ਕੈਨੇਡਾ ਵਿੱਚ ਕਿਵੇਂ ਬਿਨਾਂ ਮਾਲਿਕ ਨੂੰ ਦੱਸੇ ਧੋਖੇ ਨਾਲ ਘਰ ਵੇਚੇ ਜਾ ਰਹੇ ਹਨ

Thursday, Feb 23, 2023 - 02:15 PM (IST)

ਕੈਨੇਡਾ ਵਿੱਚ ਕਿਵੇਂ ਬਿਨਾਂ ਮਾਲਿਕ ਨੂੰ ਦੱਸੇ ਧੋਖੇ ਨਾਲ ਘਰ ਵੇਚੇ ਜਾ ਰਹੇ ਹਨ
ਕੇਨੈਡਾ ਜਾਇਦਾਦ
Getty Images

ਕੈਨੇਡਾ ਵਿੱਚ ਕੁਝ ਲੋਕਾਂ ਦੇ ਘਰ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਵੇਚ ਦਿੱਤੇ ਗਏ ਹਨ। ਇਹ ਘਰ ਧੋਖੇ ਨਾਲ ਵਿਕੇ ਦੱਸੇ ਜਾ ਰਹੇ ਹਨ ਤੇ ਪੁਲਿਸ ਧੋਖੇਬਾਜ਼ਾਂ ਦੀ ਭਾਲ ਵਿੱਚ ਹੈ।

ਹਾਲ ਹੀ ਵਿੱਚ ਇੱਕ ਘਟਨਾ ਸਾਹਮਣੇ ਆਈ ਜਿਸ ਵਿੱਚ ਇੱਕ ਕੈਨੇਡੀਅਨ ਜੋੜੇ ਦਾ ਘਰ, ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਵੇਚ ਦਿੱਤਾ ਗਿਆ।

ਜੋੜਾ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਤੇ ਪਿੱਛੋਂ ਉਨ੍ਹਾਂ ਦੀ ਸਹਿਮਤੀ ਜਾਂ ਜਾਣਕਾਰੀ ਤੋਂ ਬਿਨਾਂ ਹੀ ਉਨ੍ਹਾਂ ਦਾ ਘਰ ਵਿਕ ਗਿਆ।

ਮਾਹਰਾਂ ਦਾ ਕਹਿਣਾ ਹੈ ਕਿ ਇਸ ਕਿਸਮ ਦੀ ਚੋਰੀ ਬਹੁਤ ਘੱਟ ਹੁੰਦੀ ਹੈ, ਪਰ ਦੇਸ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ।

ਇਸ ਸਾਲ ਦੇ ਸ਼ੁਰੂ ਵਿੱਚ ਟੋਰਾਂਟੋ ਪੁਲਿਸ ਨੇ ਕਿਹਾ ਸੀ ਕਿ ਉਹ ਦੋ ਵਿਅਕਤੀਆਂ ਨੂੰ ਫ਼ੜਨ ਲਈ ਆਮ ਲੋਕਾਂ ਦੀ ਮਦਦ ਚਾਹੁੰਦੀ ਹੈ ਜੋ ਅਜਿਹੀਆਂ ਧੋਖਾਧੜੀਆਂ ਵਿੱਚ ਸ਼ਾਮਲ ਸਨ।

 ਘਰ ਵੇਚਣੇ
Getty Images

ਘਰਾਂ ਦੀ ਜਾਅਲੀ ਮਲਕੀਅਤ

ਪੁਲਿਸ ਨੇ ਕਿਹਾ ਕਿ ਇਨ੍ਹਾਂ ਦੋ ਵਿਅਕਤੀਆਂ ਨੇ ਸ਼ਹਿਰ ਵਿੱਚ ਇੱਕ ਘਰ ਦੇ ਮਾਲਕ ਵਜੋਂ ਜਾਅਲੀ ਪਛਾਣ ਪੱਤਰ ਬਣਵਾਏ ਤੇ ਖ਼ਰੀਦੋ-ਫਰੋਖ਼ਤ ਦੌਰਾਨ, ਉਨ੍ਹਾਂ ਜਾਅਲੀ ਦਸਤਾਵੇਦਾਂ ਦੀ ਹੀ ਵਰਤੋਂ ਕੀਤੀ ਸੀ।

