ਗ਼ੈਰ ਕਾਨੂੰਨੀ ਪਰਵਾਸੀ ਕਾਮਿਆਂ ਦੀ ਕਹਾਣੀ ਜਿਨ੍ਹਾਂ ਦੇ ਪਾਸਪੋਰਟ ਵੀ ਖੋਹ ਲਏ ਗਏ ਅਤੇ ਤਸ਼ਦੱਦ ਵੀ ਢਾਇਆ ਗਿਆ

Friday, Mar 03, 2023 - 08:30 AM (IST)

ਗ਼ੈਰ ਕਾਨੂੰਨੀ ਪਰਵਾਸੀ ਕਾਮਿਆਂ ਦੀ ਕਹਾਣੀ ਜਿਨ੍ਹਾਂ ਦੇ ਪਾਸਪੋਰਟ ਵੀ ਖੋਹ ਲਏ ਗਏ ਅਤੇ ਤਸ਼ਦੱਦ ਵੀ ਢਾਇਆ ਗਿਆ
ਮੇਰੀਅੰਸ ਕਾਬੂ
BBC / Dwiki Marta
ਕੁਆਲਾਲੰਪੁਰ ਵਿੱਚ ਆਪਣੀ ਦੁਰਦਸ਼ਾ ਸੁਣਾਉਂਦੇ ਹੋਏ ਮੇਰੀਅੰਸ ਕਾਬੂ ਰੋ ਪਈ

"ਮੇਰੀ ਮਦਦ ਕਰੋ, ਮੇਰੇ ਮਾਲਕ ਮੈਨੂੰ ਤਸੀਹੇ ਦਿੰਦੇ ਹਨ। ਮੈਂ ਰੋਜ਼ ਲਹੂ-ਲੁਹਾਨ ਹੁੰਦੀ ਹਾਂ, ਮੇਰੀ ਮਦਦ ਕਰੋ!"

ਇਹ ਸ਼ਬਦ ਲਿਖ ਇੱਕ ਘਰੇਲੂ ਕੰਮ ਕਾਰ ਵਿੱਚ ਮਦਦ ਕਰਨ ਵਾਲੀ ਔਰਤ ਨੇ ਉਸ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ।

ਮੇਰੀਅੰਸ ਕਾਬੂ ਨਾਮ ਦੀ ਇਸ ਔਰਤ ਨੇ ਇੱਕ ਪਰਚੀ ’ਤੇ ਇਹ ਸਭ ਲਿਖਿਆ ਜਿੰਦਰਾ ਵੱਜੀ ਲੋਹੇ ਦੀ ਬਾਰੀ ਵਿੱਚੋਂ ਇਸ ਆਸ ਨਾਲ ਬਾਹਰ ਸੁੱਟ ਦਿੱਤਾ ਕਿ ਕਦੇ ਨਾ ਕਦੇ ਕੋਈ ਨਾ ਕੋਈ ਉਸ ਨੂੰ ਮਦਦ ਜ਼ਰੂਰ ਪਹੁੰਚੇਗਾ।

ਮੇਰੀਅੰਸ ਮਲੇਸ਼ੀਆ ਦੇ ਇੱਕ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਸ਼ਹਿਰ ਕੁਆਲਾਲੰਪੁਰ ਵਿੱਚ ਕਿਸੇ ਦੇ ਘਰ ਘਰੇਲੂ ਨੌਕਰਾਨੀ ਵਜੋਂ ਕੰਮ ਕਰਦੇ ਸਨ ਤੇ ਉਥੇ ਹੀ ਰਹਿੰਦੇ ਸਨ।

ਮੇਰੀਅੰਸ ਵੱਲੋਂ ਸੁੱਟੀ ਗਈ ਪਰਚੀ ਨੂੰ ਇੱਕ ਔਰਤ ਨੇ ਚੁੱਕ ਲਿਆ ਸੀ। ਇਹ ਔਰਤ ਹੀ ਉਸ ਲਈ ਮਦਦਗਾਰ ਸਾਬਿਤ ਹੋਈ ਸੀ।

ਉਹ ਔਰਤ ਪਰਚੀ ਨੂੰ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਕੋਲ ਲੈ ਗਈ ਜੋ ਉਸੇ ਇਮਾਰਤ ਵਿੱਚ ਰਹਿੰਦਾ ਸੀ, ਜਿਸ ਦੇ ਇੱਕ ਫ਼ਲੈਟ ਵਿੱਚ ਮੇਰੀਅੰਸ ਕੰਮ ਕਰਦੇ ਸਨ।

ਪਰਚੀ ਚੁੱਕ ਕੇ ਮਦਦ ਕਰਨ ਵਾਲੀ ਔਰਤ ਦਾ ਕਹਿਣਾ ਸੀ ਕਿ ਜੇ ਮੇਰੀਅੰਸ ਉਥੇ ਹੀ ਰਹਿੰਦੀ ਤਾਂ ਹੁਣ ਤੱਕ ਮਰ ਚੁੱਕੀ ਹੁੰਦੀ।

ਪਰਚੀ ਦੇ ਆਧਾਰ ’ਤੇ 20 ਦਸੰਬਰ, 2014 ਨੂੰ ਪੁਲਿਸ ਉਸ ਫ਼ਲੈਟ ਵਿੱਚ ਪਹੁੰਚੀ ਜਿੱਥੇ ਮੇਰੀਅੰਸ ਕੰਮ ਕਰਦੀ ਸੀ।

