ਅਮਰੀਕਾ ਦੀ ‘ਬਦਨਾਮ’ ਜੇਲ੍ਹ ‘ਚੋਂ 20 ਸਾਲ ਬਾਅਦ ਰਿਹਾਅ ਹੋਏ ਪਾਕਿਸਤਾਨ ਦੇ ਰੱਬਾਨੀ ਭਰਾਵਾਂ ਦੀ ਕਹਾਣੀ
Monday, Feb 27, 2023 - 08:00 AM (IST)


ਪਿਛਲੇ ਲਗਭਗ 20 ਸਾਲਾਂ ਤੋਂ ਅਮਰੀਕੀ ਫੌਜ ਦੀ ਜੇਲ੍ਹ ਗੁਆਂਤਾਨਾਮੋ ਬੇ ‘ਚ ਕੈਦ ਪਾਕਿਸਤਾਨ ਦੇ ਰੱਬਾਨੀ ਭਰਾਵਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੋਵਾਂ ਹੀ ਭਰਾਵਾਂ ਨੂੰ ਉਨਾਂ ‘ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਅਬਦੁਲ ਅਤੇ ਮੁਹੰਮਦ ਅਹਿਮਦ ਰੱਬਾਨੀ ਨਾਮ ਦੇ ਦੋ ਭਰਾਵਾਂ ਨੂੰ ਸਾਲ 2002 ‘ਚ ਪਾਕਿਸਤਾਨ ‘ਚ ਗ੍ਰਿਫਤਾਰ ਕੀਤਾ ਗਿਆ ਸੀ।
ਅਮਰੀਕਾ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਕਿਹਾ ਹੈ ਸੀ ਕਿ ਅਬਦੁਲ ਰੱਬਾਨੀ ਅਲ-ਕਾਇਦਾ ਲਈ ਇੱਕ ਸੁਰੱਖਿਅਤ ਪਨਾਹਗਾਹ ਦਾ ਸੰਚਾਲਨ ਕਰਦੇ ਸਨ, ਜਦਕਿ ਉਨ੍ਹਾਂ ਦੇ ਭਰਾ ‘ਤੇ ਇਸ ਕੱਟੜਪੰਥੀ ਸੰਗਠਨ ਦੇ ਆਗੂਆਂ ਲਈ ਯਾਤਰਾ ਅਤੇ ਫੰਡਿੰਗ ਦਾ ਇੰਤਜ਼ਾਮ ਕਰਨ ਦੇ ਇਲਜ਼ਾਮ ਲੱਗੇ ਸਨ।
ਰੱਬਾਨੀ ਭਰਾਵਾਂ ਨੇ ਕਿਹਾ ਕਿ ਸੀਆਈਏ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੁਆਂਤਾਨਾਮੋ ਬੇ ਭੇਜਣ ਤੋਂ ਪਹਿਲਾਂ ਤਸੀਹੇ ਦਿੱਤੇ।
ਹਾਲਾਂਕਿ ਹੁਣ ਰਿਹਾਅ ਕੀਤੇ ਜਾਣ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਹੈ।
ਗੁਆਂਤਾਨਾਮੋ ਬੇ ਜੇਲ੍ਹ ਕਿਊਬਾ ਵਿਖੇ ਸਥਿਤ ਹੈ, ਜਿਸ ਨੂੰ ਸਾਲ 2002 ‘ਚ ਤਤਕਤਲੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵੱਲੋਂ ਬਣਵਾਇਆ ਗਿਆ ਸੀ।
