''''ਟੱਬਰ ਦੇ 17 ਜੀਅ ਮਰ ਗਏ, ਕੁਝ ਤਾਂ ਲੱਭੇ ਵੀ ਨਹੀਂ,'''' ਆਪਣੇ ਹੀ ਮੁਲਕ ਵਿੱਚ ਸ਼ਰਨਾਰਥੀ ਬਣੇ ਲੋਕਾਂ ਦੀ ਕਹਾਣੀ
Monday, Mar 06, 2023 - 03:30 PM (IST)


ਸੋਂਗੋਲ ਯੂਸੇਸੋਏ ਆਪਣੇ ਪਰਿਵਾਰ ਦੀ ਚੰਗੀ ਸਿਹਤ ਦਾ ਸੋਚਦਿਆਂ ਰੋਟੀ ਪਰੋਸਣ ਤੋਂ ਪਹਿਲਾਂ ਭਾਂਡੇ ਧੋਤੇ, ਸੁਕਾਏ। ਇਹ ਸਭ ਆਮ ਪਰਿਵਾਰਾਂ ਵਰਗਾ ਲੱਗਦਾ ਹੈ।
ਪਰ ਸੋਂਗੇਲ ਲਈ ਹੁਣ ਇਹ ਸਭ ਸੌਖਾ ਨਹੀਂ, ਉਹ ਆਪਣੇ ਖੰਡਰ ਹੋਏ ਘਰ ਦੇ ਪਰਛਾਵੇਂ ਵਿੱਚ ਬੈਠ ਇਹ ਸਭ ਕਰ ਰਹੇ ਹਨ।
ਉਸ ਦਾ ਘਰ ਭੂਚਾਲ ਦੌਰਾਨ ਢਹਿ ਗਿਆ ਤੇ ਹੁਣ ਪਰਿਵਾਰ ਘਰੋਂ ਬੇਘਰ ਹੋ ਜ਼ਿੰਦਗੀ ਜੀਅ ਰਿਹਾ ਹੈ।
ਤੁਰਕੀ ਤੇ ਸੀਰੀਆ ਦੇ ਸਰਹੱਦ ''''ਤੇ ਮਹੀਨਾ ਪਹਿਲਾਂ ਆਏ ਭੂਚਾਲ ਤੋਂ ਬਾਅਦ ਜਿਹੜੇ ਲੋਕ ਬਚ ਗਏ ਉਹ ਸੋਂਗੋਲ ਵਾਂਗ ਹੀ ਅਨਿਸ਼ਚਿਤ ਭਵਿੱਖ ਨਾਲ ਜੂਝ ਰਹੇ ਹਨ।
ਉਨ੍ਹਾਂ ਦੀਆਂ ਸਭ ਤੋਂ ਗੰਭੀਰ ਸਮੱਸਿਆਵਾਂ ਵਿੱਚੋਂ ਇੱਕ ਰਹਿਣ ਲਈ ਸੁਰੱਖਿਅਤ ਜਗ੍ਹਾ ਲੱਭਣਾ ਹੈ।
ਕਰੀਬ 15 ਲੱਖ ਲੋਕ ਜਿਨ੍ਹਾਂ ਨੇ ਭੂਚਾਲ ਵਿੱਚ ਆਪਣੇ ਘਰ ਗੁਆ ਦਿੱਤੇ, ਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਢੁੱਕਵਾਂ ਆਸਰਾ ਮਿਲਣ ਵਿੱਚ ਕਿੰਨਾ ਸਮਾਂ ਲੱਗੇਗਾ।

ਲੱਖਾਂ ਲੋਕਾਂ ਨੇ ਆਪਣੇ ਘਰ ਛੱਡੇ
