ਮਨਮੋਹਨ ਮੋਹਣਾ: ਜੱਗੂ ਭਗਵਾਨਪੁਰੀਆਂ ਦਾ ਸਾਥੀ ਕਿਵੇਂ ਬਣਿਆ, ਸਿੱਧੂ ਮੂਸੇਵਾਲਾ ਕਤਲ ''''ਚ ਕੀ ਇਲਜ਼ਾਮ ਲੱਗਾ

Monday, Feb 27, 2023 - 06:30 PM (IST)

ਮਨਮੋਹਨ ਮੋਹਣਾ: ਜੱਗੂ ਭਗਵਾਨਪੁਰੀਆਂ ਦਾ ਸਾਥੀ ਕਿਵੇਂ ਬਣਿਆ, ਸਿੱਧੂ ਮੂਸੇਵਾਲਾ ਕਤਲ ''''ਚ ਕੀ ਇਲਜ਼ਾਮ ਲੱਗਾ
ਮਨਮੋਹਨ ਸਿੰਘ ਮੋਹਣਾ
Manmohan Singh Mohna/Facebook

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮਾਂ ''''ਚੋਂ ਇਕ ਮਨਮੋਹਨ ਸਿੰਘ ਉਰਫ਼ ਮੋਹਣਾ ਸਕੂਲ ਜਾਂ ਕਾਲਜ ਦੇ ਦਿਨਾਂ ਦੌਰਾਨਕਬੱਡੀ ਦਾ ਚੰਗਾ ਖਿਡਾਰੀ ਸੀ।

ਐਤਵਾਰ ਨੂੰ ਗੋਇੰਦਵਾਲ ਸਾਹਿਬ ਜੇਲ੍ਹ ''''ਚ ਹੋਈ ਇਕ ਹਿੰਸਕ ਝੜਪ ਵਿਚ ਮਨਮੋਹਨ ਦਾ ਕਤਲ ਕਰ ਦਿੱਤਾ ਗਿਆ।

ਮਨਮੋਹਨ ਤੋਂ ਇਲਾਵਾ ਮਨਪ੍ਰੀਤ ਸਿੰਘ ਤੂਫ਼ਾਨ ਵੀ ਇਸ ਝੜਪ ਵਿਚ ਮਾਰਿਆ ਗਿਆ ਤੇ ਚਾਰ ਕੈਦੀ ਜ਼ਖਮੀ ਹੋ ਗਏ।

ਤਰਨਤਾਰਨ ਪੁਲਿਸ ਨੇ ਸੱਤਾਂ ਦੇ ਖ਼ਿਲਾਫ਼ ਕਤਲ ਦਾ ਮੁਕਦਮਾ ਦਰਜ਼ ਕੀਤਾ ਹੈ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਭਾਉ, ਸਚਿਨ ਭਿਵਾਨੀ, ਅੰਕਿਤ ਲਾਤੀ, ਕਸ਼ਿਸ਼, ਰਾਜਿੰਦਰ, ਅਰਸ਼ਦ ਖਾਨ ਤੇ ਮਲਕੀਤ ਸਿੰਘ, ਵਜੋਂ ਹੋਈ ਹੈ।

ਮਨਮੋਹਨ ਦੇ ਪਿੰਡ ''''ਚ ਗ਼ਮਗੀਨ ਮਾਹੌਲ

ਮਨਮੋਹਨ ਸਿੰਘ ਮਾਨਸਾ ਜ਼ਿਲ੍ਹੇ ਦੇ ਕਸਬਾ ਬੁਢਲਾਡਾ ਨੇੜਲੇ ਪਿੰਡ ਰੱਲੀ ਨਾਲ ਸਬੰਧਤ ਸੀ।

ਉਸ ਦੇ ਪਿਤਾ ਦਰਸ਼ਨ ਸਿੰਘ ਪਿੰਡ ਵਿੱਚ ਡਾਕਟਰੀ ਦੀ ਦੁਕਾਨ ਚਲਾਉਂਦੇ ਹਨ ਜਦਕਿ ਉਸ ਦਾ ਵੱਡਾ ਭਰਾ ਕੁਲਦੀਪ ਸਿੰਘ ਬਠਿੰਡਾ ਸ਼ਹਿਰ ਵਿੱਚ ਨੌਕਰੀ ਕਰਦਾ ਹੈ।

ਐਤਵਾਰ ਨੂੰ ਮਨਮੋਹਨ ਦੀ ਮੌਤ ਤੋਂ ਬਾਅਦ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਨੇ ਚੁੱਪ ਧਾਰੀ ਹੋਈ ਹੈ ਅਤੇ ਸਾਰੇ ਪਿੰਡ ਵਿੱਚ ਗ਼ਮਗ਼ੀਨ ਮਾਹੌਲ ਹੈ।

