ਹਿੰਡਨਬਰਗ ਰਿਪੋਰਟ ਵਿਵਾਦ ਤੋਂ ਬਾਅਦ ਅਡਾਨੀ ਸਮੂਹ ’ਚ 1.87 ਅਰਬ ਡਾਲਰ ਦਾ ਨਿਵੇਸ਼ ਕਰਨ ਵਾਲੇ ਰਾਜੀਵ ਜੈਨ ਕੌਣ ਹਨ
Monday, Mar 06, 2023 - 07:45 AM (IST)

ਅਡਾਨੀ ਸਮੂਹ ਵਿੱਚ ਨਿਵੇਸ਼ ਕਰਨ ਤੋਂ ਬਾਅਦ ਰਾਜੀਵ ਜੈਨ ਦੀ ਅਮਰੀਕੀ ਕੰਪਨੀ ਜੀਕਿਊਜੀ ਚਰਚਾ ਵਿੱਚ ਆ ਗਈ ਹੈ।
ਜੀਕਿਊਜੀ ਪਾਰਟਨਰਜ਼ ਨੇ ਅਡਾਨੀ ਸਮੂਹ ਦੀਆਂ ਚਾਰ ਕੰਪਨੀਆਂ ਵਿੱਚ 1.87 ਅਰਬ ਟਾਲਰ (ਕਰੀਬ ਇੱਕ ਖਰਬ 52 ਅਰਬ ਰੁਪਏ) ਦਾ ਵੱਡਾ ਨਿਵੇਸ਼ ਕੀਤਾ ਹੈ।
ਅਮਰੀਕਾ ਦੀ ਵਿੱਤੀ ਕੰਪਨੀ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਸਮੂਹ ਪਿਛਲੇ ਇੱਕ ਮਹੀਨੇ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਹਿੰਡਨਬਰਗ ਨੇ 24 ਜਨਵਰੀ 2023 ਨੂੰ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਉਪਰ ਆਰਥਿਕ ਬੇਨਿਯਮੀਆਂ ਦਾ ਇਲਜ਼ਾਮ ਲਗਾਇਆ ਸੀ। ਪਰ ਅਡਾਨੀ ਸਮੂਹ ਨੇ ਇਸ ਦਾ ਖੰਡਨ ਕੀਤਾ ਸੀ।
ਹਾਲਾਂਕਿ ਇਸ ਦੇ ਬਾਵਜੂਦ ਵੀ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਕੁਝ ਹੀ ਦਿਨਾਂ ਵਿੱਚ ਉਹਨਾਂ ਦੀ ਬਜ਼ਾਰ ਪੂੰਜੀ ਵਿੱਚ 135 ਅਰਬ ਡਾਲਰ ਦਾ ਨੁਕਸਾਨ ਦਰਜ ਕੀਤਾ ਗਿਆ।
ਸ਼ਨੀਵਾਰ ਨੂੰ, ਰੇਟਿੰਗ ਏਜੰਸੀ ਮੂਡੀਜ਼ ਦੀ ਇਕਾਈ ਆਈਸੀਆਰਏ ਨੇ ਗੌਤਮ ਅਡਾਨੀ ਸਮੂਹ ਦੀਆਂ ਬੰਦਰਗਾਹਾਂ ਅਤੇ ਊਰਜਾ ਕਾਰੋਬਾਰ ਦੀ ਰੇਟਿੰਗ ਘਟਾ ਦਿੱਤੀ ਸੀ।
ਆਈਸੀਆਰਏ ਨੇ ਅਡਾਨੀ ਗਰੁੱਪ ਦੀ ਰੇਟਿੰਗ ਨੂੰ ''''ਸਥਿਰ'''' ਤੋਂ ''''ਨੈਗੇਟਿਵ'''' ਕਰ ਦਿੱਤਾ ਹੈ।
