ਮਨੀਕਰਨ ਸਾਹਿਬ: ਯਾਤਰੀਆਂ ਤੇ ਸਥਾਨਕ ਲੋਕਾਂ ਵਿਚਾਲੇ ਝਗੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲਾਤ ਕੀ ਹਨ, ਪ੍ਰਸ਼ਾਸਨ ਨੇ ਕੀ ਕਿਹਾ
Tuesday, Mar 07, 2023 - 07:45 AM (IST)

ਇੱਕ ਛੋਟੇ ਜਿਹੇ ਬਿਆਨ ਨੇ ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਗੁਰਦੁਆਰੇ ਨੇੜੇ ਟਕਰਾਅ ਦਾ ਰੂਪ ਲੈ ਲਿਆ।
ਸਥਾਨਕ ਲੋਕਾਂ ਅਤੇ ਪੰਜਾਬ ਤੋਂ ਆਏ ਸ਼ਰਧਾਲੂਆਂ ਵਿਚਕਾਰ ਤਕਰਾਰ ਤੋਂ ਬਾਅਦ ਝੜਪ ਅਤੇ ਪੱਥਰਬਾਜ਼ੀ ਹੋ ਗਈ।
ਪੁਲਿਸ ਮੁਤਾਬਕ ਘਟਨਾ ਵਿੱਚ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਸ ਘਟਨਾ ਦੇ ਬਾਅਦ ਤੋਂ ਸੋਸ਼ਲ ਮੀਡੀਆ ''''ਤੇ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ
ਹਾਲਾਂਕਿ ਪੁਲਿਸ ਮੁਤਾਬਕ ਹੁਣ ਇਲਾਕਾ ਪੂਰੀ ਤਰ੍ਹਾਂ ਸ਼ਾਂਤ ਹੈ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਇਹ ''''ਨੌਜਵਾਨਾਂ ਦਾ ਟਕਰਾਅ'''' ਹੈ ਅਤੇ ਇਸ ਨੂੰ ਧਾਰਮਿਕ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ।
ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਬਿਆਨ ਜਾਰੀ ਕਰਕੇ ਮਾਮਲੇ ਨੂੰ ''''ਸ਼ਾਂਤਮਈ'''' ਤਰੀਕੇ ਨਾਲ ਹੱਲ ਕਰਨ ਦੀ ਅਪੀਲ ਕੀਤੀ ਹੈ।
ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਪੁਲਿਸ ਦੇ ਮੁਖੀਆਂ ਵਿਚ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ''''ਦੋਵੇਂ ਰਾਜਾਂ ਦੀ ਪੁਲਿਸ ਮਿਲ ਕੇ ਕੰਮ ਕਰ ਰਹੀ ਹੈ''''।

ਮਨੀਕਰਨ ਸਾਹਿਬ ਨੇੜੇ ਕੀ ਹੋਇਆ ਸੀ?
ਮਨੀਕਰਨ ਸਾਹਿਬ ਗੁਰਦੁਆਰਾ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਹੈ।
ਇੱਥੇ ਸਾਰਾ ਸਾਲ ਸ਼ਰਧਾਲੂ ਆਉਂਦੇ ਰਹਿੰਦੇ ਹਨ। ਇੱਥੇ ਗਰਮ ਪਾਣੀ ਦੇ ਚਸ਼ਮੇ ਵੀ ਹਨ। ਐਤਵਾਰ ਨੂੰ ਵੀ ਏਥੇ ਬਾਹਰੋਂ ਸ਼ਰਧਾਲੂ ਆਏ ਹੋਏ ਸਨ।
ਪੰਜਾਬ ਤੋਂ ਆਏ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਸੀ।
ਨਿਊਜ਼ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਐਤਵਾਰ ਨੂੰ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਬਾਰੇ ਕੁਝ ਕਿਹਾ ਗਿਆ ਸੀ।
ਮਾਮਲਾ ਵਧਣ ਤੋਂ ਬਾਅਦ ਸਥਾਨਕ ਲੋਕਾਂ ਨੇ ਕਥਿਤ ਤੌਰ ''''ਤੇ ਸ਼ਰਧਾਲੂਆਂ ਦੇ ਵਾਹਨਾਂ ਦੀ ਭੰਨਤੋੜ ਕੀਤੀ।
ਜਵਾਬ ''''ਚ ਸ਼ਰਧਾਲੂਆਂ ਨੇ ਸਥਾਨਕ ਲੋਕਾਂ ਦੇ ਘਰਾਂ ''''ਤੇ ਪਥਰਾਅ ਕੀਤਾ।
ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਘਟਨਾ ਉਸ ਸਮੇਂ ਸ਼ੁਰੂ ਹੋਈ ਜਦੋਂ ਕੁਝ ਸ਼ਰਧਾਲੂਆਂ ਨੇ ਔਰਤਾਂ ਬਾਰੇ ਟਿੱਪਣੀਆਂ ਕੀਤੀਆਂ।
ਦੂਜੇ ਪਾਸੇ ਸ਼ਰਧਾਲੂਆਂ ਨੇ ਦਾਅਵਾ ਕੀਤਾ ਕਿ ਸਥਾਨਕ ਲੋਕਾਂ ਦੀ ਟਿੱਪਣੀ ਨੂੰ ਲੈ ਕੇ ਝੜਪ ਹੋਈ ਹੈ।
ਐਤਵਾਰ ਦੀ ਇਸ ਘਟਨਾ ਨਾਲ ਜੁੜੀਆਂ ਵੀਡੀਓ ਸੋਸ਼ਲ ਮੀਡੀਆ ''''ਤੇ ਵਾਇਰਲ ਹੋ ਰਹੀਆਂ ਹਨ।