ਇਸ ਦੌਰਾਨ ਤੁਰਕੀ ਦੀ ਆਫ਼ਤ ਏਜੰਸੀ ਅਫਦ ਦਾ ਕਹਿਣਾ ਹੈ ਕਿ ਲਗਭਗ 20 ਲੱਖ ਲੋਕ ਹੁਣ ਭੂਚਾਲ ਖੇਤਰ ਛੱਡ ਚੁੱਕੇ ਹਨ।
ਕੁਝ ਦੇਸ਼ ਵਿੱਚ ਕਿਤੇ ਹੋਰ ਦੋਸਤਾਂ ਜਾਂ ਅਜ਼ੀਜ਼ਾਂ ਨਾਲ ਰਹਿ ਰਹੇ ਹਨ। ਖੇਤਰ ਤੋਂ ਬਾਹਰ ਉਡਾਣਾਂ ਅਤੇ ਰੇਲ ਗੱਡੀਆਂ ਉਹਨਾਂ ਲਈ ਮੁਫ਼ਤ ਹਨ ਜੋ ਛੱਡਣਾ ਚਾਹੁੰਦੇ ਹਨ।
ਕੋਈ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਕੋਲ ਰਹਿਣ ਲੱਗੇ ਹਨ। ਘਰ ਛੱਡਕੇ ਜਾਣ ਦੇ ਇਛੁੱਕ ਲੋਕਾਂ ਲਈ ਸਰਕਾਰ ਨੇ ਮੁਫ਼ਤ ਹਵਾਈ ਉਡਾਨਾਂ ਤੇ ਰੇਲਗੱਡੀਆਂ ਦਾ ਇੰਤਜ਼ਾਮ ਕੀਤਾ ਹੈ।
ਪਰ ਮੈਡੀਟੇਰੀਅਨ ਤੱਟ ਦੇ ਨੇੜੇ, ਸਮੰਦਗ ਕਸਬੇ ਵਿੱਚ, ਸੋਂਗੋਲ ਸਪੱਸ਼ਟ ਹੈ ਕਿ ਉਹ ਅਤੇ ਉਸਦਾ ਪਰਿਵਾਰ ਕਿਤੇ ਨਹੀਂ ਜਾਣਗੇ ਤੇ ਇਥੇ ਹੀ ਰਹਿਣਗੇ।
ਸੋਂਗੋਲ ਕਹਿੰਦੇ ਹਨ,"ਇਹ ਸਾਡੇ ਲਈ ਬਹੁਤ ਅਹਿਮ ਹੈ। ਅੱਗੇ ਜੋ ਵੀ ਹੋਵੇ, ਚਾਹੇ ਘਰ ਬਣਨ ਵਿੱਚ ਸਮਾਂ ਲੱਗੇ, ਅਸੀਂ ਇੱਥੇ ਹੀ ਰਹਾਂਗੇ। ਇਹ ਸਾਡਾ ਘਰ ਹੈ, ਸਾਡਾ ਆਲ੍ਹਣਾ ਹੈ। ਸਾਡੇ ਕੋਲ ਸਭ ਕੁਝ ਇੱਥੇ ਹੈ। ਅਸੀਂ ਛੱਡ ਕੇ ਨਹੀਂ ਜਾਵਾਂਗੇ।"

ਖੰਡਰ ਹੋਏ ਘਰਾਂ ਦੀ ਸੰਭਾਲ
ਸੋਂਗੋਲ ਦਾ ਖ਼ੂਬਸੂਰਤ ਘਰ ਕੀਮਤੀ ਫ਼ਰਨੀਚਰ ਨਾਲ ਸਜਿਆ ਹੋਇਆ ਸੀ। ਹੁਣ ਉਨ੍ਹਾਂ ਨੇ ਇਹ ਫ਼ਰਨੀਚਰ ਘਰ ਤੋਂ ਬਾਹਰ ਕੱਢ ਲਿਆ ਹੈ।
ਇਸ ਨੂੰ ਨਵੇਂ ਸਿਰਿਓਂ ਪਾਲਿਸ਼ ਕੀਤਾ ਹੈ ਤਾਂ ਜੋ ਸੜਕ ''''ਤੇ ਪੈ ਰਹੀ ਧੂੜ ਮਿੱਟੀ ਨਾਲ ਖ਼ਰਾਬ ਹੋਣ ਤੋਂ ਥੋੜਾ ਬਹੁਤ ਬਚਾਇਆ ਜਾ ਸਕੇ।
