ਨਿਤਿਆਨੰਦ ਦੇ ‘ਕਾਲਪਨਿਕ ਦੇਸ਼’ ਕੈਲਾਸਾ ਦੀ ਪ੍ਰਤੀਨਿਧੀ ਦੀਆਂ ਗੱਲਾਂ ਨੂੰ ਸੰਯੁਕਤ ਰਾਸ਼ਟਰ ਨਜ਼ਰਅੰਦਾਜ਼ ਕਿਉਂ ਕਰ ਰਿਹਾ ਹੈ
Friday, Mar 03, 2023 - 12:00 PM (IST)


ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ''''ਤੇ ਇਕ ਵੀਡੀਓ ਸਾਂਝਾ ਕੀਤਾ ਜਾ ਰਿਹਾ ਹੈ, ਜਿਸ ''''ਚ ਇਕ ਭਗੌੜੇ ਭਾਰਤੀ ਗੁਰੂ ਦੀ ਪ੍ਰਤੀਨਿਧੀ ਸੰਯੁਕਤ ਰਾਸ਼ਟਰ ਦੀ ਬੈਠਕ ''''ਚ ਭਾਸ਼ਣ ਦੇ ਰਹੀ ਹੈ।
ਭਗੌੜਾ ਭਾਰਤੀ ਗੁਰੂ ਕੋਈ ਹੋਰ ਨਹੀਂ ਆਪਣੇ-ਆਪ ਨੂੰ ਰੱਬ ਦਾ ਅਵਤਾਰ ਦੱਸਣ ਵਾਲਾ ਨਿਤਿਆਨੰਦ ਹੈ।
ਉਨ੍ਹਾਂ ਖ਼ਿਲਾਫ਼ ਦੋ ਕੁੜੀਆਂ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਣ ਦਾ ਮਾਮਲਾ ਦਰਜ ਹੈ। ਇੰਨਾਂ ਹੀ ਨਹੀਂ ਉਹ ਇੱਕ ਸੈਕਸ ਸੀਡੀ ਦੇ ਮਾਮਲੇ ਵਿੱਚ ਵੀ ਫ਼ਸੇ ਹੋਏ ਹਨ।
ਨਿਤਿਆਨੰਦ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਕੈਲਾਸਾ ਨਾਮ ਦਾ ਇੱਕ ਦੇਸ਼ ਵਸਾਇਆ ਹੈ।
ਤੇ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਹਿੱਸਾ ਲੈਣ ਵਾਲੀ ਇਹ ਆਪਣੇ ਆਪ ਨੂੰ ਕੈਲਾਸਾ ਨਾਂ ਦੇ ਕਾਲਪਨਿਕ ਦੇਸ਼ ਦੀ ਪ੍ਰਤੀਨਿਧ ਦੱਸਦੀ ਹੈ। ਹੁਣ ਸੰਯੁਕਤ ਰਾਸ਼ਟਰ ਨੇ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਿਆ ਹੈ।
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉਹ ਜਨੇਵਾ ਵਿੱਚ ਆਯੋਜਿਤ ਆਪਣੇ ਦੋ ਪ੍ਰੋਗਰਾਮਾਂ ਵਿੱਚ ਇੱਕ ਭਗੌੜੇ ਭਾਰਤੀ ਗੁਰੂ ਦੇ ਫਰਜ਼ੀ ਦੇਸ਼ ਦੇ ਨੁਮਾਇੰਦੇ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੇਗਾ।
ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਪ੍ਰਤੀਨਿਧੀ ਦਾ ਭਾਸ਼ਣ ਮੀਟਿੰਗ ਵਿੱਚ ਵਿਚਾਰੇ ਜਾ ਰਹੇ ਵਿਸ਼ਿਆਂ ਤੋਂ ਬਾਹਰ ਸੀ ਤੇ ਅਪ੍ਰਸੰਗਿਕ ਸੀ।
ਸਵੈ-ਘੌਸ਼ਿਤ ਗੌਡਮੈਨ ਨਿਤਿਆਨੰਦ ਖ਼ਿਲਾਫ਼ ਭਾਰਤ ਵਿੱਚ ਬਲਾਤਕਾਰ ਅਤੇ ਜਿਨਸੀ ਹਿੰਸਾ ਦੇ ਮਾਮਲੇ ਦਰਜ ਹਨ।
ਨਿਤਿਆਨੰਦ ਆਪਣੇ ''''ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ।
ਸਾਲ 2019 ਵਿੱਚ, ਉਨ੍ਹਾਂ ਨੇ ਸੰਯੁਕਤ ਰਾਜ ਕੈਲਾਸਾ (ਯੂਐੱਸਕੇ) ਨਾਮ ਦੇ ਇੱਕ ਕਾਲਪਨਿਕ ਦੇਸ਼ ਦੀ ਸਥਾਪਨਾ ਕੀਤੀ।

ਭਾਰਤ ਵਿੱਚ ਚਰਚਾ
ਸੰਯੁਕਤ ਰਾਸ਼ਟਰ ਦੇ ਦੋ ਪ੍ਰੋਗਰਾਮਾਂ ਵਿੱਚ ਇਸ ਕਾਲਪਨਿਕ ਦੇਸ਼ ਦੇ ਨੁਮਾਇੰਦੇ ਦਾ ਭਾਸ਼ਣ ਭਾਰਤੀ ਮੀਡੀਆ ਵਿੱਚ ਸੁਰਖ਼ੀਆਂ ’ਚ ਹੈ। ਭਾਰਤ ਸਰਕਾਰ ਨੇ ਹਾਲ ਦੀ ਘੜੀ ਇਸ ਵਿਸ਼ੇ ''''ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਈਮੇਲ ਰਾਹੀਂ ਬੀਬੀਸੀ ਨੂੰ ਦੱਸਿਆ: "ਯੂਐੱਸਕੇ ਦੀ ਪ੍ਰਤੀਨਿਧੀ ਨੇ ਫ਼ਰਵਰੀ ਮਹੀਨੇ ਜਨੇਵਾ ਵਿੱਚ ਹੋਏ ਸੰਯੁਕਤ ਰਾਸ਼ਟਰ ਦੇ ਦੋ ਸਮਾਗਮਾਂ ਵਿੱਚ ਹਿੱਸਾ ਲਿਆ ਸੀ।"
ਪਹਿਲਾ ਪ੍ਰੋਗਰਾਮ ਫ਼ੈਸਲਾਕੁਨ ਅਹੁਦਿਆਂ ''''ਤੇ ਔਰਤਾਂ ਦੀ ਭਾਗੀਦਾਰੀ ਬਾਰੇ ਸੀ। ਇਸ ਦਾ ਆਯੋਜਨ ਔਰਤਾਂ ਵਿਰੁੱਧ ਭੇਦਭਾਵ ਖ਼ਤਮ ਕਰਨ ਦੀ ਕਮੇਟੀ (ਸੀਈਡੀਏਡਬਲਿਯੂ) ਵਲੋਂ ਕੀਤਾ ਗਿਆ ਸੀ। ਇਹ ਪ੍ਰੋਗਰਾਮ 22 ਫ਼ਰਵਰੀ ਨੂੰ ਹੋਇਆ ਸੀ।