ਹਾਲਾਂਕਿ ਅਡਾਨੀ ਸਮੂਹ ਲਈ ਇਸ ਨਿਵੇਸ਼ ਦਾ ਫਾਇਦਾ ਨਾ ਸਿਰਫ਼ ਵਿੱਤੀ ਪੱਧਰ ''''ਤੇ ਸਗੋਂ ਕੰਪਨੀ ਦੇ ਅਕਸ ਨੂੰ ਲੈ ਕੇ ਵੀ ਦੇਖਿਆ ਜਾ ਰਿਹਾ ਹੈ।
ਕੰਪਨੀ ਨਿਵੇਸ਼ਕਾਂ ਦਾ ਭਰੋਸਾ ਫਿਰ ਤੋਂ ਵਧਾਉਣਾ ਚਾਹੁੰਦੀ ਹੈ।

ਅਡਾਨੀ ਦੀਆਂ ਕਿਹੜੀਆਂ ਕੰਪਨੀਆਂ ''''ਚ ਨਿਵੇਸ਼ ਕੀਤਾ ਗਿਆ
ਜੀਕਿਊਜੀ ਪਾਰਟਨਰਜ਼ ਨੇ ਅਡਾਨੀ ਸਮੂਹ ਦੀਆਂ ਚਾਰ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ।
ਇਹ ਕੰਪਨੀਆਂ ਹਨ-
ਅਡਾਨੀ ਇੰਟਰਪ੍ਰਾਈਜਿਜ਼ - 66 ਕਰੋੜ, 20 ਲੱਖ ਡਾਲਰ (ਲਗਭਗ 54 ਅਰਬ ਰੁਪਏ) ਵਿੱਚ 3.4 ਫੀਸਦੀ ਹਿੱਸੇਦਾਰੀ ਖਰੀਦੀ।
ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ ਲਿਮਿਟੇਡ - 64 ਕਰੋੜ ਡਾਲਰ (ਲਗਭਗ 52 ਅਰਬ ਰੁਪਏ) ਵਿੱਚ 4.1 ਫੀਸਦੀ ਹਿੱਸੇਦਾਰੀ ਖਰੀਦੀ।
ਅਡਾਨੀ ਟਰਾਂਸਮਿਸ਼ਨ ਲਿਮਿਟੇਡ - 23 ਕਰੋੜ ਡਾਲਰ (ਲਗਭਗ 18 ਅਰਬ ਰੁਪਏ) ਵਿੱਚ 2.5 ਫੀਸਦੀ ਹਿੱਸੇਦਾਰੀ ਖਰੀਦੀ।
ਅਡਾਨੀ ਗ੍ਰੀਨ ਐਨਰਜੀ - 34 ਕਰੋੜ ਡਾਲਰ (ਕਰੀਬ 27 ਅਰਬ ਰੁਪਏ) ਵਿੱਚ 3.5 ਫੀਸਦੀ ਹਿੱਸੇਦਾਰੀ ਖਰੀਦੀ।
ਇਹ ਪਹਿਲੀ ਵਾਰ ਹੋਇਆ ਹੈ ਜਦੋਂ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਨੇ ਕਿਸੇ ਨਿਵੇਸ਼ ਦੀ ਜਾਣਕਾਰੀ ਜਨਤਕ ਕੀਤੀ ਹੈ।
ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ 17.5 ਫੀਸਦੀ, ਅਡਾਨੀ ਪੋਰਟਸ 10 ਫੀਸਦੀ, ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰ 5 ਫੀਸਦੀ ਵਧੇ ਹਨ।
