ਅਮ੍ਰਿਤਪਾਲ: ਕੀ ਪੰਜਾਬ ’ਚ ਖਾਲਿਸਤਾਨ ਦੇ ਨਾਅਰੇ ਦੀ ਗੂੰਜ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੀ ਹੈ

Saturday, Feb 25, 2023 - 11:30 AM (IST)

ਅਮ੍ਰਿਤਪਾਲ: ਕੀ ਪੰਜਾਬ ’ਚ ਖਾਲਿਸਤਾਨ ਦੇ ਨਾਅਰੇ ਦੀ ਗੂੰਜ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੀ ਹੈ
ਅਮ੍ਰਿਤਪਾਲ ਸਿੰਘ
Getty Images

‘ਸਾਡੇ ਖਾਲਿਸਤਾਨ ਦੇ ਮਕਸਦ ਨੂੰ ਬੁਰਾਈ ਜਾਂ ਵਰਜਿਤ ਨਾ ਸਮਝਿਆ ਜਾਵੇ। ਉਸ ਨੂੰ ਬੜੀ ਵਿਦਵਤਾ ਨਾਲ ਵੇਖਿਆ ਜਾਵੇ।’

‘ਇਸ ਦੇ ਭੂ-ਰਾਜਨੀਤਿਕ ਲਾਭ ਕੀ ਹਨ, ਸਿੱਖਾਂ ਲਈ ਇਸ ਦੇ ਕੀ ਲਾਭ ਹਨ ਅਤੇ ਸਿੱਖਾਂ ਦੇ ਬਚਾਅ ਅਤੇ ਪੰਜਾਬ ਲਈ ਇਹ ਕਿਉਂ ਜ਼ਰੂਰੀ ਹੈ।’

ਇਹ ਟਿੱਪਣੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਅਜਨਾਲਾ ਵਿੱਚ ਸਿੱਖ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਥਾਣੇ ਦਾ ਘਿਰਾਓ ਕਰਨ ਤੋਂ ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ ਕੀਤੀ।

ਅਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਦੀ ਮੰਗ ਬਾਰੇ ਅੱਗੇ ਕਿਹਾ, “ਇਸ ਦੇ ਪਿੱਛੇ ਕੋਈ ਨਹੀਂ ਹੈ। ਮੈਂ ਇਸ ਦੇ ਪਿੱਛੇ ਨਹੀਂ ਹਾਂ। ਬੰਦਾ ਸਿਰਫ਼ ਕਿਸੇ ਵਿਚਾਰਧਾਰਾ ਦਾ ਚਿਹਰਾ ਬਣਦਾ ਹੈ। ਇਹ ਵਿਚਾਰਧਾਰਾ ਕਦੇ ਵੀ ਖਤਮ ਨਹੀਂ ਹੁੰਦੀ। ਤੁਸੀਂ ਸਾਡੀ ਸਾਰੀ ਕੌਮ ਨੂੰ ਮਾਰ ਦੇਵੋ, ਖਾਲਸੇ ਦਾ ਰਾਜ ਕਰਨ ਦਾ ਸੁਪਨਾ ਕਦੇ ਖਤਮ ਨਹੀਂ ਹੋਵੇਗਾ। ਇਹ ਮਹਾਰਾਜ ਨੇ ਦੇਣਾ ਹੈ, ਦਿੱਲੀ ਤੋਂ ਤਾਂ ਅਸੀਂ ਮੰਗਦੇ ਨਹੀਂ ਹਾਂ।”

ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਇੱਕ ਨਾਮ ਚਰਚਾ ਵਿੱਚ ਹੈ। ਇਹ ਨਾਂ ਹੈ ਅਮ੍ਰਿਤਪਾਲ ਸਿੰਘ, ਜੋ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ ''''ਵਾਰਸ ਪੰਜਾਬ ਦੇ'''' ਜਥੇਬੰਦੀ ਦੇ ਮੁਖੀ ਹਨ।

