ਬਿਰਧ ਆਸ਼ਰਮ ''''ਚ ਇਸ ਬਜ਼ੁਰਗ ਜੋੜੇ ਦੀ ਮੁਹੱਬਤ ਇੰਝ ਪਰਵਾਨ ਚੜ੍ਹੀ
Saturday, Mar 04, 2023 - 01:45 PM (IST)


75 ਸਾਲਾ ਬਾਬੂਰਾਓ ਪਾਟਿਲ 70 ਸਾਲਾ ਅਨੁਸੁਈਆ ਸ਼ਿੰਦੇ ਕੋਹਲਾਪਰੁ ਦੇ ਇੱਕ ਬਿਰਧ ਆਸ਼ਰਮ ਵਿੱਚ ਮਿਲੇ ਤੇ ਹੁਣ ਦੋਵਾਂ ਨੇ ਇੱਕ-ਦੂਜੇ ਵਿਆਹ ਕਰਵਾ ਲਿਆ ਹੈ।
ਉਨ੍ਹਾਂ ਦਾ ਵਿਆਹ ਸਮਾਗਮ ਮਹਾਰਾਸ਼ਟਰ ਦੇ ਕੋਹਲਾਪੁਰ ਜ਼ਿਲ੍ਹੇ ਦੇ ਘੋਸਰਵਾੜ ਪਿੰਡ ਵਿੱਚ ਹੋਇਆ।
ਇਹ ਬਿਰਧ ਆਸ਼ਰਮ ਪਿਛਲੇ 17 ਸਾਲਾਂ ਤੋਂ ਚੱਲ ਰਿਹਾ ਹੈ ਪਰ ਕਿਸੇ ਬਜ਼ੁਰਗ ਜੋੜੇ ਦਾ ਵਿਆਹ ਪਹਿਲੀ ਵਾਰ ਹੋਇਆ ਹੈ।
ਪੁਣੇ ਦੀ ਰਹਿਣ ਵਾਲੀ ਅਨੁਸੁਈਆ ਸ਼ਿੰਦੇ ਆਪਣੇ ਪਤੀ ਸ਼੍ਰੀਰੰਗ ਸ਼ਿੰਦੇ ਨਾਲ ਬਿਰਧ ਆਸ਼ਰਮ ਵਿੱਚ ਰਹਿਣ ਆਈ ਸੀ।
ਦੋਵਾਂ ਨੇ ਨਿੱਜੀ ਕਾਰਨਾਂ ਕਰਕੇ ਪੰਜ ਸਾਲ ਪਹਿਲਾਂ ਆਪਣਾ ਘਰ ਛੱਡ ਦਿੱਤਾ ਸੀ।
ਦੋਵਾਂ ਨੇ ਬਿਰਧ ਆਸ਼ਰਮ ਵਿੱਚ ਰਹਿੰਦਿਆਂ ਇੱਕ ਦੂਜੇ ਦਾ ਸਾਥ ਦਿੱਤਾ ਤੇ ਦੇਖਭਾਲ ਕੀਤੀ। ਪਰ ਚਾਰ ਮਹੀਨੇ ਬਾਅਦ ਅਨੁਸੁਈਆ ਦੇ ਪਤੀ ਦੀ ਮੌਤ ਹੋ ਗਈ ਸੀ।
ਹੁਣ ਉਹ ਇਕੱਲਿਆਂ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਨ।
ਉਨ੍ਹਾਂ ਵਾਂਗ ਹੀ ਬਾਬੂਰਾਓ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਇਕੱਲੇਪਣ ਨਾਲ ਜੂਝਦਿਆਂ ਘਰ ਛੱਡਕੇ ਬਿਰਧ ਆਸ਼ਰਮ ਵਿੱਚ ਆਕੇ ਰਹਿਣ ਲੱਗੇ।

ਬਾਬੂਰਾਓ ਪਾਟਿਲ ਦਾ ਇਕੱਲਾਪਣ
ਬਾਬੂਰਾਓ ਪਾਟਿਲ ਡੇਢ ਸਾਲ ਪਹਿਲਾਂ ਜਾਨਕੀ ਬਿਰਧ ਆਸ਼ਰਮ ਵਿੱਚ ਦਾਖ਼ਲ ਹੋਏ ਸਨ।
ਉਨ੍ਹਾਂ ਦਾ ਬਿਰਧ ਆਸ਼ਰਮ ਤੱਕ ਦਾ ਸਫ਼ਰ ਵੀ ਬਹੁਤ ਔਖਾ ਰਿਹਾ ਹੈ।
ਪਤਨੀ ਦੀ ਮੌਤ ਤੋਂ ਬਾਅਦ ਬਾਬੂਰਾਓ ਦਾ ਬੱਚਿਆਂ ਨਾਲ ਰਿਸ਼ਤਾ ਟੁੱਟ ਜਿਹਾ ਗਿਆ ਸੀ।
ਇਸ ਦੌਰਾਨ ਕੋਰੋਨਾ ਕਾਰਨ ਉਨ੍ਹਾਂ ਦਾ ਕਾਰੋਬਾਰ ਬੰਦ ਹੋ ਗਿਆ।
ਇਸੇ ਦੌਰ ਵਿੱਚ ਉਨ੍ਹਾਂ ਨੂੰ ਕਿਸੇ ਸਹਾਰੇ ਦੀ ਲੋੜ ਮਹਿਸੂਸ ਹੋਣ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਕੁਝ ਸਮੇਂ ਲਈ ਆਪਣੇ ਵੱਡੇ ਭਰਾ ਕੋਲ ਰਹਿਣ ਲੱਗੇ।
ਪਰ ਉਨ੍ਹਾਂ ਦੀ ਪਰੇਸ਼ਾਨੀ ਨਾ ਘਟੀ ਤੇ ਉਨ੍ਹਾਂ ਨੂੰ ਬਚਦੀ ਜ਼ਿੰਦਗੀ ਬਿਤਾਉਣ ਲਈ ਬਿਰਧ ਆਸ਼ਰਮ ’ਚ ਰਹਿਣ ਆਉਣਾ ਪਿਆ।

