ਗੋਇੰਦਵਾਲ ਜੇਲ੍ਹ ਵਿੱਚ ਦੋਹਰਾ ਕਤਲ ਕਰਕੇ ਵੀਡੀਓ ਬਣਾਉਣ ਵਾਲੇ ਕਥਿਤ ਗੈਂਗਸਟਰਾਂ ਦਾ ਕੀ ਹੈ ਪਿਛੋਕੜ

Tuesday, Mar 07, 2023 - 12:00 PM (IST)

ਗੋਇੰਦਵਾਲ ਜੇਲ੍ਹ ਵਿੱਚ ਦੋਹਰਾ ਕਤਲ ਕਰਕੇ ਵੀਡੀਓ ਬਣਾਉਣ ਵਾਲੇ ਕਥਿਤ ਗੈਂਗਸਟਰਾਂ ਦਾ ਕੀ ਹੈ ਪਿਛੋਕੜ

ਪੰਜਾਬ ਦੀ ਤਰਨ ਤਾਰਨ ਪੁਲਿਸ ਨੇ ਗੋਇੰਦਵਾਲ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋ ਮੁਲਜ਼ਮਾਂ ਦਾ ਕਤਲ ਕਰਨ ਤੋਂ ਬਾਅਦ ਵਾਇਰਲ ਹੋਈ ਇੱਕ ਵੀਡੀਓ ਦੇ ਅਧਾਰ ਉਪਰ 7 ਕਥਿਤ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ।

ਜੇਲ੍ਹ ਅੰਦਰਲੇ ਦ੍ਰਿਸ਼ਾਂ ਦੀਆਂ ਦੋ ਕਥਿਤ ਵੀਡੀਓ 5 ਮਾਰਚ ਨੂੰ ਸੋਸ਼ਲ ਮੀਡੀਆ ਉਪਰ ਵਾਇਰਲ ਹੋਈਆਂ ਸਨ।

ਤਰਨ ਤਾਰਨ ਪੁਲਿਸ ਵੱਲੋਂ ਦਰਜ ਕੀਤੇ ਕੇਸ ਵਿੱਚ ਮਨਪ੍ਰੀਤ ਸਿੰਘ ਉਰਫ਼ ਭਾਊ, ਸਚਿਨ ਭਿਵਾਨੀ, ਅੰਕਿਤ ਸਿਰਸਾ, ਕਸ਼ਿਸ਼, ਰਜਿੰਦਰ ਜੋਕਰ, ਅਰਸ਼ਦ ਖ਼ਾਨ ਅਤੇ ਮਸਕੀਤ ਸਿੰਘ ਦੇ ਨਾਮ ਸ਼ਾਮਿਲ ਹਨ।

ਪੁਲਿਸ ਇਨ੍ਹਾਂ ਨੂੰ ''''ਕਥਿਤ ਗੈਂਗਸਟਰ'''' ਮੰਨਦੀ ਹੈ, ਜੋ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਜੇਲ੍ਹ ਅੰਦਰ ਬੰਦ ਹਨ।

ਜੇਲ੍ਹ ਵਾਰਦਾਤ ਦੌਰਾਨ ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਸ਼ਨਾਖ਼ਤ ਮਨਦੀਪ ਸਿੰਘ (ਤੁਫਾਨ) ਅਤੇ ਮਨਮੋਹਨ ਸਿੰਘ ( ਮੋਹਣਾ) ਵਜੋਂ ਹੋਈ ਸੀ। ਇਹ ਦੋਵੇ ਵੀ ਸਿੱਧੂ ਮੂਸੇਵਾਲਾ ਦੀ ਕਤਲ ਵਿੱਚ ਮੁਲਜ਼ਮ ਸਨ।

ਪੁਲਿਸ ਦੇ ਦਾਅਵੇ ਮੁਤਾਬਕ ਜਿਹੜੇ ਹਵਾਲਾਤੀ ਮਾਰੇ ਗਏ ਹਨ, ਉਹ ਜੱਗੂ ਭਗਵਾਨਪੁਰੀਆ ਗਿਰੋਹ ਨਾਲ ਸਬੰਧਤ ਸਨ, ਜਦਕਿ ਇਸ ਮਾਮਲੇ ਦੇ ਮੁਲਜ਼ਮ ਲਾਰੈਂਸ਼ ਬਿਸ਼ਨੋਈ ਤੇ ਗੋਲਡੀ ਬਰਾੜ ਗਿਹੋਰ ਨਾਲ ਸਬੰਧਤ ਹਨ।