ਅਮ੍ਰਿਤਪਾਲ ਸਿੰਘ ਵੱਲੋਂ ਵੱਖ-ਵੱਖ ਸਟੇਜਾਂ ਉੱਤੇ ਜਿੱਥੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾਂਦੀ ਹੈ ਉੱਥੇ ਹੀ ਉਨ੍ਹਾਂ ਵੱਲੋਂ ਖਾਲਿਸਤਾਨ ਦੀ ਮੰਗ ਕੀਤੀ ਜਾਂਦੀ ਹੈ।

ਵੀਰਵਾਰ ਨੂੰ ਜਦੋਂ ਅਜਨਾਲਾ ਵਿੱਚ ਥਾਣੇ ਦਾ ਘਿਰਾਓ ਕਰਨ ਵੇਲੇ ਅਤੇ ਉਸ ਤੋਂ ਬਾਅਦ ਵੀ ਆਪਣੇ ਸੰਬੋਧਨਾਂ ਵਿੱਚ ਉਹ ਖਾਲਿਸਤਾਨ ਦਾ ਮੁੱਦਾ ਚੁੱਕ ਰਹੇ ਹਨ।

ਇੱਕ ਪਾਸੇ ਅਜਨਾਲਾ ਦੀ ਘਟਨਾ ਤੇ ਦੂਜੇ ਪਾਸੇ ਖਾਲਿਸਤਾਨ ਦੀ ਮੰਗ ਦਾ ਪੁਰਜ਼ੋਰ ਤਰੀਕੇ ਨਾਲ ਫਿਰ ਉਠਣਾ ਰਾਜਨੇਤਾ, ਪੁਲਿਸ ਪ੍ਰਸ਼ਾਸਨ ਦੇ ਮਾਹਿਰਾਂ ਅਤੇ ਸੀਨੀਅਰ ਪੱਤਰਕਾਰਾਂ ਨੂੰ ਚਿੰਤਾ ਦਾ ਵਿਸ਼ਾ ਲਗ ਰਿਹਾ ਹੈ।

ਕਈ ਮਾਹਿਰਾਂ ਵੱਲੋਂ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਅਜਨਾਲਾ ਇਕੱਠ ਨੂੰ ‘ਗਰਮ ਖਿਆਲੀ ਭੀੜ’ ਕਰਾਰ ਦਿੱਤਾ ਜਾ ਰਿਹਾ ਹੈ।

ਅਜਨਾਲਾ ਵਿੱਚ ਕੀ ਹੋਇਆ ਸੀ

ਵੀਰਵਾਰ ਨੂੰ ਅਜਨਾਲਾ ਵਿੱਚ ਹਾਲਾਤ ਉਸ ਸਮੇਂ ਕਾਫੀ ਤਣਾਅ ਵਾਲੇ ਹੋ ਗਏ ਸਨ ਜਦੋਂ ਪ੍ਰਦਰਸ਼ਨਕਾਰੀਆਂ ਵੱਲੋਂ ਅਜਨਾਲਾ ਵਿੱਚ ਥਾਣੇ ਦਾ ਘਿਰਾਓ ਕੀਤਾ ਸੀ।

ਹੱਥਾਂ ਵਿੱਚ ਤਲਵਾਰਾਂ ਲੈ ਕੇ ਥਾਣੇ ਪਹੁੰਚੇ ਵੱਡੀ ਗਿਣਤੀ ਲੋਕ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਦੀ ਮੰਗ ਕਰ ਰਹੇ ਸਨ।

ਇਸ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪੰਜ ਸਾਥੀਆਂ ਉੱਤੇ ਦਰਜ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

ਇਹ ਮਾਮਲਾ 15 ਫਰਵਰੀ ਨੂੰ ਵਰਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਕਥਿਤ ਕੁੱਟਮਾਰ ਨਾਲ ਜੁੜਿਆ ਹੋਇਆ ਸੀ।

ਸ਼ੁੱਕਰਵਾਰ ਸ਼ਾਮ ਨੂੰ ਲਵਪ੍ਰੀਤ ਸਿੰਘ ਤੂਫਾਨ ਨੂੰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਬਣੀ ਸਹਿਮਤੀ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ।