ਕੋਨੇਂ ਵਿੱਚ ਰੱਖੇ ਇੱਕ ਛੋਟੇ ਮੇਜ਼ ਉੱਪਰ ਉਨ੍ਹਾਂ ਨੇ ਸਿੱਪੀਆਂ ਤੋਂ ਬਣੀ ਇੱਕ ਯਾਦਗਾਰ ਰੱਖੀ ਗਈ ਹੈ, ਜੋ ਉਹ ਛੁੱਟੀਆਂ ਦੌਰਾਨ ਕੁਸਾਦਾਸੀ ਦੇ ਤੁਰਕੀ ਰਿਜ਼ੋਰਟ ਤੋਂ ਲਿਆਏ ਸਨ।
ਇੱਕ ਪਾਸੇ ਫ਼ਲਾਂ ਦੀ ਇੱਕ ਟੋਕਰੀ ਰੱਖੀ ਹੋਈ ਹੈ। ਸੰਤਰਿਆਂ ਨੂੰ ਉੱਲੀ ਲੱਗੀ ਹੋਈ ਨਜ਼ਰ ਆਉਂਦੀ ਹੈ।
ਸੋਂਗੋਲ ਦੀ ਇਸ ਅਸਥਾਈ ਠਹਿਰ ਤੋਂ ਅੰਦਾਜਾ ਲੱਗਦਾ ਹੈ ਘਰ ਵਿੱਚ ਖ਼ੂਬਸੂਰਤ ਨਜ਼ਰ ਆਉਣ ਵਾਲੀਆਂ ਚੀਜ਼ਾਂ ਦੀ ਕੀਮਤ ਸੜਕ ''''ਤੇ ਆ ਕੇ ਕਿਵੇਂ ਘੱਟਦੀ ਹੈ।
ਤੰਬੂਆਂ ਵਿੱਚ ਜ਼ਿੰਦਗੀ
ਨੋਗੋਂਲਾ ਦਾ ਪੂਰਾ ਪਰਿਵਾਰ ਆਪਣੇ ਨੁਕਸਾਨੇ ਗਏ ਘਰ ਤੋਂ ਕੁਝ ਕਦਮਾਂ ਦੀ ਦੂਰੀ ''''ਤੇ ਤਿੰਨ ਤੰਬੂਆਂ ਵਿੱਚ ਰਹਿ ਰਿਹਾ ਹੈ।
ਉਹ ਉੱਥੇ ਹੀ ਇੱਕ ਛੋਟੇ ਜਿਹੇ ਕੈਂਪਿੰਗ ਸਟੋਵ ''''ਤੇ ਖਾਣਾ ਪਕਾਉਂਦੇ ਹਨ, ਖਾਂਦੇ ਹਨ ਤੇ ਸੌਂਦੇ ਵੀ ਉੱਥੇ ਹੀ ਹਨ।
ਉਥੇ ਪਖਾਨੇ ਦੀ ਵੀ ਠੀਕ ਸਹੂਲਤ ਉਪਲੱਬਧ ਨਹੀਂ ਹੈ। ਪਰ ਉਨ੍ਹਾਂ ਇੱਕ ਤਰਖਾਣ ਦੀ ਮਦਦ ਲੈ ਲੱਕੜ ਦਾ ਇੱਕ ਅਸਥਾਈ ਗੁਸਲਖਾਨਾ ਜ਼ਰੂਰ ਬਣਵਾ ਲਿਆ ਹੈ।
ਉਨ੍ਹਾਂ ਇਹ ਜੁਗਾੜ ਕਰ ਲਿਆ ਪਰ ਇਹ ਲੋੜ ਪੂਰੀ ਨਹੀਂ ਕਰਦਾ। ਤੰਬੂ ਛੋਟੇ ਹਨ ਤੇ ਭੀੜ ਵੀ ਬਹੁਤ ਹੈ। ਨਿੱਜਤਾ ਤਾਂ ਸੋਚਿਆ ਵੀ ਨਹੀਂ ਜਾ ਸਕਦਾ।
ਸੋਂਗੋਲ ਲਈ ਇਹ ਮਹੀਨਾ ਦੁੱਖ ਤਕਲੀਫ਼ਾਂ ਭਰਿਆ ਰਿਹਾ ਹੈ।
