ਮਨੀਸ਼ ਸਿਸੋਦੀਆ : ਪੱਤਰਕਾਰ ਤੋਂ ਉੱਪ ਮੁੱਖ ਮੰਤਰੀ ਬਣਨ ਵਾਲੇ ''''ਆਪ'''' ਆਗੂ ਨੂੰ ਸੀਬੀਆਈ ਨੇ ਕਿਸ ਮੁੱਦੇ ਉੱਤੇ ਘੇਰਿਆ
Sunday, Feb 26, 2023 - 03:45 PM (IST)


ਦਿੱਲੀ ਆਬਕਾਰੀ ਨੀਤੀ ਮਾਮਲੇ ''''ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇੱਕ ਵਾਰ ਫਿਰ ਕੇਂਦਰੀ ਜਾਂਚ ਬਿਊਰੋ ਦੇ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਸੀਬੀਆਈ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰ ਸਕਦੀ ਹੈ।
ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ, "ਮਨੀਸ਼, ਪ੍ਰਮਾਤਮਾ ਤੁਹਾਡੇ ਨਾਲ ਹੈ। ਲੱਖਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਪ੍ਰਾਰਥਨਾਵਾਂ ਤੁਹਾਡੇ ਨਾਲ ਹਨ। ਜਦੋਂ ਤੁਸੀਂ ਦੇਸ਼ ਅਤੇ ਸਮਾਜ ਲਈ ਜੇਲ੍ਹ ਜਾਂਦੇ ਹੋ, ਤਾਂ ਜੇਲ੍ਹ ਜਾਣਾ ਸਰਾਪ ਨਹੀਂ, ਇੱਕ ਵਰਦਾਨ ਹੈ। "
"ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਜਲਦੀ ਜੇਲ੍ਹ ਤੋਂ ਵਾਪਸ ਆਓ। ਦਿੱਲੀ ਦੇ ਬੱਚੇ, ਮਾਤਾ-ਪਿਤਾ ਅਤੇ ਅਸੀਂ ਸਾਰੇ ਤੁਹਾਡਾ ਇੰਤਜ਼ਾਰ ਕਰਾਂਗੇ।"
ਦੂਜੇ ਪਾਸੇ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਲਿਖਿਆ, "ਅੱਜ ਫਿਰ ਮੈਂ ਸੀਬੀਆਈ ਕੋਲ ਜਾ ਰਿਹਾ ਹਾਂ, ਮੈਂ ਪੂਰੀ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗਾ। ਲੱਖਾਂ ਬੱਚਿਆਂ ਦਾ ਪਿਆਰ ਅਤੇ ਕਰੋੜਾਂ ਦੇਸ਼ਵਾਸੀਆਂ ਦਾ ਆਸ਼ੀਰਵਾਦ ਮੇਰੇ ਨਾਲ ਹੈ। ਜੇ ਕੁਝ ਮਹੀਨੇ ਜੇਲ੍ਹ ਵਿੱਚ ਰਹਿਣਾ ਪਵੇ ਤਾਂ ਪਰਵਾਹ ਨਹੀਂ।"

ਸੀਬੀਆਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਮਨੀਸ਼ ਸਿਸੋਦੀਆ ਮਹਾਤਮਾ ਗਾਂਧੀ ਸਮਾਧੀ ਉੱਤੇ ਮੱਥਾ ਟੇਕਣ ਲਈ ਰਾਜਘਾਟ ਗਏ ਸਨ। ਉਨ੍ਹਾਂ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰ ਵੀ ਸੜਕਾਂ ''''ਤੇ ਨਾਅਰੇਬਾਜ਼ੀ ਕਰਦੇ ਦੇਖੇ ਗਏ।
‘ਆਪ’ ਵਰਕਰਾਂ ਨੇ ਹੱਥਾਂ ਵਿੱਚ ‘ਸਿੱਖਿਆ ਮੰਤਰੀ ਤੁਝੇ ਸਲਾਮ’ ਦੇ ਪੋਸਟਰ ਫੜੇ ਹੋਏ ਦਿਖਾਈ ਦਿੱਤੇ।
ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਕਾਨੂੰਨ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ, ਦਿੱਲੀ ਪੁਲਿਸ ਨੇ ਦੱਖਣੀ ਜ਼ਿਲ੍ਹੇ ਅਤੇ ਸੀਬੀਆਈ ਦਫਤਰ ਦੇ ਪ੍ਰਵੇਸ਼ ਦੁਆਰ ਦੇ ਆਲੇ-ਦੁਆਲੇ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਹੈ।

- ਦਿੱਲੀ ਆਬਕਾਰੀ ਨੀਤੀ ਮਾਮਲੇ ''''ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਇੱਕ ਵਾਰ ਫਿਰ ਕੇਂਦਰੀ ਜਾਂਚ ਬਿਊਰੋ ਵੱਲੋਂ ਪੁੱਛਗਿੱਛ
- ਕੇਜਰੀਵਾਲ ਨੇ ਜਤਾਇਆ ਸਿਸੋਦੀਆ ਦੀ ਗ੍ਰਿਫ਼ਤਾਰੀ ਦਾ ਖਦਸ਼ਾ, ਕਿਹਾ - ''''ਜਲਦੀ ਜੇਲ੍ਹ ਤੋਂ ਵਾਪਸ ਆਓ''''
- ਕੇਂਦਰੀ ਜਾਂਚ ਬਿਊਰੋ ਦੇ ਦਫਤਰ ਜਾਣ ਤੋਂ ਪਹਿਲਾਂ ਮਹਾਤਮਾ ਗਾਂਧੀ ਨੂੰ ਮੱਥਾ ਟੇਕਣ ਰਾਜਘਾਟ ਪਹੁੰਚੇ ਸਿਸੋਦੀਆ
- ਇਸ ਮਾਮਲੇ ''''ਚ ਪਹਿਲਾਂ ਵੀ ਮਨੀਸ਼ ਸਿਸੋਦੀਆ ਤੋਂ ਕੀਤੀ ਜਾ ਚੁੱਕੀ ਹੈ ਪੁੱਛਗਿੱਛ
- ਦਿੱਲੀ ਵਿੱਚ ਨਵੀਂ ਸ਼ਰਾਬ ਨੀਤੀ 2020 ਵਿੱਚ ਬਣਾਈ ਗਈ ਸੀ, ਜਿਸ ਨੂੰ 2021 ਵਿੱਚ ਲਾਗੂ ਕੀਤਾ ਗਿਆ।
- ਇਸ ਨੀਤੀ ਤਹਿਤ ਸਿਰਫ਼ ਨਿੱਜੀ ਦੁਕਾਨਾਂ ਉੱਤੇ ਹੀ ਸ਼ਰਾਬ ਵੇਚੀ ਜਾ ਸਕਦੀ ਸੀ। ਭਾਵ ਸਰਕਾਰੀ ਦੁਕਾਨਾਂ ਉੱਤੇ ਸ਼ਰਾਬ ਦੀ ਵਿੱਕਰੀ ਬੰਦ ਕਰ ਦਿੱਤੀ ਗਈ ਸੀ।
