ਭਾਰਤ-ਸ਼ਾਸਿਤ ਕਸ਼ਮੀਰ ’ਚ ਕਦੇ ਐਕਟਿਵ ਰਹੇ ਅੱਤਵਾਦੀਆਂਂ ਦੀਆਂ ਪਾਕਿਸਤਾਨ ’ਚ ਕਿਵੇਂ ਰਹੱਸਮਈ ਮੌਤਾਂ ਹੋ ਰਹੀਆਂ ਹਨ
Thursday, Mar 02, 2023 - 07:15 PM (IST)



ਤਾਰੀਖ਼: 26 ਫਰਵਰੀ, 2023। ਸਥਾਨ : ਕਰਾਚੀ, ਗੁਲਿਸਤਾਨ ਜੌਹਰ। ਵਾਰਦਾਤ: 55 ਸਾਲਾ ਖ਼ਾਲਿਦ ਰਜ਼ਾ ਦਾ ਕਤਲ। ਮੁਲਜ਼ਮ: ਅਣਪਛਾਤਾ ਮੋਟਰਸਾਈਕ ਸਵਾਰ।
ਤਾਰੀਖ਼: 20 ਪਰਵਰੀ, 2023। ਸਥਾਨ: ਰਾਵਲਪਿੰਡੀ। ਵਾਰਦਾਤ: 60 ਸਾਲਾ ਬਸ਼ੀਰ ਅਹਿਮਦ ਦਾ ਕਤਲ। ਮੁਲਜ਼ਮ: ਅਣਪਛਾਤਾ ਮੋਟਰਸਾਈਕ ਸਵਾਰ।
ਤਾਰੀਖ਼: ਮਾਰਚ, 2022। ਸਥਾਨ: ਕਰਾਚੀ। ਅਖ਼ਤਰ ਕਾਲੋਨੀ, ਵਾਰਦਾਤ: ਮਿਸਤਰੀ ਜ਼ਾਹਿਦ ਇਬਰਾਹਿਮ ਦਾ ਕਤਲ। ਮੁਲਜ਼ਮ: ਅਣਪਛਾਤਾ ਮੋਟਰਸਾਈਕ ਸਵਾਰ।

ਕਤਲ ਦੀਆ ਇਨ੍ਹਾਂ ਤਿੰਨੇ ਵਾਰਦਾਤਾਂ ’ਚ ਭਾਵੇਂ ਜਗ੍ਹਾ ਵੱਖੋ-ਵੱਖ ਹੈ, ਪਰ ਵਾਰਦਾਤ ਕਰਨ ਦਾ ਤਰੀਕਾ ਇਕੋ ਜਿਹਾ ਹੀ ਹੈ। ਅਣਪਛਾਤੇ ਲੋਕਾਂ ਨੇ ਨਿਰਧਾਰਿਤ ਕੀਤਾ ਕਿ ਕਿਸ ਨੂੰ ਮਾਰਨਾ ਹੈ ਤੇ ਇਹ ਕਾਰਾ ਕੀਤਾ। ਜਿਸ ਨੂੰ ਅਸੀਂ ਟਾਰਗੇਟ ਕਲਿੰਗ ਵੀ ਕਹਿੰਦੇ ਹਨ।
ਪਾਕਿਸਤਾਨ ’ਚ ਅਜਿਹੀਆਂ ਘਟਨਾਵਾਂ ਕੋਈ ਨਵੀਂਆਂ ਨਹੀਂ ਹਨ, ਪਰ ਜੇਕਰ ਮਾਰੇ ਗਏ ਲੋਕਾਂ ਦੇ ਅਤੀਤ ’ਤੇ ਝਾਤ ਮਾਰੀਏ ਤਾਂ ਮਾਰੇ ਜਾਣ ਵਾਲੇ ਵਿਆਕਤੀਆਂ ਦੀ ਸ਼ਨਾਖਤ ਸੌਖਿਆਂ ਹੋ ਜਾਂਦੀ ਹੈ।
ਖਾਲਿਦ ਰਜ਼ਾ, ਬਸ਼ੀਰ ਅਹਿਮਦ ਅਤੇ ਮਿਸਤਰੀ ਜ਼ਾਹਿਦ… ਤਿੰਨਾਂ ਦਾ ਸੰਬੰਧ ਅਜਿਹੇ ਅੱਤਵਾਦੀ ਸੰਗਠਨਾਂ ਨਾਲ ਰਿਹਾ ਹੈ, ਜੋ ਕਦੇ ਨਾ ਕਦੇ ਭਾਰਤ ਸ਼ਾਸਿਤ ਕਸ਼ਮੀਰ ’ਚ ਸਰਗਰਮ ਰਹੇ ਹਨ।
ਭਾਰਤ ਦੀ ਖ਼ੁਫੀਆ ਮੁਹਿੰਮ
ਕੀ ਭਾਰਤ, ਪਾਕਿਸਤਾਨ ’ਚ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਖਿਲਾਫ਼ ਖ਼ੁਫੀਆ ਮੁਹਿੰਮ ਦਾ ਆਗਾਜ਼ ਕਰ ਚੁੱਕਿਆ ਹੈ?