ਉਨ੍ਹਾਂ ਨੇ ਘਰ ਵੇਚੇ ਤੇ ਨਵੇਂ ਮਾਲਕਾਂ ਨੂੰ ਘਰ ਦੀਆਂ ਚਾਬੀਆਂ ਵੀ ਸੌਂਪ ਦਿੱਤੀਆਂ।

ਜਦੋਂ ਇਹ ਘਰ ਜਨਵਰੀ 2022 ਵਿੱਚ ਵਿਕਿਆ, ਇਸ ਦਾ ਅਸਲ ਮਾਲਕ ਆਪਣੇ ਕੰਮ ਦੇ ਸਿਲਸਲੇ ਵਿੱਚ ਦੇਸ ਤੋਂ ਬਾਹਰ ਗਿਆ ਹੋਇਆ ਸੀ।

ਸ਼ਹਿਰ ਤੋਂ ਬਾਹਰ ਗਏ, ਇਸ ਜੋੜੇ ਨੂੰ ਆਪਣਾ ਘਰ ਵਿਕਣ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਨ੍ਹਾਂ ਦੇ ਬੈਂਕ ਖ਼ਾਤਿਆਂ ਤੋਂ ਘਰ ਲਈ ਲੋਨ ਦੀਆਂ ਕਿਸ਼ਤਾਂ ਕੱਟਣੀਆਂ ਬੰਦ ਹੋ ਗਈਆਂ ਸਨ।

ਇਸ ਘਟਨਾ ਨੇ ਕੈਨੇਡਾ ਰਹਿੰਦੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਖ਼ਾਸ ਕਰ ਜੋ ਗ੍ਰੇਟਰ ਟੋਰਾਂਟੋ ਅਤੇ ਵੈਨਕੂਵਰ ਵਿੱਚ ਵਸੇ ਹੋਏ ਸਨ।

ਇਨ੍ਹਾਂ ਇਲਾਕਿਆਂ ਵਿੱਚ ਜਾਇਦਾਦਾਂ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਲੋਕ ਜਾਇਦਾਦ ਪ੍ਰਤੀ ਵਧੇਰੇ ਆਕਰਸ਼ਿਤ ਰਹਿੰਦੇ ਹਨ।

ਇਥੇ ਘਰਾਂ ਦੀ ਔਸਤ ਕੀਮਤ 10 ਲੱਖ ਡਾਲਰ ਦੇ ਆਸਪਾਸ ਹੈ ਤੇ ਇਸ ਇਲਾਕੇ ਵਿੱਚ ਰਿਹਾਇਸ਼ੀ ਘਰਾਂ ਦੀ ਵੀ ਘਾਟ ਹੈ।

ਘਰ ਵੇਚਣਾ
Getty Images
ਟੋਰਾਂਟੋ ਵਿੱਚ ਲੋਕਾਂ ਦੀ ਗ਼ੈਰ-ਹਾਜ਼ਰੀ ਵਿੱਚ ਉਨ੍ਹਾਂ ਦੇ ਘਰ ਵੇਚ ਦਿੱਤੇ ਗਏ

ਟੋਰਾਂਟੋ ਵਿੱਚ ਵੀ ਹੋਏ ਧੋਖੇ

ਟੋਰਾਂਟੋ ਵਿੱਚ ਵੀ ਜਾਇਦਾਦ ਦੀ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੋਰਾਂਟੋ ਵਿੱਚ ਵੀ ਜਾਇਦਾਦ ਨਾਲ ਸਬੰਧਿਤ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ।

ਬ੍ਰਿਟਿਸ਼ ਕੋਲੰਬੀਆ ਰੀਅਲ ਅਸਟੇਟ ਐਸੋਸੀਏਸ਼ਨ ਦੇ ਸੀਈਓ, ਟ੍ਰੇਵਰ ਕੂਟ ਇਸ ਇਲਾਕੇ ਵਿੱਚ ਪਿਛਲੇ ਕਰੀਬ 20 ਸਾਲਾਂ ਤੋਂ ਜਾਇਦਾਦ ਨਾਲ ਸਬੰਧਿਤ ਕਾਰੋਬਾਰ ਕਰ ਰਹੇ ਹਨ।