- ਸੀਬੀਆਈ ਨੇ ਕਥਿਤ ਸ਼ਰਾਬ ਘੁਟਾਲੇ ਵਿੱਚ ਮਨੀਸ਼ ਸਿਸੋਦੀਆ ਸਮੇਤ 15 ਵਿਅਕਤੀਆਂ ਅਤੇ ਦੋ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ

ਪਹਿਲਾਂ ਵੀ ਹੋ ਚੁੱਕੀ ਹੈ ਪੁੱਛਗਿੱਛ
ਇਸ ਤੋਂ ਪਹਿਲਾਂ ਵੀ ਅਕਤੂਬਰ ਮਹੀਨੇ ਵਿੱਚ ਮਨੀਸ਼ ਸਿਸੋਦੀਆ ਨੂੰ ਸੀਬੀਆਈ ਵੱਲੋਂ 2021 ਦੀ ਆਬਕਾਰੀ ਨੀਤੀ ਦੇ ਸਬੰਧ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੁਆਰਾ ਉਸ ਵੇਲੇ ਕੀਤੀ ਗਈ ਰਿਪੋਰਟ ਮੁਤਾਬਕ, ਉਸ ਵੇਲੇ ਉਨ੍ਹਾਂ ਕੋਲ਼ੋਂ ਲਗਭਗ 9 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ।
ਉਸ ਵੇਲੇ ਵੀ ਗੁਜਰਾਤ ਚੋਣ ਰੈਲੀ ਦੌਰਾਨ ਬੋਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਸਿਸੋਦੀਆ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ, ਪਰ ਉਸੇ ਸ਼ਾਮ ਨੂੰ ਇਹ ਦਾਅਵਾ ਗਲਤ ਸਾਬਿਤ ਹੋਇਆ ਸੀ।
ਉਸ ਸਮੇਂ ਸੀਬੀਆਈ ਅੱਗੇ ਪੇਸ਼ ਹੋਣ ਤੋਂ ਪਹਿਲਾਂ ਸਿਸੋਦੀਆ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀ।
ਜਦੋਂ ਉਹ ਆਪਣੇ ਘਰੋਂ ਨਿਕਲੇ ਤਾਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੀ ਵਰਕਰ ਉਹਨਾਂ ਦੀ ਗੱਡੀ ਕੋਲ ਇਕੱਠੇ ਹੋ ਗਏ ਸਨ।
ਉਸ ਵੇਲੇ ਵੀ ਸੀਬੀਆਈ ਅੱਗੇ ਪੇਸ਼ ਹੋਣ ਤੋਂ ਪਹਿਲਾਂ ਮਨੀਸ਼ ਸਿਸੋਦੀਆ ਰਾਜਘਾਟ ਵਿਖੇ ਮਹਾਤਮਾ ਗਾਂਧੀ ਦਾ "ਆਸ਼ੀਰਾਵਦ" ਲੈਣ ਪਹੁੰਚੇ ਸਨ।

ਕੀ ਹੈ ਪੂਰਾ ਮਾਮਲਾ
ਦਿੱਲੀ ਦੀ ਆਬਕਾਰੀ ਨੀਤੀ 2021-22 ਦੀ ਜਾਂਚ ਲਈ ਦਿੱਲੀ ਦੇ ਉਪ ਰਾਜਪਾਲ ਵਿਨੈ ਸਕਸੈਨਾ ਨੇ 20 ਜੁਲਾਈ 2022 ਨੂੰ ਗ੍ਰਹਿ ਵਿਭਾਗ ਨੂੰ ਜਾਂਚ ਕਰਨ ਲਈ ਪੱਤਰ ਲਿਖਿਆ ਸੀ।