ਮੇਰੀਅੰਸ ਪੁਲਿਸ ਨੂੰ ਦੇਖ ਕੁਝ ਘਬਰਾਈ ਪਰ ਪੁਲਿਸ ਨੇ ਹੌਸਲਾ ਦਿੱਤਾ।

ਉਹ ਕਹਿੰਦੇ ਹਨ, “ਪੁਲਿਸ ਨੇ ਮੈਨੂੰ ਕਿਹਾ ਡਰੋ ਨਾ। ਮੈਨੂੰ ਲੱਗਿਆ ਮੈਂ ਮੁੜ ਜਿਉਂਦੀ ਹੋ ਗਈ ਹਾਂ। ਮੈਂ ਉਨ੍ਹਾਂ ਨੂੰ ਸਭ ਸੱਚ ਦੱਸ ਦਿੱਤਾ।”

ਚੇਤਾਵਨੀ: ਕਹਾਣੀ ਵਿੱਚ ਕੁਝ ਪਰੇਸ਼ਾਨ ਕਰਨ ਵਾਲੇ ਤੱਥ ਹਨ

ਮੇਰੀਅੰਸ
BBC / Dwiki Marta
ਮੇਰਿਅੰਸ ਦੇ ਪਤੀ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਬਚਾਇਆ ਗਿਆ ਸੀ ਤਾਂ ਉਸ ਨੇ ਉਸ ਨੂੰ ਪਛਾਣਿਆ ਨਹੀਂ ਸੀ

ਇਨਸਾਫ਼ ਲਈ ਲੰਬੀ ਲੜਾਈ

9 ਸਾਲ ਬੀਤ ਜਾਣ ਤੋਂ ਬਾਅਦ ਵੀ ਮੇਰੀਅੰਸ ਇਨਸਾਫ਼ ਲਈ ਲੜ ਰਹੀ ਹੈ।

ਉਨ੍ਹਾਂ ਦਾ ਮਾਮਲਾ ਦਰਸਾਉਂਦਾ ਹੈ ਕਿ ਗ਼ੈਰ-ਦਸਤਾਵੇਜ਼ੀ ਪ੍ਰਵਾਸੀ ਮਜ਼ਦੂਰ ਕਿੰਨੇ ਮਜ਼ਬੂਰ ਹੁੰਦੇ ਹਨ ਤੇ ਕਿੰਨੇ ਕਮਜ਼ੋਰ ਵੀ।

ਕਿੰਨੀ ਵਾਰ ਉਨ੍ਹਾਂ ਲੋਕਾਂ ਨੂੰ ਸੁਣਿਆ ਨਹੀਂ ਜਾਂਦਾ ਤੇ ਉਹ ਇਨਸਾਫ਼ ਦੀ ਉਡੀਕ ’ਚ ਜ਼ਿੰਦਗੀ ਬਿਤਾਉਂਦੇ ਹਨ।

2015 ਵਿੱਚ, ਪੁਲਿਸ ਨੇ ਮੇਰੀਅੰਸ ਦੇ ਮਾਲਕ, ਓਂਗ ਸੂ ਪਿੰਗ ਸੇਰੇਨ ਖ਼ਿਲਾਫ਼ ਗੰਭੀਰ ਸੱਟਾਂ ਮਾਰਨ, ਕਤਲ ਦੀ ਕੋਸ਼ਿਸ਼ ਕਰਨ, ਮਨੁੱਖੀ ਤਸਕਰੀ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾਵਾਂ ਦੇ ਇਲਜ਼ਾਮਾਂ ਹੇਠ ਮੁਕਦਮਾ ਚਲਾਇਆ ਸੀ।

ਸੇਰੇਨ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।

ਮੇਰੀਅੰਸ ਨੇ ਆਪਣੇ ਪਰਿਵਾਰ ਕੋਲ ਪਰਤਣ ਤੋਂ ਪਹਿਲਾਂ ਅਦਾਲਤ ਵਿੱਚ ਗਵਾਹੀ ਦਿੱਤੀ ਸੀ।

ਦੋ ਸਾਲ ਬਾਅਦ ਉਸ ਨੂੰ ਇੰਡੋਨੇਸ਼ੀਆ ਦੇ ਦੂਤਾਵਾਸ ਤੋਂ ਖ਼ਬਰ ਮਿਲੀ ਕਿ ਸਰਕਾਰੀ ਵਕੀਲਾਂ ਨੇ ਨਾਕਾਫ਼ੀ ਸਬੂਤਾਂ ਦਾ ਹਵਾਲਾ ਦਿੰਦਿਆਂ ਉਸ ਦੇ ਮਾਲਕ ਖ਼ਿਲਾਫ਼ ਚੱਲ ਰਿਹਾ ਮੁਕੱਦਮਾ ਰੱਦ ਕਰ ਦਿੱਤਾ ਹੈ।

ਮਲੇਸ਼ੀਆ ਵਿੱਚ ਇੰਡੋਨੇਸ਼ੀਆ ਦੇ ਰਾਜਦੂਤ ਹਰਮੋਨੇ ਨੇ ਅਕਤੂਬਰ ਮਹੀਨੇ ਮਲੇਸ਼ੀਆ ਸਰਕਾਰ ਨੂੰ ਪੁੱਛਿਆ ਸੀ, “ਮਾਲਕ ਮਕਾਨ ਆਜ਼ਾਦ ਘੁੰਮ ਰਿਹਾ ਹੈ, ਨਿਆਂ ਕਿੱਥੇ ਹੈ?”

