠਨਾਂ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ।

ਉੱਥੇ ਮੌਜੂਦ ਨਾਸਿਰ ਅਤੇ ਜੁਨੈਦ ਦੇ ਰਿਸ਼ਤੇਦਾਰ ਮੁਹੰਮਦ ਜਾਬੀਰ ਨੇ ਕਿਹਾ, “ਜੇਕਰ ਉਹ ਗਊ ਤਸਕਰ ਸਨ ਤਾਂ ਪੁਲਿਸ ਨੇ ਅਜੇ ਤੱਕ ਉਨ੍ਹਾਂ ਨੂੰ ਹਿਰਾਸਤ ’ਚ ਕਿਉਂ ਨਹੀਂ ਲਿਆ ਸੀ? ਹੁਣ ਤੱਕ ਦੋਵਾਂ ’ਚੋਂ ਕਿਸੇ ਨੇ ਵੀ ਹਵਾਲਾਤ ਦਾ ਮੂੰਹ ਤੱਕ ਨਹੀਂ ਵੇਖਿਆ ਸੀ। ਜੇਕਰ ਕੋਈ ਵਿਅਕਤੀ ਮੁਜ਼ਰਮ ਹੈ ਤਾਂ ਕੀ ਉਸ ਨੂੰ ਬਜਰੰਗ ਦਲ ਹੀ ਸਜ਼ਾ ਸੁਣਾਵੇਗਾ?”

ਸੂਰਜ ਸਿੰਘ
BBC
ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੂਰਜ ਸਿੰਘ ਦੱਸਦੇ ਹਨ ਕਿ ਪਰ ਗਊ ਰੱਖਿਅਕਾਂ ਦੇ ਕਾਰਨ ਗਊ ਤਸਕਰੀ ’ਚ ਕਮੀ ਆਈ ਹੈ

ਪ੍ਰਦਰਸ਼ਨਕਾਰੀ ਏਨਾਮੁਲ ਹਸਨ ਦਾ ਕਹਿਣਾ ਹੈ, “ਅਸੀਂ ਅਖ਼ਲਾਕ, ਵੇਦ, ਕਾਰਤਿਕ, ਜੁਨੈਦ, ਨਾਸਿਰ, ਰਕਬਰ ਵਰਗੇ ਮਾਮਲਿਆਂ ਨੂੰ ਰੋਕਣਾ ਚਾਹੁੰਦੇ ਹਾਂ। ਅਸੀਂ ਇਸ ’ਤੇ ਮੁਕੰਮਲ ਰੋਕ ਲਗਾਉਣਾ ਚਾਹੁੰਦੇ ਹਾਂ।"

"ਅਸੀਂ ਚਾਹੁੰਦੇ ਹਾਂ ਕਿ ਸੰਸਦ ਅਤੇ ਦੇਸ਼ ਦੀਆਂ ਵਿਧਾਨ ਸਭਾਵਾਂ ’ਚ ਅਜਿਹੇ ਸਖ਼ਤ ਕਾਨੂੰਨ ਪਾਸ ਹੋਣ, ਜਿਸ ਨਾਲ ਕਿ ਹੈਵਾਨਾਂ ਨੂੰ ਤੁਰੰਤ ਸਜ਼ਾ ਮਿਲੇ ਅਤੇ ਇਸ ਡਰ ਨਾਲ ਕੋਈ ਵੀ ਭਵਿੱਖ ’ਚ ਅਪਰਾਧ ਕਰਨ ਦੀ ਹਿੰਮਤ ਹੀ ਨਾ ਕਰੇ।”

ਥੋੜਾ ਅੱਗੇ ਨੂਹ ਦਾ ਘਸੇੜਾ ਪਿੰਡ ਸੜਕ ਕੰਢੇ 24 ਘੰਟੇ ਵਿਕਣ ਵਾਲੀ ਬਰਿਆਨੀ ਲਈ ਜਾਣਿਆ ਜਾਂਦਾ ਹੈ ਅਤੇ ਲੋਕ ਦਿਨ ਦੇ ਸਮੇਂ 600 ਅਤੇ ਰਾਤ ਨੂੰ 1000 ਰੁਪਏ ਕਮਾ ਕੇ ਆਪਣਾ ਘਰ ਚਲਾਉਂਦੇ ਹਨ।