ਇਸ ਦਾ ਨਿਰਮਾਣ ਨਿਊਯਾਰਕ ‘ਤੇ 9/11 ਦੇ ਹਮਲੇ ‘ਚ ਸ਼ਾਮਲ ਸ਼ੱਕੀ ਕੱਟੜਪੰਥੀਆਂ ਨੂੰ ਕੈਦ ਕਰਨ ਦੇ ਮਕਸਦ ਨਾਲ ਕੀਤਾ ਗਿਆ ਸੀ। ਇਹ ਜੇਲ੍ਹ ਇੱਕ ਅਮਰੀਕੀ ਜਲ ਸੈਨਾ ਅੱਡੇ ਦੇ ਅੰਦਰ ਬਣਾਈ ਗਈ ਹੈ।

‘ਅੱਤਵਾਦ ਖਿਲਾਫ਼ ਜੰਗ’ ਦੇ ਨਾਮ ‘ਤੇ ਤਸ਼ੱਦਦ ਦੀ ਪ੍ਰਤੀਕ
ਪਰ ਇਹ ਜੇਲ੍ਹ ਅਮਰੀਕਾ ਦੀ ‘ਅੱਤਵਾਦ ਖਿਲਾਫ਼ ਜੰਗ’ ਦੇ ਨਾਮ ‘ਤੇ ਤਸੀਹਿਆਂ ਦਾ ਪ੍ਰਤੀਕ ਬਣ ਕੇ ਰਹਿ ਗਈ।
ਇੱਥੇ ਪੁੱਛਗਿੱਛ ਦੌਰਾਨ ਕੈਦੀਆਂ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਹਨ। ਇਸ ਕਾਰਨ ਇਸ ਜੇਲ੍ਹ ਨੂੰ ‘ਬਦਨਾਮ ਜੇਲ੍ਹ’ ਵੀ ਕਿਹਾ ਜਾਂਦਾ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਇੱਥੇ ਕੈਦੀਆਂ ਨੂੰ ਬਿਨ੍ਹਾਂ ਕਿਸੇ ਸੁਣਵਾਈ ਦੇ ਲੰਮੇ ਸਮੇਂ ਤੱਕ ਰੱਖ ਕੇ ਤਸੀਹੇ ਦਿੱਤੇ ਜਾਂਦੇ ਹਨ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਉਮੀਦ ਜਤਾਈ ਹੈ ਕਿ ਇਸ ਜੇਲ੍ਹ ਨੂੰ ਜਲਦ ਹੀ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਇੱਥੇ ਅਜੇ ਵੀ 32 ਕੈਦੀ ਮੌਜੂਦ ਹਨ। 2003 ‘ਚ ਇੱਥੇ ਇੱਕ ਸਮੇਂ ‘ਚ 680 ਕੈਦੀ ਰੱਖੇ ਗਏ ਸਨ।
ਪੈਂਟਾਗਨ ਨੇ ਗੁਆਂਤਾਨਾਮੋ ‘ਚ ਕੈਦੀਆਂ ਦੀ ਗਿਣਤੀ ਨੂੰ ਘੱਟ ਕਰਨ ਦੇ ਯਤਨ ‘ਚ ਪਾਕਿਸਤਾਨ ਅਤੇ ਹੋਰ ਸਹਿਯੋਗੀ ਮੁਲਕਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ।
ਪੈਂਟਾਗਨ ਨੇ ਕਿਹਾ ਹੈ ਕਿ ‘‘ਅਮਰੀਕਾ ਗੁਆਂਤਾਨਾਮੋ ‘ਚ ਕੈਦੀਆਂ ਦੀ ਗਿਣਤੀ ਨੂੰ ਘੱਟ ਕਰਨ ਅਤੇ ਇਸ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ‘ਚ ਪਾਕਿਸਤਾਨ ਅਤੇ ਹੋਰ ਸਹਿਯੋਗੀਆਂ ਦੀ ਇੱਛਾ ਦੀ ਕਦਰ ਕਰਦਾ ਹੈ।”


- ਅਮਰੀਕਾ ਦੀ ''''ਬਦਨਾਮ ਜੇਲ੍ਹ'''' ਕਹੀ ਜਾਂਦੀ ਗੁਆਂਤਾਨਾਮੋ ਬੇ ਜੇਲ੍ਹ ਕਿਊਬਾ ਵਿਖੇ ਸਥਿਤ ਹੈ