ਕਰਾਚੀ ਦੇ ਗੁਲਿਸਤਾਨ ਜੌਹਰ ਇਲਾਕੇ ’ਚ ਕੁਝ ਅਣਪਛਾਤੇ ਹਮਲਾਵਰਾ ਨੇ ਇੱਕ 55 ਸਾਲਾ ਸਾਬਕਾ ਕਸ਼ਮੀਰੀ ਅੱਤਵਾਦੀ ਕਮਾਂਡਰ ਸੈਯਦ ਖ਼ਾਲਿਦ ਰਜ਼ਾ ਦਾ 26 ਫ਼ਰਵਰੀ, ਐਤਵਾਰ ਦੇ ਦਿਨ, ਉਸ ਦੇ ਘਰ ਦੇ ਬਾਹਰ ਹੀ ਕਤਲ ਕਰ ਦਿੱਤਾ ਗਿਆ ਸੀ।
ਸੈਯਦ ਖ਼ਾਲਿਦ ਰਜ਼ਾ ਭਾਰਤ ਸ਼ਾਸਿਤ ਕਸ਼ਮੀਰ ’ਚ ਭਾਰਤੀ ਸੈਨਿਕਾਂ ਦੇ ਵਿਰੁੱਧ 90 ਦੇ ਦਹਾਕੇ ’ਚ ਅਲ ਬਦਰ ਮੁਜਾਹਿਦੀਨ ਸੰਗਠਨ ਦਾ ਇੱਕ ਪ੍ਰਮੁੱਖ ਆਗੂ ਰਿਹਾ ਸੀ, ਪਰ 9/11 ਤੋਂ ਬਾਅਦ ਕਸ਼ਮੀਰੀ ਅੱਤਵਾਦੀ ਸੰਗਠਨਾਂ ’ਤੇ ਸਰਕਾਰੀ ਪਾਬੰਦੀਆਂ ਤੋਂ ਬਾਅਦ ਉਹ ਹਥਿਆਰਬੰਦ ਅੱਤਵਾਦੀ ਜ਼ਿੰਦਗੀ ਨੂੰ ਤਿਆਗ ਕੇ ਸਿੱਖਿਆ ਦੇ ਖੇਤਰ ਨਾਲ ਜੁੜ ਗਏ ਸਨ।
ਸੈਯਦ ਖ਼ਾਲਿਦ ਰਜ਼ਾ ਦੇ ਕਤਲ ਦੀ ਜ਼ਿੰਮੇਵਾਰੀ ਸਰਕਾਰ ਵਿਰੋਧੀ ਨਸਲੀ ਅਤੇ ਵੱਖਵਾਦੀ ਹਥਿਆਰਬੰਦ ਸੰਗਠਨ ਸਿੰਧੂ ਦੇਸ਼ ਆਰਮੀ ਨੇ ਲਈ ਹੈ, ਪਰ ਇਹ ਆਪਣੀ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ।
ਅਸਲ ’ਚ ਸੈਯਦ ਖ਼ਾਲਿਦ ਰਜ਼ਾ ਦਾ ਕਤਲ ਭਾਰਤ ਸ਼ਾਸਿਤ ਕਸ਼ਮੀਰ ਦੇ ਅੱਤਵਾਦੀ ਕਮਾਂਡਰ ਦੀਆਂ ਰੱਹਸਮਈ ਮੌਤਾਂ ਦੇ ਸਿਲਸਿਲੇ ਦੀ ਇੱਕ ਕੜੀ ਹੈ, ਜੋ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਜਾਰੀ ਹੈ।
ਪਿਛਲੇ ਇੱਕ ਹਫ਼ਤੇ ’ਚ ਇਹ ਦੂਜੀ ਅਤੇ ਇੱਕ ਸਾਲ ਵਿੱਚ ਵਾਪਰੀ ਪੰਜਵੀਂ ਅਜਿਹੀ ਘਟਨਾ ਹੈ, ਜਿਸ ਵਿੱਚ ਖ਼ਾਸ ਕਸ਼ਮੀਰੀ ਅੱਤਵਾਦੀ ਸੰਗਠਨਾਂ ਦੇ ਮੌਜੂਦਾ ਅਤੇ ਸਾਬਕਾ ਕਮਾਂਡਰ ਨੂੰ ਅਣਪਛਾਤੇ ਹਮਲਾਵਰਾਂ ਨੇ ਟਾਰਗੇਟ ਕਿਲਿੰਗ ਦਾ ਨਿਸ਼ਾਨਾ ਬਣਾਇਆ ਹੋਵੇ। ਇਨ੍ਹਾਂ ਹਮਲਿਆਂ ’ਚ ਸੈਯਦ ਖ਼ਾਲਿਦ ਰਜ਼ਾ ਸਮੇਤ ਤਿੰਨ ਪ੍ਰਮੁੱਖ ਕਮਾਂਡਰ ਮੌਤ ਦੇ ਘਾਟ ਉਤਾਰੇ ਗਏ ਹਨ।

ਸੈਯਦ ਖ਼ਾਲਿਦ ਰਜ਼ਾ ਕੌਣ ਸਨ?