ਅਡਾਨੀ ਗਰੁੱਪ ਦੇ ਸੀਐਫਓ ਜੁਗੇਸ਼ਿੰਦਰ ਸਿੰਘ ਨੇ ਕਿਹਾ ਹੈ, "ਇਹ ਨਿਵੇਸ਼ ਦਿਖਾਉਂਦਾ ਹੈ ਕਿ ਸੰਸਾਰ ਪੱਧਰ ਦੇ ਨਿਵੇਸ਼ਕ ਅਡਾਨੀ ਸਮੂਹ ਨਾਲ ਜੁੜੀਆਂ ਕੰਪਨੀਆਂ ਦੀ ਤਰੱਕੀ, ਪ੍ਰਦਰਸ਼ਨ ਅਤੇ ਪ੍ਰਬੰਧਨ ਵਿੱਚ ਅਜੇ ਵੀ ਭਰੋਸਾ ਰੱਖਦੇ ਹਨ।"
ਕੌਣ ਹੈ ਰਾਜੀਵ ਜੈਨ
- ਜੀਕਿਊਜੀ ਪਾਰਟਨਰ ਇੱਕ ਸੰਪਤੀ ਵਾਲੀ ਅਮਰੀਕੀ ਪ੍ਰਬੰਧਨ ਕੰਪਨੀ ਹੈ।
- ਕੰਪਨੀ ਨੇ ਅਡਾਨੀ ਗਰੁੱਪ ਵਿੱਚ 1.87 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ।
- ਰਾਜੀਵ ਜੈਨ ਜੀਕਿਊਜੀ ਪਾਰਟਨਰਜ਼ ਦੇ ਚੇਅਰਮੈਨ ਅਤੇ ਮੁੱਖ ਨਿਵੇਸ਼ ਅਧਿਕਾਰੀ ਹਨ।
- ਉਹ ਜੀਕਿਊਜੀ ਪਾਰਟਨਰਜ਼ ਰਣਨੀਤੀਆਂ ਦੇ ਸਾਰੇ ਵਿਭਾਗਾਂ ਦੇ ਮੈਨੇਜਰ ਵੀ ਹੈ।
ਜੀਕਿਊਜੀ ਪਾਰਟਨਰ ਇੱਕ ਨਿਵੇਸ਼ਕ ਫਰਮ ਹੈ ਜੋ ਆਪਣੇ ਗਾਹਕਾਂ ਵੱਲੋਂ ਬਜ਼ਾਰ ਵਿੱਚ ਨਿਵੇਸ਼ ਕਰਦੀ ਹੈ।
ਜੀਕਿਊਜੀ ਪਾਰਟਨਰਜ਼ ਦੇ ਲਿੰਕਡਇਨ ਪ੍ਰੋਫਾਈਲ ਅਨੁਸਾਰ ਇਹ ਫਰਮ 31 ਦਸੰਬਰ, 2022 ਤੱਕ ਗਾਹਕਾਂ ਲਈ 88 ਅਰਬ ਡਾਲਰ ਤੋਂ ਵੱਧ ਸੰਪਤੀਆਂ ਦਾ ਪ੍ਰਬੰਧਨ ਕਰਦੀ ਹੈ।
ਕੰਪਨੀ ਦਾ ਮੁੱਖ ਦਫ਼ਤਰ ਅਮਰੀਕਾ ਦੇ ਫਲੋਰੀਡਾ ਵਿੱਚ ਸਥਿਤ ਹੈ।
ਇਸ ਦੇ ਦਫ਼ਤਰ ਨਿਊਯਾਰਕ, ਲੰਡਨ, ਸਿਆਟਲ ਅਤੇ ਸਿਡਨੀ ਵਿੱਚ ਵੀ ਹਨ। ਇਸ ਕੰਪਨੀ ਵਿੱਚ 51 ਤੋਂ ਲੈ ਕੇ 200 ਕਰਮਚਾਰੀ ਕੰਮ ਕਰਦੇ ਹਨ।
ਜੀਕਿਊਜੀ ਪਾਰਟਨਰ ਆਸਟ੍ਰੇਲੀਆ ਦੇ ਸਕਿਓਰਿਟੀਜ਼ ਐਕਸਚੇਂਜ ਨਾਲ ਕੰਮ ਕਰਦੀ ਹੈ। ਇਹ ਕੰਪਨੀ ਸਾਲ 2021 ਵਿੱਚ ਆਸਟ੍ਰੇਲੀਆ ਵਿੱਚ ਸਭ ਤੋਂ ਵੱਡਾ ਆਈਪੀਓ ਲਿਆਈ ਸੀ।

ਰਾਜੀਵ ਜੈਨ ਜੀਕਿਊਜੀ ਪਾਰਟਨਰਜ਼ ਦੇ ਚੇਅਰਮੈਨ ਅਤੇ ਮੁੱਖ ਨਿਵੇਸ਼ ਅਧਿਕਾਰੀ ਹਨ। ਉਹ ਜੀਕਿਊਜੀ ਪਾਰਟਨਰਜ਼ ਰਣਨੀਤੀਆਂ ਦੇ ਸਾਰੇ ਵਿਭਾਗਾਂ ਦੇ ਮੈਨੇਜਰ ਵੀ ਹਨ।