ਉਨ੍ਹਾਂ ਅਜਿਹੇ ਮਾਮਲਿਆਂ ''''ਤੇ ਆਪਣੀ ਫ਼ਿਕਰ ਜ਼ਾਹਰ ਕਰਦਿਆਂ ਕਿਹਾ,"ਇਸ ਕਾਰੋਬਾਰ ਦੇ ਦਿੱਗਜਾਂ ਲਈ, ਇਸ ਕਿਸਮ ਦੇ ਮਾਮਲੇ ਨਿਸ਼ਚਤ ਤੌਰ ''''ਤੇ ਵਿਲੱਖਣ ਹਨ।"

"ਮੈਂ ਕਹਿੰਦਾ ਹਾਂ ਕਿ ਮੈਂ ਅਜਿਹਾ ਕਦੇ ਨਹੀਂ ਦੇਖਿਆ। ਖ਼ਾਸਕਰ ਇੰਨੀ ਸਫ਼ਾਈ ਨਾਲ ਕੀਤੇ ਗਏ ਧੋਖੇ। ਅਜਿਹੇ ਮਾਮਲਿਆਂ ਵਿੱਚ ਮੁਲਜ਼ਮਾਂ ਨੇ ਬਹੁਤ ਸੂਝ-ਬੂਝ ਦੀ ਵਰਤੋਂ ਕੀਤੀ ਹੈ।

ਕੈਨੇਡਾ ਘਰ
Getty Images

ਧੋਖੇ ਹੁੰਦੇ ਕਿਵੇਂ ਹਨ?

ਘਰ ਜਾਂ ਜਾਇਦਾਦ ਦੀ ਮਲਕੀਅਤ ਨਾਲ ਸਬੰਧਤ ਸਕੀਮਾਂ ਆਮ ਤੌਰ ''''ਤੇ ਦੋ ਤਰੀਕਿਆਂ ਨਾਲ ਹੋ ਸਕਦੀਆਂ ਹਨ, ਮੌਰਗੇਜ ਫ਼ਰਾਡ ਅਤੇ ਟਾਈਟਲ ਫ਼ਰਾਡ।

ਕਿੰਗ ਐਡਵਾਈਜ਼ਰੀ ਇੰਟਰਨੈਸ਼ਨਲ ਗਰੁੱਪ ਵ੍ਹਾਈਟ-ਕਾਲਰ ਅਪਰਾਧਾਂ ਦੀ ਜਾਂਚ ਨਾਲ ਸਬੰਧਿਤ ਫ਼ਰਮ ਹੈ।

ਇਸ ਫ਼ਰਮ ਦੇ ਬ੍ਰਾਇਨ ਕਿੰਗ ਨੇ ਦੱਸਿਆ ਕਿ ਮੌਰਗੇਜ ਧੋਖਾਧੜੀ ਦੇ ਮਾਮਲੇ ਆਮ ਦੀ ਸਾਹਮਣੇ ਆਉਂਦੇ ਰਹਿੰਦੇ ਹਨ।

ਅਜਿਹਾ ਉਸ ਸਮੇਂ ਹੁੰਦਾ ਹੈ ਜਦੋਂ ਕੋਈ ਧੋਖੇਬਾਜ਼ ਪਹਿਲਾਂ ਤੋਂ ਗਹਿਣੇ ਰੱਖੇ ਘਰ ਦੇ ਜਾਅਲੀ ਦਸਤਾਵੇਜ਼ ਬਣਵਾ ਕੇ ਉਸ ਨੂੰ ਮੁੜ ਗਹਿਣੇ ਰੱਖ ਦੇਵੇ ਤੇ ਉਹ ਉਸ ਘਰ ਦਾ ਅਸਲ ਮਾਲਕ ਵੀ ਨਾ ਹੋਵੇ।

ਇਹ ਉਸ ਸਮੇਂ ਕੀਤਾ ਜਾਂਦਾ ਹੈ ਜਦੋਂ ਪਹਿਲੀ ਵਾਰ ਗਹਿਣੇ ਰੱਖਣ ਲਈ ਲੋੜੀਂਦੇ ਪੈਸਿਆਂ ਦਾ ਭੁਗਤਾਨ ਕਰ ਦਿੱਤਾ ਜਾਵੇ।