ਦੂਤਾਵਾਸ ਨੇ ਉਸ ਲਈ ਕਾਨੂੰਨੀ ਸਲਾਹ ਲਈ ਹੈ ਅਤੇ ਮੇਰੀਅੰਸ ਦੇ ਮਾਲਕ ਵਿਰੁੱਧ ਮਾਮਲਾ ਮੁੜ ਸ਼ੁਰੂ ਕਰਨ ਲਈ ਯਤਨ ਕਰ ਰਿਹਾ ਹੈ।

"ਦੇਰੀ ਦਾ ਕਾਰਨ ਕੀ ਸੀ? ਕੀ ਪੰਜ ਸਾਲ ਕਾਫ਼ੀ ਸਮਾਂ ਨਹੀਂ ਹੈ? ਜੇ ਅਸੀਂ ਪੁੱਛੀਏ ਨਾ ਤਾਂ ਇਹ ਮਾਮਲਾ ਰਫ਼ਾ-ਦਫ਼ਾ ਹੋ ਜਾਵੇਗਾ, ਖ਼ਾਸ ਕਰਕੇ ਕਿਉਂਕਿ ਮੇਰੀਅੰਸ ਆਪਣੇ ਦੇਸ਼ ਪਰਤ ਚੁੱਕੀ ਹੈ।"

ਬੀਬੀਸੀ
BBC

ਮੇਰੀਅੰਸ ''''ਤੇ ਕੀ ਪਾਬੰਦੀਆਂ ਸਨ

  • ਮੇਰੀਅੰਸ ਨੂੰ ਫ਼ਲੈਟ ਵਿੱਚੋਂ ਬਾਹਰ ਜਾਣ ਦੀ ਇਜਾਜ਼ਤ ਨਹੀ ਸੀ।
  • ਫ਼ਲੈਟ ਦਾ ਲੋਹੇ ਦਾ ਗੇਟ ਹਮੇਸ਼ਾ ਬੰਦ ਰਹਿੰਦਾ ਸੀ ਅਤੇ ਉਸ ਕੋਲ ਚਾਬੀ ਨਹੀਂ ਸੀ।
  • ਗੁਆਂਢੀਆਂ ਨੂੰ ਪਤਾ ਹੀ ਨਹੀਂ ਸੀ ਕਿ ਮੇਰੀਅੰਸ ਉੱਥੇ ਕੰਮ ਕਰ ਰਹੇ ਸਨ।
  • ਤਸ਼ੱਦਦ ਅਤੇ ਕੁੱਟਮਾਰ ਉਦੋਂ ਹੀ ਰੁਕਦੀ ਸੀ ਜਦੋਂ ਉਸ ਦਾ ਮਾਲਕ ਥੱਕ ਜਾਂਦਾ ਸੀ।
  • ਮੇਰਿਅੰਸ ਨੂੰ ਹੀ ਫਰਸ਼ ਅਤੇ ਕੰਧਾਂ ''''ਤੇ ਪਏ ਉਸ ਦੇ ਖ਼ੂਨ ਦੇ ਛਿੱਟੇ ਸਾਫ਼ ਕਰਨ ਲਈ ਕਿਹਾ ਜਾਂਦਾ ਸੀ।
ਬੀਬੀਸੀ
BBC

ਅਸਹਿ ਅਦਾਲਤੀ ਕਾਰਵਾਈ

ਇਸ ਦਾ ਕਾਰਨ ਅਸਪੱਸ਼ਟ ਹੈ ਕਿ ਮਲੇਸ਼ੀਆ ਵਿੱਚ ਘਰੇਲੂ ਕੰਮ ਕਾਜ ਵਿੱਚ ਮਦਦ ਲਈ ਰੱਖੇ ਲੋਕਾਂ ਨਾਲ ਦੁਰਵਿਵਹਾਰ ਕਿਉਂ ਕੀਤਾ ਜਾਂਦਾ ਹੈ ਤੇ ਇਸ ਬਾਰੇ ਬਹੁਤ ਘੱਟ ਮੁਕੱਦਮੇ ਕਿਉਂ ਚੱਲਦੇ ਹਨ।

ਮਲੇਸ਼ੀਆ ਵਿੱਚ ਜ਼ਿਆਦਾਤਰ ਘਰੇਲੂ ਕਰਮਚਾਰੀ ਇੰਡੋਨੇਸ਼ੀਆ ਵਾਸੀ ਹੀ ਹਨ।

ਮਲੇਸ਼ੀਆ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਨੇ ਬੀਬੀਸੀ ਨੂੰ ਦੱਸਿਆ, "ਉਹ ਯਕੀਨੀ ਬਣਾਉਣਗੇ ਕਿ ਕਾਨੂੰਨ ਦੇ ਮੁਤਾਬਕ ਨਿਆਂ ਦਿੱਤਾ ਜਾਵੇਗਾ।"

2018 ਵਿੱਚ ਇੱਕ ਇੰਡੋਨੇਸ਼ੀਆਈ ਅਦਾਲਤ ਨੇ ਦੋ ਆਦਮੀਆਂ ਨੂੰ ਮੇਰੀਅੰਸ ਦੀ ਤਸਕਰੀ ਦੇ ਦੋਸ਼ ਵਿੱਚ ਜੇਲ੍ਹ ਭੇਜ ਦਿੱਤਾ ਸੀ।