ਰਾਜੀਵ ਜੈਨ ਦਾ ਜਨਮ ਭਾਰਤ ਵਿੱਚ ਹੋਇਆ ਸੀ। ਫੋਰਬਸ ਦੇ ਅਨੁਸਾਰ, ਉਹਨਾਂ ਨੇ ਅਜਮੇਰ ਯੂਨੀਵਰਸਿਟੀ ਤੋਂ ਅਕਾਉਂਟਿੰਗ ਦੀ ਪੜ੍ਹਾਈ ਕੀਤੀ ਅਤੇ ਉਸੇ ਵਿੱਚ ਮਾਸਟਰ ਦੀ ਡਿਗਰੀ ਕੀਤੀ ਸੀ।
ਇਸ ਤੋਂ ਬਾਅਦ ਉਹਨਾਂ ਨੇ ਮਿਆਮੀ ਯੂਨੀਵਰਸਿਟੀ ਤੋਂ ਵਿੱਤ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਐਮਬੀਏ ਕੀਤੀ ਸੀ।
ਐਮਬੀਏ ਤੋਂ ਬਾਅਦ ਰਾਜੀਵ ਜੈਨ ਨੇ ਸਵਿਸ ਬੈਂਕ ਕਾਰਪੋਰੇਸ਼ਨ ਵਿੱਚ ਇੰਟਰਨੈਸ਼ਨਲ ਇਕੁਇਟੀ ਐਨਾਲਿਸਟ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਰਾਜੀਵ ਜੈਨ ਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਉਹਨਾਂ ਨੇ ਸਵਿਸ ਕੰਪਨੀ ਵੋਂਟੋਬੇਲ ਐਸੇਟ ਮੈਨੇਜਮੈਂਟ ਵਿੱਚ ਸਹਿ-ਮੁੱਖ ਕਾਰਜਕਾਰੀ ਅਧਿਕਾਰੀ, ਮੁੱਖ ਨਿਵੇਸ਼ ਅਧਿਕਾਰੀ ਅਤੇ ਇਕੁਇਟੀਜ਼ ਦੇ ਮੁਖੀ ਵਜੋਂ ਵੀ ਕੰਮ ਕੀਤਾ ਹੈ।
ਉਹ 1994 ਵਿੱਚ ਵੋਂਟੋਬੇਲ ਵਿੱਚ ਸ਼ਾਮਲ ਹੋਏ ਸਨ।

ਫਿਰ ਉਹਨਾਂ ਨੇ 23 ਸਾਲਾਂ ਦੇ ਨਿਵੇਸ਼ ਅਨੁਭਵ ਤੋਂ ਬਾਅਦ ਜੂਨ 2016 ਵਿੱਚ ਜੀਕਿਊਜੀ ਭਾਗੀਦਾਰਾਂ ਦੀ ਸ਼ੁਰੂਆਤ ਕੀਤੀ। ਜੀਕਿਊਜੀ ਦੁਨੀਆ ਭਰ ਵਿੱਚ 1000 ਤੋਂ ਵੱਧ ਸੰਸਥਾਗਤ ਨਿਵੇਸ਼ਕਾਂ ਦੀਆਂ ਸੰਪਤੀਆਂ ਦਾ ਪ੍ਰਬੰਧਨ ਕਰਦਾ ਹੈ।
ਇਸ ਦੇ ਨਾਲ ਹੀ ਇਹ ਆਪਣੇ ਗਾਹਕਾਂ ਲਈ ਵਿੱਤੀ ਸਲਾਹਕਾਰ ਵਜੋਂ ਵੀ ਕੰਮ ਕਰਦੀ ਹੈ।
ਰਾਜੀਵ ਜੈਨ ਨੇ ਅਡਾਨੀ ਸਮੂਹ ਬਾਰੇ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਕੰਪਨੀਆਂ ਵਿੱਚ ਲੰਬੇ ਸਮੇਂ ਦੇ ਵਿਸਤਾਰ ਦੀ ਕਾਫੀ ਗੁੰਜਾਇਸ਼ ਹੈ।