ਰਿਸ਼ਤੇਦਾਰਾਂ ਦੀ ਖ਼ਬਰਸਾਰ ਨਾ ਹੋਣਾ
ਭੂਚਾਲ ਵਿੱਚ ਉਨ੍ਹਾਂ ਦੇ 17 ਰਿਸ਼ਤੇਦਾਰ ਮਾਰੇ ਗਏ ਸਨ। ਉਨ੍ਹਾਂ ਦੀ ਭੈਣ ਹਾਲੇ ਵੀ ਲਾਪਤਾ ਹੈ।
ਉਹ ਕਹਿੰਦੇ ਹਨ,"ਸਾਨੂੰ ਕੁਝ ਨਹੀਂ ਪਤਾ ਕਿ ਉਹ ਅਜੇ ਵੀ ਮਲਬੇ ਹੇਠਾਂ ਹੈ ਜਾਂ ਉਸ ਦੀ ਮੌਤ ਹੋ ਗਈ ਸੀ।"
"ਜੇ ਮੌਤ ਹੋ ਗਈ ਸੀ ਤਾਂ ਉਸ ਦੀ ਲਾਸ਼ ਬਾਰੇ ਵੀ ਨਹੀਂ ਪਤਾ। ਅਸੀਂ ਬਸ ਉਡੀਕ ਹੀ ਕਰ ਰਹੇ ਹਾਂ।"
"ਅਸੀਂ ਨਾ ਸੋਗ ਮਨਾ ਸਕਦੇ ਹਾਂ, ਨਾ ਹੀ ਆਪਣਾ ਗੁਆਚਿਆ ਜੀਅ ਲੱਭ ਸਕਦੇ ਹਾਂ।"
ਸੋਂਗੋਲ ਦੇ ਜੀਜੇ ਹੁਸੇਮਟਿਨ ਅਤੇ 11 ਸਾਲਾ ਭਤੀਜੇ ਲੋਜ਼ਾਨ ਦੀ ਮਲਬੇ ਹੇਠਾਂ ਦੱਬਕੇ ਮੌਤ ਹੋ ਗਈ ਸੀ।
ਜਦੋਂ ਭੂਚਾਲ ਆਇਆ ਉਹ ਸੌਂ ਰਹੇ ਸਨ। ਅਸੀਂ ਉਨ੍ਹਾਂ ਦੀ ਰਿਹਾਇਸ਼ ''''ਤੇ ਗਏ। ਪਤਾ ਲੱਗਿਆ ਕਿ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਤਿੰਨ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ।
ਸੋਂਗੋਲ ਕਹਿੰਦੇ ਹਨ,"ਅਸੀਂ ਉਨ੍ਹਾਂ ਦੇ ਘਰ ਦਾ ਦੌਰਾ ਕੀਤਾ, ਮਲਬੇ ਦਾ ਇੱਕ ਵਿਸ਼ਾਲ ਢੇਰ ਸੀ। ਗੁਆਂਢੀਆਂ ਨੇ ਸਾਨੂੰ ਦੱਸਿਆ ਕਿ ਸਭ ਕੁਝ ਢਹਿ-ਢੇਰੀ ਹੋ ਗਿਆ ਸੀ।"
ਉਹ ਆਪਣੇ ਭਾਣਜੇ ਲੋਜ਼ਾਨ ਦੀ ਲਾਸ਼ ਨਾਲ ਲੈ ਆਏ ਹਨ।
ਸੋਂਗੋਲ ਕਹਿੰਦੇ ਹਨ,"ਅਸੀਂ ਉਸ ਦੀ ਲਾਸ਼ ਨੂੰ ਮੁਰਦਾਘਰ ਤੋਂ ਲੈ ਆਏ ਤੇ ਆਪਣੇ ਨੇੜੇ ਹੀ ਦਫ਼ਨਾਇਆ।"