ਕਰਾਚੀ ਜਮਾਤ-ਏ-ਇਸਲਾਮੀ ਦੇ ਇੱਕ ਆਗੂ ਇੰਜੀਨੀਅਰ ਨਈਮੁਰ ਰਹਿਮਾਨ ਨੇ ਇੱਕ ਸੋਸ਼ਲ ਮੀਡੀਆ ਸੰਦੇਸ਼ ’ਚ ਸੈਯਦ ਖ਼ਾਲਿਦ ਰਜ਼ਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਹੈ ਕਿ ਉਹ ਦੋਵੇਂ ਜਮਾਤ-ਏ-ਇਸਲਾਮੀ ਦੇ ਵਿਦਿਆਰਥੀ ਸੰਗਠਨ ਇਸਲਾਮੀ ਜਮੀਅਤ-ਏ-ਤਲਬਾ ‘ਚ ਸਾਥੀ ਰਹੇ ਸਨ।
ਕਰਾਚੀ ਦੇ ਸੀਨੀਅਰ ਪੱਤਰਕਾਰ ਫ਼ੈਜ਼ੁੱਲ੍ਹਾ ਖ਼ਾਨ ਮੁਤਾਬਕ ਸੈਯਦ ਖ਼ਾਲਿਦ ਰਜ਼ਾ ਦਾ ਸਬੰਧ ਕਰਾਚੀ ਦੀ ਬਿਹਾਰੀ ਬਰਾਦਰੀ ਨਾਲ ਸੀ।
90ਵੇਂ ਦਹਾਕੇ ਦੀ ਸ਼ੁਰੂ ’ਚ ਅਫ਼ਗਾਨਿਸਤਾਨ ਦੇ ਅਲ ਬਦਰ ਸੰਗਠਨ ਦੇ ਕੈਂਪਾਂ ਵਿੱਚ ਸਿਖਲਾਈ ਹਾਸਲ ਕਰਨ ਤੋਂ ਬਾਅਦ ਉਹ ਭਾਰਤ ਸ਼ਾਸਿਤ ਕਸ਼ਮੀਰ ਆ ਕੇ ਰਹਿਣ ਲੱਗੇ। ਇਥੇ ਰਜ਼ਾ ਨੇ ਭਾਰਤੀ ਸੈਨਿਕਾਂ ਦੇ ਖਿਲਾਫ਼ ਲੜਾਈ ਵਿੱਚ ਹਿੱਸਾ ਲਿਆ ਸੀ।
ਪਰ 1993 ’ਚ ਪਾਕਿਸਤਾਨ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਅਲ ਬਦਰ ਸੰਗਠਨ ਦਾ ਅਹੁਦੇਦਾਰ ਬਣਾਇਆ ਗਿਆ ਸੀ।
ਅਲ ਬਦਰ ਮੁਜਾਹਿਦੀਨ ਜਮਾਤ-ਏ-ਇਸਲਾਮੀ ਦੀ ਇੱਕ ਸਹਿਯੋਗੀ ਹਥਿਆਰਬੰਦ ਵਿੰਗ ਰਹੀ ਹੈ ਅਤੇ 80 ਦੇ ਦਹਾਕੇ ਦੀ ਸ਼ੁਰੂਆਤ ਤੋਂ ਅਫ਼ਗਾਨਿਸਤਾਨ ਅਤੇ ਫ਼ਿਰ ਭਾਰਤ ਸ਼ਾਸਿਤ ਕਸ਼ਮੀਰ ’ਚ ਸਰਗਰਮ ਰਹੀ ਹੈ।
ਕੁਝ ਅੰਦਰੂਨੀ ਮਤਭੇਦਾਂ ਦੇ ਚਲਦਿਆਂ ਅਲ ਬਦਰ ਮੁਜਾਹਿਦੀਨ 90 ਦੇ ਦਹਾਕੇ ਦੇ ਅਖੀਰ ’ਚ ਜਮਾਤ-ਏ-ਇਸਲਾਮੀ ਤੋਂ ਵੱਖ ਹੋ ਗਿਆ ਸੀ।
ਉਸ ਸਮੇਂ ਜਮਾਤ-ਏ-ਇਸਲਾਮੀ ਸੈਯਦ ਸਲਾਹੁਦੀਨ ਦੀ ਅਗਵਾਈ ਵਾਲੀ ਹਿਜ਼ਬੁਲ ਮੁਜਾਹਿਦੀਨ ਦਾ ਸਮਰਥਨ ਕਰ ਰਹੀ ਸੀ ਅਤੇ ਜਮਾਤ ਦੀ ਇੱਛਾ ਸੀ ਕਿ ਅਲ ਬਦਰ, ਹਿਜ਼ਬੁਲ ਮੁਜਾਹਿਦੀਨ ’ਚ ਸ਼ਾਮਲ ਹੋ ਜਾਵੇ।

ਫ਼ੈਜ਼ੁੱਲ੍ਹਾ ਖ਼ਾਨ ਮੁਤਾਬਕ ਜਦੋਂ 90 ਦੇ ਦਹਾਕੇ ਦੇ ਅਖੀਰ ‘ਚ ਸੈਯਦ ਖ਼ਾਲਿਦ ਰਜ਼ਾ ਨੂੰ ਕਰਾਚੀ ਡਿਵੀਜ਼ਨ ਦੇ ਲਈ ਅਲ ਬਦਰ ਦਾ ਪ੍ਰਮੁੱਖ ਐਲਾਨਿਆ ਗਿਆ ਤਾਂ ਉਹ ਪੂਰੇ ਸੂਬੇ ‘ਚ ਸੰਗਠਨ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂ ਸਨ।
9/11 ਤੋਂ ਬਾਅਦ ਜਦੋਂ ਸਾਬਕਾ ਫੌਜ ਮੁੱਖੀ ਪਰਵੇਜ਼ ਮੁਸ਼ੱਰਫ ਵੱਲੋਂ ਪਾਕਿਸਤਾਨ ‘ਚ ਅੱਤਵਾਦੀ ਸੰਗਠਨਾਂ ‘ਤੇ ਪਾਬੰਦੀ ਲਗਾਈ ਗਈ ਤਾਂ ਉਨ੍ਹਾਂ ਸੰਗਠਨਾਂ ਦੇ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ‘ਚ ਸੈਯਦ ਖ਼ਾਲਿਦ ਰਜ਼ਾ ਵੀ ਸ਼ਾਮਲ ਸਨ। ਜੋ ਕਿ ਕੁਝ ਸਾਲ ਕੈਦ ਕੱਟਣ ਤੋਂ ਬਾਅਦ ਹੌਲੀ-ਹੌਲੀ ਕੱਟੜਪੰਥੀ ਕਾਰਵਾਈਆਂ ਤੋਂ ਵੱਖ ਹੋ ਗਏ ਅਤੇ ਸਿੱਖਿਆ ਦੇ ਖੇਤਰ ਨਾਲ ਜੁੜ ਗਏ।
ਬਸ਼ੀਰ ਅਹਿਮਦ ਦਾ ਕਤਲ
ਸੈਯਦ ਖ਼ਾਲਿਦ ਰਜ਼ਾ ਦੇ ਕਤਲ ਤੋਂ ਪਹਿਲਾਂ 20 ਫ਼ਰਵਰੀ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨਾਲ ਲੱਗਦੇ ਰਾਵਲਪਿੰਡੀ ਸ਼ਹਿਰ ਵਿੱਚ ਕਸ਼ਮੀਰੀ ਕਮਾਂਡਰ ਬਸ਼ੀਰ ਅਹਿਮਦ ਪੀਰ ਉਰਫ਼ ਇਮਤਿਆਜ਼ ਆਲਮ ਨੂੰ ਮਗ਼ਰੀਬ (ਸੂਰਜ ਡੁੱਬਣ ਸਮੇਂ) ਦੀ ਨਮਾਜ਼ ਤੋਂ ਬਾਅਦ ਘਰ ਜਾਂਦੇ ਸਮੇਂ ਕੁਝ ਅਣਪਛਾਤੇ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਸੀ।
ਹਮਲਾਵਰ ਫ਼ਰਾਰ ਹੋ ਗਏ ਤੇ ਰਜ਼ਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਪੱਤਰਕਾਰ ਜਲਾਲੂਦੀਨ ਮੁਗ਼ਲ ਦੀ ਇੱਕ ਰਿਪੋਰਟ ਮੁਤਾਬਕ 60 ਸਾਲਾ ਬਸ਼ੀਰ ਅਹਿਮਦ ਦਾ ਸੰਬੰਧ ਭਾਰਤ ਸ਼ਾਸਿਤ ਕਸਮੀਰ ਦੇ ਜ਼ਿਲ੍ਹਾ ਸ਼੍ਰੀਨਗਰ ਦੇ ਕੁਪਵਾੜਾ ਖੇਤਰ ਨਾਲ ਸੀ ਅਤੇ ਉਹ 80ਵੇਂ ਦਹਾਕੇ ਦੇ ਅਖ਼ੀਰ ਤੋਂ ਸਭ ਤੋਂ ਵੱਡੇ ਕਸ਼ਮੀਰੀ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਹੋਏ ਸਨ।
ਉਹ 90ਵੇਂ ਦਹਾਕੇ ਦੀ ਸ਼ੁਰੂਆਤ ’ਚ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਚਲੇ ਗਏ ਸਨ। ਉਹ ਹਿਜ਼ਬੁਲ ਮੁਜਾਹਿਦੀਨ ਦੀ ਸੁਪਰੀਮ ਕੌਂਸਲ ਦੇ ਮੈਂਬਰ ਹੋਣ ਤੋਂ ਇਲਾਵਾ ਸੰਗਠਨ ਦੇ ਸੰਸਥਾਪਕ ਤੋਂ ਬਾਅਦ ਇੱਕ ਪ੍ਰਭਾਵਸ਼ਾਲੀ ਕਮਾਂਡਰ ਮੰਨੇ ਜਾਂਦੇ ਸਨ।

ਪਾਕਿਸਤਾਨ ਸਰਕਾਰ ਨੇ ਭਾਰਤ ਸਿਰ ਮੜਿਆ ਇਲਜ਼ਾਮ
ਪਿਛਲੇ ਸਾਲ ਮਾਰਚ ਮਹੀਨੇ ਕਰਾਚੀ ਦੀ ਅਖ਼ਤਰ ਕਾਲੋਨੀ ’ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੈਂਬਰ ਮਿਸਤਰੀ ਜ਼ਾਹਿਦ ਇਬਰਾਹਿਮ ਦਾ ਕਤਲ ਹੋਇਆ ਸੀ।