ਇੱਥੇ ਇੱਕ ਵਿਅਕਤੀ ਨੇ ਦੱਸਿਆ ਕਿ ਇਲਾਕੇ ’ਚ ਲੋਕ ਮੋਨੂੰ ਮਾਨੇਸਰ ਤੋਂ ਬਹੁਤ ਡਰਦੇ ਹਨ।

ਮੁਹੰਮਦ ਅਕਰਮ ਨਾਂ ਦੇ ਇੱਕ ਹੋਰ ਵਿਅਕਤੀ ਨੇ ਬਾਹਰੀ ਲੋਕਾਂ ਨੂੰ ਮਾਹੌਲ ਖਰਾਬ ਕਰਨ ਲਈ ਜ਼ਿੰਮੇਵਾਰ ਦੱਸਿਆ ਅਤੇ ਨਾਲ ਹੀ ਕਿਹਾ, “ਮੇਵਾਤ ’ਚ ਤੁਸੀਂ ਕਿਤੇ ਵੀ ਚਲੇ ਜਾਓ, ਸਾਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਅਸੀਂ ਹਿੰਦੂ ਹਾਂ ਜਾਂ ਮੁਸਲਮਾਨ। ਅਸੀਂ ਇੱਕਠੇ ਖਾਣਾ ਵੀ ਖਾਂਦੇ ਹਾਂ।”

ਮੇਵਾਤ ਨੂੰ ‘ਬਦਨਾਮ ਕਰਨ ਦੀ ਸਾਜਿਸ਼’

ਮੇਵਾਤ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਦੇਸ਼ ਦੇ ਇਸ ਬਹੁਤ ਹੀ ਪਛੜੇ ਇਲਾਕੇ ’ਚ ਜਿੱਥੇ ਕਿ ਚੰਗੀ ਤੇ ਉੱਚ ਸਿੱਖਿਆ, ਸਿਹਤ ਕੇਂਦਰ ਮੌਜੂਦ ਨਹੀਂ ਹਨ, ਉੱਥੇ ਗਊ ਤਸਕਰੀ ਦੇ ਇਲਜ਼ਾਮ ਲਗਾ ਕੇ ਮੀਡੀਆ ਦਾ ਇੱਕ ਹਿੱਸਾ ਉਨ੍ਹਾਂ ਨੂੰ ਬਦਨਾਮ ਕਰ ਰਿਹਾ ਹੈ ਅਤੇ ਸਮਾਜਿਕ ਤਾਣੇ-ਬਾਣੇ ਨੂੰ ਤੋੜ ਰਿਹਾ ਹੈ।

ਜਦੋਂ ਅਸੀਂ ਮੇਵਾਤ ਦੀ ਸਥਿਤੀ ’ਤੇ ਨੂਹ ਦੇ ਐੱਸਪੀ ਵਰੁਣ ਸਿੰਗਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਦੋਵਾਂ ਭਾਈਚਾਰਿਆਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਕੁਝ ਵੀ ਨਹੀਂ ਕਹਿਣਗੇ।

ਨੂਹ ਦੇ ਡੀਐੱਸਪੀ ਵਰੁਣ ਸਿੰਗਲਾ
BBC
ਐੱਸਪੀ ਵਰੁਣ ਸਿੰਗਲਾ ਨੇ ਕਿਹਾ ਕਿ ਉਹ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਦੋਵਾਂ ਭਾਈਚਾਰਿਆਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਕੁਝ ਵੀ ਨਹੀਂ ਕਹਿਣਗੇ

ਪਰ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗਊ ਤਸਕਰੀ ਦੇ ਸਬੰਧ ’ਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਈ ਕਦਮ ਚੁੱਕੇ ਹਨ।

ਸਥਾਨਕ ਲੋਕਾਂ ਦਾ ਸਵਾਲ ਹੈ ਕਿ ਉਨ੍ਹਾਂ ਨੂੰ ਕਿਸ ਗੱਲ ਦੀ ਸਜ਼ਾ ਮਿਲ ਰਹੀ ਹੈ।

ਨੂਹ ’ਚ ਇਤਿਹਾਸ ਦੇ ਸੇਵਾਮੁਕਤ ਲੈਕਚਰਾਰ ਅਬਦੁਲ ਵਹਾਬ ਦਾ ਕਹਿਣਾ ਹੈ, “ਗਊ ਹੱਤਿਆ ਪਾਪ ਹੈ ਅਤੇ ਮੇਵਾਤ ਦੇ ਲੋਕਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਮੇਯੋ ਰਾਜਪੂਤ ਹੁੰਦੇ ਹਾਂ। ਅਸੀਂ ਗਊ ਪਾਲਨ ਸਭ ਤੋਂ ਵੱਧ ਕਰਦੇ ਹਾਂ। ਮੇਵਾਤ ਦੇ ਹਰ ਘਰ ’ਚ ਗਾਂ ਹੈ। ਕਈ ਲੋਕਾਂ ਕੋਲ ਤਾਂ 400 ਗਾਵਾ ਵੀ ਹਨ। ਇਹ ਬੇਲੋੜਾ ਇਲਜ਼ਾਮ ਹੈ।”

“ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਸਾਡੇ ਦੇਸ਼ ਦੇ ਆਗੂਆਂ ਨੇ ਇਸ ’ਤੇ ਪਾਬੰਦੀ ਲਗਾ ਦਿੱਤੀ ਸੀ। ਗਊ ਹੱਤਿਆ ਕਰਨਾ ਜਾਂ ਗਾਂ ਦਾ ਮਾਸ ਖਾਣਾ ਕਾਨੂੰਨੀ ਤੌਰ ’ਤੇ ਜੁਰਮ ਹੈ। ਇਸ ਦੇ ਨਾਲ-ਨਾਲ ਅਸੀਂ ਇਸਲਾਮ ਧਰਮ ਦੇ ਪੈਰੋਕਾਰ ਹਾਂ। ਇਸਲਾਮ ਧਰਮ ’ਚ ਵੀ ਇਸ ਦੀ ਸਖ਼ਤ ਮਨਾਹੀ ਹੈ। ਵੱਡੇ-ਵੱਡੇ ਇਸਲਾਮਿਕ ਵਿਦਵਾਨਾਂ ਨੇ ਇਸ ’ਤੇ ਪਾਬੰਦੀ ਲਗਾਈ ਹੋਈ ਹੈ ਅਤੇ ਕਿਹਾ ਹੈ ਕਿ ਇਹ ਖਾਣਾ ਹਰਾਮ ਹੈ।”

ਸੇਵਾਮੁਕਤ ਲੈਕਚਰਾਰ ਅਬਦੁੱਲ ਵਹਾਬ
BBC
ਸੇਵਾਮੁਕਤ ਲੈਕਚਰਾਰ ਅਬਦੁਲ ਵਹਾਬ ਦਾ ਕਹਿਣਾ ਹੈ ਕਿ ਗਊ ਹੱਤਿਆ ਪਾਪ ਹੈ ਅਤੇ ਮੇਵਾਤ ਦੇ ਲੋਕਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ

ਮੇਵਾਤ ਦੇ ਕਈ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਨ ’ਤੇ ਉਹ ਦੱਸਦੇ ਹਨ ਕਿ ਰਾਜਧਾਨੀ ਦਿੱਲੀ ਦੇ ਇਨ੍ਹੇ ਨਜ਼ਦੀਕ ਹੋਣ ਦੇ ਬਾਵਜੂਦ ਇਨ੍ਹਾਂ ਪਿੰਡਾਂ ’ਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਮੇਵਾਤ ’ਚ ਜ਼ਿਆਦਾਤਰ ਲੋਕ ਪੇਸ਼ੇ ਵੱਜੋਂ ਖੇਤੀਬਾੜੀ ਅਤੇ ਡਰਾਈਵਿੰਗ ਕਰਦੇ ਹਨ।

ਨੂਹ ਦੇ ਸਾਲੰਬਾ ਪਿੰਡ ’ਚ ਅਸੀਂ ਸਮਾਜ ਸੇਵੀ ਸਮੇ ਸਿੰਘ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਦਾ ਕਹਿਣਾ ਹੈ , “ਮੇਰੇ ਪਿੰਡ ’ਚ 3300 ਵੋਟਾਂ ਹਨ। ਇਨ੍ਹਾਂ ’ਚੋਂ ਇੱਕ ਜਾ ਦੋ ਵਿਅਕਤੀ ਅਜਿਹਾ ਕੰਮ ਕਰ ਸਕਦੇ ਹਨ ਪਰ ਪੂਰਾ ਪਿੰਡ ਨਹੀਂ।”

ਅਦਾਲਤ ’ਚ ਗਊ ਤਸਕਰੀ ਦੇ ਮਾਮਲੇ

ਪਰ ਅਜਿਹੇ ਦਾਅਵਿਆਂ ਦੇ ਬਾਵਜੂਦ ਨੂਹ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ’ਚ ਗਊ ਤਸਕਰੀ ਨਾਲ ਜੁੜੇ ਮਾਮਲਿਆਂ ਦੀ ਭਰਮਾਰ ਲੱਗੀ ਹੋਈ ਹੈ। ਵਕੀਲ ਤਾਹਿਰ ਹੁਸੈਨ ਦੇਵਲਾ ਘੱਟੋ-ਘੱਟ 250 ਅਜਿਹੇ ਮਾਮਲੇ ਵੇਖ ਰਹੇ ਹਨ। ਉਨ੍ਹਾ ਤੋਂ ਇਲਾਵਾ ਦੂਜੇ ਵਕੀਲਾਂ ਕੋਲ ਵੀ ਅਜਿਹੇ ਮਾਮਲਿਆਂ ਦੀ ਵਾਧੂ ਗਿਣਤੀ ਹੈ।