ਜੇਲ੍ਹ ਦੀ ਵਾਇਰਲ ਹੋਈ ਕਥਿਤ ਵੀਡੀਓ ਵਿੱਚ ਸਚਿਨ ਭਿਵਾਨੀ, ਅੰਕਿਤ ਸਿਰਸਾ, ਰਜਿੰਦਰ ਜੋਕਰ ਅਤੇ ਮਨਪ੍ਰੀਤ ਸਿੰਘ ਉਰਫ਼ ਭਾਊ ਦੇਖੇ ਜਾ ਸਕਦੇ ਹਨ।

ਇਸ ਰਿਪੋਰਟ ਵਿੱਚ ਜੇਲ੍ਹ ਵਾਰਦਾਤ ਦੌਰਾਨ ਦੋਹਰੇ ਕਤਲ ਤੋਂ ਬਾਅਦ ਵੀਡੀਓ ਪਾ ਕੇ ਜ਼ਿੰਮੇਵਾਰੀ ਲੈਣ ਵਾਲੇ ਮੁਲਜ਼ਮਾਂ ਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ।

ਜਿਹੜੇ ਵਿਅਕਤੀਆਂ ਨੇ ਜੇਲ੍ਹ ਵਿੱਚ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਵੀਡੀਓ ਪਾਈ ਸੀ, ਉਹ ਆਪਣੀ ਪਛਾਣ ਸਚਿਨ ਭਿਵਾਨੀ ਵਜੋਂ ਕਰਵਾਉਂਦਾ ਹੈ।

ਸਚਿਨ ਭਿਵਾਨੀ

ਪੰਜਾਬ ਪੁਲਿਸ ਕੋਲ ਉਪਲੱਬਧ ਜਾਣਕਾਰੀ ਮੁਤਾਬਕ ਸਚਿਨ ਭਿਵਾਨੀ ਉਰਫ਼ ਸਚਿਨ ਚੌਧਰੀ (23) ਹਰਿਆਣਾ ਦੇ ਭਿਵਾਨੀ ਕਸਬੇ ਨਾਲ ਸਬੰਧ ਹੈ।

ਪੁਲਿਸ ਸੂਤਰਾਂ ਮੁਤਾਬਕ ਉਹ ਛੋਟੀਆਂ ਘਟਨਾਵਾਂ ਤੋਂ ਅਪਰਾਧ ਦੀ ਦੁਨੀਆਂ ਵਿੱਚ ਦਾਖ਼ਲ ਹੋਇਆ ਸੀ।

ਫਿਰ ਉਹ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ ਸਚਿਨ ਭਿਵਾਨੀ ਨੂੰ ਇਕ ਕਤਲ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਕ ਉਹ ਜੇਲ੍ਹ ਵਿਚ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿਚ ਆਇਆ ਅਤੇ ਉਸ ਦਾ ਸਾਥੀ ਬਣ ਗਿਆ।

ਸਚਿਨ ਭਿਵਾਨੀ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਕਈ ਅਪਰਾਧਿਕ ਮਾਮਲਿਆਂ ਦਾ ਮੁਲਜ਼ਮ ਹੈ।

ਸਚਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਵੀ ਮੁਲਜ਼ਮ ਹੈ, ਉਸ ਉਪਰ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਨੂੰ ਪਨਾਹ ਦੇਣ ਦਾ ਇਲਜ਼ਾਮ ਸੀ।

ਮਾਨਸਾ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਾਖਲ ਚਾਰਜਸ਼ੀਟ ਅਨੁਸਾਰ ਸਚਿਨ ਸਿੱਧੂ ਮੂਸੇਵਾਲਾ ਕਤਲ ਦੀ ਯੋਜਨਾ ਵਿੱਚ ਵੀ ਸ਼ਾਮਲ ਸੀ।

ਚਾਰਜ਼ਸ਼ੀਟ ਮੁਤਾਬਕ ਉਸ ਨੇ ਕਤਲ ਤੋਂ ਬਾਅਦ ਸ਼ੂਟਰਾਂ ਨੂੰ ਪੈਸੇ ਅਤੇ ਪਨਾਹ ਦਿੱਤੀ ਸੀ। ਇਸ ਤੋਂ ਬਾਅਦ ਉਹ ਸ਼ੂਟਰਾਂ ਨੂੰ ਗੁਜਰਾਤ ਲੈ ਗਿਆ ਸੀ।


