ਕੈਨੇਡਾ ਜਾਣ ਦਾ ਮੌਕਾ ਸੀ, ਪਰ ਸਿੰਗਾਪੁਰ ਤੋਂ ਪੜ੍ਹੀ ਇਸ ਕੁੜੀ ਨੇ ਪੰਜਾਬ ਵਿੱਚ ਹੀ ਰਹਿ ਕੇ ਕੀਤਾ ਕਮਾਲ
Tuesday, Feb 28, 2023 - 10:30 AM (IST)


ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ਾਂ ’ਚ ਜਾ ਕੇ ਕਮਾਈ ਕਰਨ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਪਰ ਅੱਜ ਅਸੀਂ ਕਹਾਣੀ ਉਸ ਕੁੜੀ ਦੀ ਦੱਸਾਂਗੇ ਜਿਸ ਨੇ ਵਿਦੇਸ਼ ਵਿੱਚ ਸੈੱਟਲ ਹੋਣ ਦਾ ਬਦਲ ਛੱਡ ਕੇ ਪੰਜਾਬ ਵਿੱਚ ਹੀ ਆਪਣਾ ਕਾਰੋਬਾਰ ਸ਼ੁਰੂ ਕੀਤਾ।
ਇਹ ਕਹਾਣੀ ਹੈ ਪਠਾਨਕੋਟ ਨਾਲ ਸਬੰਧਤ ਮੁਟਿਆਰ ਅਮਨ ਹੁੰਦਲ ਦੀ, ਜੋ ਕਿ ਅੱਜ ਕੱਲ੍ਹ ਮੁਹਾਲੀ ਵਿੱਚ ਆਪਣਾ ਰੈਸਟੋਰੈਂਟ ਚਲਾਉਂਦੇ ਹਨ। ਰੈਸਟੋਰੈਂਟ ਸ਼ੁਰੂ ਕਰਨ ਤੋਂ ਪਹਿਲਾਂ ਅਮਨ ਨੇ ਕਰੀਬ ਅੱਠ ਮਹੀਨੇ ਸੜਕ ਕਿਨਾਰੇ ਖਾਣ-ਪੀਣ ਦੇ ਸਮਾਨ ਵਾਲੀ ਰੇਹੜੀ(ਕਾਰਟ) ਲਗਾਈ ਸੀ।
ਸਿੰਗਾਪੁਰ ਤੋਂ ਪੜ੍ਹ ਕੇ ਆਈ ਅਮਨ ਨੇ ਅਜਿਹਾ ਕਿਉਂ ਕੀਤਾ, ਜਦਕਿ ਉਸ ਕੋਲ ਪੜ੍ਹਾਈ ਤੋਂ ਬਾਅਦ ਉਸ ਦੇ ਪਰਿਵਾਰ ਨਾਲ ਕੈਨੇਡਾ ਜਾ ਕੇ ਸੈੱਟਲ ਹੋਣ ਦਾ ਬਦਲੀ ਸੀ ? ਸੜਕ ਕਿਨਾਰੇ ਰੇਹੜੀ ਲਗਾਉਣਾ ਇੱਕ ਪੜ੍ਹੀ-ਲਿਖੀ ਮੁਟਿਆਰ ਲਈ ਕਿੰਨਾ ਚੁਣੌਤੀਪੂਰਨ ਰਿਹਾ ਅਤੇ ਕਿਵੇਂ ਉਸ ਦਾ ਕਾਰੋਬਾਰ ਰੇਹੜੀ ਤੋਂ ਰੈਸਟੋਰੈਂਟ ਤੱਕ ਪਹੁੰਚਿਆ ?