ਟਾਈਟਲ ਧੋਖਾਧੜੀ ਉਨ੍ਹਾਂ ਜਾਇਦਾਦਾਂ ਨਾਲ ਹੁੰਦੀ ਹੈ ਜਿਨ੍ਹਾਂ ਦੇ ਮਾਲਕ ਕਿਤੇ ਬਾਹਰ ਗਏ ਹੋਣ। ਅਜਿਹੀ ਸਥਿਤੀ ਵਿੱਚ ਕਿਸੇ ਕਿਰਾਏਦਾਰ ਨੂੰ ਘਰ ਦੇ ਮਾਲਕ ਵਜੋਂ ਪੇਸ਼ ਕੀਤਾ ਜਾਂਦਾ ਹੈ। ਜਾਂ ਫ਼ਿਰ ਜਾਅਲੀ ਮਾਲਕ ਬਣਾਏ ਜਾਂਦੇ ਹਨ ਤੇ ਘਰ ਨੂੰ ਵੇਚ ਦਿੱਤਾ ਜਾਂਦਾ ਹੈ।

ਅਜਿਹੇ ਮਾਮਲਿਆਂ ਵਿੱਚ ਨਵੇਂ ਖ਼ਰੀਦਦਾਰ ਨੂੰ ਘਰ ਦੀਆਂ ਚਾਬੀਆਂ ਵੀ ਦੇ ਦਿੱਤੀਆਂ ਜਾਂਦੀਆਂ ਹਨ ਤੇ ਘਰ ਉਸ ਦੇ ਨਾਲ ਕਰ ਦਿੱਤਾ ਜਾਂਦਾ ਹੈ। ਇਸ ਨੂੰ ਟਾਈਟਲ ਟ੍ਰਾਂਸਫਰ ਕਿਹਾ ਜਾਂਦਾ ਹੈ।

ਜ਼ਿਆਦਾਤਰ ਮਾਮਲਿਆਂ ਵਿੱਚ, ਘਰ ਦੇ ਅਸਲ ਮਾਲਕ ਅਤੇ ਖਰੀਦਦਾਰ ਆਪਣੇ ਜ਼ਿਆਦਾਤਰ ਪੈਸੇ ਵਾਪਸ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ ਜੇਕਰ ਘਰ ''''ਤੇ ਟਾਈਟਲ ਬੀਮਾ ਹੁੰਦਾ ਹੈ।

ਘਰ ਵੇਚੇ
Getty Images

ਜੇ ਘਰ ਦੀ ਮਾਲਕੀਅਤ ਦਾ ਬੀਮਾ ਕਰਵਾਇਆ ਗਿਆ ਹੋਵੇ ਤਾਂ ਮਾਲਕ ਕਾਨੂੰਨੀ ਪ੍ਰਕਿਰੀਆ ਤੋਂ ਬਾਅਦ ਆਪਣੀ ਜਾਇਦਾਦ ਦੇ ਪੈਸੇ ਲੈ ਸਕਦਾ ਹੈ ਜਾਂ ਫ਼ਿਰ ਆਪਣੀ ਮਾਲਕੀ ਵੀ ਹਾਸਿਲ ਕਰ ਸਕਦਾ ਹੈ।

ਕਿੰਗ ਕਹਿੰਦੇ ਹਨ ਕਿ ਉਨ੍ਹਾਂ ਨੇ 2020 ਤੋਂ ਬਾਅਦ ਮੌਰਟਗੇਜ ਅਤੇ ਟਾਈਟਲ ਧੋਖਾਧੜੀ ਦੇ ਮਾਮਲਿਆਂ ਵਿੱਚ ਗਿਣਨਯੋਗ ਵਾਧਾ ਦੇਖਿਆ ਹੈ।

ਉਨ੍ਹਾਂ ਦੀ ਫਰਮ ਨੇ ਪਿਛਲੇ ਕੁਝ ਸਾਲਾਂ ਵਿੱਚ ਟਾਈਟਲ ਧੋਖਾਧੜੀ ਦੇ ਕਈ ਮਾਮਲਿਆਂ ਦਾ ਸਾਹਮਣਾ ਕੀਤਾ ਹੈ।

