ਜਦੋਂ ਭਾਰਤੀ ਹਵਾਈ ਫੌਜ ਨੇ ਆਪਣੇ ਹੀ ਨਾਗਰਿਕਾਂ ’ਤੇ ਬੰਬ ਸੁੱਟੇ ਅਤੇ ਇੰਦਰਾਂ ਗਾਂਧੀ ਸਰਕਾਰ ''''ਤੇ ਸਵਾਲ ਉੱਠੇ

Saturday, Mar 04, 2023 - 07:00 PM (IST)

ਜਦੋਂ ਭਾਰਤੀ ਹਵਾਈ ਫੌਜ ਨੇ ਆਪਣੇ ਹੀ ਨਾਗਰਿਕਾਂ ’ਤੇ ਬੰਬ ਸੁੱਟੇ ਅਤੇ ਇੰਦਰਾਂ ਗਾਂਧੀ ਸਰਕਾਰ ''''ਤੇ ਸਵਾਲ ਉੱਠੇ
ਇੰਦਰਾ ਗਾਂਧੀ
bharat rakshak/getty images

ਇਹ ਗੱਲ 21 ਜਨਵਰੀ, 1966 ਦੀ ਹੈ। ਹਾਲੇ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ’ਚ ਤਿੰਨ ਦਿਨ ਬਾਕੀ ਸਨ।

ਮਿਜ਼ੋ ਨੈਸ਼ਨਲ ਫਰੰਟ (ਐੱਮਐੱਨਐੱਫ਼) ਦੇ ਨੇਤਾ ਲਾਲਡੇਂਗਾ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਰਣੋ ਨੂੰ ਇੱਕ ਪੱਤਰ ਲਿੱਖ ਰਹੇ ਸਨ।

ਇਸ ਚਿੱਠੀ ਵਿੱਚ ਉਨ੍ਹਾਂ ਨੇ ਮਿਜ਼ੋ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਲਿਖਿਆ ਸੀ, ‘‘ਬ੍ਰਿਟਿਸ਼ ਸ਼ਾਸਨ ਦੌਰਾਨ ਵੀ ਅਸੀਂ ਵੀ ਇੱਕ ਤਰ੍ਹਾਂ ਨਾਲ ਆਜ਼ਾਦੀ ਦੀ ਸਥਿਤੀ ਵਿੱਚ ਰਹਿ ਰਹੇ ਸੀ। ਸਾਡੇ ਇੱਥੇ ਰਾਜਨੀਤਕ ਜਾਗਰੂਕਤਾ ਤੋਂ ਨਿਕਲਿਆ ਰਾਸ਼ਟਰਵਾਦ ਹੁਣ ਪੱਕਾ ਹੋ ਚੱਲਿਆ ਹੈ। ਮੇਰੇ ਲੋਕਾਂ ਦੀ ਇੱਕੋ-ਇੱਕ ਇੱਛਾ ਅਤੇ ਪ੍ਰੇਰਣਾ ਹੁਣ ਆਪਣਾ ਵਖ਼ਰਾ ਵਤਨ ਬਣਾਉਣ ਦੀ ਹੈ।’’

ਇੱਧਰ ਲਾਲਡੇਂਗਾ ਇਸ ਪੱਤਰ ਉੱਤੇ ਦਸਤਖ਼ਤ ਕਰ ਰਹੇ ਸਨ, ਉੱਧਰ ਬਾਹਰ ਖੜ੍ਹੇ ਦੋ ਮੁੰਡੇ ‘ਆੜੂ’ ਅਤੇ ‘ਅਨਾਨਾਸ’ ਦੀਆਂ ਗੱਲਾਂ ਕਰ ਰਹੇ ਸਨ ਜੋ ਉਨ੍ਹਾਂ ਨੇ ਇਕੱਠੇ ਕੀਤੇ ਸਨ।

ਜਹਾਜ਼
NIRMAL NIBEDAN

ਕੋਲ ਹੀ ਖੜ੍ਹੇ ਲੋਕਾਂ ਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਦੋਵਾਂ ਦੀ ਗੱਲਬਾਤ ਵਿੱਚ ਤੋਪ ਦੇ ਗੋਲਿਆਂ ਲਈ ‘ਆੜੂ’ ਅਤੇ ਹੱਥ ਗੋਲਿਆਂ ਲਈ ‘ਅਨਾਨਾਸ’ ਸ਼ਬਦ ਦਾ ਇਸਤੇਮਾਲ ਕੋਡ ਦੇ ਤੌਰ ਉੱਤੇ ਹੋ ਰਿਹਾ ਸੀ।

ਉਸ ਜ਼ਮਾਨੇ ਵਿੱਚ ਮਿਜ਼ੋ ਵਿਦਰੋਹੀ ਜਦੋਂ ‘ਬੰਬੂ ਟਿਊਬ’ ਦੀ ਗੱਲ ਕਰਦੇ ਸਨ ਤਾਂ ਉਨ੍ਹਾਂ ਦਾ ਮਤਲਬ 3 ਇੰਚ ਦੇ ਮੋਰਟਰ ਬੰਬ ਤੋਂ ਹੁੰਦਾ ਸੀ।

ਜਦੋਂ ਉਹ ਟਿੱਡੀ ਵਰਗੇ ਇੱਕ ਲੰਬੀ ਗਰਦਨ ਦੇ ਕੀੜੇ ‘ਯੂਫ਼ਾਮ’ ਦਾ ਜ਼ਿਕਰ ਕਰਦੇ ਸਨ ਤਾਂ ਉਨ੍ਹਾਂ ਦਾ ਮਤਲਬ ਲਾਈਟ ਮਸ਼ੀਨ ਗਨ ਹੁੰਦਾ ਸੀ।

ਜਦੋਂ ਉਹ ਪਹਾੜੀ ਪੰਛੀ ‘ਟੁਕਲੋ’ ਦੀ ਸੁੰਦਰਤਾ ਦੀ ਗੱਲ ਕਰਦੇ ਸੀ ਤਾਂ ਅਸਲ ਵਿੱਚ ਟੌਮੀ ਗਨ ਦੀ ਗੱਲ ਕਰ ਰਹੇ ਹੁੰਦੇ ਸਨ।

ਸਰਕਾਰੀ ਖ਼ਜ਼ਾਨੇ ਦੀ ਲੁੱਟ

ਮਿਜ਼ੋਰਮ
NIRMAL NIBEDAN

28 ਫ਼ਰਵਰੀ, 1966 ਨੂੰ ਮਿਜ਼ੋ ਨੈਸ਼ਨਲ ਫਰੰਟ ਦੇ ਵਿਦਰੋਹੀਆਂ ਨੇ ਭਾਰਤੀ ਸੁਰੱਖਿਆ ਬਲਾਂ ਨੂੰ ਮਿਜ਼ੋਰਮ ਤੋਂ ਬਾਹਰ ਕੱਢਣ ਲਈ ‘ਆਪਰੇਸ਼ਨ ਜੇਰਿਕੋ’ ਦੀ ਸ਼ੁਰੂਆਤ ਕੀਤੀ ਸੀ।