ਉਹ ਮੀਡੀਆ ਨਾਲ ਗੱਲ ਕਰਨ ਤੋਂ ਸੰਕੋਚ ਕਰ ਰਹੇ ਹਨ। ਪਰਿਵਾਰਕ ਮੈਂਬਰ ਮਨਮੋਹਨ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਿੰਡ ਲਿਆਉਣ ਲਈ ਗੋਇੰਦਵਾਲ ਸਾਹਿਬ ਗਏ ਹੋਏ ਹਨ।

ਮਨਮੋਹਨ ਸਿੰਘ ਦਾ ਵਿਆਹ ਹੋਇਆ ਸੀ ਅਤੇ ਉਸ ਦੇ ਬੱਚੇ ਵੀ ਹਨ।

ਮਨਮੋਹਨ ਸਿੰਘ ਮੋਹਣਾ
Manmohan Singh Mohna/Facebook

ਮਨਮੋਹਨ ਸਿੰਘ ਬਾਰੇ ਪਿੰਡ ਰੱਲੀ ਦੇ ਕੁਝ ਲੋਕਾਂ ਅਤੇ ਮਾਨਸਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲਬਾਤ ਕੀਤੀ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਨਮੋਹਨ ਸਿੰਘ ਦੇ ਖ਼ਿਲਾਫ਼ 11 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸਨ, ਜੋ ਕਿ ਮੁੱਖ ਤੌਰ ''''ਤੇ ਬੁਢਲਾਡਾ ਥਾਣੇ ਵਿੱਚ ਦਰਜ ਹਨ।

ਮਨਮੋਹਨ ਸਿੰਘ ਜੂਨ 2022 ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ।

ਬੀਬੀਸੀ
BBC

ਜੇਲ੍ਹ ਵਿੱਚ ਕੀ ਹੋਇਆ ਸੀ

  • ਐਤਵਾਰ ਨੂੰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਕੁਝ ਮੁਲਜ਼ਮ ਆਪਸ ਵਿੱਚ ਭਿੜ ਗਏ ਸਨ।
  • ਇਸ ਲੜਾਈ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਕਥਿਤ ਗੈਂਗਸਟਰ ਜ਼ੇਰੇ ਇਲਾਜ ਹਨ।
  • ਜਖ਼ਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿਚਲੇ ਮੈਡੀਕਲ ਕਾਲਜ ਵਿੱਚ ਲਿਆਂਦਾ ਗਿਆ ਹੈ।
  • ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਸ਼ਨਾਖ਼ਤ ਮਨਦੀਪ ਸਿੰਘ (ਤੁਫਾਨ) ਅਤੇ ਮਨਮੋਹਨ ਸਿੰਘ ( ਮੋਹਣਾ) ਵਜੋਂ ਹੋਈ ਹੈ।
  • ਜੇਲ੍ਹ ''''ਚ ਲੜਾਈ ਬਾਰੇ ''''ਗੋਲਡੀ ਬਰਾੜ'''' ਦੇ ਨਾਂ ਉੱਤੇ ਕੀਤੇ ਗਏ ਦਾਅਵੇ ਨੂੰ ਪੁਲਿਸ ਨੇ ਦੱਸਿਆ ਝੂਠਾ।
ਬੀਬੀਸੀ
BBC

ਟਰੱਕ ਯੂਨੀਅਨ ਦਾ ਪ੍ਰਧਾਨ

ਪਿੰਡ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਮਨਮੋਹਨ ਸਿੰਘ ਪਿੰਡ ਦੇ ਯੂਥ ਕਲੱਬ ਦੇ ਪ੍ਰਧਾਨ ਵੀ ਰਹੇ ਸਨ ਅਤੇ ਸਾਲ 2013 ਤੋਂ 2015 ਤੱਕ ਸਫ਼ਲਤਾਪੂਰਵਕ ਕਬੱਡੀ ਟੂਰਨਾਮੈਂਟ ਕਰਵਾਏ ਵੀ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਮਨਮੋਹਨ ਸਿੰਘ ਗਰੀਬ ਪਰਿਵਾਰ ਵਿੱਚੋਂ ਸੀ ਕਿਉਂਕਿ ਉਨ੍ਹਾਂ ਕੋਲ ਕਰੀਬ 3 ਏਕੜ ਵਾਹੀਯੋਗ ਜ਼ਮੀਨ ਹੈ।

ਉਹ ਬੁਢਲਾਡਾ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਬਣਿਆ ਸੀ ਅਤੇ ਸਾਲ 2021 ਵਿੱਚ ਪ੍ਰਧਾਨਗੀ ਨੂੰ ਲੈ ਕੇ ਰੱਲੀ ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਨਾਲ ਲੜਾਈ ਵੀ ਹੋਈ ਸੀ।

ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਕਤਲ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਕੇ ਮਾਨਸਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ।

ਪਿੰਡ
BBC

ਮਨਮੋਹਨ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਮਾਨਸਾ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਰਜ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਨਮੋਹਨ ਸਿੰਘ ਨੂੰ ਸਿੱਧੂ ਮੂਸੇਵਾਲਾ ਦੇ ਘਰ ਚਾਹ ਪਾਣੀ ਪੀਂਦਿਆਂ ਅਤੇ ਕਾਰ ਵਿੱਚ ਮੂਸੇ ਪਿੰਡ ਘੁੰਮਦੇ ਦੇਖਿਆ ਗਿਆ ਸੀ।

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਪੁੱਛਗਿੱਛ ਦੌਰਾਨ ਮੰਨਿਆ ਕਿ ਮਨਮੋਹਨ ਸਿੰਘ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ।

ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰਾਂ ਨੂੰ ਮਨਮੋਹਨ ਨੇ ਆਪਣੇ ਘਰ ਪਨਾਹ ਵੀ ਦਿੱਤੀ ਸੀ।

ਚਾਰਜਸ਼ੀਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਸ ਨੇ ਗੈਂਗਸਟਰ ਗੋਲਡੀ ਬਰਾੜ, ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਬਣਾਉਣ ਵਿਚ ਹੋਰਾਂ ਦੀ ਵੀ ਮਦਦ ਕੀਤੀ ਸੀ।

ਇੱਕ ਪਿੰਡ ਵਾਸੀ ਨੇ ਦੱਸਿਆ ਕਿ ਉਹ ਪੜ੍ਹਾਈ ਅਤੇ ਸਰੀਰਕ ਗਤੀਵਿਧੀਆਂ ਵਿੱਚ ਚੰਗਾ ਸੀ ਕਿਉਂਕਿ ਉਹ 3 ਸਾਲ ਕਬੱਡੀ ਖੇਡਦਾ ਰਿਹਾ ਸੀ।

ਮਨਮੋਹਨ ਸਿੰਘ ਮੋਹਣਾ
Manmohan Singh Mohna/Facebook

ਪਰ ਜਦੋਂ ਉਹ ਕਾਲਜ ਵਿੱਚ ਦਾਖ਼ਲ ਹੋਇਆ ਤਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਸੀ।

ਉਸ ਨੇ ਕਾਲਜ ਦੇ ਝਗੜਿਆਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਜੇਲ੍ਹ ਵਿੱਚ ਸੀ ਤਾਂ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਰੁੱਪ ਦੇ ਸੰਪਰਕ ਵਿੱਚ ਆਇਆ ਸੀ।

ਕੌਣ ਹੈ ਕੇਸ਼ਵ ਕੁਮਾਰ ਬਠਿੰਡਾ

29 ਸਾਲਾ ਕੇਸ਼ਵ ਕੁਮਾਰ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਹੋਈ ਝੜਪ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਹੈ।

ਬਠਿੰਡਾ ਸ਼ਹਿਰ ਦੇ ਪਰਸਰਾਮ ਨਗਰ ਦਾ ਰਹਿਣ ਵਾਲਾ ਕੇਸ਼ਵ ਕੁਮਾਰ ਗਲੀ ਪੱਧਰ ਦਾ ਮਾਮੂਲੀ ਅਪਰਾਧੀ ਅਤੇ ਨਸ਼ੇ ਦਾ ਆਦੀ ਰਿਹਾ ਹੈ।

ਬਠਿੰਡਾ ਵਿੱਚ ਉਸ ਦੇ ਘਰ ਨੂੰ ਤਾਲਾ ਲੱਗਿਆ ਰਿਹਾ ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿੱਚ ਗਏ ਹਨ ਜਿੱਥੇ ਕੇਸ਼ਵ ਇਲਾਜ਼ ਅਧੀਨ ਹੈ।

ਬਠਿੰਡਾ ਪੁਲਿਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਨਸ਼ੇ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅਪਰਾਧ ਵਿੱਚ ਸ਼ਾਮਲ ਹੋਇਆ ਸੀ।