ਇਸ ਤੋਂ ਬਾਅਦ 24 ਫ਼ਰਵਰੀ ਨੂੰ ਇੱਕ ਵਾਰ ਫ਼ਿਰ ਯੂਐੱਸਕੇ ਦੀ ਪ੍ਰਤੀਨਿਧੀ ਨੇ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਹਿੱਸਾ ਲਿਆ। ਉਸ ਮੀਟਿੰਗ ਵਿੱਚ ਵਿਕਾਸ ਦੀ ਦਿਸ਼ਾ ਬਾਰੇ ਚਰਚਾ ਕੀਤੀ ਗਈ ਸੀ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਵਿਵਿਅਨ ਕਵਾਕ ਨੇ ਕਿਹਾ ਹੈ ਕਿ ਇਹ ਸੰਯੁਕਤ ਰਾਸ਼ਟਰ ਦੀਆਂ ਆਮ ਬੈਠਕਾਂ ਸਨ, ਜਿਸ ਵਿਚ ਕੋਈ ਵੀ ਵਿਅਕਤੀ ਆਪਣੇ ਵਿਚਾਰ ਪੇਸ਼ ਕਰ ਸਕਦਾ ਸੀ।
ਵਿਵਿਅਨ ਕਵਾਕ ਨੇ ਕਿਹਾ ਕਿ ਯੂਐੱਸਕੇ ਦੀ ਪ੍ਰਤੀਨਿਧੀ ਦੇ ਵਿਚਾਰਾਂ ਨੂੰ ਅੰਤਿਮ ਰਿਪੋਰਟ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਦੇ ਵਿਚਾਰ ਮੀਟਿੰਗ ਦੇ ਨਿਰਧਾਰਿਤ ਵਿਸ਼ੇ ਤੋਂ ਬਾਹਰੇ ਸਨ।
ਹਾਈ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਦੂਜੀ ਮੀਟਿੰਗ ਵਿੱਚ ਪ੍ਰਗਟਾਏ ਗਏ ਵਿਚਾਰ ਵੀ ਅੰਤਿਮ ਰਿਪੋਰਟ ਦਾ ਹਿੱਸਾ ਨਹੀਂ ਹੋਣਗੇ।

ਕਾਲਪਨਿਕ ਦੇਸ਼ ਕੈਲਾਸਾ ਦੀ ਪ੍ਰਤੀਨਿਧੀ ਨੇ ਕੀ ਕਿਹਾ ਸੀ
ਸੰਯੁਕਤ ਰਾਸ਼ਟਰ ਦੀ ਵੈੱਬਸਾਈਟ ''''ਤੇ ਇਕ ਵੀਡੀਓ ''''ਚ ਜਦੋਂ ਮੀਟਿੰਗ ''''ਚ ਆਏ ਲੋਕਾਂ ਨੂੰ ਸਵਾਲ ਪੁੱਛਣ ਲਈ ਕਿਹਾ ਗਿਆ ਤਾਂ ਇਕ ਔਰਤ ਸਵਾਲ ਕਰਨ ਲਈ ਖੜੀ ਹੋਈ।
ਇਸ ਔਰਤ ਨੇ ਆਪਣਾ ਨਾਮ ਵਿਜੇਪ੍ਰਿਆ ਨਿਤਿਆਨੰਦ ਦੱਸਿਆ। ਔਰਤ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ''''ਚ ''''ਕੈਲਾਸਾ'''' ਦੀ ਸਥਾਈ ਰਾਜਦੂਤ ਹੈ।