- ਇਸ ਨੂੰ ਸਾਲ 2002 ‘ਚ ਤਤਕਤਲੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵੱਲੋਂ ਬਣਵਾਇਆ ਗਿਆ ਸੀ
- ਇਸ ਦਾ ਨਿਰਮਾਣ ਨਿਊਯਾਰਕ ‘ਤੇ 9/11 ਦੇ ਹਮਲੇ ‘ਚ ਸ਼ਾਮਲ ਸ਼ੱਕੀ ਕੱਟੜਪੰਥੀਆਂ ਨੂੰ ਕੈਦ ਕਰਨ ਦੇ ਮਕਸਦ ਨਾਲ ਕੀਤਾ ਗਿਆ ਸੀ
- ਪਰ ਇਹ ਜੇਲ੍ਹ ਅਮਰੀਕਾ ਦੀ ‘ਅੱਤਵਾਦ ਖਿਲਾਫ ਜੰਗ’ ਦੇ ਨਾਮ ‘ਤੇ ਤਸੀਹਿਆਂ ਦਾ ਪ੍ਰਤੀਕ ਬਣ ਕੇ ਰਹਿ ਗਈ
- ਹਾਲ ਹੀ ਵਿੱਚ ਇਸ ਜੇਲ੍ਹ ਤੋਂ ਪਾਕਿਸਤਾਨ ਦੇ ਦੋ ਰੱਬਾਨੀ ਭਰਾਵਾਂ ਨੂੰ ਰਿਹਾਅ ਕੀਤਾ ਗਿਆ ਹੈ
- ਉਹ ਦੋਵੇਂ ਲਗਭਗ 20 ਸਾਲਾਂ ਤੋਂ ਇਸ ਜੇਲ੍ਹ ''''ਚ ਬੰਦ ਸਨ ਤੇ ਉਨ੍ਹਾਂ ਦੇ ਤਸ਼ੱਦਦ ਦੀ ਗੱਲ ਵੀ ਕਹੀ ਸੀ

ਰੱਬਾਨੀ ਭਰਾਵਾਂ ਦੇ ਨਾਲ ਕੀ ਵਾਪਰਿਆ ਸੀ?
ਰੱਬਾਨੀ ਭਰਾਵਾਂ ਨੂੰ ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਨੇ ਸਤੰਬਰ 2002 ‘ਚ ਕਰਾਚੀ ਤੋਂ ਗ੍ਰਿਫਤਾਰ ਕੀਤਾ ਸੀ। ਉੱਥੋਂ ਉਨ੍ਹਾਂ ਨੂੰ ਗੁਆਂਤਾਨਾਮੋ ਬੇ ਭੇਜਣ ‘ਚ ਦੋ ਸਾਲ ਦਾ ਸਮਾਂ ਲੱਗਿਆ।
ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਫ਼ਗਾਨਿਸਤਾਨ ‘ਚ ਸੀਆਈਏ ਦੇ ਇੱਕ ਨਜ਼ਰਬੰਦੀ ਕੈਂਪ ‘ਚ ਰੱਖਿਆ ਗਿਆ ਸੀ।
ਅਹਿਮਦ ਰੱਬਾਨੀ ਨੇ 2013 ‘ਚ ਆਪਣੀ ਗ੍ਰਿਫਤਾਰੀ ਦੇ ਖਿਲਾਫ ਲੜੀਵਾਰ ਭੁੱਖ ਹੜਤਾਲ ਦਾ ਸਿਲਸਿਲਾ ਸ਼ੁਰੂ ਕੀਤਾ ਸੀ।
ਉਹ ਥੋੜ੍ਹੇ-ਥੋੜ੍ਹੇ ਵਕਫ਼ੇ ‘ਤੇ ਭੁੱਖ ਹੜਤਾਲ ਕਰਦੇ ਰਹੇ। ਜੇਕਰ ਕੁੱਲ ਸਮੇਂ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਉਨ੍ਹਾਂ ਨੇ 7 ਸਾਲ ਤੱਕ ਭੁੱਖ ਹੜਤਾਲ ਕੀਤੀ ਸੀ। ਇਸ ਦੌਰਾਨ ਉਹ ਨਿਊਟ੍ਰੀਸ਼ਨ ਸਪਲੀਮੈਂਟ ‘ਤੇ ਜ਼ਿੰਦਾ ਰਹੇ ਤੇ ਇਹ ਵੀ ਕਈ ਵਾਰ ਉਨ੍ਹਾਂ ਨੂੰ ਜ਼ਬਰਦਸਤੀ ਦਿੱਤਾ ਜਾਂਦਾ ਸੀ।