ਸੀਬੀਆਈ ਵੱਲੋਂ ਦਰਜ ਐਫਆਈਆਰ ਮੁਤਾਬਕ ਆਬਕਾਰੀ ਨੀਤੀ 2021-22 ਦੇ ਦੌਰਾਨ ਕੋਰੋਨਾ ਮਹਾਂਮਾਰੀ ਦੇ ਕਾਰਨ ਸ਼ਰਾਬ ਕਾਰੋਬਾਰ ਨੂੰ ਹੋਏ ਘਾਟੇ ਦਾ ਹਵਾਲਾ ਦੇ ਕੇ ਲਾਇਸੈਂਸ ਫ਼ੀਸ ਖ਼ਤਮ ਕਰ ਦਿੱਤੀ ਗਈ ਸੀ।
ਸੀਬੀਆਈ ਦੀ ਜਾਂਚ ਦੇ ਦੌਰਾਨ ਹੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 1 ਅਗਸਤ 2022 ਨੂੰ ਪੁਰਾਣੀ ਆਬਕਾਰੀ ਨੀਤੀ 2021-22 ਨੂੰ ਬਦਲਣ ਦੇ ਹੁਕਮ ਦੇ ਦਿੱਤੇ ਸਨ ਅਤੇ ਕਿਹਾ ਸੀ ਕਿ ਸ਼ਰਾਬ ਸਿਰਫ਼ ਸਰਕਾਰੀ ਦੁਕਾਨਾਂ ਉੱਤੇ ਹੀ ਵਿਕੇਗੀ ਜਦਕਿ ਪਹਿਲਾਂ ਵਾਲੀ ਨੀਤੀ ਤਹਿਤ ਸ਼ਰਾਬ ਦੀ ਵਿੱਕਰੀ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਸੀ।
ਸੀਬੀਆਈ ਨੇ ਕਥਿਤ ਸ਼ਰਾਬ ਘੁਟਾਲੇ ਵਿੱਚ ਮੁਨੀਸ਼ ਸਿਸੋਦੀਆ ਸਮੇਤ 15 ਵਿਅਕਤੀਆਂ ਅਤੇ ਦੋ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਕੀ ਸੀ ਸ਼ਰਾਬ ਨੀਤੀ
ਦਿੱਲੀ ਵਿੱਚ ਨਵੀਂ ਸ਼ਰਾਬ ਨੀਤੀ 2020 ਵਿੱਚ ਬਣਾਈ ਗਈ ਸੀ, ਜਿਸ ਨੂੰ 2021 ਵਿੱਚ ਲਾਗੂ ਕੀਤਾ ਗਿਆ। ਇਸ ਦੇ ਤਹਿਤ ਦਿੱਲੀ ਨੂੰ 32 ਭਾਗਾਂ ਵਿੱਚ ਵੰਡਿਆ ਅਤੇ ਹਰ ਭਾਗ ਵਿੱਚ ਸ਼ਰਾਬ ਦੇ 27 ਠੇਕੇ ਖੁੱਲ੍ਹਣੇ ਸਨ।
ਇਸ ਨੀਤੀ ਦੇ ਤਹਿਤ ਸਿਰਫ਼ ਨਿੱਜੀ ਦੁਕਾਨਾਂ ਉੱਤੇ ਹੀ ਸ਼ਰਾਬ ਵੇਚੀ ਜਾ ਸਕਦੀ ਸੀ। ਭਾਵ ਸਰਕਾਰੀ ਦੁਕਾਨਾਂ ਉੱਤੇ ਸ਼ਰਾਬ ਦੀ ਵਿਕਰੀ ਬੰਦ ਕਰ ਦਿੱਤੀ ਗਈ ਸੀ।
ਇਸ ਦਾ ਮਕਸਦ ਸ਼ਰਾਬ ਮਾਫ਼ੀਆ ਅਤੇ ਕਾਲਾ ਬਾਜ਼ਾਰੀ ਨੂੰ ਖ਼ਤਮ ਕਰਨਾ ਅਤੇ ਸ਼ਰਾਬ ਦੀ ਦੁਕਾਨਾਂ ਦੀ ਬਰਾਬਰ ਵੰਡ ਨੂੰ ਯਕੀਨੀ ਬਣਾਉਣ ਸੀ।
