ਕੀ ਮਨਪ੍ਰੀਤ ਬਾਦਲ ਦੇ ਸਿਆਸੀ ਕਿਲ਼ੇ ਨੂੰ ਸੰਨ੍ਹ ਲਾਉਣ ਲਈ ਰਾਜਾ ਵੜਿੰਗ ਨੇ ਚੁੱਕਿਆ ਇਹ ਕਦਮ
Monday, Feb 27, 2023 - 12:45 PM (IST)


ਬਠਿੰਡਾ ਦੀ ਪਹਿਲੀ ਮਹਿਲਾ ਮੇਅਰ ਰਮਨ ਗੋਇਲ ਨੂੰ ਕਾਂਗਰਸ ਪਾਰਟੀ ਨੇ ਬਰਖਾਸਤ ਕਰ ਦਿੱਤਾ ਹੈ। ਸਾਲ 2021 ਵਿੱਚ ਰਮਨ ਗੋਇਲ ਸਿਆਸਤ ਵਿੱਚ ਆਏ ਅਤੇ ਪਹਿਲੀ ਵਾਰ 35 ਨੰਬਰ ਵਾਰਡ ਵਿੱਚ ਕੌਂਸਲਰ ਬਣੇ ਸੀ।
ਕਾਂਗਰਸ ਵੱਲੋਂ ਰਮਨ ਗੋਇਲ ਨੇ ਮੇਅਰ ਦੇ ਅਹੁਦੇ ਲਈ ਜਿੱਤ ਹਾਸਲ ਕੀਤੀ ਤਾਂ ਸਿਆਸੀ ਹਲਕਿਆਂ ਵਿੱਚ ਕਾਫੀ ਹੈਰਾਨੀ ਵੀ ਹੋਈ।
ਕਾਂਗਰਸ ਪਾਰਟੀ ਵੱਲੋਂ ਬਠਿੰਡਾ ਨਗਰ ਨਿਗਮ ਵਿੱਚ ਕੁੱਲ 50 ਵਿੱਚੋ 43 ਕੌਂਸਲਰ ਸਨ ਪਰ ਜਗਰੂਪ ਸਿੰਘ ਗਿੱਲ ਜੋ ਕਿ ਬਠਿੰਡਾ ਦੇ ਮੌਜੂਦਾ ਵਿਧਾਇਕ ਹਨ ਅਤੇ ਉਨ੍ਹਾਂ ਦੇ ਭਾਣਜੇ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤਾਂ ਇਸ ਨਾਲ ਨਾਲ ਕਾਂਗਰਸ ਕੋਲ ਹੁਣ 41 ਕੌਂਸਲਰ ਹਨ।
ਬਠਿੰਡਾ ਨਗਰ ਨਿਗਮ ਵਿੱਚ ਜਿੱਤ ਕਾਂਗਰਸ ਪਾਰਟੀ ਦੀ ਵੱਡੀ ਚੋਣ ਪ੍ਰਾਪਤੀ ਸੀ ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੜ੍ਹ ਸੀ ਅਤੇ ਕਾਂਗਰਸ ਪਾਰਟੀ ਨੂੰ ਪਹਿਲੀ ਵਾਰ ਸਪੱਸ਼ਟ ਬਹੁਮਤ ਮਿਲਿਆ ਸੀ।
ਹਾਲਾਂਕਿ, ਰਮਨ ਗੋਇਲ ਦੇ ਮੇਅਰ ਬਣਨ ਨਾਲ ਬਠਿੰਡਾ ਕਾਂਗਰਸ ਵਿਚ ਸਿਆਸੀ ਉਥਲ-ਪੁਥਲ ਮਚ ਗਈ ਸੀ। ਗੋਇਲ ਨੂੰ ਮੇਅਰ ਚੁਣਨ ਵਿੱਚ ਸਾਬਕਾ ਕਾਂਗਰਸ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਸੀ।
ਮੇਅਰ ਸਣੇ ਹੋਰ ਕੌਣ-ਕੌਣ ਕਾਂਗਰਸ ਵਿੱਚੋਂ ਬਾਹਰ ਹੋਏ?

ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁੱਧਵਾਰ ਨੂੰ ਬਠਿੰਡਾ ਨਗਰ ਨਿਗਮ ਦੇ ਮੇਅਰ ਰਮਨ ਗੋਇਲ ਸਮੇਤ ਸਣੇ ਪੰਜ ਕੌਂਸਲਰਾਂ ਨੂੰ ਛੇ ਸਾਲਾਂ ਲਈ ਪਾਰਟੀ ’ਚੋਂ ਬਰਖ਼ਾਸਤ ਕਰ ਦਿੱਤਾ।
ਇਹ ਕਾਰਵਾਈ ਬਠਿੰਡਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਸਿਫ਼ਾਰਸ਼ ’ਤੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਸਤਖ਼ਤਾਂ ਹੇਠ ਕੀਤੀ ਗਈ।
ਪਾਰਟੀ ’ਚੋਂ ਕੱਢੇ ਗਏ ਆਗੂਆਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦਾ ਦੋਸ਼ ਹੈ।
ਇਨ੍ਹਾਂ ਬਰਖ਼ਾਸਤ ਕੀਤੇ ਕੌਂਸਲਰਾਂ ਵਿੱਚ ਇਹ ਨਾਮ ਸ਼ਾਮਲ ਹਨ…
- ਮੇਅਰ ਰਮਨ ਗੋਇਲ (ਵਾਰਡ 35)
- ਕੌਂਸਲਰ ਇੰਦਰਜੀਤ ਸਿੰਘ (ਵਾਰਡ 44)
- ਕੌਸਲਰ ਆਤਮਾ ਸਿੰਘ (ਵਾਰਡ 40)
- ਕੌਂਸਲਰ ਸੁਖਰਾਜ ਸਿੰਘ ਔਲਖ (ਵਾਰਡ 42)
- ਰਜਤ ਰਾਹੀ (ਵਾਰਡ 46)
ਦੱਸ ਦਈਏ ਕਿ 23 ਫ਼ਰਵਰੀ ਨੂੰ ਬਠਿੰਡਾ ਨਗਰ ਨਿਗਮ ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਮੇਅਰ ਰਮਨ ਗੋਇਲ ਦਾ ਕਾਂਗਰਸੀ ਕੌਂਸਲਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ।

-

ਤਜ਼ਰਬੇਕਾਰ ਸਿਆਸਤਦਾਨ ਜਗਰੂਪ ਗਿੱਲ ਦੀ ਥਾਂ ਰਮਨ ਗੋਇਲ ਬਣੇ ਸੀ ਮੇਅਰ

ਸ਼ਹਿਰ ਦੇ ਉੱਘੇ ਸਿਆਸਤਦਾਨ ਜਗਰੂਪ ਸਿੰਘ ਗਿੱਲ ਵਾਰਡ ਨੰਬਰ 48 ਤੋਂ ਚੋਣ ਲੜ ਚੁੱਕੇ ਸਨ। ਉਨ੍ਹਾਂ ਨੇ ਰਿਕਾਰਡ ਸੱਤਵੀਂ ਵਾਰ ਚੋਣ ਜਿੱਤੀ ਸੀ ਅਤੇ ਉਹ ਮੇਅਰ ਦੇ ਅਹੁਦੇ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਦੇਖੇ ਜਾ ਰਹੇ ਸੀ। ਜਦੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਉਨ੍ਹਾਂ ਨੇ ਅਗਸਤ, 2021 ਵਿੱਚ ਕਾਂਗਰਸ ਛੱਡ ਦਿੱਤੀ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਪਿਛਲੀਆਂ ਵਿਧਾਨ ਸਭਾ ਚੋਣਾਂ ''''ਚ ਗਿੱਲ ਨੂੰ ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਖਿਲਾਫ ਮੈਦਾਨ ''''ਚ ਉਤਾਰਿਆ ਗਿਆ ਸੀ ਅਤੇ ਉਨ੍ਹਾਂ ਨੇ ਪੰਜ ਵਾਰ ਦੇ ਵਿਧਾਇਕ ਮਨਪ੍ਰੀਤ ਬਾਦਲ ਨੂੰ 65,000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।
‘‘ਅਸੀਂ ਮਨਪ੍ਰੀਤ ਬਾਦਲ ਦੇ ਵੀ ਨੇੜੇ ਅਤੇ ਰਾਜਾ ਵੜਿੰਗ ਦੇ ਵੀ’’