ਅਮਨ ਹੁੰਦਲ ਨੇ ਇਸੇ ਸਾਲ ਜਨਵਰੀ ਮਹੀਨੇ ਮੁਹਾਲੀ ਵਿੱਚ ਆਪਣਾ ਇੱਕ ਛੋਟਾ ਜਿਹਾ ਰੈਸਟੋਰੈਂਟ ਸ਼ੁਰੂ ਕੀਤਾ ਹੈ। ਇਸ ਤੋਂ ਪਹਿਲਾਂ ਇਸ ਰੈਸਟੋਰੈਂਟ ਦੇ ਨੇੜੇ ਹੀ ਸੜਕ ਕਿਨਾਰੇ ਇੱਕ ਕਾਰਟ ਲਗਾਇਆ ਸੀ।
ਅਮਨ ਕਹਿੰਦੇ ਹਨ ਕਿ ਉਹ ਬਹੁਤ ਥੋੜ੍ਹੇ ਨਿਵੇਸ਼ ਨਾਲ ਜ਼ਮੀਨੀ ਪੱਧਰ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੇ ਸੀ। ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਵੀ ਇਸ ਬਾਰੇ ਨਹੀਂ ਦੱਸਿਆ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਬਾਅਦ ਉਨ੍ਹਾਂ ਦੇ ਮਾਪਿਆ ਨੂੰ ਇਸ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੇ ਸਾਥ ਦਿੱਤਾ।
ਉਨ੍ਹਾਂ ਦੱਸਿਆ, "ਮੈਂ ਪਠਾਨਕੋਟ ਤੋਂ ਫ਼ੈਸ਼ਨ ਡਿਜ਼ਾਈਨਿੰਗ ਵਿੱਚ ਗ੍ਰੈਜੁਏਸ਼ਨ ਕੀਤੀ ਹੈ। ਉਸ ਲਾਈਨ ਵਿੱਚ ਮੈਨੂੰ ਜ਼ਿਆਦਾ ਦਿਲਚਸਪੀ ਨਹੀਂ ਆਈ। ਮੈਂ ਇੱਕ-ਦੋ ਸਾਲ ਚੀਨਾ ਰਹੀ, ਮੈਂ ਕੰਮ ਕੀਤਾ, ਆਪਣਾ ਟਰੇਡਿੰਗ ਦਾ ਕੰਮ ਕੀਤਾ।"
"ਸੋ ਮੇਰਾ ਜੋ ਪਲਾਨ ਸੀ ਕਿ ਮੈਂ ਆਪਣਾ ਖੁਦ ਦਾ ਇੱਕ ਰੈਸਟੋਰੈਂਟ ਸ਼ੁਰੂ ਕਰਾਂ ਪਰ ਸਾਨੂੰ ਜਦੋਂ ਉਸ ਦੀ ਡੂੰਘਾਈ ਨਾਲ ਜਾਣਕਾਰੀ ਨਹੀਂ ਹੈ ਤਾਂ ਅਸੀਂ ਕਿਉਂ ਕਰਾਂਗੇ। ਸੋ ਇਸ ਕਰਕੇ ਮੈਂ ਇੱਕ ਛੋਟਾ ਜਿਹਾ ਕੋਰਸ ਸਿੰਗਾਪੁਰ ਤੋਂ ਕੀਤਾ ਕਿ ਹੋਟਲ ਮੈਨੇਜਮੈਂਟ ਹੁੰਦਾ ਕੀ ਹੈ।“

“ਮੈਂ ਛੇ ਮਹੀਨੇ ਦੇ ਕੋਰਸ ਤੋਂ ਬਾਅਦ ਆਪਣੀ ਛੇ ਮਹੀਨੇ ਦੀ ਟ੍ਰੇਨਿੰਗ ਉੱਥੇ ਪੂਰੀ ਨਹੀਂ ਕੀਤੀ। ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਜੋ ਟਰੇਨਿੰਗ ਮੇਨੂੰ ਕਰਵਾਈ ਜਾ ਰਹੀ ਹੈ ਉਸ ਨਾਲ ਮੈਨੂੰ ਜ਼ਿਆਦਾ ਫ਼ਾਇਦਾ ਨਹੀਂ ਹੋ ਰਿਹਾ, ਇਸ ਲਈ ਮੈਂ ਇੰਡੀਆ ਆ ਕੇ ਆਪਣੀ ਟਰੇਨਿੰਗ ਖੁਦ ਕੀਤੀ।“