ਜੇਲ੍ਹ ਵਿੱਚੋਂ ਬਾਹਰ ਆ ਕੇ ਲਵਪ੍ਰੀਤ ਨੇ ਕਿਹਾ ਕਿ ਜੇ ਸਿੱਖਾਂ ਨੇ ਅੱਗੇ ਜਾਣਾ ਹੈ ਕਿ ਤਾਂ ਉਨ੍ਹਾਂ ਨੂੰ ਇਕੱਠੇ ਹੋਣਾ ਪਵੇਗਾ।

  ਅਮ੍ਰਿਤਪਾਲ ਤੇ ਖਾਲਿਸਤਾਨ
Getty Images

ਖਾਲਿਸਤਾਨ ਦੇ ਨਾਅਰੇ ਨਾਲ ਕੀ ਫ਼ਰਕ ਪਵੇਗਾ

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਖਾਲਿਸਤਾਨ ਦਾ ਨਾਅਰਾ ਬਹੁਤ ਪੁਰਾਣਾ ਹੈ। ਸਾਲ 1978 ਵਿੱਚ ਜਦੋਂ ਦਲ ਖਾਲਸਾ ਬਣਿਆ ਸੀ ਤਾਂ ਇਹ ਨਾਅਰਾ ਦਿੱਤਾ ਗਿਆ ਸੀ ਅਤੇ ਉਸ ਤੋਂ ਪਹਿਲਾਂ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਕਿਸੇ ਸਮੇਂ ਇਹ ਨਾਅਰਾ ਦਿੱਤਾ ਸੀ।

ਜਗਤਾਰ ਸਿੰਘ ਅਨੁਸਾਰ, “ਖਾਲਿਸਤਾਨ ਲਈ ਸੰਘਰਸ਼ ਵੀ ਹੋਇਆ ਅਤੇ ਲੋਕ ਮਰੇ ਵੀ ਹਨ। ਹੁਣ ਫਿਰ ਉਹੀ ਗੱਲ ਹੋ ਰਹੀ ਹੈ। ਇਹ ਨਾਅਰਾ ਵਾਪਿਸ ਆ ਗਿਆ ਹੈ। ਇਸ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਜ਼ਰੂਰ ਪੈਦਾ ਹੋਵੇਗਾ। ਨਵੇਂ ਹਲਾਤ ਵਿੱਚ ਲੱਗ ਰਿਹਾ ਹੈ ਕਿ ਸਾਡੀ ਲਈ ਬਾਹਰੋਂ ਆ ਕੇ ਇੱਕ ਬੰਦਾ ਖਾਲਿਸਤਾਨ ਦੀ ਗੱਲ ਕਰ ਰਿਹਾ ਹੈ।”

ਉਨ੍ਹਾਂ ਕਿਹਾ, “ਦਲ ਖਾਲਸਾ ਹਰ ਸਾਲ ਦੋ ਵਾਰ ਜਲੂਸ ਕੱਢਦਾ ਹੈ ਅਤੇ ਖਾਲਿਸਤਾਨ ਦੇ ਨਾਅਰੇ ਲੱਗਦੇ ਹਨ। ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਖਾਲਿਸਤਾਨ ਦੀ ਗੱਲ ਕਰਦੇ ਹਨ। ਪੰਜਾਬ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ। ਪਰ ਜਿਸ ਢੰਗ ਨਾਲ ਅਮ੍ਰਿਤਪਾਲ ਗੱਲ ਕਰਦੇ ਹਨ, ਉਹ ਦਹਿਸ਼ਤ ਪੈਦਾ ਕਰਨ ਵਾਲਾ ਹੈ। ਜੋ ਅਜਨਾਲਾ ਵਿੱਚ ਹੋਇਆ, ਉਹ ਡਰ ਪੈਦਾ ਕਰਨ ਵਾਲਾ ਹੈ।”

ਅਮ੍ਰਿਤਪਾਲ ਤੇ ਖਾਲਿਸਤਾਨ
Getty Images
ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਇਹ ਥਾਣੇ ਦਾ ਘੇਰਾਓ ਨਹੀਂ ਸੀ, ਸਗੋਂ ਪੁਲਿਸ ਸਟੇਸ਼ਨ ਉੱਤੇ ਕਬਜ਼ਾ ਕੀਤਾ ਗਿਆ ਸੀ।”

ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹ) ਸ਼ਸ਼ੀ ਕਾਂਤ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਵਿੱਚ ਕਿਹਾ ਕਿ ਪੰਜਾਬ ਦੇ ਮੌਜੂਦਾ ਹਲਾਤ ਤੋਂ ਲੱਗਦਾ ਹੈ ਕਿ ਕਾਨੂੰਨੀ ਵਿਵਸਥਾ ਤਹਿਸ-ਨਹਿਸ ਹੋ ਗਈ ਹੈ।

ਸ਼ਸ਼ੀ ਕਾਂਤ ਨੇ ਕਿਹਾ, “ਪੰਜਾਬ ਦੀ ਹਾਲਾਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਹ ਸਰਕਾਰ ਦੀ ਹੀ ਅਸਫਲਤਾ ਹੈ।”

ਉਹਨਾਂ ਕਿਹਾ, “ਮੈਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦਾ ਪਰ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਪੰਜਾਬ ਦੇ ਕੁਝ ਹਿੱਸਿਆਂ ਨੂੰ ਲੱਗ ਰਿਹਾ ਹੈ ਕਿ, ਕੀ ਅਸੀਂ ਮੁੜ ਤੋਂ ਕਾਲੇ ਦੌਰ ਵੱਲ ਪਰਤ ਰਹੇ ਹਾਂ। ਲਗਾਤਾਰ ਆਰਪੀਜੀ ਚੱਲਣ ਅਤੇ ਬੰਬ ਬਲਾਸਟ ਹੋਣ ਤੋਂ ਇਹੋ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬ ਵਿੱਚ ਡਰ ਦਾ ਮਾਹੌਲ ਹੈ।”

ਪੰਜਾਬ
BBC

ਅਜਨਾਲਾ ਮਾਮਲਾ ਕੀ ਹੈ?

  • 15 ਫ਼ਰਵਰੀ ਨੂੰ ਇੱਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ
  • ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੁੱਟਿਆ ਗਿਆ ਹੈ
  • ਅਜਨਾਲਾ ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕੀਤਾ
  • 23 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਵੱਡੀ ਗਿਣਤੀ ਸਮਰਥਕਾਂ ਨਾਲ ਅਜਨਾਲਾ ਥਾਣੇ ਪਹੁੰਚੇ
  • ਪੁਲਿਸ ਦੇ ਅਮ੍ਰਿਤਪਾਲ ਦੇ ਸਮਰਥਕਾਂ ਦਰਮਿਆਨ ਝੜਪਾਂ ਵੀ ਹੋਈਆਂ ਤੇ ਸਥਿਤੀ ਤਣਾਅਪੁਰਣ ਬਣੀ ਰਹੀ
  • 24 ਫ਼ਰਵਰੀ ਲਵਪ੍ਰੀਤ ਸਿੰਘ ਤੂਫਾਨ ਨੂੰ ਅੰਮ੍ਰਿਤਸਰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਸੀ
ਪੰਜਾਬ
BBC

‘ਅਜਨਾਲਾ ’ਚ ਭੀੜ ਆਮ ਨਹੀਂ ਸਗੋਂ ਗਰਮ ਖਿਆਲੀ ਭੀੜ ਸੀ’

ਜਗਤਾਰ ਸਿੰਘ ਨੇ ਅਰਵਿੰਦ ਛਾਬੜਾ ਨਾਲ ਗੱਲਬਾ ਵਿੱਚ ਕਿਹਾ, “ਇਹ ਥਾਣੇ ਦਾ ਘੇਰਾਓ ਨਹੀਂ ਸੀ, ਸਗੋਂ ਪੁਲਿਸ ਸਟੇਸ਼ਨ ਉੱਤੇ ਕਬਜ਼ਾ ਕੀਤਾ ਗਿਆ ਸੀ। ਪੰਜਾਬ ਦੇ ਇਤਿਹਾਸ ਵਿੱਚ ਪੁਲਿਸ ਸਟੇਸ਼ਨ ’ਤੇ ਕਬਜ਼ਾ ਕਰਨਾ ਬੜੀ ਹੀ ਅਜੀਬ ਗੱਲ ਹੈ। ਮੇਰੇ ਤਜਰਬੇ ਦੇ ਹਿਸਾਬ ਨਾਲ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਭੀੜ ਨੇ ਪੁਲਿਸ ਸਟੇਸ਼ਨ ਉੱਤੇ ਕਬਜ਼ਾ ਕੀਤਾ ਹੈ।”