ਦੋ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਇੱਕ ਫ਼ਰਨੀਚਰ ਸਟੋਰ ’ਚ ਪਿਸਤੌਲ ਨਾਲ ਨਿਸ਼ਾਨਾ ਬਣਾਇਆ ਸੀ।
ਮਿਸਤਰੀ ਜ਼ਾਹਿਦ ਇਬਰਾਹਿਮ ਦਸੰਬਰ 1999 ’ਚ ਨੇਪਾਲ ਤੋਂ ਇੱਕ ਭਾਰਤੀ ਯਾਤਰੂ ਜਹਾਜ਼ ਨੂੰ ਹਾਈਜੈਕ ਕਰਨ ਦੀ ਸਾਜਿਸ਼ ‘ਚ ਸ਼ਾਮਲ ਸਨ। ਇਸ ਜਹਾਜ਼ ਨੂੰ ਹਾਈਜੈਕ ਕਰਕੇ ਕਾਬੁਲ ਲਿਜਾਇਆ ਗਿਆ ਸੀ।
ਅਗਵਾਕਾਰਾਂ ਨੇ ਭਾਰਤੀ ਜੇਲ੍ਹ ’ਚ ਸਾਲਾਂ ਤੋਂ ਬੰਦ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਪ੍ਰਧਾਨ ਮੌਲਾਨਾ ਮਸੂਦ ਅਜ਼ਹਰ ਨੂੰ ਦੋ ਹੋਰ ਕਮਾਂਡਰਾਂ ਮੁਸ਼ਤਾਕ ਜ਼ਰਗਰ ਅਤੇ ਉਮਰ ਸਾਈਦ ਸ਼ੇਖ ਸਮੇਤ ਰਿਹਾਅ ਕਰਵਾਇਆ ਸੀ।
ਮਿਸਤਰੀ ਜ਼ਾਹਿਦ ਇਬਰਾਹਿਮ ਦਾ ਕਤਲ ਕਿਵੇਂ ਹੋਇਆ ਅਤੇ ਕਿਸ ਨੇ ਕੀਤਾ, ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਹੈ।
ਪਰ ਇਸ ਤੋਂ ਪਹਿਲਾਂ ਇੱਕ ਹੋਰ ਮਹੱਤਵਪੂਰਨ ਅੱਤਵਾਦੀ ਸੰਗਠਨ ਦੇ ਕਮਾਂਡਰ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਹੋਇਆ ਸੀ ਜਿਸ ਦਾ ਇਲਜ਼ਾਮ ਪਾਕਿਸਤਾਨ ਨੇ ਭਾਰਤ ਸਿਰ ਮੜਿਆ ਸੀ।
ਜੂਨ 2021 ’ਚ ਲਾਹੌਰ ਦੇ ਜੌਹਰ ਟਾਊਨ ਇਲਾਕੇ ਵਿੱਚ ਇੱਕ ਕਾਰ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਜਮਾਤ-ਉਦ-ਦਾਵਾ ਦੇ ਪ੍ਰਧਾਨ ਹਾਫ਼ਿਜ਼ ਸਈਦ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਧਮਾਕੇ ਵਿੱਚ ਹਾਫਿਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤਾਂ ਸੁਰੱਖਿਅਤ ਬਚ ਗਏ ਪਰ ਚਾਰ ਹੋਰ ਲੋਕ ਮਾਰੇ ਗਏ ਸਨ।

ਦਸੰਬਰ 2021 ’ਚ ਪਾਕਿਸਤਾਨ ਦੀ ਵਿਦੇਸ਼ ਮਾਮਲਿਆ ਦੀ ਰਾਜ ਮੰਤਰੀ ਹਿਨਾ ਰੱਬਾਨੀ ਖਰ ਨੇ ਇੱਕ ਪ੍ਰੈਸ ਕਾਨਫਰੰਸ ’ਚ ਦਾਅਵਾ ਕੀਤਾ ਸੀ ਕਿ ਏਜੰਸੀਆਂ ਦੀ ਰਿਪੋਰਟ ਮੁਤਾਬਕ ਇਸ ਹਮਲੇ ਵਿੱਚ ਭਾਰਤ ਦਾ ਹੱਥ ਸੀ।
ਹਿਨਾ ਰੱਬਾਨੀ ਖਰ ਨੇ ਉਸ ਘਟਨਾ ਦੇ ਜਵਾਬ ’ਚ ਸੰਯੁਕਤ ਰਾਸ਼ਟਰ ਨੂੰ ਭਾਰਤ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।