ਅਦਾਲਤ ‘ਚ ਦੋਵਾਂ ਭਰਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਥ੍ਰੀ ਡੀ ਸੈਂਟਰ ਦੇ ਵਕੀਲ ਕਲਾਈਵ ਸਟੈਫਰਡ ਸਮਿਥ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਦੋਵਾਂ ਭਰਾਵਾਂ ਨੂੰ ਨਜ਼ਰਬੰਦ ਰੱਖੇ ਜਾਣ ਖਿਲਾਫ ਮੁਕੱਦਮਾ ਕਰਨ ਦਾ ਯਤਨ ਕਰਨਗੇ।
ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਆਵਜ਼ਾ ਮਿਲਣ ਦੀ ਗੁੰਜਾਇਸ਼ ਤਾਂ ਬਹੁਤ ਹੀ ਘੱਟ ਹੈ ਅਤੇ ਨਾ ਹੀ ਉਨ੍ਹਾਂ ਤੋਂ ਮੁਆਫ਼ੀ ਮੰਗੀ ਜਾਵੇਗੀ।
ਦੋਵਾਂ ਭਰਾਵਾਂ ਨੂੰ 2021 ‘ਚ ਰਿਹਾਅ ਕੀਤੇ ਜਾਣ ਦੀ ਇਜਾਜ਼ਤ ਮਿਲ ਗਈ ਸੀ। ਪਰ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਦੇ ਬਾਵਜੂਦ ਉਨ੍ਹਾਂ ਨੂੰ ਕੈਦ ‘ਚ ਕਿਉਂ ਰੱਖਿਆ ਗਿਆ।
ਅਹਿਮਦ ਰੱਬਾਨੀ ਦੀ ਗ੍ਰਿਫਤਾਰੀ ਮੌਕੇ ਉਨ੍ਹਾਂ ਦੀ ਪਤਨੀ ਗਰਭਵਤੀ ਸੀ

ਅਹਿਮਦ ਰੱਬਾਨੀ ਨੂੰ ਜਿਸ ਸਮੇਂ ਹਿਰਾਸਤ ‘ਚ ਲਿਆ ਗਿਆ ਸੀ, ਉਸ ਸਮੇਂ ਉਨ੍ਹਾਂ ਦੀ ਪਤਨੀ ਗਰਭਵਤੀ ਸੀ। ਰੱਬਾਨੀ ਦੀ ਗ੍ਰਿਫਤਾਰੀ ਤੋਂ ਪੰਜ ਮਹੀਨੇ ਬਾਅਦ ਉਨ੍ਹਾਂ ਦੀ ਪਤਨੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਰੱਬਾਨੀ ਅਜੇ ਤੱਕ ਆਪਣੇ ਪੁੱਤਰ ਨੂੰ ਨਹੀਂ ਮਿਲੇ ਹਨ।
ਸਮਿਥ ਦਾ ਕਹਿਣਾ ਹੈ, “ਮੈਂ ਅਹਿਮਦ ਦੇ ਬੇਟੇ ਜਵਾਦ ਨਾਲ ਗੱਲ ਕਰਦਾ ਰਿਹਾ ਹਾਂ। ਹੁਣ ਤਾਂ ਉਸ ਦੀ ਉਮਰ 20 ਸਾਲ ਦੀ ਹੋ ਗਈ ਹੈ। ਜਵਾਦ ਨੇ ਅਜੇ ਤੱਕ ਆਪਣੇ ਪਿਤਾ ਨੂੰ ਨਹੀਂ ਵੇਖਿਆ ਹੈ, ਕਿਉਂਕਿ ਅਹਿਮਦ ਦੀ ਗ੍ਰਿਫਤਾਰੀ ਮੌਕੇ ਜਵਾਦ ਦਾ ਜਨਮ ਨਹੀਂ ਹੋਇਆ ਸੀ। ਮੈਂ ਉਮੀਦ ਕਰਦਾ ਹਾਂ ਕਿ ਜਦੋਂ ਦੋਵੇਂ ਪਿਓ-ਪੁੱਤਰ ਇੱਕ ਦੂਜੇ ਨੂੰ ਗਲ਼ ਲਗਾਉਣ, ਉਸ ਸਮੇਂ ਮੈਂ ਉੱਥੇ ਮੌਜੂਦ ਹੋਵਾਂ।”