ਸਿੰਗਾਪੁਰ ਤੋਂ ਕੋਰਸ ਕਰਨ ਬਾਅਦ ਅਮਨ ਇੰਡੀਆ ਆਏ ਤਾਂ ਉਨ੍ਹਾਂ ਦਾ ਪਰਿਵਾਰ ਉਸ ਨੂੰ ਆਪਣੇ ਨਾਲ ਕੈਨੇਡਾ ਲੈ ਕੇ ਜਾਣਾ ਚਾਹੁੰਦਾ ਸੀ। ਅਮਨ ਨੇ ਸਾਨੂੰ ਦੱਸਿਆ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਇੱਕ-ਦੋ ਸਾਲ ਦੇ ਦੇਓ, ਮੈਂ ਘੁੰਮਣਾ ਚਾਹੁੰਦੀ ਹਾਂ।"
"ਫਿਰ ਮੈਂ ਮੁਹਾਲੀ ਆਪਣੀ ਮਾਂ ਦੀ ਇੱਕ ਸਹੇਲੀ ਦੇ ਘਰ ਰਹਿਣ ਲਈ ਆ ਗਈ ਅਤੇ ਬਿਨ੍ਹਾਂ ਪਰਿਵਾਰ ਨੂੰ ਦੱਸਿਆਂ ਸੜਕ ਕਿਨਾਰੇ ਫੂਡ ਕਾਰਟ ਸ਼ੁਰੂ ਕਰ ਲਿਆ। ਉਨ੍ਹਾਂ ਆਂਟੀ (ਮਾਂ ਦੀ ਸਹੇਲੀ) ਨੇ ਮੇਰਾ ਸਾਥ ਦਿੱਤਾ। ਉਨ੍ਹਾਂ ਦੇ ਨਾਮ ’ਤੇ ਹੀ ਮੈਂ ਆਪਣਾ ਕਾਰੋਬਾਰ ਸ਼ੁਰੂ ਕੀਤਾ।”

ਅਮਨ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਸਨ
- ਪਠਾਨਕੋਟ ਨਾਲ ਸਬੰਧਤ ਅਮਨ ਹੁੰਦਲ ਮੁਹਾਲੀ ਵਿੱਚ ਆਪਣਾ ਰੈਸਟੋਰੈਂਟ ਚਲਾਉਂਦੇ ਹਨ।
- ਅਮਨ ਸਿੰਗਾਪੁਰ ਤੋਂ ਕੋਰਸ ਕਰਨ ਬਾਅਦ ਅਮਨ ਇੰਡੀਆ ਆਏ ਤੇ ਆਪਣਾ ਕੰਮ ਸ਼ੁਰੂ ਕੀਤਾ।
- ਰੈਸਟੋਰੈਂਟ ਸ਼ੁਰੂ ਕਰਨ ਤੋਂ ਪਹਿਲਾਂ ਅਮਨ ਨੇ ਕਰੀਬ ਅੱਠ ਮਹੀਨੇ ਸੜਕ ਕਿਨਾਰੇ ਖਾਣ-ਪੀਣ ਦੇ ਸਮਾਨ ਵਾਲੀ ਰੇਹੜੀ (ਕਾਰਟ) ਲਗਾਈ ਸੀ।
- ਅਮਨ ਕਹਿੰਦੇ ਹਨ ਕਿ ਉਹ ਬਹੁਤ ਥੋੜ੍ਹੇ ਨਿਵੇਸ਼ ਨਾਲ ਜ਼ਮੀਨੀ ਪੱਧਰ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੇ ਸੀ।
- ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਬਾਅਦ ਉਨ੍ਹਾਂ ਦੇ ਮਾਪਿਆ ਨੂੰ ਉਨ੍ਹਾਂ ਦੇ ਕੰਮ ਬਾਰੇ ਪਤਾ ਲੱਗਿਆ।
- ਉਨ੍ਹਾਂ ਕੋਲ ਮਾਪਿਆਂ ਨਾਲ ਕੈਨੇਡਾ ਜਾਣ ਦਾ ਮੌਕਾ ਵੀ ਸੀ।
- ਅਮਨ ਹੁੰਦਲ ਕਹਿੰਦੇ ਹਨ ਕਿ ਉਸ ਨੂੰ ਵਿਦੇਸ਼ਾਂ ਨਾਲ਼ੋਂ ਪੰਜਾਬ ਵਧੇਰੇ ਚੰਗਾ ਲਗਦਾ ਹੈ।

ਕਿਵੇਂ ਰਿਹਾ ਫੂਡ ਕਾਰਟ (ਰੇਹੜੀ) ਲਾਉਣ ਦਾ ਤਜਰਬਾ ?