ਧੋਖਾਧੜੀ ਦੇ ਇਹ ਮਾਮਲੇ ਬਹੁਤਾ ਕਰਕੇ ਅਮਰੀਕਾ ਅਤੇ ਚੀਨ ਵਰਗੀਆਂ ਥਾਵਾਂ ''''ਤੇ ਵਾਪਰੇ। ਧੋਖੇਬਾਜ਼ਾਂ ਨੇ ਉਨ੍ਹਾਂ ਜਾਇਦਾਦਾਂ ਤੇ ਕਬਜ਼ਾ ਕਰ ਲਿਆ ਜਿਨ੍ਹਾਂ ਦੇ ਮਾਲਕ ਆਪਣੀ ਪ੍ਰਾਪਰਟੀ ''''ਤੇ ਮੌਜੂਦ ਨਹੀਂ ਸਨ।

ਕਿੰਗ ਅਜਿਹੀ ਹੀ ਇੱਕ ਜ਼ਾਇਦਾਦ ਦੇ ਖ਼ਰੀਦਦਾਰ ਸਨ। ਇਹ ਜੋੜਾ ਕੰਮ ਦੇ ਸਿਲਸਲੇ ਵਿੱਚ 2018 ਵਿੱਚ ਟੋਰਾਂਟੋ ਤੋਂ ਯੂਕੇ ਚਲਾ ਗਿਆ ਸੀ।

2022 ਵਿੱਚ ਦੋਵਾਂ ਦੀ ਗ਼ੈਰ-ਹਾਜ਼ਰੀ ਵਿੱਚ ਉਨ੍ਹਾਂ ਦਾ ਘਰ ਵੇਚ ਦਿੱਤਾ ਗਿਆ ਸੀ।

ਇਸ ਦੀ ਕੀਮਤ 17 ਲੱਖ ਡਾਲਰ ਲੱਗੀ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਉਸ ਸਮੇਂ ਤੱਕ ਘਰ ਦੀ ਕਾਫੀ ਮੁਰੰਮਤ ਹੋ ਚੁੱਕੀ ਸੀ। ਫ਼ਰਵਰੀ ਤੱਕ ਇਹ ਘਰ ਇਸ ਜੋੜੇ ਦੇ ਨਾਮ ਹੀ ਸੀ।

BBC
BBC

ਕੈਨੇਡਾ ਵਿੱਚ ਜਾਇਦਾਦ ਦੀ ਗ਼ੈਰ-ਕਾਨੂੰਨੀ ਵੇਚ-ਖ਼ਰੀਦ

  • ਕੈਨੇਡਾ ਦੇ ਟੋਰਾਂਟੋ ਤੇ ਵੈਨਕੂਵਰ ਵਿੱਚ ਲੋਕਾਂ ਦੇ ਜਾਇਦਾਦ ਧੋਖਾਧੜੀ ਦੇ ਵਧੇਰੇ ਮਾਮਲੇ
  • ਖ਼ਾਲੀ ਪਏ ਘਰਾਂ ਨੂੰ ਨਜ਼ਾਇਜ ਵੇਚਿਆ ਗਿਆ
  • ਜਾਅਲੀ ਮਾਲਕੀਅਤ ਦਿਖਾ ਵੇਚੇ ਗਏ ਘਰ
  • ਕੋਰੋਨਾ ਮਹਾਂਮਾਰੀ ਦੌਰਾਨ ਜਾਅਲੀ ਦਸਤਾਵੇਜ਼ਾਂ ਦਾ ਚਲਣ ਵਧਿਆ
BBC
BBC

ਬੀਤੇ ਸਮੇਂ ਵਿੱਚ ਅਜਿਹੇ ਧੋਖੇ ਨਹੀਂ ਸਨ

ਸ਼ਿਕਾਗੋ ਟਾਈਟਲ ਇੰਸ਼ੋਰੈਂਸ ਕੰਪਨੀ ਦੇ ਉਪ-ਪ੍ਰਧਾਨ ਜੌਹਨ ਰਾਈਡਰ ਮੁਤਾਬਕ ਫਰਮ ਦੀ ਕੈਨੇਡਾ ਬ੍ਰਾਂਚ ਸਾਹਮਣੇ 1960 ਅਤੇ 2019 ਦੇ ਵਿਚਕਾਰ ਧੋਖਾਧੜੀ ਦੇ ਮਹਿਜ਼ ਦੋ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਸਨ।

ਹੁਣ ਉਹ ਦਰਜਨਾਂ ਨਾਲ ਨਜਿੱਠ ਰਹੇ ਹਨ, ਜਿਸ ਵਿੱਚ ਘੱਟੋ-ਘੱਟ ਪੰਜ ਟਾਈਟਲ ਧੋਖਾਧੜੀ ਦੇ ਕੇਸ ਸ਼ਾਮਲ ਹਨ।