ਉਹਨਾਂ ਕਿਹਾ, “ਦੋ ਘੰਟੇ ਤੱਕ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਦਾ ਪੁਲਿਸ ਸਟੇਸ਼ਨ ਉੱਤੇ ਕਬਜ਼ਾ ਰਿਹਾ ਅਤੇ ਪੁਲਿਸ ਵਾਲੇ ਪੁਲਿਸ ਸਟੇਸ਼ਨ ਛੱਡ ਕੇ ਭੱਜ ਗਏ ਸੀ। ਪੰਜਾਬ ਵਿੱਚ ਅੱਤਵਾਦ ਦੇ ਦੌਰ ਵਿੱਚ ਵੀ ਜਦੋਂ ਕਦੇ ਹਾਲਾਤ ਨਾਜ਼ੁਕ ਹੁੰਦੇ ਸਨ ਤਾਂ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਨੇ ਪੁਲਿਸ ਸਟੇਸ਼ਨ ਉੱਤੇ ਕਬਜ਼ਾ ਕੀਤਾ ਹੋਵੇ।”

ਜਗਤਾਰ ਸਿੰਘ ਕਹਿੰਦੇ ਹਨ, “ਉਸ ਸਮੇਂ ਅਤੇ ਹੁਣ ਦੇ ਦੌਰ ਵਿੱਚ ਮੈਂ ਇੱਕ ਫ਼ਰਕ ਦੇਖਦਾ ਹਾਂ ਕਿ ਮੌਜੂਦਾ ਭੀੜ ਸਾਧਾਰਨ ਨਹੀਂ ਸੀ ਸਗੋਂ ਇਹ ਗਰਮ ਖਿਆਲੀ ਭੀੜ ਸੀ।”

ਅਮ੍ਰਿਤਪਾਲ ਤੇ ਖਾਲਿਸਤਾਨ
Getty Images
ਪ੍ਰਦਰਸ਼ਨਕਾਰੀ ਇਸ ਕਾਰਵਾਈ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਾਲ ਲੈ ਕੇ ਤੁਰੇ ਸਨ।

ਰੋਸ ਪ੍ਰਦਰਸ਼ਨ ’ਚ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਨਾਲ ਲੈ ਕੇ ਤੁਰਨਾ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅਜਨਾਲਾ ਘਟਨਾ ਬਾਰੇ ਕਿਹਾ ਹੈ ਕਿ ਇਸ ਪੂਰੀ ਘਟਨਾ ਦੌਰਾਨ ਪੰਜਾਬ ਪੁਲਿਸ ਦਾ ਮੁੱਖ ਮੰਤਵ ਗੁਰੂ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਸੀ।

ਪ੍ਰਦਰਸ਼ਨਕਾਰੀ ਇਸ ਕਾਰਵਾਈ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਾਲ ਲੈ ਕੇ ਤੁਰੇ ਸਨ।

ਡੀਜੀਪੀ ਗੌਰਵ ਯਾਦਵ ਕਿਹਾ ਹੈ ਕਿ, “ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਕਵਰ ਵਿੱਚ ਪੁਲਿਸ ਉਪਰ ਹਮਲਾ ਕੀਤਾ ਗਿਆ। ਇਸ ਵਿੱਚ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਹਰ ਇਨਸਾਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦਾ ਹੈ। ਇਸ ਦੀ ਆੜ ਵਿੱਚ ਪੁਲਿਸ ’ਤੇ ਹਮਲਾ ਕਰਨਾ ਕਾਇਰਤਾ ਦਾ ਪ੍ਰਤੀਕ ਹੈ।”

ਅਮ੍ਰਿਤਪਾਲ ਤੇ ਖਾਲਿਸਤਾਨ
BBC

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਮ੍ਰਿਤਪਾਲ ਸਿੰਘ ਦਾ ਨਾਮ ਲਏ ਬਗੈਰ ਫੇਸਬੁੱਕ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ।