ਇਸ ਮੁਹਿੰਮ ਵਿੱਚ ਸਭ ਤੋਂ ਪਹਿਲਾਂ ਆਇਜ਼ੋਲ ਅਤੇ ਲੁੰਗਲਾਈ ਵਿੱਚ ਅਸਾਮ ਰਾਈਫ਼ਲਜ਼ ਦੀ ਛਾਉਣੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਅਗਲੇ ਦਿਨ ਮਿਜ਼ੋ ਨੈਸ਼ਨਲ ਫਰੰਟ ਨੇ ਭਾਰਤ ਤੋਂ ਆਜ਼ਾਦ ਹੋਣ ਦਾ ਐਲਾਨ ਕਰ ਦਿੱਤਾ ਸੀ। ਦੇਖਦੇ ਹੀ ਦੇਖਦੇ ਉਨ੍ਹਾਂ ਨੇ ਆਇਜ਼ੋਲ ਵਿੱਚ ਸਰਕਾਰੀ ਖ਼ਜ਼ਾਨੇ ਅਤੇ ਚੰਫਾਈ ਤੇ ਲੁੰਗਲਾਈ ਜ਼ਿਲ੍ਹੇ ਦੇ ਫੌਜੀ ਠਿਕਾਨਿਆਂ ਉੱਤੇ ਕਬਜ਼ਾ ਕਰ ਲਿਆ ਸੀ।

ਮਿਜ਼ੋਰਮ
NIRMAL NIBEDAN

ਨਿਰਮਲ ਨਿਬੇਦਨ ਆਪਣੀ ਕਿਤਾਬ ‘ਮਿਜ਼ੋਰਮ: ਦਿ ਡੈਗਰ ਬ੍ਰਿਗੇਡ’ ਵਿੱਚ ਲਿਖਦੇ ਹਨ, ‘‘ਛਾਪਾ ਮਾਰਨ ਵਾਲਿਆਂ ਦੀ ਇੱਕ ਪਲਟਨ ਨੇ ਸਬ ਡਿਵੀਜ਼ਨ ਅਫ਼ਸਰ ਨੂੰ ਸਟਾਫ਼ ਸਣੇ ਬੰਧਕ ਬਣਾ ਲਿਆ ਸੀ। ਇੱਕ ਦੂਜੇ ਜੱਥੇ ਨੇ ਪੀਡਬਲਿਊਡੀ ਦੇ ਦਫ਼ਤਰ ਦਾ ਸਾਰਾ ਸਮਾਨ ਜੀਪਾਂ ਦੇ ਵਿੱਚ ਲੱਦ ਲਿਆ ਸੀ।’’

‘‘ਇੱਧਰ ਲੜਾਕਿਆਂ ਦਾ ਮੁੱਖ ਜੱਥਾ ਅਸਮ ਰਾਈਫ਼ਲਸ ਦੇ ਟਿਕਾਣਿਆਂ ਉੱਤੇ ਲਗਾਤਾਰ ਗੋਲੀਬਾਰੀ ਕਰ ਰਿਹਾ ਸੀ ਤਾਂ ਜੋ ਉਨ੍ਹਾਂ ਦੇ ਲੋਕ ਬਾਹਰ ਨਾ ਨਿਕਲ ਸਕਣ। ਲੁੰਗਲਾਈ ਦੇ ਸਰਕਾਰੀ ਖਜ਼ਾਨੇ ਉੱਤੇ ਧਾਵਾ ਬੋਲ ਕੇ ਲੋਹੇ ਦੇ ਬਕਸੇ ਜੀਪਾਂ ਵਿੱਚ ਲੱਦੇ ਗਏ, ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਵਿੱਚ 18 ਲੱਖ ਰੁਪਏ ਸਨ।’’

ਲਾਈਨ
BBC

ਲਾਈਨ
BBC

ਟੈਲੀਫ਼ੋਨ ਕੁਨੈਕਸ਼ਨ ਕੱਟੇ ਗਏ

ਲਾਲਡੇਂਗਾ
@ZORAMTHANGACM
ਲਾਲਡੇਂਗਾ (ਵਿਚਕਾਰ)

ਸਰਹੱਦੀ ਇਲਾਕੇ ਚੰਫਾਈ ਵਿੱਚ ਵਨ ਅਸਾਮ ਰਾਈਫਲ ਦੇ ਟਿਕਾਣੇ ਉੱਤੇ ਅੱਧੀ ਰਾਤ ਨੂੰ ਹਮਲਾ ਐਨੀ ਤੇਜ਼ੀ ਨਾਲ ਹੋਇਆ ਸੀ ਕਿ ਜਵਾਨਾਂ ਨੂੰ ਆਪਣੇ ਹਥਿਆਰ ਲੋਡ ਕਰਨ ਅਤੇ ਲੁੰਗਲਾਈ ਤੇ ਆਇਜ਼ੋਲ ਖ਼ਬਰ ਕਰਨ ਤੱਕ ਦਾ ਸਮਾਂ ਨਹੀਂ ਮਿਲ ਸਕਿਆ ਸੀ।

ਛਾਪਾ ਮਾਰਨ ਵਾਲਿਆਂ ਨੇ ਉੱਥੇ ਰੱਖੇ ਸਾਰੇ ਹਥਿਆਰ ਲੁੱਟ ਲਏ ਸੀ। ਉਨ੍ਹਾਂ ਦੇ ਹੱਥ ਛੇ ਲਾਈਟ ਮਸ਼ੀਨ ਗਨ, 70 ਰਾਈਫ਼ਲਾਂ, 16 ਸਟੇਨ ਗਨ ਅਤ ਗ੍ਰੇਨੇਡ ਫਾਇਰ ਕਰਨ ਵਾਲੀਆਂ ਛੇ ਰਾਈਫ਼ਲਾਂ ਲੱਗੀਆਂ ਸਨ।

ਇੱਕ ਜੂਨੀਅਰ ਕਮੀਸ਼ੰਡ ਅਫ਼ਸਰ ਅਤੇ 85 ਜਵਾਨਾਂ ਨੂੰ ਬੰਦੀ ਬਣਾ ਲਿਆ ਗਿਆ ਸੀ।

ਉੱਥੋਂ ਸਿਰਫ਼ ਦੋ ਫੌਜੀ ਬੱਚ ਨਿਕਲਣ ਵਿੱਚ ਸਫ਼ਲ ਹੋ ਸਕੇ ਸਨ ਜਿਨ੍ਹਾਂ ਨੇ ਇਸ ਹਮਲੇ ਦੀ ਕਹਾਣੀ ਬਾਹਰੀ ਦੁਨੀਆਂ ਨੂੰ ਦੱਸੀ ਸੀ।