ਇਹ ਸਾਰੇ ਗ੍ਰੇਟਰ ਟੋਰਾਂਟੋ ਇਲਾਕੇ ਦੇ ਹਨ, ਜਿਸ ਵਿੱਚ ਸ਼ਹਿਰ ਅਤੇ ਆਲੇ-ਦੁਆਲੇ ਦੀਆਂ ਨਗਰ ਪਾਲਿਕਾਵਾਂ ਸ਼ਾਮਲ ਹਨ।

ਟਾਈਟਲ ਧੋਖਾਧੜੀ ਦੇ ਇਸ ਤਰ੍ਹਾਂ ਦੇ ਮਾਮਲੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵੀ ਸਾਹਮਣੇ ਆਏ ਹਨ। ਵੈਨਕੂਵਰ ਸ਼ਹਿਰ ਵਿੱਚ ਔਸਤ ਘਰ ਦੀ ਕੀਮਤ 11 ਲੱਖ ਡਾਲਰ ਹੈ।

ਬੀ ਸੀ ਲੈਂਡ ਟਾਈਟਲ ਐਂਡ ਸਰਵੇ ਅਥਾਰਟੀ (ਐੱਲਟੀਐਸਏ) ਦਾ ਕਹਿਣਾ ਹੈ ਕਿ ਉਨ੍ਹਾਂ 2020 ਤੋਂ ਬਾਅਦ ਦੋ ਟਾਈਟਲ ਧੋਖਾਧੜੀ ਮਾਮਲਿਆਂ ਬਾਰੇ ਪਤਾ ਲੱਗਿਆ ਸੀ। ਉਨ੍ਹਾਂ ਵਿੱਚੋਂ ਸਿਰਫ਼ ਇੱਕ ਸਫ਼ਲ ਹੋ ਸਕਿਆ ਸੀ।

ਪਬਲਿਕ ਕਾਰਪੋਰੇਸ਼ਨ ਨੇ ਦੱਸਿਆ ਕਿ ਉਹ 2019 ਦੇ ਇੱਕ ਪੁਰਾਣੇ ਕੇਸ ਤੋਂ ਜਾਣੂ ਹਨ ਤੇ ਦੋ ਮਾਮਲੇ 2008 ਅਤੇ 2009 ਦੇ ਹਨ।

ਇਹ ਅੰਕੜੇ ਦੱਸਦੇ ਹਨ ਕਿ ਧੋਖਾਧੜੀ ਦੇ ਅਜਿਹੇ ਮਾਮਲੇ ਬਹੁਤ ਘੱਟ ਜਾਂ ਨਾਮਾਤਰ ਹੀ ਹੁੰਦੇ ਸਨ। ਐੱਲਟੀਐੱਸਏ ਕੋਲ ਹਰ ਸਾਲ ਲੈਂਡ ਟਾਈਟਲ (ਜਾਇਦਾਦ ਨਾਮ ਕਰਵਾਉਣ)) ਦੀਆਂ 10 ਲੱਖ ਅਰਜ਼ੀਆਂ ਆਉਂਦੀਆਂ ਹਨ।

ਘਰ ਵੇਚੇ
Getty Images
ਸੰਕੇਤਕ ਤਸਵੀਰ

ਯੂਕੇ ਵਿੱਚ ਜ਼ਾਇਦਾਦ ਧੋਖਾਧੜੀ ਦੇ ਮਾਮਲੇ

ਇਸੇ ਤਰ੍ਹਾਂ ਦਾ ਇੱਕ ਮਾਮਲਾ 2021 ਵਿੱਚ ਯੂਕੇ ਵਿੱਚ ਸੁਰਖੀਆਂ ਵਿੱਚ ਆਇਆ, ਜਦੋਂ ਲੂਟਨ ਵਿੱਚ ਇੱਕ ਵਿਅਕਤੀ ਆਪਣੇ ਘਰ ਵਾਪਸ ਆਇਆ ਤਾਂ ਹੀ ਪਤਾ ਲੱਗਾ ਕਿ ਘਰ ਅਤੇ ਇਸ ਦਾ ਸਾਰਾ ਸਮਾਨ ਉਸਦੀ ਜਾਣਕਾਰੀ ਤੋਂ ਬਿਨਾਂ ਵੇਚ ਦਿੱਤਾ ਗਿਆ ਸੀ।