ਉਨ੍ਹਾਂ ਇਸ ਪੋਸਟ ਵਿੱਚ ਲਿਖਿਆ ਹੈ, “ਜੇ ਕੋਈ ਜਬਰ ਜ਼ੁਲਮ ਦੇ ਖ਼ਿਲਾਫ਼, ਮਨੁੱਖੀ ਹੱਕਾਂ ਨੂੰ ਕੁਚਲਣ ਦੇ ਖ਼ਿਲਾਫ਼ ਜਾਂ ਸਿੱਖਾਂ ਦੇ ਹੱਕ ਹਕੂਕਾਂ ਲਈ ਸੰਘਰਸ਼ ਕਰਦਾ ਹੈ ਤਾਂ ਉਸ ਦੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਡੱਟਵੀਂ ਹਮਾਇਤ ਕਰਨੀ ਚਾਹੀਦੀ ਹੈ।’’

‘‘ਇਸ ਕਾਰਜ ਵਿੱਚ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਅਸੀਸ ਲੈਣਾ ਵੀ ਜ਼ਰੂਰੀ ਹੈ। ਜਿੱਥੇ ਸੰਘਰਸ਼ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਵਿੱਚ ਕਮੀ ਆਉਣ ਦਾ ਖ਼ਦਸ਼ਾ ਹੋਵੇ ਉੱਥੇ ਜ਼ਰੂਰ ਵਿਚਾਰਨਾ ਚਾਹੀਦਾ ਹੈ ਅਤੇ ਸਾਨੂੰ ਪੁਰਾਤਨ ਇਤਿਹਾਸ ਤੋਂ ਸੇਧ ਲੈ ਲੈਣੀ ਚਾਹੀਦੀ ਹੈ।’’

ਅਮ੍ਰਿਤਪਾਲ ਤੇ ਖਾਲਿਸਤਾਨ
Getty Images
ਅਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਹੁਤ ਪਿੱਛੇ ਸੀ ਪਰ ਇਸ ਦਾ ਬਹਾਨਾ ਬਣਾਇਆ ਜਾ ਰਿਹਾ ਹੈ।

ਜਗਤਾਰ ਸਿੰਘ ਕਹਿੰਦੇ ਹਨ, “ਮੰਨ ਲਓ ਜੇ ਉੱਥੇ ਪੁਲਿਸ ਜਵਾਬੀ ਕਾਰਵਾਈ ਕਰਦੀ, ਗੋਲੀ ਚੱਲ ਜਾਂਦੀ, ਡਾਂਗਾਂ ਚੱਲਦੀਆਂ ਅਤੇ ਗੁਰੂ ਗ੍ਰੰਥ ਸਾਹਿਬ ’ਤੇ ਹਮਲਾ ਹੋ ਜਾਂਦਾ ਤਾਂ ਫ਼ਿਰ ਇਹ ਰੌਲਾ ਪੈਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਉੱਤੇ ਅਟੈਕ ਹੋ ਗਿਆ। ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਨਹੀਂ ਵਰਤਣਾ ਚਾਹੀਦਾ, ਇਹ ਸਭ ਕੁਝ ਗ਼ਲਤ ਹੋ ਰਿਹਾ ਹੈ।”

ਉਹਨਾਂ ਕਿਹਾ, “ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਨਹੀਂ ਜਾਣਾ ਚਾਹੀਦਾ ਸੀ, ਕਿਉਂਕਿ ਇਸ ਵਰਤਾਰੇ ਦੇ ਨਤੀਜੇ ਮੈਂ ਦੂਰ ਦਰਸ਼ੀ ਦੇਖ ਰਿਹਾ ਹਾਂ।”

ਅਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਹੁਤ ਪਿੱਛੇ ਸੀ ਪਰ ਇਸ ਦਾ ਬਹਾਨਾ ਬਣਾਇਆ ਜਾ ਰਿਹਾ ਹੈ।