ਵਿਜੇਪ੍ਰਿਆ ਨੇ ਕਿਹਾ ਕਿ ਉਹ ''''ਟਿਕਾਊ ਵਿਕਾਸ'''' ਨਾਲ ਜੁੜੇ ਵਿਸ਼ਿਆਂ ''''ਤੇ ਸਵਾਲ ਪੁੱਛਣਾ ਚਾਹੁੰਦੀ ਹੈ।
ਇਸ ਤੋਂ ਬਾਅਦ ਵਿਜੇਪ੍ਰਿਆ ਨੇ ਕਿਹਾ ਕਿ ਯੂਐੱਸਕੇ ਹਿੰਦੂਆਂ ਦਾ ਪਹਿਲਾ ਪ੍ਰਭੂਸੱਤਾ ਸੰਪੰਨ ਦੇਸ਼ ਹੈ ਜਿਸ ਦੀ ਸਥਾਪਨਾ ਨਿਤਿਆਨੰਦ ਨੇ ਕੀਤੀ ਸੀ। ਉਸ ਨੇ ਨਿਤਿਆਨੰਦ ਨੂੰ ਹਿੰਦੂ ਧਰਮ ਦਾ ''''ਪਰਮ ਗੁਰੂ'''' ਦੱਸਿਆ।
ਇਸ ਤੋਂ ਬਾਅਦ ਵਿਜੇਪ੍ਰਿਆ ਨੇ ਦਾਅਵਾ ਕੀਤਾ, "ਕੈਲਾਸਾ ਵਿਕਾਸ ਦੇ ਲਿਹਾਜ਼ ਨਾਲ ਇੱਕ ਸਫਲ ਦੇਸ਼ ਹੈ ਕਿਉਂਕਿ ਹਰ ਕਿਸੇ ਨੂੰ ਮੁਫ਼ਤ ਭੋਜਨ, ਰਹਿਣ ਦੀ ਥਾਂ ਅਤੇ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।"
ਉਨ੍ਹਾਂ ਦਾ ਸਵਾਲ ਸੀ ਕਿ ਨਿਤਿਆਨੰਦ ਅਤੇ ਕੈਲਾਸਾ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਨਿਜਾਤ ਪਾਉਣ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ?
ਪ੍ਰੀਤੀ ਸਰਨ ਇੱਕ ਸਾਬਕਾ ਭਾਰਤੀ ਰਾਜਦੂਤ ਹਨ ਜੋ ਇਨ੍ਹਾਂ ਦੋ ਬੈਠਕਾਂ ਵਿੱਚੋਂ ਇੱਕ ਨੂੰ ਕਰਵਾਉਣ ਵਾਲੀ ਸੰਸਥਾ ਸੀਈਐੱਸਸੀਆਰ ਵਿੱਚ ਏਸ਼ੀਆ ਪੈਸੀਫਿਕ ਖੇਤਰ ਦੀ ਮੁਖੀ ਹੈ। ਬੀਬੀਸੀ ਨੇ ਉਨ੍ਹਾਂ ਦਾ ਪੱਖ ਜਾਣਨ ਲਈ ਇੱਕ ਈਮੇਲ ਲਿਖੀ ਹੈ।

ਕੌਣ ਹੈ ਨਿਤਿਆਨੰਦ?
ਬਲਾਤਕਾਰ ਦੇ ਇਲਜ਼ਾਮਾਂ ਵਿੱਚ ਘਿਰੇ ਨਿਤਿਆਨੰਦ ਸਾਲ 2019 ਵਿੱਚ ਭਾਰਤ ਤੋਂ ਭੱਜ ਗਏ ਸਨ। ਉਨ੍ਹਾਂ ਦੀ ਇਕ ਔਰਤ ਸ਼ਰਧਾਲੂ ਨੇ ਇਲਜ਼ਾਮ ਲਗਾਇਆ ਸੀ ਕਿ ਨਿਤਿਆਨੰਦ ਨੇ ਸਾਲ 2010 ''''ਚ ਉਸ ਨਾਲ ਬਲਾਤਕਾਰ ਕੀਤਾ ਸੀ।