ਛਾਪਾ ਮਾਰਨ ਵਾਲਿਆਂ ਦੇ ਇੱਕ ਜੱਥੇ ਨੇ ਟੈਲੀਫ਼ੋਨ ਐਕਸਚੇਂਜ ਜਾ ਕੇ ਸਾਰੇ ਕੁਨੈਕਸ਼ਨ ਕੱਟ ਦਿੱਤੇ ਸਨ ਜਿਸ ਨਾਲ ਪੂਰੇ ਭਾਰਤ ਦੇ ਨਾਲ ਆਇਜ਼ੋਲ ਦਾ ਸੰਪਰਕ ਟੁੱਟ ਗਿਆ ਸੀ।

ਸਵੇਰੇ ਮਿਜ਼ੋ ਨੈਸ਼ਨਲ ਫਰੰਟ (ਐੱਮਐੱਨਐੱਫ਼) ਦੇ ਲੜਾਕਿਆਂ ਨੇ ਲਾਲਡੇਂਗਾ ਅਤੇ ਉਨ੍ਹਾਂ ਦੇ ਕੈਬਿਨੇਟ ਦੇ ਛੇ ਮੈਂਬਰਾਂ ਨੂੰ ਆਇਜ਼ੋਲ ਦੇ ਐੱਮਐੱਨਐੱਫ਼ ਦੇ ਮੁੱਖ ਦਫ਼ਤਰ ਤੋਂ ਚੁੱਕ ਕੇ ਪੰਜ ਮੀਲ ਦੂਰ ਸਾਊਥ ਹੀਮੇਨ ਇਲਾਕੇ ਵਿੱਚ ਪਹੁੰਚਾ ਦਿੱਤਾ ਸੀ।

ਭਾਰਤੀ ਫੌਜ ਨੇ ਹੈਲੀਕਾਪਟਰਾਂ ਦੇ ਰਾਹੀਂ ਉੱਥੇ ਆਪਣੇ ਫੌਜੀਆਂ ਅਤੇ ਹਥਿਆਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਐੱਮਐੱਨਐੱਫ਼ ਵੱਲੋਂ ਰਹਿ-ਰਹਿ ਕੇ ਕੀਤੀ ਜਾ ਰਹੀ ਗੋਲੀਬਾਰੀ ਨੇ ਉਨ੍ਹਾਂ ਨੂੰ ਜ਼ਮੀਨ ਉੱਤੇ ਨਹੀਂ ਉੱਤਰਣ ਦਿੱਤਾ ਸੀ।

ਤੂਫ਼ਾਨੀ ਅਤੇ ਹੰਟਰ ਜਹਾਜ਼ਾਂ ਨੇ ਸ਼ੁਰੂ ਕੀਤੀ ਬੰਬਾਰੀ

ਜਹਾਜ਼
BHARAT RAKSHAK

ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ ਹੀ ਮਹੀਨੇ ਦੇਸ਼ ਦੀ ਕਮਾਨ ਸੰਭਾਲੀ ਸੀ।

5 ਮਾਰਚ, 1966 ਨੂੰ ਸਵੇਰੇ ਸਾਢੇ 11 ਵਜੇ ਭਾਰਤੀ ਹਵਾਈ ਫੌਜ ਦੇ ਚਾਰ ਤੂਫ਼ਾਨੀ ਅਤੇ ਹੰਟਰ ਜਹਾਜ਼ਾਂ ਨੂੰ ਆਇਜ਼ੋਲ ਉੱਤੇ ਬੰਬਾਰੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਤੇਜ਼ਪੁਰ, ਕੁੰਬੀਗ੍ਰਾਮ ਅਤੇ ਜੋਰਹਾਟ ਤੋਂ ਉਡਾਣ ਭਰ ਕੇ ਇਨ੍ਹਾਂ ਜਹਾਜ਼ਾਂ ਨੇ ਪਹਿਲਾਂ ਮਸ਼ੀਨ ਗਨ ਤੋਂ ਹੇਠਾਂ ਫਾਇਰ ਕੀਤੇ। ਅਗਲੇ ਦਿਨ ਉਹ ਫਿਰ ਵਾਪਸ ਆਏ ਅਤੇ ਇਸ ਵਾਰ ਉਨ੍ਹਾਂ ਨੇ ਅੱਗ ਲਗਾਉਣ ਵਾਲੇ ਬੰਬ ਹੇਠਾਂ ਸੁੱਟੇ।

ਆਇਜ਼ੋਲ ਅਤੇ ਉਸ ਦੇ ਆਲੇ-ਦੁਆਲੇ ਵਾਲੇ ਇਲਾਕਿਆਂ ਉੱਤੇ 13 ਮਾਰਚ ਤੱਕ ਬੰਬ ਸੁੱਟੇ ਜਾਂਦੇ ਰਹੇ।

ਇਸੇ ਵਿਚਾਲੇ ਡਰ ਵਿੱਚ ਆਏ ਲੋਕਾਂ ਨੇ ਸ਼ਹਿਰ ਤੋਂ ਭੱਜ ਕੇ ਆਲੇ-ਦੁਆਲੇ ਦੇ ਪਹਾੜਾਂ ਦਾ ਰੁਖ਼ ਕੀਤਾ। ਕੁਝ ਵਿਦਰੋਹੀਆਂ ਨੇ ਭੱਜ ਕੇ ਮਿਆਂਮਾਰ ਅਤੇ ਬੰਗਲਾਦੇਸ਼ ਦੇ ਜੰਗਲਾਂ ਵਿੱਚ ਸ਼ਰਣ ਲਈ ਜੋ ਉਸ ਜ਼ਮਾਨੇ ਵਿੱਚ ਪੂਰਬੀ ਪਾਕਿਸਤਾਨ ਕਹਾਉਂਦਾ ਸੀ।

ਮਿਜ਼ੋ ਨੈਸ਼ਨਲ ਫਰੰਟ ਦੇ ਇੱਕ ਮੈਂਬਰ ਥੰਗਸਾਂਗਾ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਕਿਹਾ, ‘‘ਸਾਡੇ ਛੋਟੇ ਜਿਹੇ ਸ਼ਹਿਰ ਉੱਤੇ ਅਚਾਨਕ ਸ਼ੋਰ ਮਚਾਉਂਦੇ ਹੋਏ ਚਾਰ ਜਹਾਜ਼ ਉੱਡਣ ਲੱਗੇ। ਉਹ ਉੱਪਰੋਂ ਗੋਲੀਆਂ ਚਲਾ ਰਹੇ ਸਨ ਅਤੇ ਬੰਬ ਸੁੱਟ ਰਹੇ ਸਨ। ਕਈ ਭਵਨਾਂ ਵਿੱਚ ਅੱਗ ਲੱਗ ਗਈ ਸੀ ਅਤੇ ਮਕਾਨ ਟੁੱਟ ਕੇ ਡਿੱਗ ਰਹੇ ਸਨ। ਚਾਰੋ ਪਾਸੇ ਧੂੜ ਫ਼ੈਲੀ ਹੋਈ ਸੀ ਅਤੇ ਲੋਕ ਇੱਧਰ-ਉੱਧਰ ਭੱਜ ਰਹੇ ਸਨ।’’

ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਕੇਂਦਰ ਸਰਕਾਰ ਆਪਣੇ ਹੀ ਇਲਾਕੇ ਵਿੱਚ ਬੰਬ ਸੁੱਟੇਗੀ। ਗ੍ਰਾਮ ਪੰਚਾਇਤ ਦੇ ਇੱਕ ਮੈਂਬਰ ਰਾਮਰੂਆਤਾ ਨੇ ਕਿਹਾ, ‘‘ਸਾਨੂੰ ਇਹ ਦੇਖ ਕੇ ਹੈਰਾਨ ਹੋਈ ਕਿ ਜੋ ਸਰਕਾਰ ਚੀਨ ਦੇ ਅੰਦਰ ਆਪਣੇ ਜਹਾਜ਼ ਭੇਜਣ ਦੀ ਹਿੰਮਤ ਨਹੀਂ ਲਿਆ ਪਾ ਰਹੀ ਸੀ ਉਸ ਨੇ ਆਇਜ਼ੋਲ ਉੱਤੇ ਬੰਬ ਸੁੱਟਣ ਲਈ ਲੜਾਕੂ ਜਹਾਜ਼ਾਂ ਦਾ ਇਸਤੇਮਾਲ ਕੀਤਾ।’’

‘ਚੰਗੇ ਅਤੇ ਨਾਰਾਜ਼ ਜਹਾਜ਼’

ਜੀਜੀ ਸਵੇਲ
Getty Images
ਮਿਜ਼ੋ ਨੇਤਾ ਜੀਜੀ ਸਵੇਲ

ਇੱਕ ਸਥਾਨਕ ਵਿਅਕਤੀ ਨੇ ਵਿਧਾਇਕਾਂ ਜੀਜੀ ਸਵੇਲ ਅਤੇ ਰੇਵੇਰੇਂਡ ਕੋਲਸ ਰੋਏ ਦੀ ਅਗਵਾਈ ਵਾਲੀ ਮਨੁੱਖੀ ਅਧਿਕਾਰ ਕਮੇਟ ਨੂੰ ਦੱਸਿਆ ਸੀ, ‘‘ਉਸ ਦਿਨ ਦੋ ਤਰ੍ਹਾਂ ਦੇ ਜਹਾਜ਼ ਆਇਜ਼ੋਲ ਦੇ ਉੱਪਰ ਉੱਡੇ ਸਨ, ਚੰਗੇ ਅਤੇ ਨਾਰਾਜ਼ ਜਹਾਜ਼। ਚੰਗੇ ਜਹਾਜ਼ ਹੌਲੀ ਰਫ਼ਤਾਰ ਨਾਲ ਉੱਡ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਅੱਗ ਜਾਂ ਧੂਆਂ ਨਹੀਂ ਆ ਰਿਹਾ ਸੀ। ਨਾਰਾਜ਼ ਜਹਾਜ਼ ਉਹ ਸਨ ਜਿਨ੍ਹਾਂ ਦੀ ਆਵਾਜ਼ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਅੱਖਾਂ ਤੋਂ ਪਰੇ ਹੋ ਜਾਂਦੇ ਸਨ। ਉਹ ਸਾਡ ਉੱਤੇ ਅੱਗ ਬਰਸਾ ਰਹੇ ਸਨ।’’

ਮਿਜ਼ੋ ਨੈਸ਼ਨਲ ਆਰਮੀ ਦੇ ਇੱਕ ਮੈਂਬਰ ਸੀ ਜ਼ਾਮਾ ਨੇ ਇੱਕ ਕਿਤਾਬ ‘ਅਨਟੋਲਡ ਸਟੋਰੀ’ ਲਿਖੀ ਸੀ। ਇਸ ਵਿੱਚ ਉਨ੍ਹਾਂ ਨੇ ਇਸ ਵਾਕਿਆ ਦਾ ਜ਼ਿਕਰ ਤਫ਼ਸੀਲ ਨਾਲ ਕੀਤਾ ਹੈ।

ਉਨ੍ਹਾਂ ਨੇ ਲਿਖਿਆ, ‘‘ਬੰਬਾਰੀ ਵੇਲੇ ਮੈਂ ਆਪਣੇ ਦਾਦਾ ਦੇ ਘਰ ਦੇ ਕੋਲ ਇੱਕ ਦਰਖ਼ਤ ਦੇ ਹੇਠਾਂ ਲੁੱਕ ਗਿਆ। ਧਮਾਕਿਆਂ ਨੇ ਮੈਨੂੰ ਦਹਿਸ਼ਤ ਨਾਲ ਭਰ ਦਿੱਤਾ ਸੀ, ਮੈਂ ਆਪਣੇ ਕੰਨਾਂ ਨੂੰ ਦੋਵੇਂ ਹੱਥਾਂ ਨਾਲ ਬੰਦ ਕਰ ਲਿਆ ਸੀ। ਬੰਬਾਰੀ ਰੁਕੀ ਤਾਂ ਮੈਂ ਆਪਣੇ ਘਰ ਗਿਆ ਜਿੱਥੇ ਕੋਈ ਨਹੀਂ ਸੀ, ਫ਼ਿਰ ਮੈਂ ਜੰਗਲ ਵੱਲ ਭੱਜਿਆ, ਜੰਗਲ ਵਿੱਚ ਆਪਣੀ ਮਾਂ ਨੂੰ ਮਿਲਿਆ। ਉਨ੍ਹਾਂ ਦੀ ਗੋਦ ਵਿੱਚ ਮੇਰੀ ਛੋਟੀ ਭੈਣ ਸੀ। ਮੈਂ ਦੇਖਿਆ ਕਿ ਉਸ ਦੀ ਪਿੱਠ ਅਤੇ ਬਾਂਹ ਤੋਂ ਖੂਨ ਨਿਕਲ ਰਿਹਾ ਸੀ।’’

ਆਇਜ਼ੋਲ ਤੋਂ ਇਲਾਵਾ ਇਹ ਬੰਬ ਖਾਵਜ਼ੌਲ, ਪੁਕਪੁਈ, ਵਰਤੇਕਾਈ, ਮੁਆਲਥੁਆਮ, ਸੰਗਾਊ ਅਤੇ ਬੁੰਘਮੁਨ ਵਿੱਚ ਵੀ ਸੁੱਟੇ ਗਏ ਸਨ।