ਉਨ੍ਹਾਂ ਦੇ ਜੀਜੇ ਨੂੰ ਇੱਕ ਗੁੰਮਨਾਮ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਸੀ। ਸੋਗੋਂਨ ਨੂੰ ਉਸਦੇ ਨਾਮ ਤੋਂ ਜੀਜੇ ਬਾਰੇ ਪਤਾ ਲੱਗਿਆ ਸੀ।
ਉਹ ਵਾਰ ਵਾਰ ਆਪਣੀ ਭੈਣ ਦੇ ਫੇਸਬੁੱਕ ਪ੍ਰੋਫ਼ਾਈਲ ਨੂੰ ਖੋਲ੍ਹਕੇ ਦੇਖਦੀ ਹੈ। ਪਰਿਵਾਰ ਦੀ ਇਕੱਠਿਆਂ ਦੀ ਇੱਕ ਤਸਵੀਰ, ਜੋ ਉਨ੍ਹਾਂ ਦੀ ਖ਼ੁਸ਼ੀ ਦੀ ਗਵਾਹੀ ਭਰਦੀ ਸੀ।
ਸੋਂਗੋਲ ਲਈ ਜ਼ਿੰਦਗੀ ਦੇ ਖ਼ੁਸ਼ ਪਲਾਂ ਨੂੰ ਯਾਦ ਕਰਕੇ ਆਪਣੇ ਆਪ ਨੂੰ ਆਸਵੰਦ ਰੱਖਣ ਦੀ ਕੋਸ਼ਿਸ਼ ਕਰਦੇ ਹਨ।
ਭੂਚਾਲ ਅਤੇ ਤਬਾਹੀ
- ਦੱਖਣੀ ਤੁਰਕੀ ਤੇ ਸੀਰੀਆ ''''ਚ ਭਿਆਨਕ ਭੂਚਾਲ 6 ਫਰਵਰੀ ਨੂੰ ਆਇਆ, ਭੂਚਾਲ ਦੀ ਤੀਬਰਤਾ 7.8 ਸੀ
- ਤੁਰਕੀ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਮੁਤਾਬਕ 10 ਸ਼ਹਿਰ ਸਭ ਤੋਂ ਵੱਧ ਮਾਰ ਹੇਠ ਆਏ ਹਨ। ਇਨ੍ਹਾਂ ਵਿੱਚ ਹੈਤੇ, ਓਸਮਾਨੀਏ, ਅਡਿਆਮਨ, ਮਾਲਤਿਆ, ਸਾਨਲੀਉਰਫਾ, ਅਡਾਨਾ, ਦਿਯਾਰਬਾਕਿਰ ਅਤੇ ਕਿਲਿਸ ਸ਼ਾਮਲ ਹਨ
- ਸੀਰੀਆ ਦਾ ਉੱਤਰੀ ਖਿੱਤਾ ਜਿਹੜਾ ਭੂਚਾਲ ਦੀ ਮਾਰ ਹੇਠ ਆਇਆ ਹੈ। ਇੱਥੇ ਏਲਪੋ ਸ਼ਹਿਰ ਆਫ਼ਤ ਦਾ ਕੇਂਦਰ ਬਣਿਆ ਹੈ।
- ਇਹ ਸਰਕਾਰ ਅਤੇ ਕੁਰਦਿਸ਼ ਬਾਗੀਆਂ ਵਿਚਾਲੇ ਵੰਡਿਆ ਹੋਇਆ ਇਲਾਕਾ ਹੈ। ਇੱਥੇ ਘਰੇਲੂ ਜੰਗ ਦਾ ਸ਼ਿਕਾਰ ਬਣੇ ਲੱਖਾਂ ਲੋਕ ਸ਼ਰਨਾਰਥੀਆਂ ਵਜੋਂ ਰਹਿ ਰਹੇ ਹਨ।