ਰਮਨ ਗੋਇਲ ਦੇ ਪਤੀ ਸੰਦੀਪ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੇ ਪਰਿਵਾਰ ''''ਤੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਦਬਾਅ ਪਾਇਆ ਗਿਆ ਸੀ ਪਰ ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸਤੀਫਾ ਕਿਉਂ ਦਿੱਤਾ ਜਾਵੇਗਾ ਜਦਕਿ ਅਸੀਂ ਵਫ਼ਾਦਾਰ ਕਾਂਗਰਸੀ ਹਾਂ ਅਤੇ ਕਦੇ ਵੀ ਪਾਰਟੀ ਦਾ ਅਨੁਸ਼ਾਸਨ ਨਹੀਂ ਤੋੜਿਆ।
ਵਾਈਨ ਦਾ ਕਾਰੋਬਾਰ ਚਲਾਉਣ ਵਾਲੇ ਸੰਦੀਪ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਹਿਲੀ ਵਾਰ 2021 ਵਿੱਚ ਰਾਜਨੀਤੀ ਵਿੱਚ ਆਇਆ ਸੀ ਜਦਕਿ ਪਹਿਲਾਂ ਉਨ੍ਹਾਂ ਵਲੋਂ ਸਮਾਜ ਸੇਵਾ ਕੀਤੀ ਜਾਂਦੀ ਸੀ ਅਤੇ ਉਹ ਕਾਂਗਰਸ ਪਾਰਟੀ ਨਾਲ 32 ਸਾਲਾਂ ਤੋਂ ਜੁੜੇ ਹਨ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਗਮ ਚੋਣਾਂ ਵਿੱਚ ਔਰਤਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਕਰਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਚੋਣ ਲੜੀ ਸੀ।
ਮਨਪ੍ਰੀਤ ਬਾਦਲ ਨਾਲ ਨੇੜਤਾ ਬਾਰੇ ਸੰਦੀਪ ਨੇ ਕਿਹਾ ਕਿ ਸਾਰੇ ਕੌਂਸਲਰ ਮਨਪ੍ਰੀਤ ਬਾਦਲ ਦੇ ਕਰੀਬੀ ਸਨ ਕਿਉਂਕਿ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਪਾਰਟੀ ਟਿਕਟਾਂ ਦਿੱਤੀਆਂ ਗਈਆਂ ਸਨ ਜਦਕਿ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਪ੍ਰਧਾਨ ਹਨ ਅਤੇ ਅਸੀਂ ਵੀ ਉਨ੍ਹਾਂ ਦੇ ਕਰੀਬੀ ਹਾਂ।
ਰਮਨ ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਦੇ ਸਰਵਪੱਖੀ ਵਿਕਾਸ ''''ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਆਡੀਓਟੋਰੀਅਮ ਅਤੇ ਮਲਟੀਲੇਵਲ ਕਾਰ ਪਾਰਕਿੰਗ ਬਣਾਈ, ਦੋਵੇਂ ਪ੍ਰੋਜੈਕਟ 55 ਕਰੋੜ ਰੁਪਏ ਦੇ ਹਨ ਜਦਕਿ ਅਸੀਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਅਤੇ ਪਾਰਕਾਂ ਦਾ ਵਿਕਾਸ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਹਿਰ ਵਿੱਚ ਬੋਟੈਨੀਕਲ ਗਾਰਡਨ ਸਥਾਪਤ ਕਰਨ ਦੀ ਯੋਜਨਾ ਹੈ।
ਮਨਪ੍ਰੀਤ ਬਾਦਲ ਦੀ ਪਕੜ ਤੋੜਨ ਦੀਆਂ ਕੋਸ਼ਿਸ਼ਾਂ