ਅਮਨ ਕਹਿੰਦੇ ਹਨ ਕਿ ਫੂਡ ਕਾਰਟ ਯਾਨੀ ਖਾਣ-ਪੀਣ ਵਾਲੇ ਸਮਾਨ ਦੀ ਰੇਹੜੀ ਜਦੋਂ ਲਾਉਣ ਬਾਰੇ ਸੋਚਿਆਂ ਤਾਂ ਸ਼ੁਰੂਆਤ ਵਿੱਚ ਥੋੜ੍ਹੀ ਸ਼ਰਮ ਮਹਿਸੂਸ ਵੀ ਹੋਈ ਪਰ ਜਦੋਂ ਤੁਸੀਂ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ‘ਈਗੋ’ ਨੂੰ ਪਿੱਛੇ ਛੱਡਣਾ ਪੈਂਦਾ ਹੈ।
ਪਹਿਲੇ ਦਿਨ ਸਟਾਲ ਲਗਾਉਣ ਦੇ ਤਜਰਬੇ ਬਾਰੇ ਅਮਨ ਨੇ ਸਾਨੂੰ ਦੱਸਿਆ, “ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਇਹ ਸੋਚਿਆ ਨਹੀਂ ਸੀ ਕਿ ਖੁਦ ਉੱਥੇ ਖੜ੍ਹੀ ਹੋਵਾਂਗੀ। ਮੈਂ ਸੋਚਿਆ ਸੀ ਕਿ ਸਮਾਨ ਤਿਆਰ ਕਰਕੇ ਭੇਜ ਦੇਵਾਂਗੀ ਅਤੇ ਅੱਗੇ ਕੋਈ ਕੰਮ ਕਰਨ ਵਾਲਾ ਰੱਖਾਂਗੀ ਜੋ ਉੱਥੇ ਖੜ੍ਹ ਕੇ ਗਾਹਕ ਨੂੰ ਸਮਾਨ ਵੇਚੇਗਾ।"

"ਪਰ ਫਿਰ ਮੈਨੂੰ ਲੱਗਾ ਕਿ ਚੀਜ਼ ਬਣਾਉਣੀ ਤੇ ਫਿਰ ਵੇਚਣੀ ਵੀ ਇੱਕ ਕਲਾ ਹੈ। ਮੈਨੂੰ ਪਹਿਲੇ ਦਿਨ ਤੋਂ ਹੀ ਲੱਗਾ ਕਿ ਮੇਰਾ ਕੰਮ ਹੈ ਮੈਂ ਖੁਦ ਜਾਵਾਂ। ਮੈਂ ਉੱਥੇ ਖੜ੍ਹੀ ਮੈਨੂੰ ਚੰਗਾ ਲੱਗਿਆ ਅਤੇ ਚੰਗੇ ਨੌਕਰੀ ਪੇਸ਼ਾ ਲੋਕ ਉੱਥੇ ਆ ਕੇ ਖੜ੍ਹ ਕੇ ਖਾਣਾ ਖਾਂਦੇ ਸੀ।”
ਉਹ ਦੱਸਦੇ ਹਨ ਕਿ ਦਿਨ ਵਿੱਚ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਹੈ। ਜ਼ਿਆਦਾਤਰ ਗਾਹਕ ਚੰਗਾ ਵਤੀਰਾ ਹੀ ਰੱਖਦੇ ਹਨ, ਪਰ ਕੁਝ ਰੁੱਖਾ ਬੋਲਦੇ ਹਨ। ਜਾਂ ਕਈ ਵਾਰ ਕਿਸੇ ਨੂੰ ਆਰਡਰ ਪਸੰਦ ਨਹੀਂ ਆਉਂਦਾ, ਤਾਂ ਹਰ ਗਾਹਕ ਨਾਲ ਨਜਿੱਠਣਾ ਪੈਂਦਾ ਹੈ।