ਗੌਤਮ ਅਡਾਨੀ ਦੀ ਤਾਰੀਫ ਕਰਦੇ ਹੋਏ ਰਾਜੀਵ ਜੈਨ ਕਹਿੰਦੇ ਹਨ ਕਿ ਅਡਾਨੀ ''''ਆਪਣੀ ਪੀੜ੍ਹੀ ਦੇ ਸਰਬਉੱਚ ਉੱਦਮੀਆਂ ਵਿੱਚ ਗਿਣੇ ਜਾਂਦੇ ਹਨ।''''
ਇੱਥੋਂ ਤੱਕ ਕਿ 23 ਫਰਵਰੀ ਨੂੰ ਬਲੂਮਬਰਗ ਨਾਲ ਇੱਕ ਇੰਟਰਵਿਊ ਵਿੱਚ, ਰਾਜੀਵ ਜੈਨ ਨੇ ਅਡਾਨੀ ਕੇਸ ਦੇ ਬਾਵਜੂਦ ਭਾਰਤੀ ਬੈਂਕਿੰਗ ਪ੍ਰਣਾਲੀ ਵਿੱਚ ਭਰੋਸਾ ਪ੍ਰਗਟਾਇਆ ਸੀ।

ਉਨ੍ਹਾਂ ਨੂੰ ਪੁੱਛਿਆ ਗਿਆ ਕਿ ਨਿਵੇਸ਼ ਦੇ ਮਾਮਲੇ ''''ਚ ਤੁਸੀਂ ਭਾਰਤ ਦੇ ਪੱਖ ਨੂੰ ਚੀਨ ਤੋਂ ਜ਼ਿਆਦਾ ਮਜ਼ਬੂਤ ਦੱਸਦੇ ਹੋ ਅਤੇ ਕੀ ਤੁਸੀਂ ਅਡਾਨੀ ਮਾਮਲੇ ਤੋਂ ਬਾਅਦ ਵੀ ਭਾਰਤ ਨੂੰ ਉਸੇ ਸਥਿਤੀ ''''ਚ ਦੇਖਦੇ ਹੋ ?
ਇਸ ''''ਤੇ ਰਾਜੀਵ ਜੈਨ ਕਹਿੰਦੇ ਹਨ, "ਸਾਡੇ ਨਜ਼ਰੀਏ ''''ਚ ਕੁਝ ਵੀ ਨਹੀਂ ਬਦਲਿਆ ਹੈ। ਅਡਾਨੀ ਮਾਮਲੇ ਨੂੰ ਦੇਖਦੇ ਹੋਏ, ਮੇਰੇ ਹਿਸਾਬ ਨਾਲ ਕਈ ਮਜ਼ਬੂਤ ਨੁਕਤੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਬੈਂਕਿੰਗ ਪ੍ਰਣਾਲੀ ਚੰਗੀ ਹੈ ਕਿਉਂਕਿ ਬੈਂਕਿੰਗ ਐਕਸਪੋਜ਼ਰ ਇਕ ਫੀਸਦੀ ਦੇ ਨੇੜੇ ਹੈ। ਦੂਜਾ, ਇਹ ਨਿਯੰਤ੍ਰਿਤ ਸੰਪਤੀਆਂ ਹਨ। ਅਸੀਂ ਸਿਸਟਮ ਦੇ ਨਜ਼ਰੀਏ ਤੋਂ ਚਿੰਤਤ ਨਹੀਂ ਹਾਂ। ਅਡਾਨੀ ਇੱਕ ਵੱਖਰਾ ਮਾਮਲਾ ਹੈ।"
ਨਿਵੇਸ਼ਕਾਂ ਨੂੰ ਲੈ ਕੇ ਉੱਠੇ ਸਵਾਲ
ਜੀਕਿਊਜੀ ਨੂੰ ਇੱਕ ਗਾਹਕ ਵੱਲੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਨਿਵੇਸ਼ ਦੇ ਸਬੰਧ ਵਿੱਚ ਸਵਾਲ ਕੀਤਾ ਗਿਆ ਸੀ।
ਜੀਕਿਊਜੀ ਦੇ ਗਾਹਕ ਆਸਟ੍ਰੇਲੀਅਨ ਪੈਨਸ਼ਨ ਫੰਡ ਨੇ ਇਸ ਨਿਵੇਸ਼ ''''ਤੇ ਸਵਾਲ ਖੜ੍ਹੇ ਕੀਤੇ ਹਨ।