ਜੱਜ ਨੇ ਫ਼ੈਸਲਾ ਸੁਣਾਇਆ ਸੀ ਕਿ ਉਸ ਨੂੰ ਮਲੇਸ਼ੀਆ ਵਿੱਚ "ਓਂਗ ਸੂ ਪਿੰਗ ਸੇਰੇਨ ਲਈ ਇੱਕ ਨੌਕਰਾਣੀ ਵਜੋਂ ਕੰਮ ਕਰਨ ਲਈ ਭੇਜਿਆ ਗਿਆ ਸੀ ਜਿਸ ਨੇ ਉਸ ਨੂੰ ਤਸੀਹੇ ਦਿੱਤੇ, ਜਿਸ ਨਾਲ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।"

ਫ਼ੈਸਲੇ ਵਿੱਚ ਮੇਰੀਅੰਸ ’ਤੇ ਜੋ ਬੀਤੀ ਉਸ ਦਾ ਵੇਰਵਿਆਂ ਨਾਲ ਵਰਣਨ ਕੀਤਾ ਗਿਆ ਸੀ।

ਕਿਹਾ ਗਿਆ ਸੀ ਕਿ ਮਾਲਕ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ, ਇੱਕ ਹਮਲੇ ਵਿੱਚ ਉਸ ਦਾ ਨੱਕ ਤੋੜਿਆ ਗਿਆ ਸੀ।

ਮਾਲਕ ਅਕਸਰ ਮੇਰੀਅੰਸ ਨੂੰ ਗਰਮ ਲੋਹੇ ਦਾ ਰਾਡ, ਟਵੀਜ਼ਰ, ਹਥੌੜੇ, ਡੰਡਿਆਂ ਜਾਂ ਚਿਮਟਿਆਂ ਨਾਲ ਤਸੀਹੇ ਦਿੰਦਾ ਸੀ।

ਅੱਠ ਸਾਲ ਬੀਤ ਜਾਣ ''''ਤੇ ਵੀ ਉਸ ਦੇ ਸਰੀਰ ''''ਤੇ ਸਹੇ ਤਸ਼ੱਦਦ ਦੇ ਨਿਸ਼ਾਨ ਬਾਕੀ ਹਨ। ਉਸ ਦੇ ਉਪਰਲੇ ਬੁੱਲ੍ਹ ''''ਤੇ ਡੂੰਘਾ ਦਾਗ਼ ਹੈ, ਉਸ ਦੇ ਚਾਰ ਦੰਦ ਟੁੱਟ ਚੁੱਕੇ ਹਨ ਤੇ ਇੱਕ ਕੰਨ ਖ਼ਰਾਬ ਹੈ।

ਉਸ ਦੇ ਪਤੀ ਕਾਰਵਿਅਸ ਨੇ ਕਿਹਾ ਕਿ ਜਦੋਂ ਮੇਰੀਅੰਸ ਘਰ ਪਰਤੀ ਤਾਂ ਉਹ ਉਸ ਨੂੰ ਪਛਾਣ ਨਾ ਸਕਿਆ, "ਜਦੋਂ ਉਨ੍ਹਾਂ ਨੇ ਮੈਨੂੰ ਮੇਰੀਅੰਸ ਦੀਆਂ ਹਸਪਤਾਲ ਵਿਚਲੀਆ ਤਸਵੀਰਾਂ ਦਿਖਾਈਆਂ ਤਾਂ ਮੈਂ ਹੱਕਾ-ਬੱਕਾ ਰਹਿ ਗਿਆ।"

ਮੇਰੀਅੰਸ ਆਪਣੇ ਪਤੀ ਤੇ ਬੱਚਿਆਂ ਨਾਲ
BBC / Dwiki Marta
ਮੇਰੀਅੰਸ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਿਦੇਸ਼ ਗਏ ਸੀ

ਮਲੇਸ਼ੀਆ ਦਾ ਸੱਭਿਆਚਾਰ

ਮਲੇਸ਼ੀਆ ਵਿੱਚ ਘਰੇਲੂ ਕਾਮੇ ਅਕਸਰ ਨਿਰਾਸ਼ਾਜਨਕ ਹਾਲਾਤ ਵਿੱਚ ਕੰਮ ਕਰਦੇ ਹਨ ਪਰ ਇਨ੍ਹਾਂ ਮਾਮਲਿਆਂ ਵਿੱਚ ਕਾਨੂੰਨੀ ਕਾਰਵਾਈ ਨਾ ਦੇ ਬਰਾਬਰ ਹੀ ਹੈ।

ਪਿਛਲੇ ਸਾਲ, ਮਲੇਸ਼ੀਆ ਅਤੇ ਇੰਡੋਨੇਸ਼ੀਆ ਦਰਮਿਆਨ ਇੰਡੋਨੇਸ਼ੀਆਈ ਘਰੇਲੂ ਕਰਮਚਾਰੀਆਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਇੱਕ ਸਮਝੌਤੇ ''''ਤੇ ਹਸਤਾਖ਼ਰ ਕੀਤੇ ਗਏ ਸਨ।

ਇੰਡੋਨੇਸ਼ੀਆ ਹੁਣ ਮੇਰੀਅੰਸ ਦੇ ਮਾਲਕ ਦੇ ਖਿਲਾਫ਼ ਕੇਸ ਨੂੰ ਦੁਬਾਰਾ ਸ਼ੁਰੂ ਕਰਨ ਲਈ ਲੋੜੀਂਦੇ ਸਬੂਤ ਇਕੱਤਰ ਕਰ ਰਿਹਾ ਹੈ।