ਪੂਰੇ ਜ਼ਿਲ੍ਹੇ ਵਿੱਚ ਪਛਾਣ ਪੱਤਰ ਵੰਡੇ ਗਏ

ਕਿਤਾਬ
EBP PUBLISHERS

ਲੁੰਗਲਾਈ ਵੱਲ ਵਧਦੇ ਹੋਏ ਫੌਜੀ ਦਸਤਿਆਂ ਨੇ ਉੱਥੇ ਵੀ ਬੰਬ ਸੁੱਟਣ ਦੀ ਧਮਕੀ ਦਿੱਤੀ ਕਿਉਂਕਿ ਉਸ ਪੂਰੇ ਸ਼ਹਿਰ ’ਤੇ ਐੱਮਐੱਨਐੱਫ਼ ਦਾ ਕੰਟਰੋਲ ਸੀ।

ਚਾਂਗਸੈਲੋਵਾ ਆਪਣੀ ਕਿਤਾਬ ‘ਮਿਜ਼ੋਰਮ ਡਿਊਰਿੰਗ 20 ਡਾਰਕ ਈਅਰਜ਼’ ਵਿੱਚ ਲਿਖਦੇ ਹਨ, ‘‘ਚਰਚ ਦੇ ਆਗੂਆਂ ਨੇ ਬੇਕਸੂਰ ਨਾਗਰਿਕਾਂ ਦੀ ਖ਼ਾਤਿਰ ਐੱਮਐੱਨਐੱਫ਼ ਨੂੰ ਸ਼ਹਿਰ ਛੱਡਣ ਦੀ ਗੁਜ਼ਾਰਿਸ਼ ਕੀਤੀ ਤਾਂ ਜੋ ਸ਼ਹਿਰ ਨੂੰ ਬੰਬਾਂ ਨਾਲ ਹੋਣ ਵਾਲੇ ਜਾਨ ਮਾਲ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ। ਐੱਮਐੱਨਐੱਫ਼ ਨੇ ਇਸ ਗੁਜ਼ਾਰਿਸ਼ ਨੂੰ ਮੰਨਦੇ ਹੋਏ ਸ਼ਹਿਰ ਛੱਡ ਦਿੱਤਾ।’’

‘‘ਜਦੋਂ 13 ਮਾਰਚ ਨੂੰ ਭਾਰਤੀ ਫੌਜ ਉੱਥੇ ਦਾਖਲ ਹੋਈ ਤਾਂ ਉਸ ਨੂੰ ਉੱਥੇ ਕਿਸੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ। ਪਰ ਤਥਾਕਥਿਤ ਮਿਜ਼ੋ ਸਰਕਾਰ ਨੇ ਉਸ ਇਲਾਕੇ ਵਿੱਚ ਰਹਿ ਰਹੇ ਸਾਰੇ ਗ਼ੈਰ ਮਿਜ਼ੋ ਲੋਕਾਂ ਨੂੰ 17 ਅਗਸਤ, 1967 ਤੱਕ ਇਲਾਕਾ ਛੱਡ ਦੇਣ ਦਾ ਹੁਕਮ ਦਿੱਤਾ। ਸੂਚਨਾ ਵਿੱਚ ਕਿਹਾ ਗਿਆ ਕਿ ਸਾਰੇ ਗ਼ੈਰ ਮਿਜ਼ੋ ਜੋ ਸਾਡੇ ਪ੍ਰਸ਼ਾਸਨ ਵਿੱਚ ਕੰਮ ਨਹੀਂ ਕਰ ਰਹੇ ਹਨ, ਭਾਰਤ ਸਰਕਾਰ ਦੇ ਕਰਮਚਾਰੀ ਅਤੇ ਹਿੰਦੂ ਲੋਕ 1 ਸਤੰਬਰ, 1967 ਤੱਕ ਮਿਜ਼ੋਰਮ ਛੱਡ ਦੇਣ।’’

ਸਰਕਾਰ ਨੇ ਸਿਲਚਰ-ਆਇਜ਼ੋਲ-ਲੁੰਗਲਾਈ ਸੜਕ ਦੇ ਦੋਵੇਂ ਪਾਸੇ 10 ਮੀਲ ਦੇ ਖ਼ੇਤਰ ਨੂੰ ਹਿਫ਼ਾਜ਼ਤ ਵਾਲਾ ਖ਼ੇਤਰ ਐਲਾਨ ਦਿੱਤਾ। ਵਿਦਰੋਹੀਆਂ ਅਤੇ ਸਥਾਨਕ ਲੋਕਾਂ ਵਿੱਚ ਫ਼ਰਕ ਕਰਨ ਲਈ ਪੂਰੇ ਜ਼ਿਲ੍ਹੇ ਵਿੱਚ ਪਛਾਣ ਪੱਤਰ ਵੰਡੇ ਗਏ। ਮੰਗਣ ’ਤੇ ਪਛਾਣ ਪੱਤਰ ਨਾ ਦਿਖਾ ਸਕਣ ਵਾਲੇ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ।

ਸਰਕਾਰ ਦੀ ਚੁੱਪੀ

ਇੰਦਰਾ ਗਾਂਧੀ
Getty Images

ਇਸ ਬੰਬਾਰੀ ਨਾਲ ਆਇਜ਼ੋਲ ਸ਼ਹਿਰ ਵਿੱਚ ਕਾਫ਼ੀ ਨੁਕਸਾਨ ਹੋਇਆ ਪਰ ਇਸ ਪੂਰੀ ਘਟਨਾ ਵਿੱਚ ਸਿਰਫ਼ 13 ਆਮ ਨਾਗਰਿਕ ਮਾਰੇ ਗਏ। ਸਰਕਾਰ ਅਤੇ ਹਵਾਈ ਫੌਜ ਵੱਲੋਂ ਇਸ ਮਾਮਲੇ ਉੱਤੇ ਜਾਂ ਤਾਂ ਪੂਰੀ ਚੁੱਪੀ ਰਹੀ ਜਾਂ ਇਸ ਦਾ ਖੰਡਨ ਕੀਤਾ ਗਿਆ।

ਕਈ ਦਹਾਕਿਆਂ ਬਾਅਦ ਇਸ ਘਟਨਾ ਦੀ ਜਾਣਕਾਰੀ ਸਾਹਮਣੇ ਆਈ ਜਦੋਂ ਕੁਝ ਚਸ਼ਮਦੀਦਾਂ ਨੇ ਇਸ ਬਾਰੇ ਬਾਹਰੀ ਦੁਨੀਆਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ। ਇਹ ਪਹਿਲਾ ਅਤੇ ਇਕੱਲਾ ਮੌਕਾ ਸੀ ਜਦੋਂ ਭਾਰਤ ਅੰਦਰ ਭਾਰਤੀ ਲੋਕਾਂ ਉੱਤੇ ਹਮਲਾ ਕਰਨ ਲਈ ਹਵਾਈ ਫੌਜ ਦੀ ਵਰਤੋਂ ਕੀਤੀ ਗਈ ਸੀ।