ਇਸ ਦੇ ਲਈ ਦਿੱਲੀ ਸਰਕਾਰ ਨੇ ਲਾਇਸੰਸ ਧਾਰਕਾਂ ਨੂੰ ਨਿਯਮਾਂ ਦੇ ਵਿੱਚ ਕੁਝ ਢਿੱਲ ਵੀ ਦਿੱਤੀ ਸੀ ਜਿਵੇਂ ਡਿਸਕਾਊਟ ਦੇਣਾ ਅਤੇ ਸਰਕਾਰੀ ਐਮਆਰਪੀ ਦੀ ਬਜਾਏ ਆਪਣੀ ਕੀਮਤ ਖ਼ੁਦ ਤੈਅ ਕਰਨ ਦੀ ਆਗਿਆ।
ਹਾਲਾਂਕਿ ਵਿਰੋਧੀ ਧਿਰ ਦੇ ਵਿਰੋਧ ਦੇ ਬਾਅਦ ਕੁਝ ਸਮੇਂ ਦੇ ਲਈ ਇਹ ਛੋਟ ਵਾਪਸ ਵੀ ਲੈ ਲਈ ਗਈ।
ਐੱਫਆਈਆਰ ਵਿੱਚ ਸਿਸੋਦੀਆ ਸਮੇਤ 15 ''''ਤੇ ਇਲਜ਼ਾਮ

ਐੱਫਆਈਆਰ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਤਤਕਾਲੀ ਐਕਸਾਈਜ਼ ਕਮਿਸ਼ਨਰ ਗੋਪੀ ਕ੍ਰਿਸ਼ਨਾ ਤੋਂ ਇਲਾਵਾ ਡਿਪਟੀ ਐਕਸਾਈਜ਼ ਕਮਿਸ਼ਨਰ ਅਨੰਦ ਕੁਮਾਰ ਤਿਵਾੜੀ, ਸਹਾਇਕ ਐਕਸਾਈਜ਼ ਕਮਿਸ਼ਨਰ ਪੰਕਜ ਭਟਨਾਗਰ ਤੇ 9 ਕਾਰੋਬਾਰੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਐਫਆਈਆਰ ਵਿੱਚ ਮਨੀਸ਼ ਸਿਸੋਦੀਆ ਦਾ ਨਾਮ ਪਹਿਲੇ ਨੰਬਰ ਉੱਤੇ ਦਰਜ ਹੈ। ਹੋਰਨਾਂ ਮੁਲਜ਼ਮਾਂ ਵਿੱਚ ਐਂਟਰਟੇਨਮੈਂਟ ਤੇ ਈਵੈਂਟ ਮੈਨੇਜਮੈਂਟ ਕੰਪਨੀ ''''ਓਨਲੀ ਮੱਚ ਲਾਊਡਰ'''' ਦੇ ਸਾਬਕਾ ਸੀਈਓ ਵਿਜੈ ਨਾਇਰ, ਪੈਰਨੋਰਡ ਰਿਕਾਰਡ ਦੇ ਸਾਬਕਾ ਮੁਲਾਜ਼ਮ ਮਨੋਜ ਰਾਏ, ਬ੍ਰਿੰਡਕੋ ਸਪਿਰਿਟਜ਼ ਦੇ ਮਾਲਕ ਅਮਨਦੀਪ ਢਿੱਲੋ ਤੇ ਇੰਡੋ ਸਪਿਰਿਟਜ਼ ਦੇ ਮਾਲਕ ਸਮੀਰ ਮਹੇਂਦਰੂ ਸ਼ਾਮਲ ਹਨ।
ਕੇਂਦਰੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਲਿਆਂਦੀ ਗਈ ਆਬਕਾਰੀ ਨੀਤੀ ਵਿਚਲੀਆਂ ਬੇਨਿਯਮੀਆਂ ''''ਚ ਇਨ੍ਹਾਂ ਲੋਕਾਂ ਦੀ ਸਰਗਰਮ ਭੂਮਿਕਾ ਸੀ।
ਏਜੰਸੀ ਨੇ ਇਹ ਦਾਅਵਾ ਵੀ ਕੀਤਾ ਕਿ ਗੁੜਗਾਓਂ ਵਿੱਚ ਬਡੀ ਰਿਟੇਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮਿਤ ਅਰੋੜਾ, ਦਿਨੇਸ਼ ਅਰੋੜਾ ਤੇ ਅਰਜੁਨ ਪਾਂਡੇ- ਸਿਸੋਦੀਆ ਦੇ ''''ਨੇੜਲੇ ਸਹਾਇਕ'''' ਹਨ। ਜਾਂਚ ਏਜੰਸੀ ਮੁਤਾਬਕ ਇਨ੍ਹਾਂ ਦੀ ਵਿੱਤੀ ਬੇਨਿਯਮੀਆਂ ''''ਚ ਭੂਮਿਕਾ ਸੀ।
