ਅਮ੍ਰਿਤਪਾਲ ਨੇ ਸਾਥੀਆਂ ਸਣੇ ਅਜਨਾਲਾ ਥਾਣੇ ਦਾ ਘੇਰਾਅ ਕੀਤਾ, ਕੀ ਹਨ ਹਾਲਾਤ
Thursday, Feb 23, 2023 - 02:45 PM (IST)


ਵਾਰਿਸ ਪੰਜਾਬ ਦੇ, ਦੇ ਮੁਖੀ ਅਮ੍ਰਿਤਪਾਲ ਸਿੰਘ ਆਪਣੇ ਸਮਰਥਕਾਂ ਦੇ ਨਾਲ ਅਜਨਾਲਾ ਦੇ ਥਾਣੇ ਵਿੱਚ ਦਾਖਿਲ ਹੋ ਗਏ ਹਨ।
ਉਨ੍ਹਾਂ ਦੇ ਨਾਲ ਹਮਾਇਤੀਆਂ ਦੀ ਵੱਡੀ ਗਿਣਤੀ ਹੈ। ਅਮ੍ਰਿਤਪਾਲ ਆਪਣੇ ਸਾਥੀ ਤੂਫ਼ਾਨ ਸਿੰਘ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਖੁਦ ’ਤੇ ਅਤੇ ਆਪਣੇ ਪੰਜ ਸਾਥੀਆਂ ਉੱਤੇ ਦਰਜ ਪਰਚਿਆਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
15 ਫ਼ਰਵਰੀ ਨੂੰ ਇੱਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ। ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੁੱਟਿਆ ਗਿਆ ਹੈ।
ਵਰਿੰਦਰ ਦੀ ਸ਼ਿਕਾਇਤ ਤੇ ਅਜਨਾਲਾ ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਕੁਝ ਸਾਥੀਆਂ ਖ਼ਿਲਾਫ਼ ਕੁੱਟਮਾਰ ਤੇ ਲੁੱਟਖੋਹ ਦਾ ਪਰਚਾ ਦਰਜ ਕੀਤਾ।
22 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਨੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਕਿ ਜੇ ਨਿਸ਼ਾਨ ਸਿੰਘ ਨੂੰ ਰਿਹਾਅ ਨਾ ਕੀਤੇ ਗਿਆ ਤਾਂ ਉਹ 23 ਫ਼ਰਵਰੀ ਨੂੰ ਆਪਣੇ ਸਾਥੀਆਂ ਸਮੇਤ ਅਜਨਾਲਾ ਥਾਣੇ ਪਹੁੰਚਕੇ ਗ੍ਰਿਫ਼ਤਾਰੀ ਦੇਣਗੇ।

ਕੀ ਸੀ ਮਾਮਲਾ
ਸ਼ਿਕਾਇਤਕਰਤਾ ਵਰਿੰਦਰ ਸਿੰਘ ਚਮਕੌਰ ਸਾਹਿਬ ਦੇ ਪਿੰਡ ਸਲੇਮਪੁਰ ਦੇ ਵਾਸੀ ਹਨ। ਉਹ ਧਰਮ ਪ੍ਰਚਾਰ ਦਾ ਕੰਮ ਕਰਦੇ ਹਨ।
ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਸੀ, "ਵਰਿੰਦਰ ਸਿੰਘ ਨੇ ਅਮ੍ਰਿਤਪਾਲ ਖ਼ਿਲਾਫ਼ ਇੱਕ ਸੋਸ਼ਲ ਮੀਡੀਆ ''''ਤੇ ਲਾਈਵ ਹੋ ਕੇ ਆਪਣੇ ਵਿਚਾਰ ਰੱਖੇ ਜਿਸ ਤੋਂ ਬਾਅਦ ਉਨ੍ਹਾਂ ਦਰਮਿਆਨ ਮਤਭੇਦ ਵੱਧ ਗਿਆ।"