- ਭੂਚਾਲ ਵਿੱਚ 1.6 ਲੱਖ ਘਰ ਢਹਿ-ਢੇਰੀ ਹੋ ਗਏ ਸਨ
- 45 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਸਨ
ਵੱਡੇ ਪੱਧਰ ''''ਤੇ ਤਬਾਹੀ
ਭੂਚਾਲ ਤੋਂ ਪੈਦਾ ਹੋਇਆ ਬੇਘਰਿਆਂ ਦਾ ਸੰਕਟ ਬਹੁਤ ਗੰਭੀਰ ਹੈ। ਸੁਰੱਖਿਅਤ ਥਾਵਾਂ ਦੀ ਅਸਲੋਂ ਹੀ ਘਾਟ ਹੈ।
160,000 ਤੋਂ ਵੱਧ ਇਮਾਰਤਾਂ ਢਹਿ ਗਈਆਂ ਜਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦਾ ਅੰਦਾਜ਼ਾ ਹੈ ਕਿ ਘੱਟੋ-ਘੱਟ 15 ਲੱਖ ਲੋਕ ਅਜੇ ਵੀ ਭੂਚਾਲ ਪ੍ਰਭਾਵਿਤ ਇਲਾਕੇ ਵਿੱਚ ਹਨ।
ਉਨ੍ਹਾਂ ਦੇ ਰਹਿਣ ਲਈ ਕਿਤੇ ਹੋਰ ਸੁਰੱਖਿਅਤ ਥਾਂ ਨਹੀਂ ਹੈ। ਇੰਨਾਂ ਹੀ ਨਹੀਂ ਇਹ ਅੰਕੜਾ ਇਸ ਤੋਂ ਵੱਡਾ ਵੀ ਹੋ ਸਕਦਾ ਹੈ।
ਤੰਬੂ ਹਰ ਥਾਂ ਦਿਖਾਈ ਦਿੱਤੇ ਹਨ, ਠਹਿਰਾ ਦੀਆਂ ਨਵੀਂਆਂ ਥਾਵਾਂ ਤੋਂ ਲੈ ਕੇ ਮਲਬੇ ਦਰਮਿਆਨ ਬਚੀ ਖ਼ਾਲੀ ਥਾਂ ''''ਤੇ ਵੀ।
ਪ੍ਰਬੰਧ ਲੋੜ ਸਾਹਮਣੇ ਨਾਕਾਫ਼ੀ ਹਨ।
ਕੁਝ ਖ਼ਬਰਾਂ ਕਿ ਤੁਰਕੀ ਰੈੱਡ ਕ੍ਰੀਸੈਂਟ ਨੇ ਟੈਕਸਦਾਤਾਵਾਂ ਨੂੰ ਕੁਝ ਟੈਂਟ ਵੇਚ ਦਿੱਤੇ ਸਨ, ਨੇ ਆਮ ਲੋਕਾਂ ਵਿੱਚ ਨਿਰਾਸ਼ਾ ਪੈਦਾ ਕੀਤੀ।
ਚਾਹੇ ਇਹ ਟੈਂਟ ਲਾਗਤ ਕੀਮਤ ''''ਤੇ ਹੀ ਵੇਚੇ ਗਏ ਪਰ ਨਿਰਾਸ਼ਾ ਅਤੇ ਗੁੱਸੇ ਦਾ ਕਾਰਨ ਬਣੇ ਸਨ।

ਆਪਣੇ ਹੀ ਦੇਸ਼ ਵਿੱਚ ਬੇਘਰੇ ਹੋਣਾ