ਵਿਆਹ ਦਾ ਵਿਚਾਰ ਵੈਲੇਨਟਾਈਨ ਡੇਅ ''''ਤੇ ਆਇਆ
ਬਾਬੂਰਾਓ ਇਕੱਲੇਪਨ ਨਾਲ ਲੜਦੇ ਬਿਰਧ ਆਸ਼ਰਮ ਵਿੱਚ ਆਏ ਤੇ ਅਨੁਸੁਈਆ ਵੀ ਇਕੱਲੇਪਨ ਨਾਲ ਜੂਝ ਰਹੇ ਸਨ।
ਦੋਵਾਂ ਨੇ ਮਿਲਣ ਤੋਂ ਬਾਅਦ ਇੱਕ ਦੂਜੇ ਦਾ ਸਾਥ ਦੇਣ ਦਾ ਫ਼ੈਸਲਾ ਲਿਆ।
14 ਫ਼ਰਵਰੀ ਨੂੰ ਯਾਨੀ ਕਿ ਵੈਲੇਨਟਾਈਨ ਡੇਅ ''''ਤੇ ਇੱਕ ਕਾਲਜ ਵਿੱਚ ਬਿਰਧ ਆਸ਼ਰਮ ਵਲੋਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਉੱਥੋਂ ਦਾ ਮਾਹੌਲ ਦੇਖ ਕੇ ਬਾਬੂਰਾਓ ਪਾਟਿਲ ਨੇ ਦੁਬਾਰਾ ਵਿਆਹ ਕਰਵਾਉਣ ਬਾਰੇ ਸੋਚਿਆ।
ਜਦੋਂ ਬਾਬੂਰਾਓ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਬਿਰਧ ਆਸ਼ਰਮ ਪਰਤੇ ਤਾਂ ਉਨ੍ਹਾਂ ਨੇ ਅਨੁਸੁਈਆ ਸ਼ਿੰਦੇ ਸਾਹਮਣੇ ਜਵਾਨਾਂ ਵਾਂਗ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਬਾਬੂਰਾਓ ਨੇ ਅਨੁਸੁਈਆ ਨੂੰ ਗੁਲਾਬ ਦਾ ਫ਼ੁੱਲ ਦੇ ਕੇ ਵਿਆਹ ਬਾਰੇ ਪੁੱਛਿਆ ਤਾਂ ਅਨੁਸੁਈਆ ਕੁਝ ਝਿਜਕੇ ਤੇ ਉਨ੍ਹਾਂ ਪ੍ਰਸਤਾਵ ਠੁਕਰਾ ਦਿੱਤਾ।
ਹਾਲੇ ਚਾਰ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਪਤੀ ਗੁਵਾਇਆ ਸੀ ਤੇ ਹਾਲੇ ਦੁੱਖ ਵਿੱਚੋਂ ਬਾਹਰ ਨਹੀਂ ਸਨ ਆ ਸਕੇ।
ਬਾਬੂਰਾਓ ਨੇ ਅਨੁਸੁਈਆ ਨੂੰ ਕਿਹਾ ਕਿ ਉਹ ਸਮਾਂ ਲਵੇ ਪਰ ਇਸ ਬਾਰੇ ਸੋਚੇ ਜ਼ਰੂਰ।