ਕੋਲਕਾਤਾ ਤੋਂ ਛਪਣ ਵਾਲੇ ਅਖ਼ਬਾਰ ‘ਹਿੰਦੁਸਤਾਨ ਸਟੈਂਡਰਡ’ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੜਾਕੂ ਜਹਾਜ਼ਾਂ ਨੂੰ ਫੌਜੀਆਂ ਅਤੇ ਰਾਸ਼ਨ ਨੂੰ ਹੇਠਾਂ ਸੁੱਟਣ ਲਈ ਭੇਜਿਆ ਗਿਆ ਸੀ, ਪਰ ਉਦੋਂ ਵੀ ਸਵਾਲ ਉੱਠਿਆ ਕਿ ਰਾਸ਼ਨ ਸੁੱਟਣ ਲਈ ਲੜਾਕੂ ਜਹਾਜ਼ਾਂ ਦਾ ਇਸਤੇਮਾਲ ਕਿਉਂ ਕੀਤਾ ਗਿਆ, ਕਿਉਂਕਿ ਉਸ ਦੇ ਲਈ ਤਾਂ ਸਪਲਾਈ ਪਲੇਨ ਹੁੰਦੇ ਹਨ।

ਇੰਦਰਾ ਗਾਂਧੀ ਦੀ ਭੂਮਿਕਾ ’ਤੇ ਸਵਾਲ

ਸ਼ੇਖਰ ਗੁਪਤਾ
Getty Images
ਪੱਤਰਕਾਰ ਸ਼ੇਖਰ ਗੁਪਤਾ

ਇਹ ਵੀ ਸਵਾਲ ਉੱਠਿਆ ਕਿ ਕੀ ਇੰਦਰਾ ਗਾਂਧੀ ਨੇ ਮਿਜ਼ੋ ਲੋਕਾਂ ਖ਼ਿਲਾਫ਼ ਹਵਾਈ ਸ਼ਕਤੀ ਦਾ ਇਸਤੇਮਾਲ ਕਰ ਕੇ ਸਹੀ ਕੰਮ ਕੀਤਾ?

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬਲੂਚਿਸਤਾਨ ਅਤੇ ਕਰਨਲ ਗੱਦਾਫ਼ੀ ਨੇ ਲੀਬੀਆ ਵਿੱਚ ਆਪਣੇ ਨਾਗਰਿਕਾਂ ਖ਼ਿਲਾਫ਼ ਹਵਾਈ ਫੌਜ ਦਾ ਇਸਤੇਮਾਲ ਕੀਤਾ ਸੀ।

ਮਸ਼ਹੂਰ ਪੱਤਰਕਾਰ ਅਤੇ ‘ਦਿ ਪ੍ਰਿੰਟ’ ਦੇ ਸੰਪਾਦਕ ਸ਼ੇਖਰ ਗੁਪਤਾ ਨੇ ‘ਡੇਲੀਓ’ ਵਿੱਚ ਲਿਖੇ ਆਪਣੇ ਲੇਖ ‘ਵਾਜ਼ ਇੰਦਰਾ ਗਾਂਧੀ ਰਾਈਟ ਟੂ ਯੂਜ਼ ਏਅਰ ਪਾਵਰ ਅਗੇਂਸਟ ਹਰ ਓਨ ਕੰਟਰੀਮੈਨ?’ ਵਿੱਚ ਉਨ੍ਹਾਂ ਨੇ ਲਗਭਗ ਕਲੀਨ ਚਿੱਟ ਦਿੱਤੀ ਹੈ।

ਸ਼ੇਖਰ ਗੁਪਤਾ ਲਿਖਦੇ ਹਨ, ‘‘ਤੁਸੀਂ ਖ਼ੁਦ ਨੂੰ ਇੰਦਰਾ ਗਾਂਧੀ ਦੀ ਥਾਂ ਉੱਤੇ ਰੱਖ ਕੇ ਦੇਖੋ। ਉਨ੍ਹਾਂ ਨੂੰ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਤੋਂ ਬਾਅਦ ਸੱਤਾ ਵਿੱਚ ਆਏ ਸਿਰਫ਼ ਛੇ ਹਫ਼ਤੇ ਹੋਏ ਸਨ। ਪਾਕਿਸਤਾਨ ਦੇ ਨਾਲ ਭਾਰਤ ਦੀ ਲੜਾਈ ਖ਼ਤਮ ਹੋਏ ਕੁਝ ਹੀ ਮਹੀਨੇ ਹੋਏ ਸਨ ਜਿਸ ਦਾ ਕੋਈ ਨਿਸ਼ਚਤ ਨਤੀਜਾ ਨਹੀਂ ਨਿਕਲਿਆ ਸੀ। ਦੱਖਣ ਵਿੱਚ ਦ੍ਰਵਿੜ ਅੰਦੋਲਨ ਜ਼ੋਰ ਫੜ੍ਹ ਰਿਹਾ ਸੀ, ਨਗਾਲੈਂਡ ਵਿੱਚ ਚੀਨ ਤੇ ਪਾਕਿਸਤਾਨ ਦੇ ਖੁੱਲ੍ਹੇ ਸਮਰਥਨ ਨਾਲ ਕੱਟੜਵਾਦੀ ਤਾਕਤਾਂ ਸਿਰ ਉਠਾ ਚੁੱਕੀਆਂ ਸਨ।’’

1962 ਵਿੱਚ ਚੀਨ ਨਾਲ ਲੜਾਈ ਹਾਰਨ ਤੋਂ ਬਾਅਦ ਭਾਰਤੀ ਸਰਹੱਦ ਉੱਤੇ ਚੀਨ ਦਾ ਦਬਾਅ ਘੱਟ ਨਹੀਂ ਹੋਇਆ ਸੀ। ਸੋਕੇ ਤੋਂ ਬਾਅਦ ਭਾਰਤ ਮੁਸ਼ਕਲ ਆਰਥਿਕ ਹਾਲਾਤ ਤੋਂ ਲੰਘ ਰਿਹਾ ਸੀ। ਅਜਿਹੇ ਸਮੇਂ ਵਿੱਚ ਲਾਲਡੇਂਗਾ ਨੇ ਵੀ ਵਿਦਰੋਹ ਦਾ ਝੰਡਾ ਖੜ੍ਹਾ ਕਰ ਦਿੱਤਾ ਸੀ।