ਕੁਝ ਸ਼ਹਿਰਾਂ ਵਿੱਚ, ਲੋਕ ਅਜੇ ਵੀ ਜਨਤਕ ਇਮਾਰਤਾਂ ਅੰਦਰ ਹੀ ਰਹਿ ਰਹੇ ਹਨ।
ਅਡਾਨਾ ਵਿੱਚ, ਵਾਲੀਬਾਲ ਕੋਰਟ ਸੈਂਕੜੇ ਕੰਬਲ ਅਤੇ ਗੱਦੇ ਪਏ ਹਨ। ਲੋਕ ਇੱਥੇ ਹੀ ਸੌਂਦੇ ਹਨ।
ਬੰਦਰਗਾਹੀ ਸ਼ਹਿਰ ਇਸਕੇਂਡਰੁਨ ਵਿੱਚ ਲੋਕਾਂ ਨੇ ਰੇਲਵੇ ਸਟੇਸ਼ਨ ''''ਤੇ ਖੜ੍ਹੀਆਂ ਦੋ ਗੱਡੀਆਂ ਨੂੰ ਆਪਣਾ ਘਰ ਬਣਾ ਲਿਆ ਹੈ।
ਸੀਟਾਂ ਬੈੱਡ ਬਣ ਗਈਆਂ ਹਨ, ਸਮਾਨ ਦੇ ਰੈਕ ਨਿੱਜੀ ਸਮਾਨ ਨਾਲ ਭਰੇ ਹੋਏ ਹਨ ਅਤੇ ਉੱਥੇ ਦਾ ਸਟਾਫ਼ ਚੀਜ਼ਾਂ ਨੂੰ ਸਾਫ਼-ਸੁਥਰਾ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।
ਇੱਕ ਬੱਚੀ ਸੌਣ ਲੱਗਿਆਂ ਟੈਡੀਬੀਅਰ ਦੀ ਬਜਾਇ ਸਿਰਹਾਣੇ ਨੂੰ ਗਲੇ ਲਗਾਉਂਦਿਆਂ ਉਦਾਸ ਹੋ ਜਾਂਦੀ ਹੈ। ਉਸ ਦੀਆਂ ਅੱਖਾਂ ਵਿੱਚ ਹੰਝੂ ਭਰ ਆਉਂਦੇ ਹਨ।
ਸੋਂਗੋਲ ਦੇ ਬੱਚੇ ਵੀ ਉਦਾਸ ਹਨ। ਉਨ੍ਹਾਂ ਦੇ ਖਿਡੌਣੇ ਅਤੇ ਖੇਡਾਂ ਢਹਿ ਚੁੱਕੇ ਘਰ ਅੰਦਰ ਰਹਿ ਗਈਆਂ ਹਨ।
ਸਕੂਲ ਵੀ ਨਹੀਂ ਬਚਿਆ। ਸੋਂਗੋਲ ਕਹਿੰਦੇ ਹਨ,"ਉਨ੍ਹਾਂ ਕੋਲ ਵਿਹਲ ਬਿਤਾਉਣ ਦਾ ਕੋਈ ਚਾਰਾ ਹੀ ਨਹੀਂ ਬਚਿਆ। ਉਨ੍ਹਾਂ ਨੂੰ ਰੁੱਝੇ ਰੱਖਣ ਲਈ ਕੁਝ ਨਹੀਂ ਹੈ। ਉਹ ਬਸ ਆਲੇ ਦੁਆਲੇ ਬੈਠੇ ਰਹਿੰਦੇ ਹਨ।"
"ਉਹ ਆਪਣੇ ਫ਼ੋਨ ਨਾਲ ਖੇਡਦੇ ਹਨ, ਤੇ ਜਦੋਂ ਉਸ ਦੀ ਬੈਟਰੀ ਖ਼ਤਮ ਹੋ ਜਾਂਦੀ ਹੈ ਤਾਂ, ਜਲਦੀ ਸੌਂ ਜਾਂਦੇ ਹਨ।"