ਉਹ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਵੀ ਮੁਲਜ਼ਮ ਸੀ ਅਤੇ ਉਸ ਨੂੰ ਜੂਨ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਸ ''''ਤੇ ਇਲਜ਼ਾਮ ਹੈ ਕਿ ਸਿੱਧੂ ਦੇ ਮਾਰੇ ਜਾਣ ਤੋਂ ਬਾਅਦ ਸ਼ੂਟਰਾਂ ਨੂੰ ਗੱਡੀ ਰਾਹੀਂ ਪੰਜਾਬ ਤੋਂ ਬਾਹਰ ਲੈ ਕੇ ਗਿਆ ਸੀ ਅਤੇ ਸ਼ੂਟਰਾਂ ਦੇ ਨਾਲ ਇਸ ਨੇ ਰੇਕੀ ਵਿੱਚ ਹਿੱਸਾ ਲਿਆ ਸੀ।

ਮਾਨਸਾ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਮਾਮਲੇ ''''ਚ ਦਾਇਰ ਚਾਰਜਸ਼ੀਟ ਮੁਤਾਬਕ ਕੇਸ਼ਵ ਦੇ ਮੋਬਾਈਲ ਦੀ ਲੋਕੇਸ਼ਨ ਘਟਨਾ ਵਾਲੀ ਥਾਂ ਦੇ ਆਸਪਾਸ ਮਿਲੀ ਸੀ।

ਕੇਸ਼ਵ ਨੇ ''''ਗੈਂਗਸਟਰ'''' ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਅਨਮੋਲ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਯੋਜਨਾ ਬਣਾਉਣ ਵਿੱਚ ਮਦਦ ਕੀਤੀ ਸੀ।

ਕੇਸ਼ਵ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸਾਰੇ ਸ਼ੂਟਰਾਂ ਨੂੰ ਸਥਾਨਕ ਸੜਕਾਂ ਬਾਰੇ ਵੀ ਦੱਸਿਆ ਕਿਉਂਕਿ ਸ਼ੂਟਰ ਲੋਕਲ ਸੜਕਾਂ ਤੋਂ ਅਣਜਾਣ ਸਨ।

ਸ਼ੂਟਰਾਂ ਵੱਲੋਂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ, ਕੇਸ਼ਵ ਨੇ ਨਿਸ਼ਾਨੇਬਾਜ਼ਾਂ ਸਮੇਤ ਪ੍ਰਿਅਵਰਤ ਫੌਜੀ, ਕਸ਼ਿਸ਼, ਦੀਪਕ ਮੁੰਡੀ ਅਤੇ ਅੰਕਿਤ ਸਿਰਸਾ ਨੂੰ ਆਪਣੀ ਆਲਟੋ ਕਾਰ ਵਿੱਚ ਹਰਿਆਣਾ ਦੇ ਫਤਿਹਾਬਾਦ ਵੱਲ ਭਜਾ ਦਿੱਤਾ ਸੀ।

ਮਨਦੀਪ ਸਿੰਘ ਤੁਫ਼ਾਨ ਕੌਣ ਸੀ

ਮਨਦੀਪ ਸਿੰਘ ਤੁਫ਼ਾਨ ਬਟਾਲਾ ਦਾ ਰਹਿਣ ਵਾਲਾ ਹੈ। ਉਸ ਨੇ ਕਥਿਤ ਤੌਰ ''''ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਹਥਿਆਰ ਮੁਹੱਈਆ ਕਰਵਾਏ ਸਨ। ਤੁਫਾਨ ਦੀ ਗ੍ਰਿਫ਼ਤਾਰੀ ਸਤੰਬਰ 2022 ਵਿੱਚ ਹੋਈ ਸੀ।

ਪੰਜਾਬ ਪੁਲਿਸ ਮੁਤਾਬਕ ਤੁਫ਼ਾਨ ਨੇ ਗੈਂਗਸਟਰ ਕਪਿਲ ਪੰਡਿਤ ਅਤੇ ਸਚਿਨ ਥਾਪਨ ਨਾਲ ਮੂਸੇਵਾਲਾ ਪਿੰਡ ਵਿੱਚ ਦੋ ਜਾਂ ਤਿੰਨ ਵਾਰ ਫ਼ਰਵਰੀ 2022 ਵਿੱਚ ਰੇਕੀ ਕੀਤੀ ਸੀ ਅਤੇ ਪੁਲਿਸ ਦੀ ਵਰਦੀ ਦਾ ਪ੍ਰਬੰਧ ਕੀਤਾ ਸੀ। ਪਰ ਉਸ ਸਮੇਂ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਅਦ ਵੀ ਅਸਫ਼ਲ ਰਿਹਾ ਸੀ।

ਸਿੱਧੂ ਮੂਸੇਵਾਲਾ ਕਤਲ ਕੇਸ

ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। 29 ਮਈ 2022 ਨੂੰ ਉਸ ਨੂੰ ਘੇਰ ਕੇ ਦਿਨ-ਦਿਹਾੜੇ ਆਧੁਨਿਕ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਵਧਾਇਆ ਹੈ।

ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News