ਲਾਹੌਰ ਦੇ ਸੀਨੀਅਰ ਪੱਤਰਕਾਰ ਮਾਜਿਦ ਨਿਜ਼ਾਮੀ ਮੁਤਾਬਕ, ਪਾਕਿਸਤਾਨ ਵਿੱਚ ਕਸ਼ਮੀਰੀ ਅੱਤਵਾਦੀ ਸੰਗਠਨਾਂ ਖ਼ਿਲਾਫ਼ ਭਾਰਤ ਦੀਆਂ ਕਥਿਤ ਕਾਰਵਾਈਆਂ ਦੇ ਜਨਤਕ ਹੋਣ ਦੀ ਪਹਿਲੀ ਘਟਨਾ ਸਾਲ 2013 ਵਿੱਚ ਲਾਹੌਰ ’ਚ ਹਾਫਿਜ਼ ਸਈਦ ਦੇ ਨਜ਼ਦੀਕੀ ਸਾਥੀ ਖ਼ਾਲਿਦ ਬਸ਼ੀਰ ਦਾ ਅਗਵਾ ਹੋਣਾ ਅਤੇ ਫ਼ਿਰ ਬੇਰਹਿਮੀ ਨਾਲ ਕਤਲ ਸੀ।
ਬਸ਼ੀਰ ਦੀ ਲਾਸ਼ ਦੋ ਦਿਨ ਬਾਅਦ ਲਾਹੌਰ ਨਾਲ ਲੱਗਦੇ ਜ਼ਿਲ੍ਹਾ ਸ਼ੇਖਪੁਰਾ ਵਿਖੇ ਬਰਾਮਦ ਹੋਈ ਸੀ।
ਹਾਫਿਜ਼ ਸਈਦ ਦੀ ਸੁਰੱਖਿਆ ਬਾਰੇ ਜਾਣਕਾਰੀ ਲੈਣ ਲਈ ਮੁਲਜ਼ਮਾਂ ਦੀ ਜ਼ਬਰਦਸਤ ਕੁੱਟਮਾਰ ਵਿੱਚ ਹਾਫਿਜ਼ ਖ਼ਾਲਿਦ ਬਸ਼ੀਰ ਦੀਆਂ ਹੱਡੀਆਂ ਟੁੱਟ ਗਈਆਂ ਸਨ ਅਤੇ ਫ਼ਿਰ ਉਨ੍ਹਾਂ ਦੀਆ ਅੱਖਾਂ ਵਿੱਚ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਮਾਜਿਦ ਨਿਜ਼ਾਮੀ ਮੁਤਾਬਕ ਭਾਵੇਂ ਕਿ ਬਸ਼ੀਰ ਦੇ ਕਤਲ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ, ਪਰ ਸੁਰੱਖਿਆ ਏਜੰਸੀਆਂ ਦੀ ਜਾਂਚ ਅਨੁਸਾਰ ਇਸ ਘਟਨਾ ਦੇ ਤਾਰ ਭਾਰਤੀ ਖ਼ੁਫ਼ੀਆ ਏਜੰਸੀਆਂ ਨਾਲ ਜੁੜਦੇ ਸਨ।
ਮਾਜਿਦ ਨਿਜ਼ਾਮੀ ਮੁਤਾਬਕ ਇਸ ਘਟਨਾ ’ਚ ਗ੍ਰਿਫ਼ਤਾਰ ਕੀਤੇ ਗਏ 2 ਮੁਲਜ਼ਮਾਂ ਨੂੰ ਬਾਅਦ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।
ਇਨ੍ਹਾਂ ਨੇ ਹੀ ਸੁਰੱਖਿਆ ਏਜੰਸੀਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਇਸ ਕੰਮ ਨੂੰ ਪੂਰਾ ਕਰਨ ਦਾ ਆਦੇਸ਼ ਇੱਕ ਖਾੜੀ ਦੇਸ਼ ਤੋਂ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਦੇ ਅਧਿਕਾਰੀਆਂ ਨੇ ਦਿੱਤਾ ਸੀ।
ਅਜਿਹੀਆਂ ਘਟਨਾਵਾਂ ਜੋ ਜਨਤਕ ਹੀ ਨਹੀਂ ਹੋਈਆਂ
ਜਨਤਕ ਹੋਣ ਵਾਲੀਆਂ ਇਨ੍ਹਾਂ ਘਟਨਾਵਾਂ ਤੋਂ ਇਲਾਵਾ ਹਾਲ ਹੀ ਵਿੱਚ ਕੁਝ ਹੋਰ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਸੰਗਠਨਾਂ ਦੇ ਪ੍ਰਮੁੱਖ ਕਮਾਂਡਰਾਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਤਾਂ ਕੀਤਾ ਗਿਆ ਪਰ ਇਹ ਘਟਨਾਵਾਂ ਮੀਡੀਆ ਵਿੱਚ ਸਾਹਮਣੇ ਆਈਆਂ ਹੀ ਨਹੀਂ ਸਨ।
