ਅਮ੍ਰਿਤਪਾਲ ’ਤੇ ਭਗਵੰਤ ਮਾਨ ਦਾ ਤੰਜ ਤੇ ਅਕਾਲ ਤਖ਼ਤ ਨੇ ਅਜਨਾਲਾ ਹਿੰਸਾ ਮਗਰੋਂ ਮਰਿਆਦਾ ਬਾਰੇ ਚੁੱਕਿਆ ਇਹ ਕਦਮ
Saturday, Feb 25, 2023 - 05:15 PM (IST)


ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜਨਾਲਾ ਘਟਨਾ ਤੋਂ ਬਾਅਦ ਰੋਸ ਮੁਜਹਾਰਿਆਂ, ਧਰਨਿਆਂ ਅਤੇ ਕਬਜੇ ਵਾਲੇ ਅਸਥਾਨਾਂ ’ਤੇ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਲਿਜਾਣ ਦੇ ਮਾਮਲੇ ਨੂੰ ਵਿਚਾਰਨ ਲਈ ਇੱਕ ਸਬ-ਕਮੇਟੀ ਦਾ ਗਠਨ ਕੀਤਾ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਮੇਟੀ ਰੋਸ ਪ੍ਰਦਰਸ਼ਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਸਬੰਧੀ ਵਿਚਾਰ ਕਰੇਗੀ ਅਤੇ 15 ਦਿਨਾਂ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਭੇਜੇਗੀ।
ਇਸ ਉਪਰ ਅੰਤਮ ਫੈਸਲਾ ਪੰਜ ਸਿੰਘ ਸਾਹਿਬਾਨ ਵੱਲੋਂ ਲਿਆ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਦਾ ਤੰਜ
ਮੁੱਖ ਮੰਤਰੀ ਭਗਵੰਤ ਮਾਨ ਨੇ ਅਜਨਾਲਾ ਵਾਲੀ ਘਟਨਾ ਬਾਰੇ ਟਵੀਟ ਕੀਤਾ ਪਰ ਅਮ੍ਰਿਤਪਾਲ ਦਾ ਨਾਂ ਲੈਣ ਤੋਂ ਬਚਦੇ ਨਜ਼ਰ ਆਏ।
ਉਨ੍ਹਾਂ ਕਿਹਾ, “ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣਿਆਂ ਤੱਕ ਲੈ ਕੇ ਜਾਣ ਵਾਲੇ ਕਿਸੇ ਵੀ ਪੱਖ ਤੋਂ ਪੰਜਾਬ ਅਤੇ ਪੰਜਾਬੀਅਤ ਦੇ “ ਵਾਰਿਸ ” ਅਖਵਾਉਣ ਦੇ ਕਾਬਿਲ ਨਹੀਂ ਹੋ ਸਕਦੇ।”
ਅਜਨਾਲਾ ਵਿੱਚ ਕੀ ਵਾਪਰਿਆ ਸੀ
ਵੀਰਵਾਰ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਜਨਾਲਾ ਪੁਲਿਸ ਥਾਣੇ ਦਾ ਸ਼ਾਮ ਤੱਕ ਘੇਰਾਓ ਕੀਤਾ ਸੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ ਪੁਲਿਸ ਦੀਆਂ ਝੜਪਾਂ ਵੀ ਹੋਈਆਂ ਸਨ। ਪੰਜਾਬ ਪੁਲਿਸ ਮੁਤਾਬਕ ਇਨ੍ਹਾਂ ਝੜਪਾਂ ਵਿੱਚ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸੀ।
ਉਨ੍ਹਾਂ ਦੀ ਮੰਗ ਸੀ ਕਿ ਪੁਲਿਸ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਰਿਹਾਅ ਕਰੇ। ਇਸ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪੰਜ ਸਾਥੀਆਂ ਉੱਤੇ ਦਰਜ ਪਰਚਿਆਂ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਗਈ।