ਉਸ ਵਰਗੇ ਗ਼ੈਰ-ਦਸਤਾਵੇਜ਼ੀ ਕਾਮੇ ਖਾਸ ਤੌਰ ''''ਤੇ ਕਮਜ਼ੋਰ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਪਾਸਪੋਰਟ ਖੋਹ ਲਏ ਜਾਂਦੇ ਹਨ। ਉਹ ਕਿਸੇ ਦੇਸ਼ ਵਿੱਚ ਰੁਜ਼ਗਾਰ ਲਈ ਪਹੁੰਚੇ ਹੁੰਦੇ ਹਨ। ਉਨ੍ਹਾਂ ਨੂੰ ਮਦਦ ਲੈਣ ਮੌਜੂਦ ਨਿਯਮਾਂ ਦੀ ਜਾਣਕਾਰੀ ਨਹੀਂ ਹੁੰਦੀ ਹੈ।

ਮਲੇਸ਼ੀਆ ਦੇ ਐੱਮਪੀ ਹੰਨਾਹ ਯੇਹ ਕਹਿੰਦੇ ਹਨ, "ਹਰ ਇੱਕ ਨੂੰ ਆਪਣੇ ਹੱਕਾਂ ਲਈ ਵਧੇਰੇ ਜ਼ਿੰਮੇਵਾਰੀ ਲੈਣ ਦੀ ਲੋੜ ਹੈ।"

ਉਨ੍ਹਾਂ ਕਿਹਾ ਕਿ ਜੋ ਘਰੇਲੂ ਕਰਮਚਾਰੀਆਂ ਨਾਲ ਹੁੰਦੇ ਦੁਰਵਿਵਹਾਰ ਪ੍ਰਤੀ ਚੁੱਪ ਰਹਿਣ ਦਾ ਸੱਭਿਆਚਾਰ ਪਨਪ ਰਿਹਾ ਹੈ ਤਾਂ ਉਹ ਇਸ ਨੂੰ ਖ਼ਤਮ ਕਰਨਾ ਚਾਹੁੰਦੇ ਹਨ।

ਮੇਰੀਅੰਸ ਕਾਬੂ
BBC

ਦੁਰਵਿਵਹਾਰ ਦੇ ਮਾਮਲੇ ਘੱਟ ਦਰਜ ਹੁੰਦੇ ਹਨ

ਮਲੇਸ਼ੀਆ ਦੇ ਮਨੁੱਖੀ ਸਰੋਤ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਅਧਿਕਾਰਿਤ ਤੌਰ ’ਤੇ 63,000 ਤੋਂ ਵੱਧ ਇੰਡੋਨੇਸ਼ੀਆਈ ਘਰੇਲੂ ਸਹਾਇਕ ਹਨ, ਪਰ ਇਸ ਵਿੱਚ ਗ਼ੈਰ-ਦਸਤਾਵੇਜ਼ੀ ਕਰਮਚਾਰੀ ਸ਼ਾਮਲ ਨਹੀਂ ਹਨ।

ਉਨ੍ਹਾਂ ਦੀ ਸੰਖਿਆ ਬਾਰੇ ਕੋਈ ਸਪੱਸ਼ਟ ਅਨੁਮਾਨ ਨਹੀਂ ਹੈ। ਇੰਡੋਨੇਸ਼ੀਆਈ ਦੂਤਾਵਾਸ ਦਾ ਕਹਿਣਾ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਕੋਲ ਦੁਰਵਿਵਹਾਰ ਦੇ ਕਰੀਬ 500 ਮਾਮਲੇ ਦਰਜ ਹੋਏ ਹਨ।

ਰਾਜਦੂਤ ਹਰਮੋਨੋ ਕਹਿੰਦੇ ਹਨ ਕਿ ਇਹ ਅੰਕੜਾ ਗੁੰਮਰਾਹ ਕਰਨ ਵਾਲਾ ਹੈ। ਵੱਡੀ ਗਿਣਤੀ ਗ਼ੈਰ-ਦਸਤਾਵੇਜ਼ੀ ਕਾਮੇ ਹਨ। ਜਿਨ੍ਹਾਂ ਦੇ ਮਾਮਲੇ ਵਿੱਚ ਰਿਪੋਰਟ ਦਰਜ ਹੀ ਨਹੀਂ ਹੁੰਦੀ।

ਉਹ ਕਹਿੰਦੇ ਹਨ, "ਮੈਨੂੰ ਨਹੀਂ ਪਤਾ ਕਿ ਇਹ ਕਦੋਂ ਖ਼ਤਮ ਹੋਵੇਗਾ। ਜੋ ਅਸੀਂ ਜਾਣਦੇ ਹਾਂ ਉਹ ਇਹ ਹੈ ਕਿ ਪੀੜਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹ ਤਸ਼ੱਦਦ ਸਹਿੰਦੇ ਹਨ, ਉਨ੍ਹਾਂ ਨੂੰ ਤਨਖ਼ਾਹਾਂ ਸਮੇਂ ਸਿਰ ਨਹੀਂ ਮਿਲਦੀਆਂ।"

ਦੂਤਾਵਾਸ ਨੇ ਇਸ ਗੱਲ ਦਾ ਰਿਕਾਰਡ ਨਹੀਂ ਰੱਖਿਆ ਕਿ ਦੁਰਵਿਵਹਾਰ ਦੇ ਕਿੰਨੇ ਕੇਸ ਅਦਾਲਤੀ ਮੁੱਕਦਮੇ ਤੱਕ ਪਹੁੰਚੇ ਸਨ।