ਗੋਇੰਦਵਾਲ ਜੇਲ੍ਹ ਕਾਂਡ ਬਾਰੇ ਖਾਸ ਗੱਲਾਂ

  • ਗੋਇੰਦਵਾਲ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋ ਮੁਲਜ਼ਮਾਂ ਦੀ 28 ਫਰਵਰੀ ਨੂੰ ਹੱਤਿਆ ਹੋਈ
  • ਇਸ ਘਟਨਾ ਦੀ 5 ਮਾਰਚ ਨੂੰ ਇੱਕ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ
  • ਤਰਨ ਤਾਰਨ ਪੁਲਿਸ ਨੇ 7 ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ
  • ਇਸ ਮਾਮਲੇ ਵਿੱਚ ਜੇਲ੍ਹ ਸੁਪਰੀਡੈਂਟ ਸਮੇਤ 5 ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

ਅੰਕਿਤ ਸਿਰਸਾ

ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਅੰਕਿਤ ਸਿਰਸਾ (19) ਸੋਨੀਪਤ ਦਾ ਰਹਿਣ ਵਾਲਾ ਹੈ ਅਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲਾ ਕਥਿਤ ਮੁੱਖ ਸ਼ੂਟਰ ਸੀ।

ਅੰਕਿਤ ਨੇ ਸਕੂਲ ਅੱਧ ਵਿਚਾਲੇ ਛੱਡ ਦਿੱਤਾ ਸੀ ਅਤੇ ਛੋਟੇ ਝਗੜਿਆਂ ਵਿੱਚ ਸ਼ਾਮਲ ਹੁੰਦਾ ਸੀ।

ਜਾਣਕਾਰੀ ਮੁਤਾਬਕ ਉਹ ਜੇਲ੍ਹ ਨੈਟਵਰਕ ਰਾਹੀਂ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਆਇਆ।

ਸਿੱਧੂ ਮੂਸੇਵਾਲਾ ਕਤਲ ਕੇਸ ਦੀ ਚਾਰਜਸ਼ੀਟ ਅਨੁਸਾਰ, ਅੰਕਿਤ ਮੁੱਖ ਮੁਲਜ਼ਮ ਸੀ, ਜਿਸ ਨੇ ਕਥਿਤ ਗੈਂਗਸਟਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਅਨਮੋਲ ਬਿਸ਼ਨੋਈ, ਸਚਿਨ ਬਿਸ਼ਨੋਈ ਅਤੇ ਹੋਰ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਬਣਾਈ ਸੀ।

ਉਸ ਨੇ ਕਥਿਤ ਤੌਰ ''''ਤੇ ਆਪਣੇ ਪਿਸਤੌਲ ਨਾਲ ਸਿੱਧੂ ਮੂਸੇਵਾਲਾ ''''ਤੇ ਗੋਲੀਬਾਰੀ ਕੀਤੀ। ਅੰਕਿਤ ਇੱਕ ਗਰੀਬ ਪਿਛੋਕੜ ਵਾਲਾ ਵਿਅਕਤੀ ਹੈ।

ਅੰਕਿਤ ਹਰਿਆਣਾ ਅਤੇ ਦਿੱਲੀ ਵਿੱਚ ਕਥਿਤ ਫਿਰੌਤੀ ਅਤੇ ਹੋਰ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ।

ਮਾਨਸਾ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੰਕਿਤ ਆਪਣੇ ਇਲਾਕੇ ਵਿੱਚ ਦਹਿਸ਼ਤ ਪਾਉਣ ਦੇ ਚੱਕਰ ਵਿੱਚ ਲੜਾਈ ਝਗੜਿਆਂ ਦਾ ਹਿੱਸਾ ਬਣਿਆ, ਜਿਥੋਂ ਉਹ ਜੇਲ੍ਹ ਵਿੱਚ ਗਿਆ ਅਤੇ ਵੱਡੇ ਅਪਰਾਧਾਂ ਨਾਲ ਜੁੜ ਗਿਆ।

ਰਾਜਿੰਦਰ ਜੋਕਰ

ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਰਜਿੰਦਰ ਜੋਕਰ (21) ਹਰਿਆਣਾ ਦੇ ਹਿਸਾਰ ਨੇੜੇ ਪਿੰਡ ਮੁਗਲਪੁਰ ਦਾ ਰਹਿਣ ਵਾਲਾ ਹੈ ਅਤੇ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ।

ਉਹ ਰਾਜਸਥਾਨ ਵਿੱਚ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।

ਮਾਨਸਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ''''ਤੇ ਦੱਸਿਆ ਕਿ ਰਜਿੰਦਰ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਸੀ ।

ਇਸ ਵਿਅਕੀਤ ਉੱਤੇ ਇਲਜ਼ਾਮ ਹੈ ਕਿ ਉਸ ਨੇ ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਰਿਆਣਾ ਨਾਲ ਸਬੰਧਤ ਸ਼ੂਟਰਾਂ ਨੂੰ ਹਿਸਾਰ ਵਿੱਚ ਪਨਾਹ ਦਿੱਤੀ ਸੀ।

ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਰਜਿੰਦਰ ਨੇ ਮੁਲਜ਼ਮ ਕਪਿਲ ਪੰਡਿਤ ਅਤੇ ਦੀਪਕ ਮੁੰਡੀ ਦੇ ਭਾਰਤ ਤੋਂ ਨੇਪਾਲ ਭੱਜਣ ਦਾ ਪ੍ਰਬੰਧ ਵੀ ਕੀਤਾ।

ਪੰਜਾਬ ਪੁਲਿਸ, ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਦੀਪਕ ਮੁੰਡੀ ਨੂੰ ਉਸਦੇ ਦੋ ਸਾਥੀਆਂ ਰਾਜਿੰਦਰ ਜੋਕਰ ਅਤੇ ਕਪਿਲ ਪੰਡਿਤ ਸਮੇਤ ਪੱਛਮੀ ਬੰਗਾਲ ਦੇ ਭਾਰਤ-ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਸੀ।

ਪੁਲਿਸ ਮੁਤਾਬਕ ਉਹ ਤਿੰਨੋਂ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।

ਮਨਪ੍ਰੀਤ ਭਾਊ

ਮਨਪ੍ਰੀਤ ਸਿੰਘ ਉਰਫ਼ ਭਾਊ
BBC
ਮਨਪ੍ਰੀਤ ਸਿੰਘ ਉਰਫ਼ ਭਾਊ ਫਰੀਦਕੋਟ ਦੇ ਢੈਪਈ ਪਿੰਡ ਦਾ ਰਹਿਣ ਵਾਲਾ ਹੈ

ਮਨਪ੍ਰੀਤ ਸਿੰਘ ਭਾਊ (32) ਫ਼ਰੀਦਕੋਟ ਜ਼ਿਲ੍ਹੇ ਦੇ ਢੈਪਈ ਪਿੰਡ ਦਾ ਰਹਿਣ ਵਾਲਾ ਹੈ। ਉਹ ਹੇਠਲੇ ਮੱਧ ਵਰਗ ਦੇ ਪਰਿਵਾਰਕ ਪਿਛੋਕੜ ਤੋਂ ਆਇਆ ਹੈ।

ਫ਼ਰੀਦਕੋਟ ਜ਼ਿਲੇ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਮਨਪ੍ਰੀਤ ਅਤੇ ਉਸ ਦਾ ਭਰਾ ਹਰਪ੍ਰੀਤ ਜੈਤੋ ਇਲਾਕੇ ''''ਚ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਸਨ।

ਇਸ ਤੋਂ ਬਾਅਦ, ਮਨਪ੍ਰੀਤ ਤਲਵੰਡੀ ਸਾਬੋ ਦੇ ਕਥਿਤ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ, ਜੋ ਉਨ੍ਹਾਂ ਦਾ ਰਿਸ਼ਤੇਦਾਰ ਹੈ, ਰਾਹੀਂ ਵੱਡੇ ਅਪਰਾਧ ਦੀ ਦੁਨੀਆ ਵਿੱਚ ਆਇਆ।

ਪੁਲਿਸ ਦਾ ਦਾਅਵਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਮਨਪ੍ਰੀਤ ਨੇ ਕਥਿਤ ਤੌਰ ''''ਤੇ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਲੌਜਿਸਟਿਕ ਸਪੋਰਟ ਮੁਹੱਈਆ ਕਰਵਾਈ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਇੱਕ ਟੋਇਟਾ ਕੋਰੋਲਾ ਮਨਪ੍ਰੀਤ ਭਾਊ ਵੱਲੋਂ ਮੁਹੱਈਆ ਕਰਵਾਉਣ ਦਾ ਇਲਜ਼ਾਮ ਹੈ।

ਮਨਪ੍ਰੀਤ ਭਾਊ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਦੀ ਕਥਿਤ ਰੇਕੀ ਵੀ ਕੀਤੀ ਸੀ।

ਪੁਲਿਸ ਅਧਿਕਾਰੀ ਦੱਸਦੇ ਹਨ ਕਿ ਮਨਪ੍ਰੀਤ ਆਪਣੇ ਸਕੂਲ ਦੇ ਦਿਨਾਂ ਤੋਂ ਸ਼ਰਾਬ ਦੀ ਗੈਰ ਕਾਨੂੰਨੀ ਵਿਕਰੀ ਵਿੱਚ ਸ਼ਾਮਲ ਸੀ ਜਿਥੋਂ ਉਹ ਅਪਰਾਧ ਦੀ ਦੁਨੀਆ ਵੱਲ ਚਲਾ ਗਿਆ।



(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News