15 ਫਰਵਰੀ ਨੂੰ ਵਰਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਕਥਿਤ ਕੁੱਟਮਾਰ ਹੋਈ। ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੁੱਟਿਆ ਗਿਆ ਹੈ।
ਅਮ੍ਰਿਤਪਾਲ ਸਿੰਘ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਗਿਆ ਹੈ। ਵੀਰਵਾਰ ਸ਼ਾਮ ਨੂੰ ਪੁਲਿਸ ਦੀ ਅਮ੍ਰਿਤਪਾਲ ਦੇ ਹਮਾਇਤੀਆਂ ਨਾਲ ਸਹਿਮਤੀ ਬਣੀ।
ਸ਼ੁੱਕਵਾਰ ਸ਼ਾਮ ਨੂੰ ਅੰਮ੍ਰਿਤਸਰ ਜੇਲ੍ਹ ਵਿੱਚੋਂ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਇਹ ਵੀ ਸਹਿਮਤੀ ਬਣੀ ਕਿ ਬਾਕੀ ਮਾਮਲਿਆਂ ਦੀ ਜਾਂਚ ਐੱਸਆਈਟੀ ਕਰੇਗੀ।

23 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਅਜਨਾਲਾ ਦੇ ਥਾਣੇ ਦੀ ਘਿਰਾਓ ਕੀਤੀ ਗਿਆ ਸੀ।
ਇਸ ਰੋਸ ਪ੍ਰਦਰਸ਼ਨ ਦੌਰਾਨ ਅਮ੍ਰਿਤਪਾਲ ਦੇ ਸਮਰੱਥਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਨਾਲ ਲਜਾਈ ਗਈ ਸੀ ਜਿਸ ਨੂੰ ਲੈ ਕੇ ਸਿੱਖ ਅਤੇ ਰਾਜਨੀਤਿਕ ਗਰੁੱਪਾਂ ਵੱਲੋਂ ਇਸ ਕਾਰਵਾਈ ਉਪਰ ਸਵਾਲ ਚੁੱਕੇ ਜਾ ਰਹੇ ਹਨ।
ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਕਾਨੂੰਨ ਵਿਵਸਥਾ ਕਾਬੂ ਵਿੱਚ ਨਾ ਰੱਖ ਪਾਉਣ ਲਈ ਕੋਸ ਰਹੀ ਹੈ।
ਹਾਲਾਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਉਪਰ ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਆਏ ਸਨ।
ਪੰਜਾਬ ਕੈਬਨਿਟ ਵਿੱਚ ਮੰਤਰੀ ਅਮਨ ਅਰੌੜਾ ਦਾ ਕਹਿਣਾ ਹੈ, “ਅਮ੍ਰਿਤਪਾਲ ਅਤੇ ਉਸ ਦੇ ਸਾਥੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਪਹੁੰਚੇ ਸਨ। ਪੰਜਾਬ ਸਰਕਾਰ ਅਤੇ ਪੁਲਿਸ ਨਹੀਂ ਚਾਹੁੰਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ।”

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅਜਨਾਲਾ ਘਟਨਾ ਬਾਰੇ ਕਿਹਾ ਹੈ ਕਿ ਇਸ ਪੂਰੀ ਘਟਨਾ ਦੌਰਾਨ ਪੰਜਾਬ ਪੁਲਿਸ ਦਾ ਮੁੱਖ ਮੰਤਵ ਗੁਰੂ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਸੀ।
ਅਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਹੁਤ ਪਿੱਛੇ ਸੀ ਪਰ ਇਸ ਦਾ ਬਹਾਨਾ ਬਣਾਇਆ ਜਾ ਰਿਹਾ ਹੈ।
ਉਹਨਾਂ ਕਿਹਾ, “ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਵਹੀਰ ਕੱਢੀ ਸੀ। ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਕਦੇ ਵੀ ਅੱਗੇ ਨਹੀਂ ਗਏ ਪਰ ਇਸ ਵਾਰ ਜਦੋਂ ਪੁਲਿਸ ਨੇ ਲਾਠੀਚਾਰਜ ਸ਼ੁਰੂ ਕੀਤਾ ਤਾਂ ਪਾਲਕੀ ਸਾਹਿਬ ਬਹੁਤ ਪਿੱਛੇ ਸੀ। ਪਾਲਕੀ ਸਾਹਿਬ ਬਾਅਦ ਵਿੱਚ ਥਾਣੇ ਅੰਦਰ ਪਹੁੰਚੀ ਹੈ।”
ਵਿਰੋਧੀ ਧਿਰਾਂ ਵੱਲੋਂ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਬੁਰੀ ਤਰ੍ਹਾਂ ਖਰਾਬ ਹੋਣ ਦੀ ਗੱਲ ਆਖੀ ਜਾ ਰਹੀ ਹੈ।
ਅਦਕਾਰਾ ਕੰਗਨਾ ਰਣੌਤ ਨੇ ਅਮ੍ਰਿਤਪਾਲ ਨੂੰ ਦਿੱਤੀ ਚਣੌਤੀ
ਬਾਲੀਬੁੱਡ ਅਦਕਾਰਾ ਕੰਗਨਾ ਰਣੌਤ ਨੇ ਅਮ੍ਰਿਤਪਾਲ ਸਿੰਘ ਨੂੰ ਬਹਿਸ ਦੀ ਚਣੌਤੀ ਦਿੱਤੀ ਹੈ।
ਕੰਗਣਾ ਨੇ ਟਵਿੱਟਰ ’ਤੇ ਲਿਖਿਆ, “ਅਮ੍ਰਿਤਪਾਲ ਨੇ ਰਾਸ਼ਟਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੇਕਰ ਕੋਈ ਉਨ੍ਹਾਂ ਨਾਲ ਬੌਧਿਕ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹੈ ਤਾਂ ਉਹ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦਾ ਹੈ। ਮੈਂ ਹੈਰਾਨ ਹਾਂ ਕਿ ਕਿਸੇ ਨੇ ਵੀ ਇਹ ਚੁਣੌਤੀ ਸਵੀਕਾਰ ਨਹੀਂ ਕੀਤੀ, ਇੱਥੋਂ ਤੱਕ ਕਿ ਕਿਸੇ ਸਿਆਸਤਦਾਨ ਨੇ ਵੀ ਨਹੀਂ।”
ਉਹਨਾਂ ਕਿਹਾ, “ਜੇਕਰ ਮੈਨੂੰ ਖਾਲਿਸਤਾਨੀਆਂ ਵੱਲੋਂ ਕੁੱਟਿਆ, ਮਾਰਿਆ ਜਾਂ ਗੋਲੀ ਮਾਰ ਕੇ ਨਾ ਮਾਰਿਆ ਜਾਵੇ ਤਾਂ ਮੈਂ ਤਿਆਰ ਹਾਂ।”
ਸ਼ੱਕਰਵਾਰ ਨੂੰ ਅਮ੍ਰਿਤਪਾਲ ਨੇ ਕਿਹਾ ਸੀ ਕਿ, ‘ਸਾਡੇ ਖਾਲਿਸਤਾਨ ਦੇ ਮਕਸਦ ਨੂੰ ਬੁਰਾਈ ਜਾਂ ਵਰਜਿਤ ਨਾ ਸਮਝਿਆ ਜਾਵੇ। ਉਸ ਨੂੰ ਬੜੀ ਵਿਦਵਤਾ ਨਾਲ ਵੇਖਿਆ ਜਾਵੇ।’
‘ਇਸ ਦੇ ਭੂ-ਰਾਜਨੀਤਿਕ ਲਾਭ ਕੀ ਹਨ, ਸਿੱਖਾਂ ਲਈ ਇਸ ਦੇ ਕੀ ਲਾਭ ਹਨ ਅਤੇ ਸਿੱਖਾਂ ਦੇ ਬਚਾਅ ਅਤੇ ਪੰਜਾਬ ਲਈ ਇਹ ਕਿਉਂ ਜ਼ਰੂਰੀ ਹੈ।’
ਅਮ੍ਰਿਤਪਾਲ ਨੇ ਕਿਹਾ ਸੀ ਕਿ ਇਸ ਮੁੱਦੇ ਉਪਰ ਉਹਨਾਂ ਵੱਲੋਂ ਬਹਿਸ ਕਰਨ ਲਈ ਰਾਸ਼ਟਰੀ, ਅੰਤਰ ਰਾਸ਼ਟਰੀ ਮੀਡੀਆ ਅਤੇ ਦੁਨੀਆ ਭਰ ਦੇ ਵਿਵਦਾਨਾਂ ਨੂੰ ਖੁੱਲਾ ਸੱਦਾ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)