ਬਦਲ ਹੋਣ ਦੇ ਬਾਵਜੂਦ ਕਿਉਂ ਕੈਨੇਡਾ ਨਹੀਂ ਗਈ ?
ਫੂਡ ਕਾਰਟ ਤੋਂ ਰੈਸਟੋਰੈਂਟ ਤੱਕ ਪਹੁੰਚਣ ਵਾਲੀ ਅਮਨ ਹੁੰਦਲ ਕਹਿੰਦੀ ਹੈ ਕਿ ਉਸ ਨੂੰ ਵਿਦੇਸ਼ਾਂ ਨਾਲ਼ੋਂ ਪੰਜਾਬ ਵਧੇਰੇ ਚੰਗਾ ਲਗਦਾ ਹੈ।
ਉਹ ਕਹਿੰਦੀ ਹੈ, “ਮੇਰੇ ਮਾਪੇ ਕੈਨੇਡਾ ਰਹਿੰਦੇ ਹਨ। ਇੱਕ ਭਰਾ ਕੈਨੇਡਾ ਅਤੇ ਇੱਕ ਨਿਊਜ਼ੀਲੈਂਡ ਵਿੱਚ ਹੈ। ਪਰ ਮੇਰੇ ਮਾਪਿਆਂ ਦਾ ਦਿਲ ਹਾਲੇ ਵੀ ਪੰਜਾਬ ਵੱਲ ਭੱਜਦਾ ਹੈ। ਸਾਰੇ ਦੇਸ਼ ਆਪਣੀ ਥਾਂ ਵਧੀਆਂ ਨੇ, ਪਰ ਜੋ ਖੁਸ਼ੀ ਪੰਜਾਬ ਵਿੱਚ ਹੈ ਉਹ ਕਿਤੇ ਨਹੀਂ।”
ਅਮਨ ਨੇ ਦੱਸਿਆ, “ਮੇਰੇ ਮਾਪਿਆ ਨੂੰ ਜਦੋਂ ਮੇਰੇ ਇਸ ਕਾਰੋਬਾਰ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਹੈਰਾਨ ਵੀ ਹੋਏ ਅਤੇ ਖੁਸ਼ ਵੀ। ਉਨ੍ਹਾਂ ਲਈ ਇਹ ਬਹੁਤ ਵੱਡੀ ਗੱਲ ਸੀ ਕਿ ਜੋ ਕੰਮ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕਰਦੇ ਹਨ, ਉਨ੍ਹਾਂ ਦੀ ਧੀ ਨੇ ਪੰਜਾਬ ਵਿੱਚ ਰਹਿ ਕੇ ਕਰ ਦਿਖਾਇਆ ਹੈ।"