ਉਹਨਾਂ ਕਿਹਾ, “ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਵਹੀਰ ਕੱਢੀ ਸੀ। ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਕਦੇ ਵੀ ਅੱਗੇ ਨਹੀਂ ਗਏ ਪਰ ਇਸ ਵਾਰ ਜਦੋਂ ਪੁਲਿਸ ਨੇ ਲਾਠੀਚਾਰਜ ਸ਼ੁਰੂ ਕੀਤਾ ਤਾਂ ਪਾਲਕੀ ਸਾਹਿਬ ਬਹੁਤ ਪਿੱਛੇ ਸੀ। ਪਾਲਕੀ ਸਾਹਿਬ ਬਾਅਦ ਵਿੱਚ ਥਾਣੇ ਅੰਦਰ ਪਹੁੰਚੀ ਹੈ।”

ਪਹਿਲੀ ਗ੍ਰਿਫ਼ਤਾਰੀ ਅਤੇ ਖਾਲਿਸਤਾਨ ਦਾ ਸੁਪਨਾ

ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, “ਅਮ੍ਰਿਤਪਾਲ ਜਦੋਂ ਤੋਂ ਦੁਬਈ ਤੋਂ ਆਏ ਹਨ, ਇਨ੍ਹਾਂ ਨੇ ਆਪਣਾ ਮੰਤਵ ਖ਼ਾਲਿਸਤਾਨ ਬਾਰੇ ਆਉਂਦੇ ਹੀ ਐਲਾਨ ਦਿੱਤਾ ਸੀ। ਪਰ ਅਮ੍ਰਿਤਪਾਲ ਇੱਕ ਛੋਟੀ ਜਿਹੀ ਗ੍ਰਿਫ਼ਤਾਰੀ ਉੱਥੇ ਪ੍ਰਤਿਕਿਰਿਆ ਦੇ ਗਏ, ਜਿੰਨ੍ਹਾਂ ਨੇ ਲੜਾਈ ਲੰਬੀ ਲੜਨੀ ਹੁੰਦੀ ਹੈ, ਉਹ ਅਜਿਹੀ ਛੋਟੀ ਗੱਲ ਉੱਤੇ ਪ੍ਰਤੀਕਰਮ ਨਹੀਂ ਕਰਦੇ।”

ਉਨ੍ਹਾਂ ਕਿਹਾ, “ਹੁਣ ਅਮ੍ਰਿਤਪਾਲ ਦੀ ਲੀਡਰਸ਼ਿੱਪ ਚੰਗੀ ਤਰ੍ਹਾਂ ਸਥਾਪਤ ਹੋ ਗਈ, ਇਹ ਅਜੇ ਤੱਕ ਇੱਕ ਭੀੜ ਹੈ ਕੋਈ ਗਰੁੱਪ ਨਹੀਂ ਹੈ ਕਿਉਂਕਿ ਜਦੋਂ ਕੋਈ ਗਰੁੱਪ ਬਣਦਾ ਹੈ ਤਾਂ ਉਸ ਵਿੱਚ ਅਨੁਸ਼ਾਸਨ ਹੁੰਦਾ ਹੈ।”

ਜਗਤਾਰ ਸਿੰਘ ਮੁਤਾਬਕ, “ਅਮ੍ਰਿਤਪਾਲ ਸਿੰਘ ਗਰਮ ਖਿਆਲੀ ਹਲਕਿਆਂ ਵਿੱਚ ਸਥਾਪਿਤ ਹੋ ਗਏ ਹਨ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਕੋਈ ਲੀਡਰ ਸਥਾਪਤ ਹੋ ਜਾਵੇ ਤਾਂ ਹਾਲਾਤ ਨਾਲ ਨਜਿੱਠ ਸਕਦਾ ਹੋਵੇ। ਉਹ ਆਪਣੀ ਸਿਆਸਤ ਅੱਗੇ ਕਿਵੇਂ ਚਲਾਉਂਦੇ ਹਨ, ਉਹ ਦੇਖਣ ਵਾਲੀ ਗੱਲ ਹੋਵੇਗੀ।”

ਅਮ੍ਰਿਤਪਾਲ ਤੇ ਖਾਲਿਸਤਾਨ
Socian Media

ਕਾਨੂੰਨ ਵਿਵਸਥਾ ਤੇ ਵੰਡ ਦੀ ਰਾਜਨੀਤੀ

ਵਿਰੋਧੀ ਧਿਰਾਂ ਵੱਲੋਂ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਬੁਰੀ ਤਰ੍ਹਾਂ ਖਰਾਬ ਹੋਣ ਦੀ ਗੱਲ ਆਖੀ ਜਾ ਰਹੀ ਹੈ।