ਗੁਆਂਤਾਨਾਮੋ ਬੇ ਵਿੱਚ ਰਹਿਣ ਦੌਰਾਨ ਅਹਿਮਦ ਰੱਬਾਨੀ ਨੇ ਇੱਕ ਮੁਕੰਮਲ ਪੇਂਟਰ/ਚਿੱਤਰਕਾਰ ਵੱਜੋਂ ਆਪਣੀ ਪਛਾਣ ਕਾਇਮ ਕੀਤੀ ਸੀ।
ਹੁਣ ਉਹ ਮਈ ਮਹੀਨੇ ਕਰਾਚੀ ਵਿਖੇ ਆਪਣੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਉਣ ਬਾਰੇ ਸੋਚ ਰਹੇ ਹਨ। ਉਨ੍ਹਾਂ ਦੇ ਕੰਮ ਤੋਂ ਪ੍ਰੇਰਿਤ ਹੋ ਕੇ ਇਸ ਪ੍ਰਦਰਸ਼ਨੀ ‘ਚ 12 ਹੋਰ ਪਾਕਿਸਤਾਨੀ ਕਲਾਕਾਰ ਹਿੱਸਾ ਲੈ ਰਹੇ ਹਨ।
‘ਉਨ੍ਹਾਂ ਨੇ ਇੱਕ ਪਤਨੀ ਤੋਂ ਪਤੀ ਅਤੇ ਪੁੱਤਰ ਤੋਂ ਪਿਤਾ ਖੋਹ ਲਿਆ’
ਜਸਟਿਸ ਚੈਰਿਟੀ ਰਿਪ੍ਰਾਇਵ ਦੀ ਡਾਇਰੈਕਟਰ ਮਾਇਆ ਫ਼ੋਆ ਨੇ ਅਹਿਮਦ ਰੱਬਾਨੀ ਨੂੰ ਪਿਛਲੇ ਸਾਲ ਤੱਕ ਵਕੀਲ ਮੁਹੱਈਆ ਕਰਵਾਏ ਸਨ।
ਮਾਇਆ ਫ਼ੋਆ ਨੇ ਅਹਿਮਦ ਰੱਬਾਨੀ ਦੀ ਦੋ ਦਹਾਕਿਆਂ ਦੀ ਕੈਦ ਨੂੰ ਇੱਕ ‘ਤ੍ਰਾਸਦੀ’ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਹੈ, “ਇਹ ਮਾਮਲਾ ਦਰਸਾਉਂਦਾ ਹੈ ਕਿ ‘ਅੱਤਵਾਦ ਖਿਲਾਫ ਜੰਗ’ ਦੇ ਦੌਰ ‘ਚ ਪਾਕਿਸਤਾਨ ਆਪਣੇ ਮੂਲ ਸਿਧਾਂਤਾਂ ਤੋਂ ਕਿੰਨਾ ਦੂਰ ਚਲਾ ਗਿਆ ਸੀ।”
ਫ਼ੋਆ ਨੇ ਅੱਗੇ ਕਿਹਾ, “ਉਨ੍ਹਾਂ ਨੇ ਇੱਕ ਪਰਿਵਾਰ ਤੋਂ ਉਨ੍ਹਾਂ ਦਾ ਪੁੱਤਰ, ਇੱਕ ਪਤਨੀ ਤੋਂ ਪਤੀ ਅਤੇ ਇੱਕ ਬੇਟੇ ਤੋਂ ਉਸ ਦਾ ਪਿਤਾ ਖੋਹ ਲਿਆ। ਇਸ ਬੇਇਨਸਾਫ਼ੀ ਦਾ ਭੁਗਤਾਨ ਕਦੇ ਵੀ ਨਹੀਂ ਹੋ ਸਕਦਾ।”
ਉਹ ਅੱਗੇ ਕਹਿੰਦੇ ਹਨ ਕਿ ‘ਅੱਤਵਾਦ ਖਿਲਾਫ’ ਜੰਗ ਦੇ ਭਿਆਨਕ ਨੁਕਸਾਨ ਦਾ ਪੂਰਾ ਹਿਸਾਬ-ਕਿਤਾਬ ਉਦੋਂ ਹੀ ਸ਼ੁਰੂ ਹੋ ਪਾਵੇਗਾ ਜਦੋਂ ਗੁਆਂਤਾਨਾਮੋ ਬੇ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)