ਇਸ ''''ਚ ਕੁਝ ਲੋਕ ਪਥਰਾਅ ਕਰਦੇ ਦਿਖਾਈ ਦਿੰਦੇ ਹਨ।
ਘਟਨਾ ਦੇ ਕੁਝ ਖ਼ਾਸ ਬਿੰਦੂ
- ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਗੁਰਦੁਆਰੇ ਨੇੜੇ ਟਕਰਾਅ ਦੀ ਸਥਿਤੀ ਬਣੀ ਸੀ
- ਇਹ ਟਕਰਾਅ ਸਥਾਨਕ ਲੋਕਾਂ ਅਤੇ ਪੰਜਾਬ ਤੋਂ ਆਏ ਸ਼ਰਧਾਲੂਆਂ ਵਿਚਕਾਰ ਹੋਇਆ ਸੀ
- ਪੁਲਿਸ ਮੁਤਾਬਕ ਘਟਨਾ ਵਿੱਚ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ
- ਸੋਸ਼ਲ ਮੀਡੀਆ ''''ਤੇ ਕਈ ਵੀਡੀਓ ਵਾਇਰਲ ਹੋਈਆਂ ਤੇ ਦੋਵੇਂ ਸੂਬਿਆਂ ਦੀ ਪੁਲਿਸ ਸੰਪਰਕ ''''ਚ ਹੈ
ਪੁਲਿਸ ਦਾ ਕੀ ਕਹਿਣਾ ਹੈ ?
ਪੁਲਿਸ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਦੋਵੇਂ ਧਿਰਾਂ ਦੇ ਕੁਝ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ।
ਕੁੱਲੂ ਦੇ ਐੱਸਪੀ ਸਾਕਸ਼ੀ ਵਰਮਾ ਦਾ ਹਵਾਲਾ ਦਿੰਦੇ ਹੋਏ ਖ਼ਬਰ ਏਜੰਸੀ ਪੀਟੀਆਈ ਨੇ ਦੱਸਿਆ ਹੈ ਕਿ ਪੰਜਾਬ ਤੋਂ ਆਏ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿਚਾਲੇ ਹੋਈ ਝੜਪ ਵਿੱਚ ਚਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਉਨ੍ਹਾਂ ਦੱਸਿਆ ਕਿ ਚਾਰ-ਪੰਜ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਇਸ ਸਬੰਧੀ ਦੰਗਾ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਐੱਸਪੀ ਸਾਕਸ਼ੀ ਵਰਮਾ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਗੁਰਦੁਆਰਾ ਕੰਪਲੈਕਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।
ਸਥਾਨਕ ਲੋਕਾਂ ਦਾ ਇਲਜ਼ਾਮ
ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ।
ਬਾਹਰੋਂ ਆਏ ਲੋਕਾਂ ਨੇ ਪਹਿਲਾਂ ਵੀ ਕਈ ਵਾਰ ਹੰਗਾਮਾ ਕੀਤਾ ਹੈ।
ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਬਾਹਰੋਂ ਆਉਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਇਹ ਤੈਅ ਕੀਤਾ ਜਾਵੇ ਕਿ ਉਹ ਕੋਈ ਹਥਿਆਰ ਲੈ ਕੇ ਨਾ ਆਉਣ।
ਇਸ ਘਟਨਾ ਤੋਂ ਬਾਅਦ ਪੰਜਾਬ ਦੇ ਕਈ ਸ਼ਰਧਾਲੂਆਂ ਨੇ ਬਿਲਾਸਪੁਰ ਜ਼ਿਲ੍ਹੇ ਦੇ ਗੜਾ ਮੌਰਾ ਵਿੱਚ ਰਸਤਾ ਰੋਕ ਦਿੱਤਾ ਅਤੇ ਇਲਜ਼ਾਮ ਲਗਾਇਆ ਕਿ ਹਿਮਾਚਲ ਪ੍ਰਦੇਸ਼ ਪੁਲਿਸ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ।
ਪਰ ਕਰੀਬ ਇੱਕ ਘੰਟੇ ਬਾਅਦ ਸੜਕ ਤੋਂ ਜਾਮ ਹਟਾ ਦਿੱਤਾ ਗਿਆ ਸੀ।
ਦੋਵਾਂ ਰਾਜਾਂ ਦੇ ਡੀਜੀਪੀ ਨੇ ਕੀਤੀ ਗੱਲਬਾਤ
ਇਸ ਘਟਨਾ ਸਬੰਧੀ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਸੰਜੇ ਕੁੰਡੂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਗੱਲ ਕੀਤੀ।
ਇਸ ਸਬੰਧੀ ਹਿਮਾਚਲ ਪ੍ਰਦੇਸ਼ ਪੁਲਿਸ ਨੇ ਵੀ ਇੱਕ ਟਵੀਟ ਕੀਤਾ ਹੈ।