"ਅੱਜ ਦੁਨੀਆ ਕੀ ਸੋਚਦੀ ਹੈ, ਇਸ ਨਾਲ ਮੈਨੂੰ ਫ਼ਰਕ ਨਹੀਂ ਪੈਂਦਾ, ਸਾਡੀ ਦੁਨੀਆ ਸਾਡੇ ਮਾਪਿਆ ਨਾਲ ਹੁੰਦੀ ਹੈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਸਾਨੂੰ ਪਹਿਲੇ ਦਿਨ ਕਿਉਂ ਨਹੀਂ ਦੱਸਿਆ ਅਸੀਂ ਤੈਨੂੰ ਕੁਝ ਵੱਡਾ ਕੰਮ ਖੋਲ੍ਹ ਕੇ ਦਿੰਦੇ। ਮੈਂ ਕਿਹਾ ਇਸੇ ਲਈ ਨਹੀਂ ਦੱਸਿਆ ਕਿਉਂਕਿ ਮੈਂ ਖੁਦ ਕੁਝ ਕਰਨਾ ਚਾਹੁੰਦੀ ਸੀ।”

ਅਮਨ ਕਹਿੰਦੇ ਹਨ, “ਜਦੋਂ ਕੁੜੀਆਂ ਵਿਦੇਸ਼ਾਂ ਵਿੱਚ ਜਾਂਦੀਆਂ ਨੇ ਉਦੋਂ ਕੋਈ ਨਹੀਂ ਰੋਕਦਾ, ਉਦੋਂ ਤਾਂ ਮਾਪੇ ਨਹੀਂ ਕਹਿੰਦੇ ਕਿ ਤੂੰ ਰਾਤ ਨੂੰ 12 ਵਜੇ ਕੰਮ ਕਰ ਰਹੀ ਹੈਂ ਜਾਂ 2 ਵਜੇ ਸ਼ਿਫ਼ਟ ਲਗਾ ਰਹੀ ਹੈਂ। ਸਾਡੇ ਇੱਥੇ ਜੇ ਸ਼ਾਮ ਦੇ ਛੇ ਵੀ ਵੱਜ ਜਾਂਦੇ ਆ ਤਾਂ ਵੀ ਕੁੜੀ ਨੂੰ ਸੁਰੱਖਿਅਤ ਨਹੀਂ ਸਮਝਿਆ ਜਾਂਦਾ। ਮੈਨੂੰ ਇਹ ਚੀਜ਼ ਚੰਗੀ ਨਹੀਂ ਲਗਦੀ ਸੀ।”
ਉਹ ਦੱਸਦੇ ਹਨ ਕਿ ਅੱਠ ਮਹੀਨੇ ਤੱਕ ਦੁਪਹਿਰ ਦੇ ਖਾਣੇ ਦੀ ਰੇਹੜੀ (ਫੂਡ ਕਾਰਟ) ਲਗਾਈ। ਉਹ ਘਰੋਂ ਭੋਜਨ ਤਿਆਰ ਕਰਕੇ ਵੈ ਕੇ ਜਾਂਦੀ ਸੀ ਅਤੇ ਦਫ਼ਤਰਾਂ ਦੇ ਲੰਚ ਟਾਈਮ ਵੇਲੇ ਉੱਥੇ ਕੰਮ ਕਰਦੇ ਲੋਕ ਉੱਥੇ ਆ ਕੇ ਦੁਪਹਿਰ ਦਾ ਖਾਣਾ ਖਾਂਦੇ ਸੀ।
ਅਮਨ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਕਾਰਨ ਇੱਕ ਮਹੀਨੇ ਲਈ ਇਹ ਕੰਮ ਬੰਦ ਵੀ ਕਰ ਦਿੱਤਾ ਸੀ, ਪਰ ਉਸ ਨੂੰ ਲਗਾਤਾਰ ਗਾਹਕਾਂ ਦੇ ਮੈਸੇਜ ਆਉਂਦੇ ਰਹਿੰਦੇ ਸੀ ਜੋ ਦੁਬਾਰਾ ਕੰਮ ਸ਼ੁਰੂ ਹੋਣ ਬਾਰੇ ਪੁੱਛਦੇ ਸੀ।