ਹਾਂ, ਕਈ ਗੰਭੀਰ ਮਾਮਲਿਆ ਵਿੱਚ ਫ਼ੈਸਲੇ ਵੀ ਹੋਏ ਹਨ। 2008 ਵਿੱਚ ਮਲੇਸ਼ੀਆ ਦੀ ਇੱਕ ਔਰਤ ਨੂੰ ਆਪਣੀ ਇੰਡੋਨੇਸ਼ੀਆਈ ਨੌਕਰਾਣੀ ਨੂੰ ਤਸੀਹੇ ਦੇਣ ਲਈ 18 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਛੇ ਸਾਲ ਬਾਅਦ ਇੱਕ ਜੋੜੇ ਨੂੰ ਆਪਣੇ ਇੰਡੋਨੇਸ਼ੀਆਈ ਘਰੇਲੂ ਕਰਮਚਾਰੀ ਦੀ ਹੱਤਿਆ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਆਖ਼ਰੀ ਦਮ ਤੱਕ ਲੜਾਈ ਦਾ ਅਹਿਦ

ਮੇਰੀਅੰਸ ਕਹਿੰਦੇ ਹਨ,"ਮੈਂ ਮਰਨ ਤੱਕ ਨਿਆਂ ਲਈ ਲੜਾਂਗੀ। ਮੈਂ ਬਸ ਆਪਣੇ ਸਾਬਕਾ ਮਾਲਕ ਨੂੰ ਇਹ ਪੁੱਛਣ ਯੋਗ ਹੋਣਾ ਚਾਹੁੰਦੀ ਹਾਂ ਕਿ ਉਸ ਨੇ ਮੈਨੂੰ ਤਸੀਹੇ ਕਿਉਂ ਦਿੱਤੇ?"

32 ਸਾਲਾ ਮੇਰੀਅੰਸ ਨੇ ਆਪਣੇ ਬੱਚਿਆਂ ਖ਼ਾਤਰ ਵਿਦੇਸ਼ ਜਾ ਕੰਮ ਕਰਨ ਦਾ ਫ਼ੈਸਲਾ ਲਿਆ ਸੀ।

ਪੱਛਮੀ ਤਿਮੋਰ ਵਿੱਚ ਉਨ੍ਹਾਂ ਦੇ ਪਿੰਡ ਵਿੱਚ ਜ਼ਿੰਦਗੀ ਮੁਸ਼ਕਲ ਸੀ। ਪਿੰਡ ਵਿੱਚ ਨਾ ਤਾਂ ਬਿਜਲੀ ਹੈ ਅਤੇ ਨਾ ਹੀ ਪੀਣ ਲਈ ਸਾਫ਼ ਪਾਣੀ।

ਉਸ ਦੇ ਪਤੀ ਦਿਹਾੜੀਦਾਰ ਮਜ਼ਦੂਰ ਹਨ। ਛੇ ਜਣਿਆਂ ਦੇ ਪਰਿਵਾਰ ਦਾ ਗੁਜ਼ਾਰਾ ਕਾਫ਼ੀ ਔਖਾ ਹੈ।

ਖ਼ੁਸ਼ਹਾਲ ਜ਼ਿੰਦਗੀ ਦਾ ਸੁਫ਼ਨਾ

ਉਨ੍ਹਾਂ ਨੂੰ ਮਲੇਸ਼ੀਆ ਵਿੱਚ ਕੰਮ ਦੀ ਪੇਸ਼ਕਸ਼ ਹੋਈ ਤਾਂ ਉਹ ਅਤੇ ਪਰਿਵਾਰ ਦੇ ਜੀਅ ਚੰਗੇ ਭਵਿੱਖ ਦਾ ਸੁਫ਼ਨਾ ਦੇਖਣ ਲੱਗੇ ਸਨ।

ਪਰ ਜਦੋਂ ਉਹ ਅਪ੍ਰੈਲ 2014 ਵਿੱਚ ਕੁਆਲਾਲੰਪੁਰ ਪਹੁੰਚੀ ਤਾਂ ਏਜੰਟ ਨੇ ਉਸ ਦਾ ਪਾਸਪੋਰਟ ਲੈ ਕੇ ਉਸ ਦੇ ਮਾਲਕ ਨੂੰ ਸੌਂਪ ਦਿੱਤਾ। ਇੰਡੋਨੇਸ਼ੀਆ ਵਿੱਚ ਭਰਤੀ ਕਰਨ ਵਾਲਿਆਂ ਨੇ ਪਹਿਲਾਂ ਹੀ ਉਸਦਾ ਫ਼ੋਨ ਲੈ ਲਿਆ ਸੀ।

ਪਰ ਮੈਰਿਅੰਸ ਇੱਕ ਬਿਹਤਰ ਜ਼ਿੰਦਗੀ ਦੀ ਉਮੀਦ ਕਰਦੀ ਸੀ। ਉਸਦਾ ਕੰਮ "ਇੱਕ ਬਜ਼ੁਰਗ ਔਰਤ ਦੀ ਦੇਖਭਾਲ" ਕਰਨਾ ਸੀ। ਇਹ ਉਸ ਦੇ ਮਾਲਕ ਸੇਰੇਨ ਦੀ 93 ਸਾਲਾ ਮਾਂ ਸੀ।

ਨੌਕਰੀ ਸ਼ੁਰੂ ਕਰਨ ਤੋਂ ਤਿੰਨ ਹਫ਼ਤਿਆਂ ਬਾਅਦ ਮਰੇਅੰਸ ਨੂੰ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ ਸੀ।