ਮਾਜਿਦ ਨਿਜ਼ਾਮੀ ਮੁਤਾਬਕ, ਮਿਸਾਲ ਵੱਜੋਂ ਪਿਛਲੇ ਸਾਲ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ’ਚ ਹਿਜ਼ਬੁਲ ਮੁਜਾਹਿਦੀਨ ਦੇ ਸੰਸਥਾਪਕ ਪ੍ਰਧਾਨ ਸੈਯਦ ਸਲਾਹੁਦੀਨ ਦੀ ਗੱਡੀ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਯੋਜਨਾ ਬਣਾਈ ਗਈ ਸੀ। ਜਿਸ ਨੂੰ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ ਸੀ।
ਪੱਤਰਕਾਰ ਫੈਜ਼ੁਲ੍ਹਾ ਖ਼ਾਨ ਨੇ ਦੱਸਿਆ ਕਿ ਕਰੀਬ 2 ਹਫ਼ਤੇ ਪਹਿਲਾਂ ਕਰਾਚੀ ਦੀ ਅਖ਼ਤਰ ਕਾਲੋਨੀ ’ਚ ਜੈਸ਼-ਏ-ਮੁਹੰਮਦ ਦੇ ਜ਼ਾਹਿਦ ਇਬਰਾਹਿਮ ਮਿਸਤਰੀ ਦੇ ਨਜ਼ਦੀਕੀ ਸਾਥੀ ਅਤੇ ਭਾਰਤੀ ਜਹਾਜ਼ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਇੱਕ ਹੋਰ ਸ਼ੱਕੀ ਨੂੰ ਉਨ੍ਹਾਂ ਦੇ ਹੀ ਘਰ ’ਚ ਤਿੰਨ ਹਮਲਾਵਰਾਂ ਵੱਲੋਂ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਗਈ ਸੀ।
ਪਰ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਹਮਲਾਵਰਾਂ ਦੀ ਕਾਲ ਟ੍ਰੇਸ ਕਰਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਇੰਨ੍ਹਾਂ ਰਹੱਸਮਈ ਘਟਨਾਵਾਂ ’ਚ ਸ਼ਾਮਲ ਕੌਣ ਹੈ ?
ਹਾਲਾਂਕਿ ਸੈਯਦ ਖ਼ਾਲਿਦ ਰਜ਼ਾ ਦੇ ਕਤਲ ਦੀ ਜ਼ਿੰਮੇਵਾਰੀ ਸਿੰਧੂ ਦੇਸ਼ ਸੰਗਠਨ ਨੇ ਲਈ ਹੈ ਪਰ ਇਸ ਬਿਆਨ ’ਚ ਇਸ ਹਮਲੇ ਦਾ ਕੋਈ ਠੋਸ ਕਾਰਨ ਸਾਹਮਣੇ ਨਹੀਂ ਆ ਰਿਹਾ ਹੈ।
ਜਿਸ ਤੋਂ ਕਿ ਇਹ ਪਤਾ ਲੱਗ ਸਕੇ ਕਿ ਅਸਲ ’ਚ ਇਸੇ ਸੰਗਠਨ ਨੇ ਹੀ ਇਸ ਵਾਰਦਾਤ ਦੀ ਯੋਜਨਾ ਬਣਾਈ ਸੀ।
ਸੰਗਠਨ ਨੇ ਆਪਣੇ ਬਿਆਨ ਵਿੱਚ ਸੈਯਦ ਖ਼ਾਲਿਦ ਰਜ਼ਾ ਦੇ ਕਤਲ ਨੂੰ ਸਿੰਧ ’ਚ ਧਾਰਮਿਕ ਕੱਟੜਪੰਥੀਆਂ ਅਤੇ ਬਸਤੀਵਾਦੀਆਂ ਖ਼ਿਲਾਫ਼ ਕਾਰਵਾਈ ਦਾ ਹਿੱਸਾ ਦੱਸਿਆ ਹੈ।
ਪਰ ਇਸ ਨਜ਼ਰੀਏ ਤੋਂ ਕਰਾਚੀ ਅਤੇ ਸਿੰਧ ਵਿੱਚ ਕਰੋੜਾਂ ਹੀ ਲੋਕ ਇਸ ਸੰਗਠਨ ਦੇ ਨਿਸ਼ਾਨੇ ਉੱਤੇ ਆ ਸਕਦੇ ਸਨ, ਪਰ ਸੈਯਦ ਖ਼ਾਲਿਦ ਰਜ਼ਾ ਨੂੰ ਹੀ ਕਿੁੳਂ ਚੁਣਿਆ ਗਿਆ?