ਫਿਰ ਜਨਵਰੀ ਮਹੀਨੇ ਆਪਣੀ ਬਚਤ ਅਤੇ ਮਾਪਿਆ ਤੋਂ ਥੋੜ੍ਹੀ ਮਦਦ ਦੇ ਨਾਲ ਅਮਨ ਨੇ ਇੱਕ ਇਮਾਰਤ ਵਿੱਚ ਕਿਰਾਏ ਦੀ ਜਗ੍ਹਾ ਲੈ ਕੇ ਰੈਸਟੋਰੈਂਟ ਸ਼ੁਰੂ ਕਰ ਲਿਆ। ਹੁਣ ਰੈਸਟੋਰੈਂਟ ਵੀ ਚਲਾਉਂਦੇ ਹਨ ਅਤੇ ਸੜਕ ਕਿਨਾਰੇ ਵਾਲੀ ਸਟਾਲ ਵੀ ਚਲਦੀ ਹੈ।
ਪੰਜਾਬ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਕੀ ਕਿਹਾ ?
ਅਮਨ ਨੇ ਕਿਹਾ ਕਿ ਉਨ੍ਹਾਂ ਨੂੰ ਨੌਕਰੀ ਕਰਨ ਨਾਲੋਂ ਆਪਣਾ ਕਾਰੋਬਾਰ ਚਲਾਉਣਾ ਚੰਗਾ ਲਗਦਾ ਹੈ। ਉਹ ਕਹਿੰਦੇ ਹਨ, "ਨੌਕਰੀ ਵਿੱਚ ਤੁਸੀਂ ਬੱਝ ਜਾਂਦੇ ਹੋ, ਅੱਜ ਮੈਂ ਬੱਝੀ ਨਹੀਂ ਹੋਈ। ਮੇਰੇ ਅਧੀਨ ਵੀ ਜੋ ਲੋਕ ਕੰਮ ਕਰਦੇ ਹਨ ਉਹ ਵੀ ਬੱਝੇ ਨਹੀਂ ਹੋਏ। ਜਦੋਂ ਮੈਂ ਛੁੱਟੀ ਕਰਦੀ ਹਾਂ ਤਾਂ ਇਹ ਵੀ ਛੁੱਟੀ ਕਰਦੇ ਹਨ ਫਿਰ ਅਸੀਂ ਉਸ ਦਿਨ ਰੈਸਟੋਰੈਂਟ ਬੰਦ ਕਰ ਦਿੰਦੇ ਹਾਂ।"
ਉਹ ਦੱਸਦੇ ਹਨ, “ਐਤਵਾਰ ਨੂੰ ਰੈਸਟੋਰੈਂਟ ਬੰਦ ਰੱਖਦੇ ਹਾਂ। ਬਾਕੀ ਦਿਨ ਸਵੇਰ ਪੰਜ ਵਜੇ ਤੋਂ ਖਾਣੇ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਅਤੇ ਰਾਤ ਨੂੰ ਬਾਰਾਂ ਵਜੇ ਤੱਕ ਉਹ ਰੁੱਝੇ ਰਹਿੰਦੇ ਹਨ। ਥੱਕ ਕੇ ਸੌਣਾ ਵਧੀਆ ਲਗਦਾ ਹੈ। ਅੱਗੇ ਵਧਦੇ ਰਹਿਣਾ ਹੀ ਪ੍ਰੇਰਨਾ ਹੈ।”