ਇਸ ਤੋਂ ਬਾਅਦ ਨਿਤਿਆਨੰਦ ਨੂੰ ਥੋੜ੍ਹੇ ਸਮੇਂ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਅਦ ''''ਚ ਉਸ ਨੂੰ ਜ਼ਮਾਨਤ ''''ਤੇ ਰਿਹਾਅ ਕਰ ਦਿੱਤਾ ਗਿਆ। ਸਾਲ 2018 ''''ਚ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
2019 ਵਿੱਚ ਭਾਰਤ ਛੱਡਣ ਤੋਂ ਕੁਝ ਦਿਨ ਪਹਿਲਾਂ, ਨਿਤਿਆਨੰਦ ਵਿਰੁੱਧ ਇੱਕ ਹੋਰ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਨਿਤਿਆਨੰਦ ਨੇ ਬੱਚਿਆਂ ਨੂੰ ਅਗਵਾ ਕਰ ਲਿਆ ਸੀ ਅਤੇ ਗੁਜਰਾਤ ਵਿੱਚ ਆਪਣੇ ਆਸ਼ਰਮ ਵਿੱਚ ਬੰਦ ਰੱਖਿਆ ਸੀ।
ਹਾਲ ਦੀ ਘੜੀ, ਇਹ ਸਪੱਸ਼ਟ ਨਹੀਂ ਹੈ ਕਿ ਨਿਤਿਆਨੰਦ ਭਾਰਤ ਤੋਂ ਕਿਵੇਂ ਭੱਜੇ ਅਤੇ ਉਹ ਆਪਣੇ ‘ਕਾਲਪਨਿਕ ਦੇਸ਼’ ਕੈਲਾਸਾ ਤੱਕ ਕਿਵੇਂ ਪਹੁੰਚੇ।

ਨਿਦਿਆਨੰਦ ਦੀ ਪੜ੍ਹਾਈ-ਲਿਖਾਈ
ਨਿਤਿਆਨੰਦ ਨੇ ਸਾਲ 1992 ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਸਾਲ 1995 ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ 12 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਰਾਮਕ੍ਰਿਸ਼ਣ ਮੱਠ ਵਿੱਚ ਸਿੱਖਿਆ ਲੈਣੀ ਸ਼ੁਰੂ ਕੀਤੀ।
ਉਨ੍ਹਾਂ ਨੇ ਪਹਿਲੇ ਨਿਤਿਆਨੰਦ ਆਸ਼ਰਮ ਦੀ ਸਥਾਪਨਾ ਪਹਿਲੀ ਜਨਵਰੀ 2003 ਵਿੱਚ ਬੈਂਗਲੂਰੂ ਕੋਲ ਬਿਦਾਈ ਵਿੱਚ ਕੀਤੀ।
ਅਹਿਮਦਾਬਾਦ ਵਿਚਲਾ ਇਹ ਆਸ਼ਰਮ ਉਨ੍ਹਾਂ ਦੇ ਉਸੇ ਆਸ਼ਰਮ ਦੀ ਇੱਕ ਬਰਾਂਚ ਹੈ। ਜਿੱਥੋਂ ਦੋ ਕੁੜੀਆਂ ਦੇ ਗਾਇਬ ਹੋਣ ਦਾ ਕੇਸ ਦਰਜ ਕੀਤਾ ਗਿਆ ਹੈ।

ਕੀ ਹੈ ਕਾਲਪਨਿਕ ਦੇਸ਼ ਕੈਲਾਸਾ?