ਸੀਬੀਆਈ ਮੁਤਾਬਕ ਮਹਾਂਦੇਵ ਲਿਕਰਜ਼ ਨੂੰ ਵੀ ਲਾਇਸੰਸ ਦਿੱਤਾ ਗਿਆ ਹੈ ਜਿਸ ਦੇ ਕਰਤਾ ਧਰਤਾ ਸੰਨੀ ਮਰਵਾਹਾ ਹਨ ਜੋ ਸ਼ਰਾਬ ਦੇ ਮਰਹੂਮ ਕਾਰੋਬਾਰੀ ਪੌਂਟੀ ਚੱਡਾ (ਜਿਨ੍ਹਾਂ ਦੀ 2012 ਵਿੱਚ ਹੱਤਿਆ ਕਰ ਦਿੱਤੀ ਗਈ ਸੀ) ਦੇ ਪਰਿਵਾਰ ਵੱਲੋਂ ਚਲਾਈਆਂ ਜਾ ਰਹੀਆਂ ਕੰਪਨੀਆਂ ਦੇ ਡਾਇਰੈਕਟਰ ਹਨ।
ਸੀਬੀਆਈ ਮੁਤਾਬਕ ਸੰਨੀ ਮਰਵਾਹਾ ਦੇ ਸਰਕਾਰੀ ਕਰਮਚਾਰੀਆਂ ਨਾਲ ਨਜ਼ਦੀਕੀ ਸਬੰਧ ਸਨ। ਸੀਬੀਆਈ ਨੇ ਮੁਨੀਸ਼ ਸਿਸੋਦੀਆ ਅਤੇ ਹੋਰਨਾਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼), 477-ਏ (ਲਾਭ ਲੈਣ ਦੇ ਲਈ ਖਾਤਿਆਂ ਵਿੱਚ ਧਾਂਦਲੀ) ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜਾ ਕੀਤਾ ਹੈ।
ਐੱਫਆਈਆਰ ਦੇ ਮੁਤਾਬਕ ਆਬਕਾਰੀ ਨੀਤੀ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਬਦਲਾਅ ਕੀਤਾ ਗਏ। ਲਾਇਸੰਸ ਫ਼ੀਸ ਅਤੇ ਬਿਨਾਂ ਇਜਾਜ਼ਤ ਦੇ ਲਾਇਸੰਸ ਦੀ ਮਿਆਦ ਵਧਾਉਣ ਤੇ ਲਾਇਸੰਸ ਧਾਰਕਾਂ ਨੂੰ ਫ਼ਾਇਦਾ ਪਹੁੰਚਾਉਣ ਦੇ ਲਈ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ।

ਕੌਣ ਹਨ ਮਨੀਸ਼ ਸਿਸੋਦੀਆ
- ਇੱਕ ਸਮਾਜਿਕ ਕਾਰਕੁਨ ਅਤੇ ਪੱਤਰਕਾਰ ਤੋਂ ਦਿੱਲੀ ਦੇ ਉਪ ਮੁੱਖ ਮੰਤਰੀ ਬਣਨ ਤੱਕ ਮਨੀਸ਼ ਸਿਸੋਦੀਆ ਦਾ ਸਫ਼ਰ ਕਾਫ਼ੀ ਦਿਲਚਸਪ ਰਿਹਾ ਹੈ।
- 1988 ਵਿੱਚ ਅਰਵਿੰਦ ਕੇਜਰੀਵਾਲ ਨੇ ਸਮਾਜਿਕ ਕੰਮ ਕਰਨ ਦੇ ਲਈ ਪਰਿਵਰਤਨ ਨਾਮਕ ਇੱਕ ਐਨਜੀਓ ਬਣਾਈ ਸੀ, ਉਸ ਸਮੇਂ ਮਨੀਸ਼ ਸਿਸੋਦੀਆ ਇੱਕ ਟੀਵੀ ਪੱਤਰਕਾਰ ਦੇ ਵਜੋਂ ਕੰਮ ਕਰਦੇ ਸਨ ਅਤੇ ਉਨ੍ਹਾਂ ਨੇ ਇਸ ਐਨਜੀਓ ਉੱਤੇ ਇੱਕ ਸਟੋਰੀ ਵੀ ਕੀਤੀ ਸੀ।
- ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਦੀ ਦੋਸਤੀ ਹੋ ਗਈ। ਇੱਕ ਵਕਤ ਅਜਿਹਾ ਵੀ ਆਇਆ ਕਿ ਮਨੀਸ਼ ਸਿਸੋਦੀਆ ਨੇ ਨੌਕਰੀ ਛੱਡ ਕੇ ਕੇਜਰੀਵਾਲ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।
- ਅੰਨਾ ਹਜ਼ਾਰੇ ਅੰਦੋਲਨ ਦੇ ਦੌਰਾਨ ਵੀ ਮਨੀਸ਼ ਸਿਸੋਦੀਆ ਕੇਜਰੀਵਾਲ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਰਹੇ। 2011-12 ਦੇ ਦੌਰਾਨ ਜਦੋਂ ਆਮ ਆਦਮੀ ਪਾਰਟੀ ਦੇ ਗਠਨ ਦੀਆਂ ਤਿਆਰੀ ਚੱਲ ਰਹੀਆਂ ਸਨ ਤਾਂ ਸਿਸੋਦੀਆ ਹੀ ਕੇਜਰੀਵਾਲ ਦੇ ਸਭ ਤੋਂ ਕਰੀਬੀ ਬਣ ਕੇ ਕੰਮ ਕਰਨ ਲੱਗੇ।
- ਇਸ ਦੌਰਾਨ ਬਹੁਤ ਸਾਰੇ ਆਗੂ ਆਮ ਆਦਮੀ ਪਾਰਟੀ ਵਿੱਚ ਆਏ ਅਤੇ ਗਏ ਪਰ ਕੇਜਰੀਵਾਲ ਅਤੇ ਸਿਸੋਦੀਆ ਦੀ ਨੇੜਤਾ ਵਿੱਚ ਕੋਈ ਫ਼ਰਕ ਨਹੀਂ ਪਿਆ।
- ਕੇਜਰੀਵਾਲ ਤੋਂ ਬਾਅਦ ਜੇਕਰ ਆਮ ਆਦਮੀ ਪਾਰਟੀ ਵਿੱਚ ਦੂਜੇ ਨੰਬਰ ਦਾ ਕੋਈ ਆਗੂ ਹੈ ਤਾਂ ਉਹ ਮਨੀਸ਼ ਸਿਸੋਦੀਆ ਹਨ ਜੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਣੇ ਹੋਏ ਹਨ ਉਨ੍ਹਾਂ ਦੀ ਥਾਂ ਕੋਈ ਵੀ ਨਹੀਂ ਲੈ ਸਕਿਆ।
- ਜਦੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਨੂੰ ਉਪ ਮੁੱਖ ਮੰਤਰੀ ਬਣ ਕੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਿੱਤਾ।
- ਦਿੱਲੀ ਦੇ ਜਿਸ ਸਿੱਖਿਆ ਮਾਡਲ ਦਾ ਪ੍ਰਚਾਰ ਆਮ ਆਦਮੀ ਪਾਰਟੀ ਪੂਰੀ ਦੁਨੀਆ ਵਿੱਚ ਕਰਦੀ ਹੈ ਉਸ ਦਾ ਸਿਹਰਾ ਆਮ ਆਦਮੀ ਪਾਰਟੀ ਮਨੀਸ਼ ਸਿਸੋਦੀਆ ਦੇ ਸਿਰ ਹੀ ਬੰਨ੍ਹਦੀ ਹੈ।