ਗੁਪਤਾ ਲਿਖਦੇ ਹਨ, ‘‘ਉਸ ਸਮੇਂ ਮਿਜ਼ੋਰਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤੀ ਫੌਜੀ ਮੌਜੂਦ ਨਹੀਂ ਸਨ। ਪੈਰਾਮਿਲਟਰੀ ਫੋਰਸ ਅਸਾਮ ਰਾਈਫ਼ਲਜ਼ ਦੀਆਂ ਗਿਣੀਆਂ-ਚੁਣੀਆਂ ਟੁਕੜੀਆਂ ਹੀ ਇਲਾਕੇ ਵਿੱਚ ਮੌਜੂਦ ਸਨ। ਆਇਜ਼ੋਲ ਵਿੱਚ ਵਿਦਰੋਹੀਆਂ ਨੇ ਸਰਕਾਰੀ ਦਫ਼ਤਰ ਉੱਤੇ ਐੱਮਐੱਨਐੱਫ਼ ਦਾ ਝੰਡਾ ਫਹਿਰਾ ਦਿੱਤਾ ਸੀ। ਇਨ੍ਹਾਂ ਹਾਲਾਤ ਵਿੱਚ ਇੰਦਰਾ ਗਾਂਧੀ ਜਿਨ੍ਹਾਂ ਨੂੰ ਰਾਮ ਮਨੋਹਰ ਲੋਹੀਆ ‘ਗੁੰਗੀ ਗੁੜੀਆ’ ਕਹਿਣ ਲੱਗੇ ਸਨ, ਭਾਰਤੀ ਹਵਾਈ ਫੌਜ ਦਾ ਇਸਤੇਮਾਲ ਕਰਨ ਦਾ ਫ਼ੈਸਲਾ ਕੀਤਾ ਸੀ।’’

ਰਾਜੇਸ਼ ਪਾਇਲਟ ਤੇ ਸੁਰੇਸ਼ ਕਲਮਾਡੀ ਸਨ ਸ਼ਾਮਲ

ਰਾਜੇਸ਼ ਪਾਇਲਟ
RAMA PILOT
ਰਾਜੇਸ਼ ਪਾਇਲਟ

ਉਸ ਸਮੇਂ ਭਾਰਤੀ ਹਵਾਈ ਫੌਜ ਕੋਲ ਪੂਰਬੀ ਸੈਕਟਰ ਵਿੱਚ ਬਹੁਤ ਜ਼ਿਆਦਾ ਲੜਾਕੂ ਸਮਰੱਥਾ ਨਹੀਂ ਸੀ ਇਸ ਲਈ ਇਸ ਆਪਰੇਸ਼ਨ ਲਈ ਪੁਰਾਣੇ ਹੋ ਚੁੱਕੇ ਤੂਫ਼ਾਨੀ ਅਤੇ ਹੰਟਰ ਜਹਾਜ਼ਾਂ ਦਾ ਇਸਤੇਮਾਲ ਕੀਤਾ ਗਿਆ ਸੀ।

ਸ਼ੇਖਰ ਗੁਪਤਾ ਲਿਖਦੇ ਹਨ, ‘‘ਇਸ ਦਾ ਮੁੱਖ ਮਕਸਦ ਵਿਦਰੋਹੀਆਂ ਵਿਚਾਲੇ ਡਰ ਅਤੇ ਭਰਮ ਫ਼ੈਲਾਉਣਾ ਸੀ ਤਾਂ ਜੋ ਭਾਰਤੀ ਫੌਜੀਆਂ ਨੂੰ ਉੱਥੇ ਪਹੁੰਚਣ ਦਾ ਸਮਾਂ ਮਿਲ ਜਾਵੇ। ਹੌਲੀ ਉੱਡਣ ਵਾਲੇ ਜਹਾਜ਼ਾਂ ਦੇ ਪਿਛਲੇ ਹਿੱਸੇ ਵਿੱਚ ਗੋਲਾ ਬਾਰੂਦ ਭਰ ਦਿੱਤਾ ਗਿਆ ਸੀ ਅਤੇ ਉਸ ਨੂੰ ਆਇਜ਼ੋਲ ਦੇ ਉੱਪਰ ਬੇਤਰਤੀਬ ਢੰਗ ਨਾਲ ਸੁੱਟ ਦਿੱਤਾ ਗਿਆ ਸੀ। ਇਨ੍ਹਾਂ ਜਹਾਜ਼ ਪਾਇਲਟਾਂ ਵਿੱਚ ਦੋ ਸ਼ਖ਼ਸ ਅਜਿਹੇ ਸਨ ਜਿਨ੍ਹਾਂ ਨੇ ਅੱਗੇ ਚੱਲ ਕੇ ਭਾਰਤੀ ਸਿਆਸਤ ਵਿੱਚ ਨਾਮ ਕਮਾਇਆ। ਇੱਕ ਦਾ ਨਾਮ ਰਾਜੇਸ਼ ਪਾਇਲਟ ਸੀ ਅਤੇ ਦੂਜੇ ਸੁਰੇਸ਼ ਕਲਮਾਡੀ ਸਨ। ਦੋਵੇਂ ਹੀ ਬਾਅਦ ਵਿੱਚ ਕੇਂਦਰੀ ਮੰਤਰੀ ਬਣੇ।’’

ਹਵਾਈ ਫੌਜ ਦੇ ਇਸਤੇਮਾਲ ਪਿੱਛੇ ਜਿੰਨੇ ਵੀ ਤਰਕ ਦਿੱਤੇ ਜਾਣ ਪਰ ਇਸ ਨੇ ਮਿਜ਼ੋ ਵਿਦਰੋਹੀਆਂ ਦੇ ਹੱਥ ਵਿੱਚ ਪ੍ਰੋਪੇਗੈਂਡਾ ਦਾ ਇੱਕ ਹਥਿਆਰ ਫੜਾ ਦਿੱਤਾ ਜਿਸ ਦਾ ਉਸ ਨੇ ਭਾਰਤ ਖ਼ਿਲਾਫ਼ ਰੱਜ ਕੇ ਇਸਤੇਮਾਲ ਵੀ ਕੀਤਾ।

ਇਹ ਧਾਰਣਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਰਤ ਨੂੰ ਆਪਣੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਹ ਉਨ੍ਹਾਂ ਦੇ ਖ਼ਿਲਾਫ਼ ਬੰਬ ਸੁੱਟਣ ਤੱਕ ਨਹੀਂ ਹਿਚਕਦਾ ਹੈ।

ਪਿੰਡ ਵਾਸੀਆਂ ਨਾਲ ਸਬੰਧਤ ਵਿਵਾਦ ਭਰੀ ਯੋਜਨਾ

ਮਿਜ਼ੋਰਮ
Getty Images

ਬੰਬਾਰੀ ਤੋਂ ਬਾਅਦ 1967 ਵਿੱਚ ਸਰਕਾਰ ਵੱਲੋਂ ਇੱਕ ਹੋਰ ਵਿਵਾਦ ਭਰੀ ਯੋਜਨਾ ਲਾਗੂ ਕੀਤੀ ਗਈ ਜਿਸ ਤਹਿਤ ਪਿੰਡਾਂ ਦਾ ਪੁਨਰਗਠਨ ਕੀਤਾ ਗਿਆ।