ਇਸ ਵਿੱਚ ਲਿਖਿਆ ਹੈ, "ਹਿਮਾਚਲ ਪ੍ਰਦੇਸ਼ ਵਿੱਚ ਸਾਰੇ ਯਾਤਰੀਆਂ ਅਤੇ ਸ਼ਰਧਾਲੂਆਂ ਦਾ ਸਵਾਗਤ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਸਾਰੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਮੁਸ਼ਕਲ ਰਹਿਤ ਯਾਤਰਾ ਦਾ ਭਰੋਸਾ ਦਿੰਦੀ ਹੈ।"
ਹਿਮਾਚਲ ਪ੍ਰਦੇਸ਼ ਪੁਲਿਸ ਨੇ ਟਵਿੱਟਰ ''''ਤੇ ਲੋਕਾਂ ਨੂੰ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ''''ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਲਿਖਿਆ, "ਮਣੀਕਰਨ ਸਾਹਿਬ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ। ਮੈਂ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਬੇਨਤੀ ਕਰਦਾ ਹਾਂ।"
ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਯਾਦਵ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮਿਲ ਕੇ ਕੰਮ ਕਰ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਚਿੰਤਾ ਨਾ ਕਰਨ ਦੀ ਅਪੀਲ ਕੀਤੀ । ਉਹਨਾਂ ਝੂਠੀਆ ਖ਼ਬਰਾਂ ਅਤੇ ਨਫ਼ਰਤ ਭਰੇ ਭਾਸ਼ਣ ਨਾ ਫੈਲਾਓ ਲਈ ਵੀ ਕਿਹਾ।
ਹਿਮਾਚਲ ਦੇ ਮੁੱਖ ਮੰਤਰੀ ਨੇ ਕੀ ਕਿਹਾ?
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ''''ਏਕਤਾ'''' ਬਣਾਈ ਰੱਖਣ ''''ਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਕਿਹਾ, "ਸੂਬੇ ਵਿਚ ਆਉਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਸੁਰੱਖਿਆ ਦੇਣਾ ਸਾਡਾ ਫਰਜ਼ ਹੈ। ਅਸੀਂ ਸਾਰੇ ਭਰਾ ਹਾਂ ਅਤੇ ਸਾਨੂੰ ਇਕਜੁੱਟ ਰਹਿਣਾ ਚਾਹੀਦਾ ਹੈ।"
ਇੱਕ 21 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ ''''ਤੇ ਵਾਇਰਲ ਹੋਈ ਹੈ। ਇਸ ਵਿੱਚ ਗੁਰਦੁਆਰਾ ਮਨੀਕਰਨ ਸਾਹਿਬ ਨੇੜੇ ਸ਼ਰਧਾਲੂ ਸਥਾਨਕ ਲੋਕਾਂ ਦੇ ਘਰਾਂ ''''ਤੇ ਪੱਥਰ ਸੁੱਟਦੇ ਨਜ਼ਰ ਆ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕਿਹਾ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਨੂੰ ਸ਼ਾਂਤੀ ਨਾਲ ਹੱਲ ਕਰਨ ਦੀ ਅਪੀਲ ਕੀਤੀ ਹੈ।
ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ, "ਮੈਂ ਸਥਾਨਕ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਦੋਵੇਂ ਧਿਰਾਂ ਨੂੰ ਬਿਠਾ ਕੇ ਇਸ ਸਮੱਸਿਆ ਦਾ ਸ਼ਾਂਤੀਪੂਰਵਕ ਹੱਲ ਕੀਤਾ ਜਾਵੇ। ਜੇਕਰ ਗਲਤੀ ਹੋਈ ਹੈ ਤਾਂ ਦੋਵਾਂ ਧਿਰਾਂ ਵੱਲੋਂ ਹੋਈ ਹੈ। ਨਾ ਕਿਸੇ ਇਕੱਲੇ ਪੰਜਾਬੀ ਦਾ ਕਸੂਰ ਹੈ, ਨਾ ਕਿਸੇ ਇਕੱਲੇ ਹਿਮਾਚਲੀ ਦਾ ਕਸੂਰ ਹੈ।"
ਉਨ੍ਹਾਂ ਕਿਹਾ, "ਕੁਝ ਸ਼ਰਾਰਤੀ ਲੋਕ ਸੋਸ਼ਲ ਮੀਡੀਆ ਰਾਹੀਂ ਭੜਕਾਊ ਪ੍ਰਚਾਰ ਕਰ ਰਹੇ ਹਨ, ਇਹ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਅਜਿਹੇ ਪ੍ਰਚਾਰ ''''ਤੇ ਵਿਸ਼ਵਾਸ ਨਾ ਕਰੋ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)