ਇੱਕ ਸ਼ਾਮ, ਸੇਰੇਨ ਮੱਛੀ ਪਕਾਉਣਾ ਚਾਹੁੰਦਾ ਸੀ ਪਰ ਉਸ ਨੂੰ ਫਰਿੱਜ ਵਿੱਚ ਮੱਛੀ ਨਾ ਮਿਲੀ, ਕਿਉਂਕਿ ਮੇਰੀਅੰਸ ਨੇ ਗ਼ਲਤੀ ਨਾਲ ਇਸ ਨੂੰ ਫ੍ਰੀਜ਼ਰ ਵਿੱਚ ਰੱਖ ਦਿੱਤਾ ਸੀ।

ਮੇਰੀਅੰਸ ਦੱਸਦੇ ਹਨ ਉਸਨੇ ਜੰਮੀ ਹੋਈ ਮੱਛੀ ਅਚਨਾਕ ਉਸ ਦੇ ਸਿਰ ਵਿੱਚ ਮਾਰੀ ਜਿਸ ਨਾਲ ਮੇਰੀਅੰਸ ਦੇ ਸਿਰ ਵਿੱਚੋਂ ਖ਼ੂਨ ਨਿਕਲਣ ਲੱਗਿਆ ਸੀ।

ਉਸ ਤੋਂ ਬਾਅਦ ਕੁੱਟਮਾਰ ਦਾ ਸਿਲਸਲਾ ਸ਼ੁਰੂ ਹੋ ਗਿਆ।

ਘਰੋਂ ਬਾਹਰ ਜਾਣ ਦੀ ਮਨਾਹੀ

ਮੇਰੀਅੰਸ ਕਹਿੰਦੇ ਹਨ ਕਿ ਫ਼ਲੈਟ ਵਿੱਚੋਂ ਬਾਹਰ ਜਾਣ ਦੀ ਇਜਾਜ਼ਤ ਕਦੀ ਨਹੀਂ ਸੀ ਦਿੱਤੀ ਜਾਂਦੀ।

ਫ਼ਲੈਟ ਦਾ ਲੋਹੇ ਦਾ ਗੇਟ ਹਮੇਸ਼ਾ ਬੰਦ ਰਹਿੰਦਾ ਸੀ ਅਤੇ ਉਸ ਕੋਲ ਚਾਬੀ ਨਹੀਂ ਸੀ। ਉਸੇ ਬਲਾਕ ਵਿੱਚ ਰਹਿੰਦੇ ਚਾਰ ਗੁਆਂਢੀਆਂ ਨੂੰ ਪੁਲਿਸ ਦੇ ਆਉਣ ਤੱਕ ਉਸ ਦੇ ਉਥੇ ਰਹਿਣ ਬਾਰੇ ਕਦੇ ਪਤਾ ਹੀ ਨਹੀਂ ਲੱਗਿਆ ਸੀ।

ਗੁਆਂਢੀਆਂ ਵਿੱਚੋਂ ਇੱਕ ਨੇ ਕਿਹਾ, “ਮੈਂ ਉਸ ਨੂੰ ਸਿਰਫ਼ ਉਸੇ ਰਾਤ ਦੇਖਿਆ, ਜਦੋਂ ਉਸ ਨੂੰ ਬਚਾਇਆ ਜਾ ਰਿਹਾ ਸੀ।

ਮੇਰੀਅੰਸ ਦਾ ਕਹਿਣਾ ਹੈ ਕਿ ਤਸ਼ੱਦਦ ਅਤੇ ਕੁੱਟਮਾਰ ਉਦੋਂ ਹੀ ਰੁਕਦੀ ਸੀ ਜਦੋਂ ਉਸਦਾ ਮਾਲਕ ਥੱਕ ਜਾਂਦਾ ਸੀ।

ਫ਼ਿਰ ਉਹ ਮੇਰਿਅੰਸ ਨੂੰ ਫਰਸ਼ ਅਤੇ ਕੰਧਾਂ ''''ਤੇ ਪਏ ਉਸ ਦੇ ਖ਼ੂਨ ਦੇ ਛਿੱਟੇ ਖ਼ੁਦ ਹੀ ਸਾਫ਼ ਕਰਨ ਨੂੰ ਕਹਿੰਦਾ।

ਉਹ ਕਹਿੰਦੇ ਹਨ ਕਿ ਕਈ ਵਾਰ ਅਜਿਹਾ ਵੀ ਸਮਾਂ ਆਇਆ ਜਦੋਂ ਉਸਨੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਬਾਰੇ ਸੋਚਿਆ। ਪਰ ਪਿੱਛੇ ਘਰ ਵਿੱਚ ਆਪਣੇ ਚਾਰ ਬੱਚਿਆਂ ਬਾਰੇ ਸੋਚ ਕੇ ਉਹ ਫ਼ਿਕਰਮੰਦ ਹੋ ਜਾਂਦੀ ਸੀ।

ਉਹ ਕਹਿੰਦੇ ਹਨ, "ਮੈਂ ਮੋੜਵਾਂ ਹਮਲਾ ਕਰਨ ਬਾਰੇ ਵੀ ਸੋਚਦੀ ਸੀ, ਪਰ ਡਰ ਜਾਂਦੀ ਕਿ ਉਹ ਮੈਂਨੂੰ ਮਾਰ ਹੀ ਦੇਵੇਗਾ।"

ਬਗ਼ਾਵਤ ਦਾ ਆਲਮ

ਇੱਕ ਦਿਨ 2014 ਦੇ ਆਖ਼ਰੀ ਮਹੀਨਿਆਂ ਵਿੱਚ ਉਸ ਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ। ਉਸ ਨੂੰ ਅਪਣਾ ਆਪ ਬਦਲਿਆ ਹੋਇਆ ਮਹਿਸੂਸ ਹੋਇਆ।