ਸਾਲ 2019 ਵਿੱਚ ਭਾਰਤ ਛੱਡਣ ਤੋਂ ਬਾਅਦ, ਨਿਤਿਆਨੰਦ ਨੇ ਦਾਅਵਾ ਕੀਤਾ ਕਿ ਉਸ ਨੇ ਇਕਵਾਡੋਰ ਦੇ ਤੱਟ ਨੇੜੇ ਇੱਕ ਟਾਪੂ ਖ਼ਰੀਦਿਆ ਹੈ।
ਹੁਣ ਉਹ ਉਸੇ ਟਾਪੂ ਨੂੰ ਯੁਨਾਈਟਿਡ ਸਟੇਟ ਆਫ਼ ਕੈਲਾਸਾ ਯਾਨੀ ਸੰਯੁਕਤ ਰਾਜ ਕੈਲਾਸਾ ਕਹਿੰਦੇ ਹਨ।
ਉਸ ਸਮੇਂ ਇਕਵਾਡੋਰ ਨੇ ਨਿਤਿਆਨੰਦ ਦੀ ਦੇਸ਼ ਵਿੱਚ ਮੌਜੂਦਗੀ ਤੋਂ ਇਨਕਾਰ ਕੀਤਾ ਸੀ। ਇਕਵਾਡੋਰ ਨੇ ਕਿਹਾ ਸੀ ਕਿ ''''ਨਿਤਿਆਨੰਦ ਨੂੰ ਇਕਵਾਡੋਰ ''''ਚ ਸ਼ਰਣ ਨਹੀਂ ਦਿੱਤੀ ਗਈ ਹੈ। ਇਕਵਾਡੋਰ ਦੀ ਸਰਕਾਰ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ।
ਨਿਤਿਆਨੰਦ 2019 ਤੋਂ ਬਾਅਦ ਜਨਤਕ ਤੌਰ ''''ਤੇ ਨਜ਼ਰ ਨਹੀਂ ਆਏ ਹਨ। ਪਰ ਉਹ ਆਪਣੇ ਪ੍ਰਵਚਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ''''ਤੇ ਪੋਸਟ ਕਰਦੇ ਰਹਿੰਦੇ ਹਨ।
ਬਰਤਾਨਵੀਂ ਅਖਬਾਰ ''''ਦਿ ਗਾਰਡੀਅਨ'''' ਨੇ ਪਿਛਲੇ ਸਾਲ ਲਿਖਿਆ ਸੀ ਕਿ ਨਿਤਿਆਨੰਦ ਦੇ ਬਰਤਾਨਵੀਂ ਪ੍ਰਤੀਨਿਧੀ ਨੇ ਹਾਊਸ ਆਫ਼ ਲਾਰਡਸ ''''ਚ ਇੱਕ ਦੀਵਾਲੀ ਮਨਾਉਣ ਲਈ ਰੱਖੀ ਗਈ ਪਾਰਟੀ ''''ਚ ਸ਼ਿਰਕਤ ਕੀਤੀ ਸੀ। ਉਨ੍ਹਾਂ ਨੂੰ ਕੰਜ਼ਰਵੇਟਿਵ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੇ ਸੱਦਾ ਦਿੱਤਾ ਸੀ।
ਫ਼ਰਵਰੀ ਵਿੱਚ, ਨਿਤਿਆਨੰਦ ਨੇ ਸੰਯੁਕਤ ਰਾਸ਼ਟਰ ਦੇ ਪ੍ਰੋਗਰਾਮ ਬਾਰੇ ਵਿਜੇਪ੍ਰਿਆ ਨਿਤਿਆਨੰਦ ਦੀ ਇੱਕ ਤਸਵੀਰ ਟਵੀਟ ਕੀਤੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਵਿਜੇਪ੍ਰਿਆ ਨੂੰ ਕੈਲਾਸਾ ਦੇ ਰਾਜਦੂਤ ਵਜੋਂ ਯੂਕੇ, ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਪਰਿਚਿਤ ਕਰਵਾਇਆ ਸੀ।
ਕੈਲਾਸਾ ਦੀ ਵੈੱਬਸਾਈਟ ਮੁਤਾਬਕ ਦੁਨੀਆ ਦੇ ਦੋ ਅਰਬ ਹਿੰਦੂ ਇਸ ਦਾ ਹਿੱਸਾ ਹਨ। ਕੈਲਾਸਾ ਦਾ ਦਾਅਵਾ ਹੈ ਕਿ ਉਸਦਾ ਆਪਣਾ ਝੰਡਾ, ਸੰਵਿਧਾਨ, ਕੇਂਦਰੀ ਬੈਂਕ, ਪਾਸਪੋਰਟ ਅਤੇ ਰਾਸ਼ਟਰੀ ਚਿੰਨ੍ਹ ਵੀ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)