ਯੂਕੇ ਵਿੱਚ ਜਾਇਦਾਦ ਧੋਖਾਧੜੀ ਦੇ ਮਾਮਲੇ, ਹਾਲਾਂਕਿ ਘੱਟ ਦਿਖਾਈ ਦਿੰਦੇ ਹਨ। ਯੂਕੇ ਲੈਂਡ ਰਜਿਸਟਰੀ ਦੁਆਰਾ ਬੀਬੀਸੀ ਨੂੰ ਨਾਲ ਪਿਛਲੇ ਚਾਰ ਸਾਲਾਂ ਦੇ ਮੌਰਟਗੇਜ ਅਤੇ ਟਾਈਟਲ ਧੋਖਾਧੜੀ ਦੇ ਮਾਮਲਿਆਂ ਦੇ ਅੰਕੜੇ ਸਾਂਝੇ ਕੀਤੇ ਹਨ।

ਇਨ੍ਹਾਂ ਮੁਤਾਬਕ ਧੋਖਾਧੜੀ ਦੇ ਔਸਤਨ 41 ਮਾਮਲੇ ਦਰਜ ਕੀਤੇ ਗਏ। ਸਾਲ 2016-2017 ਵਿੱਚ ਇੰਨਾ ਮਾਮਲਿਆਂ ਦੀ ਗਿਣਤੀ 50 ਤੱਕ ਪਹੁੰਚ ਗਈ ਸੀ।

ਕੈਨੇਡਾ ਘਰ ਸੇਲ
Getty Images

ਟਾਈਟਲ ਧੋਖਾਧੜੀ ਦੇ ਮਾਮਲੇ ਵਧੇ ਕਿਉਂ?

ਮਾਹਰ ਹੈਰਾਨ ਹਨ ਕਿ ਅਜਿਹੇ ਧੋਖਾਧੜੀ ਦੇ ਮਾਮਲਿਆਂ ਵਿੱਚ ਵਾਧਾ ਕਿਉਂ ਹੋਇਆ ਹੈ, ਖ਼ਾਸਕਰ ਟੋਰਾਂਟੋ ਵਿੱਚ।

ਕਿੰਗ ਕਹਿੰਦੇ ਹਨ ਕਿ ਇਹ ਸੰਭਵ ਹੈ ਕਿ ਮਹਾਂਮਾਰੀ ਦੌਰਾਨ ਦਸਤਾਵੇਜ਼ਾਂ ਦੀ ਜਾਂਚ ਆਨਲਾਈਨ ਕੀਤੀ ਜਾ ਰਹੀ ਸੀ। ਅਜਿਹੇ ਹਾਲਾਤ ਵਿੱਚ ਜਾਅਲੀ ਕਾਗਜ਼ਾਂ ਦੀ ਪਛਾਣ ਕਰਨਾ ਔਖਾ ਹੋ ਗਿਆ ਸੀ।

ਉਨ੍ਹਾਂ ਅੱਗੇ ਕਿਹਾ, “ਮਹਾਂਮਾਰੀ ਕਾਰਨ ਯਾਤਰਾ ਤੇ ਪਾਬੰਦੀਆਂ ਕਾਰਨ ਕਈ ਲੋਕ ਲੰਬੇ ਸਮੇਂ ਤੱਕ ਆਪਣੀ ਜਾਇਦਾਦ ਤੋਂ ਦੂਰ ਰਹਿਣ ਲਈ ਵੀ ਮਜਬੂਰ ਹੋ ਗਏ ਸਨ।”

ਦੂਜਿਆਂ ਨੇ ਅਪਰਾਧੀਆਂ ਦੀ ਵਧ ਰਹੀ ਸਮਝ ਵੱਲ ਇਸ਼ਾਰਾ ਕੀਤਾ ਹੈ ਜਿਨ੍ਹਾਂ ਵਿੱਚੋਂ ਕੁਝ ਸੰਗਠਿਤ ਅਪਰਾਧ ਨਾਲ ਜੁੜੇ ਹੋਏ ਹਨ।