ਉਹ ਕਹਿੰਦੇ ਹਨ, "ਮੈਂ ਇਸਨੂੰ ਹੋਰ ਨਹੀਂ ਸਹਿ ਸਕਦੀ ਸੀ। ਮੈਂ ਨਾਰਾਜ਼ ਸੀ, ਮਾਲਕ ਨਾਲ ਨਹੀਂ ਆਪਣੇ ਆਪ ਨਾਲ। ਆਪਣੇ ਆਪ ਨਾਲ ਗੁੱਸਾ ਕਰ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਦੀ ਹਿੰਮਤ ਇਕੱਠੀ ਕਰਨ ਲੱਗੀ।"

ਇਹ ਉਦੋਂ ਹੈ ਜਦੋਂ ਉਸਨੇ ਇੱਕ ਚਿੱਠੀ ਲਿੱਖ ਮਦਦ ਮੰਗੀ ਸੀ।

ਬੀਬੀਸੀ ਨੇ ਇਲਜ਼ਾਮਾਂ ਦੇ ਜਵਾਬ ਲਈ ਉਸਦੇ ਮਾਲਕ ਓਂਗ ਸੂ ਪਿੰਗ ਸੇਰੇਨ ਤੱਕ ਪਹੁੰਚਣ ਲਈ ਕਈ ਕੋਸ਼ਿਸ਼ਾਂ ਕੀਤੀਆਂ, ਪਰ ਉਸ ਨੇ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।

ਮੇਰੀਅੰਸ ਦਾ ਕਹਿਣਾ ਹੈ ਕਿ ਉਸ ਦੀ ਨਿਆਂ ਦੀ ਲੜਾਈ ਵੀ ਉਸ ਵਰਗੇ ਕਮਜ਼ੋਰਾਂ ਦੀ ਮਦਦ ਦੀ ਜੰਗ ਹੈ।

ਰਾਜਦੂਤ ਹਰਮੋਨੋ ਇੱਕ ਘਰੇਲੂ ਕਰਮਚਾਰੀ ਦਾ ਇੱਕ ਹੋਰ ਮਾਮਲਾ ਲੜ ਰਹੇ ਹਨ।

ਉਹ ਦੂਜੇ ਮਾਮਲੇ ਬਾਰੇ ਦੱਸਿਆ ਕਹਿੰਦੇ ਹਨ,"ਮਨੁੱਖੀ ਕਾਰਨਾਂ ਤੋਂ ਪਰੇ’ ਤਸੀਹੇ ਦਿੱਤੇ ਗਏ ਸਨ ਅਤੇ ਕਈਆਂ ਨੂੰ ਭੁੱਖਿਆਂ ਰੱਖਕੇ ਮਾਰਿਆ ਗਿਆ ਸੀ।"

ਜਦੋਂ ਉਸ ਨੂੰ ਬਚਾਇਆ ਗਿਆ ਤਾਂ ਉਸ ਦਾ ਵਜ਼ਨ ਸਿਰਫ਼ 30 ਕਿਲੋ ਸੀ। ਉਸ ਦਾ ਮਾਲਕ ਇਸ ਸਮੇਂ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ।

ਪਰ 20 ਸਾਲਾ ਅਡੇਲੀਨਾ ਉਨ੍ਹਾਂ ਵਰਗੀਆਂ 100 ਅਜਿਹੀਆਂ ਔਰਤਾਂ ਵਿੱਚੋਂ ਸੀ ਜਿਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ।

ਅਡੇਲੀਨਾ ਨੂੰ ਕਥਿਤ ਤੌਰ ''''ਤੇ ਉਸ ਦੇ ਮਾਲਕ ਦੁਆਰਾ ਭੁੱਖਾ ਰੱਖਿਆ ਗਿਆ ਅਤੇ ਤਸੀਹੇ ਦਿੱਤੇ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਉਸਦੇ ਮਾਲਕ ''''ਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ ਪਰ 2019 ਵਿੱਚ ਇਹ ਮਾਮਲਾ ਬੰਦ ਹੋ ਗਿਆ ਸੀ। ਕੇਸ ਨੂੰ ਮੁੜ ਖੋਲ੍ਹਣ ਦੀ ਅਪੀਲ ਪਿਛਲੇ ਸਾਲ ਰੱਦ ਕਰ ਦਿੱਤੀ ਗਈ ਸੀ।

ਅਡੇਲੀਨਾ ਪੱਛਮੀ ਤਿਮੋਰ ਦੇ ਮੇਰੀਅਂਸ ਇੰਡੋਨੇਸ਼ੀਆਂ ਦੇ ਇੱਕੋ ਜ਼ਿਲ੍ਹੇ ਨਾਲ ਸਬੰਧਿਤ ਹਨ।

ਮੇਰਿਅੰਸ ਦਾ ਕਹਿਣਾ ਹੈ ਕਿ ਉਹ ਅਡੇਲੀਨਾ ਦੀ ਮਾਂ ਨੂੰ ਉਨ੍ਹਾਂ ਦੇ ਪਿੰਡ ਵਿੱਚ ਮਿਲੀ ਅਤੇ ਉਸ ਨੂੰ ਕਿਹਾ, "ਭਾਵੇਂ ਤੁਹਾਡੀ ਧੀ ਮਰ ਗਈ ਹੈ, ਉਸਦੀ ਆਵਾਜ਼ ਮੇਰੇ ਵਿੱਚ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News