ਹੁਣ ਅਮਨ ਹੁੰਦਲ਼ ਦੇ ਰੈਸਟੋਰੈਂਟ ਵਿੱਚ ਉਸ ਅਧੀਨ ਕੰਮ ਕਰਨ ਵਾਲੇ ਚਾਰ ਜਣਿਆਂ ਵਿੱਚੋਂ ਤਿੰਨ ਕੁੜੀਆਂ ਹਨ। ਅਮਨ ਮੁਤਾਬਕ ਉਹ ਚਾਹੁੰਦੀ ਹੈ ਕਿ ਇਹ ਰੈਸਟੋਰੈਂਟ ਕੁੜੀਆਂ ਹੀ ਚਲਾਉਣ।

ਪੰਜਾਬ ਅੰਦਰ ਬੇਰੁਜ਼ਗਾਰੀ ਦੀ ਸਮੱਸਿਆ ਬਾਰੇ ਅਮਨ ਨੇ ਕਿਹਾ, "ਜੇ ਘਰ ਬੈਠੇ ਰਹੋਗੇ ਤਾਂ ਪੂਰੀ ਉਮਰ ਬੇਰੁਜ਼ਗਾਰ ਰਹੋਗੇ। ਜਦੋਂ ਮੈਂ ਘਰੇ ਬੈਠੀ ਸੀ ਮੈਂ ਵੀ ਬੇਰੁਜ਼ਗਾਰ ਹੀ ਸੀ। ਮੈਨੂੰ ਲਗਦਾ ਸੀ ਮੈਂ ਪਰਿਵਾਰ ਨਾਲ ਕੈਨੇਡਾ ਸੈਟਲ ਹੋ ਜਾਣਾ ਹੈ।"
"ਉੱਥੇ ਜਾ ਕੇ ਕਹਿਣਾ ਸੀ ਕਿ ਪੰਜਾਬ ਤਾਂ ਕੁਝ ਹੈ ਨਹੀਂ ਇਸ ਲਈ ਮੈਂ ਕੈਨੇਡਾ ਆ ਗਈ ਹਾਂ। ਪਰ ਜਦੋਂ ਮੈਂ ਬਾਹਰ ਨਿਕਲ ਕੇ ਭਾਵੇਂ ਛੋਟਾ ਜਿਹਾ ਕੰਮ ਹੀ ਸ਼ੁਰੂ ਕੀਤਾ, ਆਪਣਾ ਕੰਮ ਤਾਂ ਹੈ ਨਾ। ਪੈਸਾ ਤਾਂ ਆ ਹੀ ਰਿਹਾ ਹੈ ਨਾ, ਵਿਦੇਸ਼ਾਂ ਵਿੱਚ ਵੀ ਤਾਂ ਪੈਸਾ ਕਮਾਉਣ ਹੀ ਜਾਣਾ ਹੁੰਦਾ। ਫਿਰ ਇੱਥੇ ਰਹਿ ਕੇ ਕਿਉਂ ਨਹੀਂ ਅਸੀਂ ਮਿਹਨਤ ਕਰ ਸਕਦੇ।”
“ਖਾਸ ਕਰਕੇ ਜੇ ਕੋਈ ਕੁੜੀ ਬੇਰੁਜ਼ਗਾਰੀ ਦੀ ਗੱਲ ਕਹਿੰਦੀ ਹੈ ਤਾਂ ਮੈਂ ਕਹਾਂਗੀ ਕਿ ਜ਼ਿਆਦਾਤਰ ਕੁੜੀਆਂ ਅੰਦਰ ਖਾਣਾ ਬਣਾਉਣ ਦੀ ਕਲਾ ਤਾਂ ਹੁੰਦੀ ਹੀ ਹੈ, ਇੱਕ ਵਾਰ ਹਿੰਮਤ ਕਰੋ, ਘਰ ਦੇ ਬਾਹਰ ਹੀ ਖੜ੍ਹੇ ਹੋ ਜਾਓ। ਇੱਕ ਵਾਰ ਆਪਣੇ ਲਈ ਉੱਠ ਖੜ੍ਹੇ ਤਾਂ ਫਿਰ ਹਿੰਮਤ ਵਧਦੀ ਰਹੇਗੀ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)