ਇਸ ਤਹਿਤ ਪਹਾੜਾਂ ਉੱਤੇ ਰਹਿਣ ਵਾਲੇ ਹਜ਼ਾਰਾਂ ਮਿਜ਼ੋ ਲੋਕਾਂ ਨੂੰ ਉਨ੍ਹਾਂ ਦੇ ਪਿਡਾਂ ਤੋਂ ਹਟਾ ਕੇ ਮੁੱਖ ਸੜਕੇ ਦੇ ਦੋਵਾਂ ਪਾਸੇ ਵਸਾਇਆ ਗਿਆ ਤਾਂ ਜੋ ਭਾਰਤੀ ਪ੍ਰਸ਼ਾਸਨ ਉਨ੍ਹਾਂ ਉੱਤੇ ਨਜ਼ਰ ਰੱਖ ਸਕੇ।

ਇਕੋਨੌਮਿਕ ਟਾਈਮਜ਼ ਵਿੱਚ ਛਪੇ ਆਪਣੇ ਲੇਖ ‘ਏਅਰ ਅਟੈਕ ਇਨ ਮਿਜ਼ੋਰਮ, 1966 -ਆਵਰ ਡਰਟੀ ਲਿਟਲ ਸਿਕਰੇਟ’ ਵਿੱਚ ਅਭੀਕ ਬਰਮਨ ਲਿਖਦੇ ਹਨ, ‘‘ਫੌਜ ਦੀ ਯੋਜਨਾ ਸੀ ਕਿ ਹਰ ਥਾਂ ਤੋਂ ਪਿੰਡ ਵਾਲਿਆਂ ਨੂੰ ਇਕੱਠਾ ਕਰ ਕੇ ਇਸ ਸੜਕ ਦੇ ਦੋਵੇਂ ਪਾਸੇ ਵਸਾਏ ਜਾਵੇ। ਫੌਜ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਉਹ ਆਪਣੇ ਨਾਲ ਓਨਾਂ ਹੀ ਸਮਾਨ ਲੈ ਜਾਣ ਜਿਸ ਨੂੰ ਉਹ ਆਪਣੀ ਪਿੱਠ ਉੱਤੇ ਲੱਦ ਸਕਦੇ ਹਨ ਅਤੇ ਬਾਕੀ ਸਮਾਨ ਸਾੜ ਦੇਣ। ਇਸ ਤਰ੍ਹਾਂ ਅਚਾਨਕ ਉਜਾੜੇ ਜਾਣ ਦੀ ਵਜ੍ਹਾ ਕਰਕੇ ਮਿਜ਼ੋ ਲੋਕਾਂ ਦੀ ਖੇਤੀ ਨੂੰ ਬਹੁਤ ਨੁਕਸਾਨ ਪਹੁੰਚਿਆ ਅਤੇ ਅਗਹਲੇ ਤਿੰਨ ਸਾਲਾਂ ਤੱਕ ਇਲਾਕੇ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ।’’

20 ਸਾਲ ਬਾਅਦ ਹੋ ਸਕੀ ਸ਼ਾਂਤੀ

ਮਿਜ਼ੋਰਮ
NIRMAL NIBEDAN

ਪਿੰਡ ਵਾਲਿਆਂ ਨੂੰ ਦੂਜੀ ਥਾਂ ਵਸਾਉਣ ਦਾ ਆਈਡੀਆ ਬਰਤਾਨਵੀ ਉਪਨਿਵੇਸ਼ਵਾਦੀ ਸਰਕਾਰ ਦੇ ਇੱਕ ਕਦਮ ਤੋਂ ਆਇਆ ਸੀ।

20ਵੀਂ ਸਦੀ ਦੀ ਸ਼ੁਰੂਆਤ ਵਿੱਚ ਬੋਏਰ ਯੁੱਧ ਦੌਰਾਨ ਅੰਗਰੇਜ਼ਾਂ ਨੇ ਇਸੇ ਤਰ੍ਹਾਂ ਕਾਲੇ ਕਿਸਾਨਾਂ ਨੂੰ ਵਿਸਥਾਪਿਤ ਕੀਤਾ ਸੀ ਪਰ ਅੰਗਰੇਜ਼ ਇਹ ਪ੍ਰਯੋਗ ਉਨ੍ਹਾਂ ਲੋਕਾਂ ਉੱਤੇ ਕਰ ਰਹੇ ਸਨ ਜੋ ਉਨ੍ਹਾਂ ਦੇ ਗੁਲਾਮ ਸਨ।

ਪਰ ਇੱਥੇ ਸਰਕਾਰ ਆਪਣੇ ਹੀ ਨਾਗਰਿਕਾਂ ਨੂੰ ਵਿਸਥਾਪਿਤ ਕਰ ਕੇ ਉਨ੍ਹਾਂ ਨੂੰ ਪਰੇਸ਼ਾਨੀ ਵਿੱਚ ਪਾ ਰਹੀ ਸੀ।

ਮਿਜ਼ੋਰਮ ਦੇ ਕੁੱਲ 764 ਪਿੰਡਾਂ ਵਿੱਚ 516 ਪਿੰਡਾਂ ਦੇ ਵਾਸੀਆਂ ਨੂੰ ਉਨ੍ਹਾਂ ਦੀ ਥਾਂ ਤੋਂ ਹਟਾਇਆ ਗਿਆ। ਸਿਰਫ਼ 138 ਪਿੰਡਾਂ ਨੂੰ ਨਹੀਂ ਛੁਹਿਆ ਗਿਆ। ਇਸ ਬੰਬਾਰੀ ਨੇ ਮਿਜ਼ੋ ਵਿਦਰੋਹ ਨੂੰ ਉਸ ਸਮੇਂ ਭਾਵੇਂ ਕੁਚਲ ਦਿੱਤਾ ਹੋਵੇ ਪਰ ਮਿਜ਼ੋਰਮ ਵਿੱਚ ਅਗਲੇ ਦੋ ਦਹਾਕਿਆਂ ਤੱਕ ਅਸ਼ਾਂਤੀ ਰਹੀ।

ਸਾਲ 1986 ਵਿੱਚ ਨਵੇਂ ਸੂਬੇ ਦੇ ਗਠਨ ਦੇ ਨਾਲ ਹੀ ਮਿਜ਼ੋਰਮ ਵਿੱਚ ਅਸ਼ਾਂਤੀ ਦਾ ਅੰਤ ਹੋਇਆ। ਰਾਜੀਵ ਗਾਂਧੀ ਦੇ ਨਾਲ ਸਮਝੌਤੇ ਤੋਂ ਬਾਅਦ ਐੱਮਐੱਨਐੱਫ਼ ਦੇ ਮੁਖੀ ਰਹੇ ਲਾਲਡੇਂਗਾ ਨੇ ਸੂਬੇ ਦੇ ਪਹਿਲੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ।

ਉਨ੍ਹਾਂ ਨੇ ਉਸੇ ਥਾਂ ਉੱਤੇ ਭਾਰਤੀ ਝੰਡਾ ਫਹਿਰਾਇਆ ਜਿੱਥੇ 20 ਸਾਲ ਪਹਿਲਾਂ ਐੱਮਐੱਨਐੱਫ਼ ਦਾ ਝੰਡਾ ਫਹਿਰਾਇਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News