ਰਾਤ ਨੂੰ ਸਥਿਤੀ ਹੋਰ ਵੀ ਔਖੀ ਹੋ ਜਾਂਦੀ ਹੈ। ਸਮੰਦਗ ਵਿੱਚ ਹੁਣ ਬਿਜਲੀ ਨਹੀਂ ਹੈ। ਸੋਂਗੋਲ ਨੇ ਆਪਣੇ ਚਿੱਟੇ ਤੰਬੂ ਵਿੱਚ ਰੰਗੀਨ ਸੂਰਜੀ ਲਾਈਟਾਂ ਲਾਈਆਂ ਹਨ।

ਉਹ ਆਪਣੇ ਹੀ ਦੇਸ਼ ਵਿੱਚ ਬੇਘਰੇ ਹਨ। ਕੋਈ ਸ਼ਰਨਾਰਥੀ ਨਹੀਂ ਹਨ, ਪਰ ਉਨ੍ਹਾਂ ਨੇ ਆਪਣਾ ਸਭ ਕੁਝ ਗੁਆ ਦਿੱਤਾ ਹੈ।
ਸੋਂਗੋਲ ਦੱਸਦੇ ਹਨ, "ਮੈਂ ਰੌਸ਼ਨੀ ਲਈ ਦੀਵੇ ਵੀ ਰੱਖੇ ਹਨ। ਹਨੇਰੇ ਵਿੱਚ ਅਸੀਂ ਡਰ ਜਾਂਦੇ ਹਾਂ। ਬਿਜਲੀ ਨਾ ਹੋਣਾ ਇੱਕ ਵੱਡੀ ਸਮੱਸਿਆ ਹੈ।"
"ਸਹਿਮ ਬਹੁਤ ਜ਼ਿਆਦਾ ਹੈ। ਸਾਰੀ ਰਾਤ ਅਸੀਂ ਝਟਕੇ ਮਹਿਸੂਸ ਕਰਦੇ ਹਾਂ, ਇਸ ਲਈ ਸੌਣਾ ਬਹੁਤ ਔਖਾ ਹੋ ਜਾਂਦਾ ਹੈ।"
ਇਹ ਸਭ ਦੱਸਦਿਆਂ ਸੋਂਗੋਲ ਰੋਣ ਲੱਗਦੇ ਹਨ। ਉਹ ਆਪਣੇ ਹੱਥ ਨਾਲ ਹੰਝੂ ਪੂੰਝਦੇ ਹਨ।
ਸੋਂਗੋਲ ਦੇ ਪਤੀ ਸਾਵਾਸ ਕਹਿੰਦੇ ਹਨ,"ਅਸੀਂ ਆਜ਼ਾਦ ਲੋਕ ਹਾਂ, ਅਸੀਂ ਆਜ਼ਾਦੀ, ਸੁਤੰਤਰਤਾ ਦੇ ਆਦੀ ਹਾਂ, ਹਰ ਕੋਈ ਆਪਣੇ ਘਰਾਂ ਵਿੱਚ ਰਹਿੰਦਾ ਸੀ।"
ਉਹ ਕਹਿੰਦੇ ਹਨ,"ਹੁਣ ਸਥਿਤੀ ਠੀਕ ਨਹੀਂ ਅਸੀਂ ਤਿੰਨ ਪਰਿਵਾਰ ਇੱਕ ਹੀ ਤੰਬੂ ਵਿੱਚ ਰਹਿੰਦੇ ਹਾਂ। ਉਥੇ ਹੀ ਖਾਣਾ ਖਾਂਦੇ ਹਾਂ।"
"ਇਹ ਸਭ ਸਾਡੇ ਲਈ ਨਵਾਂ ਹੈ, ਸਾਨੂੰ ਨਹੀਂ ਪਤਾ ਕਿ ਭਵਿੱਖ ਵਿੱਚ ਕੀ ਹੋਵੇਗਾ। ਸਾਡੇ ਘਰ ਢਹਿ ਗਏ ਹਨ, ਅੱਗੇ ਕੀ ਹੋਵੇਗਾ ਇਸ ਗੱਲ ਦਾ ਹਮੇਸ਼ਾ ਡਰ ਲੱਗਿਆ ਰਹਿੰਦਾ ਹੈ।? "
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)