ਉਨ੍ਹਾਂ ਵੱਲੋਂ ਕੀਤੇ ਗਈ ਕਾਰਵਾਈ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਉਨ੍ਹਾਂ ਨੂੰ ਕੈਨੇਡੀਅਨ ਰੀਅਲ ਅਸਟੇਟ ਪ੍ਰਣਾਲੀ ਦੀ ਚੰਗੀ ਸਮਝ ਹੈ।

ਰਾਈਡਰ ਨੇ ਅੱਗੇ ਕਿਹਾ ਕਿ ਇਨ੍ਹਾਂ ਲੈਣ-ਦੇਣ ਵਿੱਚ ਵਰਤੇ ਜਾਂਦੇ ਪਛਾਣ ਪੱਤਰ ਅਕਸਰ ਪ੍ਰਮਾਣਿਕ ਨਜ਼ਰ ਆਉਂਦੇ ਹਨ। ਮੁਲਜ਼ਮ ਆਪਣੇ ਆਪ ਨੂੰ ਘਰ ਦੇ ਮਾਲਕ ਵਜੋਂ ਪੇਸ਼ ਕਰਕੇ ਵੇਚਣ ਲੱਗਿਆਂ ਇੱਕ ਤਜ਼ਰਬੇਕਾਰ ਅਦਾਕਾਰ ਵਜੋਂ ਭੂਮਿਕਾ ਨਿਭਾਉਂਦੇ ਹਨ।

"ਜਾਅਲੀ ਪਛਾਣ ਪੱਤਰ ਬਣਵਾਉਣਾ ਤਾਂ ਹੁਣ ਬਹੁਤ ਹੀ ਸੌਖਾ ਹੋ ਗਿਆ ਹੈ।"

ਇਹ ਜ਼ੁਰਮ ਤਾਂ ਹੈ ਪਰ ਫ਼ਾਇਦੇਮੰਦ ਵੀ ਹੈ।

ਪਿਛਲੇ ਕੁਝ ਦਹਾਕਿਆਂ ਵਿੱਚ ਟੋਰਾਂਟੋ ਵਿੱਚ ਜਾਇਦਾਦ ਦੀਆਂ ਕੀਮਤਾਂ ਵਿੱਚ ਅਹਿਣ ਵਾਧਾ ਹੋਇਆ ਹੈ।

ਬ੍ਰਿਟਿਸ਼ ਕੋਲੰਬੀਆ ਵਿੱਚ ਸੋਸਾਇਟੀ ਆਫ਼ ਨੋਟਰੀਜ਼ ਪਬਲਿਕ ਦੇ ਇੱਕ ਜਨਰਲ ਸਲਾਹਕਾਰ ਰੌਨ ਅਸ਼ਰ ਨੇ ਕਿਹਾ, "ਅਜਿਹਾ ਨਹੀਂ ਕਿ ਉੱਥੇ ਧਿਆਨ ਜ਼ਿਆਦਾ ਕੇਂਦਰਿਤ ਹੈ ਜਿੱਥੇ ਜ਼ਾਇਦਾਦ ਦੀਆਂ ਕੀਮਤਾਂ ਵੱਧ ਹਨ।"

ਪਰ ਅਸ਼ਰ ਟਾਈਟਲ ਧੋਖਾਧੜੀ ਤੋਂ ਸਾਵਧਾਨ ਵੀ ਕਰਦੇ ਹਨ।

"ਇਹ ਅਪਰਾਧ ਕਰਨਾ ਸੌਖਾ ਨਹੀਂ ਹੈ। ਅਜਿਹਾ ਕਰਨ ਵਾਲੇ ਅਕਸਰ ਫੜੇ ਵੀ ਜਾਂਦੇ ਹਨ ਤੇ ਅਜਿਹੀ ਕਾਰਵਾਈ ''''ਤੇ ਰੋਕ ਲਾ ਲਈ ਜਾਂਦੀ ਹੈ।"

ਉਨ੍ਹਾਂ ਧੋਖਾਧੜੀ ਦੇ ਮੂਲ ਕਾਰਨਾਂ ਦਾ ਪਤਾ ਲਗਾਉਣ ਲਈ ਰਾਸ਼ਟਰੀ ਜਾਂਚ ਦੀ ਮੰਗ ਕੀਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਕੈਨੇਡਾ ਵਿੱਚ ਘਰਾਂ ਦੇ ਮਾਲਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News