ਤਾਹਿਰ ਹੁਸੈਨ ਦੇਵਲਾ ਅਨੁਸਾਰ, “ਜੋ ਗਾਵਾਂ ਦੀ ਢੋਆ-ਢੁਆਈ ਦੇ ਮਾਮਲੇ ਹਨ, ਉਨ੍ਹਾਂ ਮਾਮਲਿਆਂ ’ਚ ਹਿੰਦੂ ਅਤੇ ਮੁਸਲਿਮ ਦੋਵੇਂ ਹੀ ਸ਼ਾਮਲ ਹਨ, ਪਰ ਗਊ ਹੱਤਿਆ ਦੇ ਮਾਮਲਿਆਂ ’ਚ ਸਿਰਫ਼ ਮੁਸਲਿਮ ਲੋਕ ਹੀ ਸ਼ਾਮਲ ਹਨ।”

ਉਹ ਅੱਗੇ ਕਹਿੰਦੇ ਹਨ ਕਿ ਮੇਵਾਤ ਦਾ ਇੱਕ ਵਰਗ ਕਈ ਸੌ ਸਾਲਾਂ ਤੋਂ ਇਹੀ ਕੰਮ ਕਰਦਾ ਸੀ। ਉਸ ਦਾ ਇੱਕ ਛੋਟਾ ਜਿਹਾ ਹਿੱਸਾ ਅੱਜ ਵੀ ਕਈ ਕਾਰਨਾਂ ਕਰਕੇ ਇਹ ਕੰਮ ਕਰਨ ਲਈ ਮਜਬੂਰ ਹੈ।

ਉਹ ਦੱਸਦੇ ਹਨ ਕਿ ਮੁਸਲਿਮ ਬਹੁਤ ਮੇਵਾਤ ਦੀ ਵੱਸੋਂ ਤਕਰੀਬਨ 40-45 ਲੱਖ ਹੈ, ਪਰ ਇੱਥੇ ਸਿਹਤ ਅਤੇ ਸਿੱਖਿਆ ਦੇ ਚੰਗੇ ਕੇਂਦਰ ਨਹੀਂ ਹਨ।

ਪ੍ਰਦਰਸ਼ਨ
BBC

“ਫਰਜ਼ ਕਰੋ ਕਿ ਇੱਕ ਪਿੰਡ ਦੀ ਆਬਾਦੀ 10 ਹਜ਼ਾਰ ਹੈ ਤਾਂ ਉਨ੍ਹਾਂ ’ਚੋਂ ਮੁਸ਼ਕਲ ਨਾਲ 5 ਤੋਂ 10 ਲੋਕ ਇਸ ਕੰਮ ’ਚ ਸ਼ਾਮਲ ਹੋਣਗੇ। ਉਹ ਬਹੁਤ ਹੀ ਗਰੀਬ ਲੋਕ ਹਨ। ਉਨ੍ਹਾਂ ਕੋਲ ਕੋਈ ਖੇਤੀ ਨਹੀਂ ਹੈ ਅਤੇ ਨਾ ਹੀ ਕੋਈ ਕਾਰੋਬਾਰ ਹੈ। ਇਸ ਲਈ ਆਪਣਾ ਗੁਜ਼ਾਰਾ ਕਰਨ ਲਈ ਉਨ੍ਹਾਂ ਕੋਲ ਇਹੀ ਇੱਕ ਜ਼ਰੀਆ ਹੈ।”

ਅਸੀਂ ਕਈ ਅਜਿਹੇ ਲੋਕਾਂ ਨੂੰ ਮਿਲੇ ਜਿਨ੍ਹਾਂ ਨੇ ਸਾਂਝੇ ਇਤਿਹਾਸ, ਸਾਂਝੇ ਰਿਸ਼ਤੇ, ਸਾਂਝੇ ਸੱਭਿਆਚਾਰ ਨੂੰ ਯਾਦ ਕੀਤਾ ਅਤੇ ਆਪਸੀ ਮਤਭੇਦਾਂ ਨੂੰ ਗੱਲਬਾਤ ਜ਼ਰੀਏ ਹੱਲ ਕਰਨ ਦੀ ਹਿਮਾਇਤ ਕੀਤੀ।

ਇਨ੍ਹਾਂ ਭਾਵਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ’ਤੇ ਹੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News