ਬਾਬੂਰਾਓ ਅਤੇ ਅਨੁਸੁਈਆ ਦਾ ਸਾਥ
ਇਸੇ ਦੌਰਾਨ ਬਿਰਧ ਆਸ਼ਰਮ ''''ਚ ਡਰਾਈਵਰ ਵਜੋਂ ਕੰਮ ਕਰਨ ਵਾਲੇ ਬਾਬਾ ਸਾਹਿਬ ਪੁਜਾਰੀ ਨੂੰ ਬਾਬੂਰਾਓ ਪਾਟਿਲ ਅਤੇ ਅਨੁਸੁਈਆ ਸ਼ਿੰਦੇ ਦਰਮਿਆਨ ਚੱਲ ਰਹੀ ਗੱਲਬਾਤ ਬਾਰੇ ਪਤਾ ਲੱਗਿਆ।
ਪੁਜਾਰੀ ਨੇ ਅਨੁਸੁਈਆ ਸ਼ਿੰਦੇ ਨੂੰ ਇਸ ਬਾਰੇ ਪੁੱਛ ਲਿਆ ਕਿ ਕੀ ਉਹ ਬਾਬੂਰਾਓ ਪਾਟਿਲ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ।
ਇਸ ਤੋਂ ਬਾਅਦ ਬਿਰਧ ਆਸ਼ਰਮ ''''ਚ ਦੋਵਾਂ ਬਾਰੇ ਦੀ ਚਰਚਾ ਹੋਣ ਲੱਗੀ।
ਅਨੁਸੁਈਆ ਸ਼ਿੰਦੇ ਨੇ ਪੁਜਾਰੀ ਨਾਲ ਆਪਣੇ ਮਨ ਦੇ ਡਰਾਂ ਬਾਰੇ ਗੱਲ ਕੀਤੀ। ਉਨ੍ਹਾਂ ਸਮਾਜ ਤੇ ਪਰਿਵਾਰ ਤੋਂ ਮਹਿਸੂਸ ਹੋਣ ਝਿਜਕ ਦਾ ਜ਼ਿਕਰ ਵੀ ਕੀਤਾ, ਅਤੇ ਨਾਲ ਹੀ ਸੰਸਥਾ ਦੇ ਅਕਸ ਬਾਰੇ ਫ਼ਿਕਰਮੰਦੀ ਜ਼ਾਹਰ ਕੀਤੀ।
ਉਨ੍ਹਾਂ ਪੁਜਾਰੀ ਨੂੰ ਦੱਸਿਆ ਕਿ ਇਨ੍ਹਾਂ ਡਰਾਂ ਦੇ ਚਲਦਿਆਂ ਹੀ ਉਹ ਵਿਆਹ ਦਾ ਫ਼ੈਸਲਾ ਨਹੀਂ ਲੈ ਪਾ ਰਹੇ।

ਆਖ਼ਰ ਪੁਜਾਰੀ ਨੇ ਦੋਵਾਂ ਨੂੰ ਭਰੋਸੇ ਵਿੱਚ ਲਿਆ ਅਤੇ ਵਿਆਹ ਦੀ ਵਿਚੋਲਗੀ ਕੀਤੀ।
ਅੰਤ ਵਿੱਚ, ਅਨੁਸੁਈਆ ਸ਼ਿੰਦੇ ਨੇ ਬਾਬੂਰਾਓ ਨਾਲ ਵਿਆਹ ਦੀ ਹਾਂ ਕਰ ਦਿੱਤੀ।
ਬਿਰਧ ਆਸ਼ਰਮ ਨੇ ਦੋਵਾਂ ਦਾ ਵਿਆਹ ਦੇ ਵਿਆਹ ਦਾ ਪ੍ਰਬੰਧ ਕੀਤਾ ਹੈ।
ਰਸਮੀਂ ਵਿਆਹ ਦੇ ਨਾਲ ਨਾਲ ਕਾਨੂੰਨੀ ਤੌਰ ’ਤੇ ਵਿਆਹ ਰਜ਼ਿਸਟਰ ਵੀ ਕਰਵਾਇਆ ਗਿਆ।
ਵਿਆਹ ਤੋਂ ਬਾਅਦ ਵੀ ਇਹ ਜੋੜਾ ਬਿਰਧ ਆਸ਼ਰਮ ਵਿੱਚ ਰਹਿ ਰਿਹਾ ਹੈ। ਦੋਵਾਂ ਦਾ ਕਹਿਣਾ ਹੈ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਬਿਰਧ ਆਸ਼ਰਮਾਂ ਵਿੱਚ ਹੀ ਬਿਤਾਉਣਗੇ।
ਬਾਬੂਰਾਓ ਕਹਿੰਦੇ ਹਨ, "ਵਿਆਹ ਸਿਰਫ਼ ਸਰੀਰਕ ਆਨੰਦ ਜਾਂ ਬੱਚੇ ਪੈਦਾ ਕਰਨ ਬਾਰੇ ਨਹੀਂ ਹੈ। ਇਹ ਇੱਕ-ਦੂਜੇ ਦਾ ਸਾਥ ਦੇਣ ਬਾਰੇ ਵੀ ਹੈ। ਇਸੇ ਲਈ ਅਸੀਂ ਬਿਰਧ ਆਸ਼ਰਮ ਵਿੱਚ ਰਹਿਣ ਦੇ ਬਾਵਜੂਦ ਇਸ ਉਮਰ ਵਿੱਚ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ।"
ਉਨ੍ਹਾ ਕਿਹਾ, "ਸਾਡੀ ਜਿੰਨੀ ਜ਼ਿੰਦਗੀ ਬਚੀ ਹੈ, ਉਸ ਵਿੱਚ ਅਸੀਂ ਦੁੱਖ -ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣ ਦਾ ਫ਼ੈਸਲਾ ਲਿਆ ਹੈ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)