ਜੀਕਿਊਜੀ ਨੇ ਆਸਟ੍ਰੇਲੀਆ ਦੇ ਘੱਟੋ-ਘੱਟ ਚਾਰ ਸਭ ਤੋਂ ਵੱਡੇ ਪੈਨਸ਼ਨ ਫੰਡਾਂ ਵਿੱਚੋਂ ਪੈਸਾ ਇਕੱਠਾ ਕੀਤਾ ਸੀ।
ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਜੀਕਿਊਜੀ ਪਾਰਟਨਰਜ਼ ਦੇ ਚੇਅਰਮੈਨ ਅਤੇ ਮੁੱਖ ਨਿਵੇਸ਼ ਅਧਿਕਾਰੀ ਰਾਜੀਵ ਜੈਨ ਨੇ ਜਵਾਬ ਦਿੱਤਾ ਹੈ ਕਿ ਕੰਪਨੀ ਨੇ ਅਡਾਨੀ ਸਮੂਹ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਹੈ ਅਤੇ ਉਹ ਹਿੰਡਨਬਰਗ ਦੀ ਰਿਪੋਰਟ ਨਾਲ ਸਹਿਮਤ ਨਹੀਂ ਹਨ।
ਜੀਕਿਊਜੀ ਨੂੰ ਕਵਰ ਕਰਨ ਵਾਲੇ ਮੋਰਨਿੰਗਸਟਾਰ ਦੇ ਇੱਕ ਵਿਸ਼ਲੇਸ਼ਕ ਸ਼ਾਨ ਲੀਅਰ ਨੇ ਰੋਇਟਰਜ਼ ਨੂੰ ਦੱਸਿਆ ਕਿ ਰਾਜੀਵ ਜੈਨ ਦੇ ਫੈਸਲੇ ਕਾਰਨ ਕੁਝ ਲੋਕਾਂ ਜੀਕਿਊਜੀ ਵਿੱਚ ਨਿਵੇਸ਼ ਨਾ ਕਰਨ ਪਰ ਉਹਨਾਂ ਦੇ ਮਜ਼ਬੂਤ ਪ੍ਰਦਰਸ਼ਨ ਦੇ ਮੱਦੇਨਜ਼ਰ, ਕੁਝ ਨਿਵੇਸ਼ ਕਰਨ ਦੇ ਚਾਹਵਾਨ ਵੀ ਹੋਣਗੇ।"
ਅਡਾਨੀ ਸਮੂਹ ਨੇ ਰੈਗੂਲੇਟਰੀ ਬਾਡੀਜ਼ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਉਹਨਾਂ ਮੀਡੀਆ ਰਿਪੋਰਟਾਂ ਦਾ ਵੀ ਖੰਡਨ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਡਾਨੀ ਸਮੂਹ ਨੂੰ ਇੱਕ ਸਾਵਰੇਨ ਵੈਲਥ ਫੰਡ ਤੋਂ ਤਿੰਨ ਅਰਬ ਡਾਲਰ ਦਾ ਨਿਵੇਸ਼ ਮਿਲਿਆ ਹੈ।
ਅਡਾਨੀ ਸਮੂਹ ਨੇ ਕਿਹਾ ਹੈ ਕਿ, "ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਖ਼ਬਰ ਮਹਿਜ਼ ਇੱਕ ਅਫ਼ਵਾਹ ਹੈ ਅਤੇ ਇਸ ''''ਤੇ ਟਿੱਪਣੀ ਕਰਨਾ ਅਣਉਚਿਤ ਹੋਵੇਗਾ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)