ਦੂਜੇ ਪਾਸੇ ਜੇਕਰ ਇਸ ਕਤਲ ਨੂੰ ਉੱਪਰ ਲਿਖੀਆਂ ਘਟਨਾਵਾਂ ਦੇ ਸੰਦਰਭ ਵਿੱਚ ਵੇਖਿਆ ਜਾਵੇ ਤਾਂ ਇਹ ਪਾਕਿਸਤਾਨ ਦੀ ਧਰਤੀ ਉੱਤੇ ਭਾਰਤ ਵੱਲੋਂ ਆਪਣੇ ਹਥਿਆਰਬੰਦ ਵਿਰੋਧੀਆਂ ਖ਼ਿਲਾਫ਼ ਇੱਕ ਸਰਗਰਮ ਕਾਰਵਾਈ ਦੀ ਸ਼ੁਰੂਆਤ ਲੱਗਦੀ ਹੈ।
ਜਿਸ ਦਾ ਮਕਸਦ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਮੁੜ ਕਿਸੇ ਹਿੰਸਕ ਅੰਦੋਲਨ ਦੇ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਦੇ ਰਸਤੇ ਨੂੰ ਬੰਦ ਕਰਨਾ ਹੈ।
ਇਸ ਦਾ ਇੱਕ ਦਿਲਚਸਪ ਪਿਛੋਕੜ ਭਾਰਤੀ ਮੀਡੀਆ ’ਚ ਉਨ੍ਹਾਂ ਹਮਲਿਆਂ ਬਾਰੇ ਪ੍ਰਕਾਸ਼ਿਤ ਹੋਇਆ ਪ੍ਰਤੀਕ੍ਰਮ ਵੀ ਹੈ। ਜਿਸ ਵਿੱਚ ਉਨ੍ਹਾਂ ਨੇ ਜਸ਼ਨ ਮਨਾਏ ਸਨ।
ਇਨ੍ਹਾਂ ਜਸ਼ਨਾਂ ਨੂੰ ਭਾਰਤੀ ਏਜੰਸੀਆਂ ਨੇ ਆਪਣੇ ਦੁਸ਼ਮਣਾਂ ਖ਼ਿਲਾਫ਼ ਸਫਲ ਕਾਰਵਾਈਆਂ ਦੇ ਸਿਲਸਿਲੇ ਵੱਜੋਂ ਦਰਸਾਇਆ ਸੀ।
ਕੁਝ ਭਾਰਤੀ ਲੋਕਾਂ ਨੇ ਤਾਂ ਉਨ੍ਹਾਂ ਹਮਲਿਆਂ ਦੀ ਤੁਲਨਾ ਇਜ਼ਰਾਈਲ ਦੀ ਖੁਫ਼ੀਆ ਏਜੰਸੀ ‘ਮੋਸਾਦ’ ਦੀ ਫ਼ਿਲਸਤੀਨੀ ਹਥਿਆਰਬੰਦ ਅੰਦੋਲਨਕਾਰੀ ਸੰਗਠਨਾਂ ਦੀ ਲੀਡਰਸ਼ਿਪ ਅਤੇ ਮੈਂਬਰਾਂ ਖ਼ਿਲਾਫ਼ ਕੀਤੀ ਕਾਰਵਾਈ ਨਾਲ ਕੀਤੀ ਹੈ। ਹਾਲਾਂਕਿ ਭਾਰਤ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਮਾਜਿਦ ਨਿਜ਼ਾਮੀ ਮੁਤਾਬਕ ਮਾਰੇ ਗਏ ਲੋਕਾਂ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਵਾਲੇ ਸੰਗਠਨ ਦੇ ਲੋਕਾਂ ਨੇ ਵੀ ਉਨ੍ਹਾਂ ਘਟਨਾਵਾਂ ਵਿੱਚ ਭਾਰਤ ਦੀ ਸ਼ਮੂਲੀਅਤ ਦੀ ਗੱਲ ਆਖੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਸਮੇਤ ਹੋਰ ਅਜਿਹੇ ਲੋਕਾਂ ਨੂੰ ਆਪਣੇ ਸੰਗਠਨਾਂ ਵੱਲੋਂ ਆਵਾਜਾਈ ਘਟਾਉਣ ਅਤੇ ਸੁਰੱਖਿਆ ਉਪਾਵਾਂ ਨੂੰ ਵਧਾਉਣ ਦੀ ਰਾਏ ਦਿੱਤੀ ਗਈ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)