ਮਨਪ੍ਰੀਤ ਸਿੰਘ ਬਾਦਲ ਦੇ ਇਸ ਸਾਲ ਜਨਵਰੀ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਠਿੰਡਾ ਨਿਗਮ ਵਿੱਚ ਫੁੱਟ ਸ਼ੁਰੂ ਹੋ ਗਈ ਸੀ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਬਠਿੰਡਾ ਵਿੱਚ ਵੀ 20 ਦੇ ਕਰੀਬ ਕੌਂਸਲਰਾਂ ਨਾਲ ਮੀਟਿੰਗ ਕੀਤੀ, ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਵੀ 25 ਦੇ ਕਰੀਬ ਕਾਂਗਰਸੀ ਕੌਂਸਲਰ ਨਾਲ ਮੀਟਿੰਗ ਕੀਤੀ ਸੀ।
ਹੁਣ ਕਾਂਗਰਸ ਪਾਰਟੀ ਵੱਲੋਂ ਰਮਨ ਗੋਇਲ ਨੂੰ ਮੇਅਰ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੇ ਭਰੋਸੇਮੰਦ ਵਿਅਕਤੀ ਨੂੰ ਬਿਠਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਿਗਮ ਤੋਂ ਮਨਪ੍ਰੀਤ ਦੀ ਪਕੜ ਨੂੰ ਤੋੜਿਆ ਜਾ ਸਕੇ।
ਮੇਅਰ ਨੂੰ ਆਹੁਦੇ ਤੋਂ ਹਟਾਉਣ ਲਈ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਹੁੰਦੀ ਹੈ।
ਅਸੀਂ ਸਦਨ ਵਿੱਚ ਬੇਭਰੋਸਗੀ ਮਤਾ ਲਿਆਵਾਂਗੇ – ਰਾਜਨ ਗਰਗ

ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਅਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵਿਰੁੱਧ ਲੋਕ ਸਭਾ ਚੋਣ ਲੜਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਗਰੁੱਪ ਨੂੰ ਨਜ਼ਰਅੰਦਾਜ਼ ਕਰਕੇ ਰਾਜਨ ਗਰਗ ਨੂੰ ਬਠਿੰਡਾ (ਸ਼ਹਿਰੀ) ਤੋਂ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।
ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਰਮਨ ਗੋਇਲ ਅਤੇ ਹੋਰ ਕੌਂਸਲਰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸਨ ਅਤੇ ਮਨਮਰਜ਼ੀ ਨਾਲ ਕੰਮ ਕਰ ਰਹੇ ਸਨ ਜਿਸ ਨਾਲ ਅਨੁਸ਼ਾਸ਼ਨ ਭੰਗ ਹੁੰਦਾ ਹੈ।
ਉਨ੍ਹਾਂ ਕਿਹਾ, ‘‘ਮੇਅਰ ਵਲੋਂ ਭਾਜਪਾ ਆਗੂ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਸਾਲੇ ਜੈਜੀਤ ਸਿੰਘ ਜੌਹਲ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਅਸੀਂ ਜਲਦੀ ਹੀ ਆਪਣੀ ਸੂਬਾਈ ਲੀਡਰਸ਼ਿਪ ਨਾਲ ਸਲਾਹ ਕਰਕੇ ਸਦਨ ਵਿੱਚ ਬੇਭਰੋਸਗੀ ਮਤਾ ਜ਼ਰੂਰ ਲਿਆਵਾਂਗੇ।’’

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)