ਸਾਬਕਾ ਐਮਐਲਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿੱਥੇ ਰਾਸ਼ਟਰੀ ਸੁਰੱਖਿਆ ਹਮੇਸ਼ਾ ਇੱਕ ਵੱਡਾ ਮੁੱਦਾ ਰਿਹਾ ਹੈ।

ਉਹਨਾਂ ਕਿਹਾ, “ਮੈਨੂੰ ਚਿੰਤਾ ਹੈ ਕਿ ਅੱਜ ਪੰਜਾਬ ਵਿੱਚ ਜੋ ਹਲਾਤ ਬਣ ਰਹੇ ਨੇ ਉਸ ਨਾਲ ਸੂਬੇ ਵਿੱਚ ਸਨਅਤ ਨਹੀਂ ਆਵੇਗੀ। ਅੱਸੀ ਅਤੇ ਨੱਬੇ ਦੇ ਦਹਾਕੇ ਦਾ ਸਮਾਂ ਦੁਬਾਰਾ ਪੰਜਾਬ ਵਿੱਚ ਪੈਦਾ ਕੀਤਾ ਜਾ ਰਿਹਾ ਹੈ।”

ਬਿਕਰਮ ਸਿੰਘ ਮਜੀਠੀਆ ਨੇ ਕਿਹਾ, “ਜੋ ਕੱਲ੍ਹ ਹੋਇਆ ਉਹ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਖੇਡਣ ਵਾਲੀ ਗੱਲ ਹੈ ਜੋ ਪੰਜਾਬ ਵਿੱਚ ਧਰੁਵੀਕਰਨ ਚਾਹੁੰਦੇ ਹਨ। ਜੋ ਪੰਜਾਬ ਨੂੰ ਬਲਦਾ ਦੇਖਣਾ ਚਹੁੰਦੇ ਹਨ, ਜੋ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਨੂੰ ਢਾਹ ਲਗਾਉਣਾ ਚਾਹੁੰਦੇ ਹਨ। ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ।”

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ, “ਅਜਨਾਲਾ ਵਿੱਚ ਵਾਪਰੀ ਘਟਨਾ ਦੀ ਜਿੰਨੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਵੇ ਉੱਨੀ ਘੱਟ ਹੈ। ਭਗਵੰਤ ਮਾਨ ਸਰਕਾਰ ਪੰਜਾਬ ''''ਚ ਕਾਨੂੰਨ ਵਿਵਸਥਾ ਸਥਾਪਿਤ ਕਰਨ ਵਿਚ ਫੇਲ੍ਹ ਸਾਬਿਤ ਹੋਈ ਹੈ। ਦੇਸ਼ ਕਾਨੂੰਨ ਨਾਲ ਚੱਲਦਾ ਹੈ, ਸੰਵਿਧਾਨ ਨਾਲ ਚੱਲਦਾ ਹੈ, ਕਿਸੇ ਵਿਅਕਤੀ ਜਾ ਸੰਸਥਾ ਨੂੰ ਕਾਨੂੰਨ ਹੱਥ ''''ਚ ਲੈਣ ਦਾ ਹੱਕ ਨਹੀਂ।”

ਸ਼ਰਮਾ ਕਹਿੰਦੇ ਹਨ, “ਬਹੁਤ ਕੁਰਬਾਨੀਆਂ ਤੋਂ ਬਾਅਦ ਪੰਜਾਬ ਵਿਚ ਅਮਨ ਅਤੇ ਸ਼ਾਂਤੀ ਸਥਾਪਿਤ ਹੋਈ ਹੈ। ਸਿੱਖ ਧਾਰਮਿਕ ਆਗੂਆਂ ਅਤੇ ਸਿੱਖ ਬੁੱਧੀਜੀਵੀਆਂ ਨੂੰ ਇਸ ਮਾਮਲੇ ''''ਚ ਦਖਲ ਦੇਣ ਦੀ ਲੋੜ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News