ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿੱਚ ਹੋਏ ''''ਪੁਲਿਸ ਮੁਕਾਬਲੇ'''' ਵਿੱਚ ਮਾਰਿਆ ਗਿਆ ਤਜਿੰਦਰ ਤੇਜਾ ਕੌਣ ਸੀ

Wednesday, Feb 22, 2023 - 10:00 PM (IST)

ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿੱਚ ਹੋਏ ''''ਪੁਲਿਸ ਮੁਕਾਬਲੇ'''' ਵਿੱਚ ਮਾਰਿਆ ਗਿਆ ਤਜਿੰਦਰ ਤੇਜਾ ਕੌਣ ਸੀ
ਪੁਲਿਸ ਮੁਕਾਬਲਾ
Gurminder Grewal/bbc

ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿੱਚ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਕਥਿਤ ਗੈਂਗਸਟਰਾਂ ਨਾਲ ਪੁਲਿਸ ਮੁਕਾਬਲਾ ਹੋਣ ਦੀਆਂ ਰਿਪੋਰਟਾਂ ਹਨ।

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਇਸ ਮੁਕਾਬਲੇ ਵਿੱਚ ਗੈਂਗਸਟਰ ਤੇਜਿੰਦਰ ਤੇਜਾ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਇਸ ਦੇ ਨਾਲ ਹੀ ਉਸ ਦੇ ਦੋ ਹੋਰ ਸਾਥੀ ਮਾਰੇ ਗਏ ਹਨ।

ਪੁਲਿਸ ਮੁਤਾਬਕ ਇਹ ਪੁਲਿਸ ਮੁਕਾਬਲਾ ਗੈਂਗਸਟਰ ਤੇਜਾ ਅਤੇ ਉਸ ਦੇ ਦੋ ਹੋਰ ਸਾਥੀਆਂ ਨਾਲ ਹੋਇਆ ਸੀ। ਏਜੀਡੀਪੀ ਗੋਇਲ ਨੇ ਦੱਸਿਆ ਕਿ 8 ਜਨਵਰੀ ਨੂੰ ਗੈਂਗਸਟਰਾਂ ਨੇ ਪੁਲਿਸ ਉੱਤੇ ਫਾਇਰਿੰਗ ਕੀਤੀ ਸੀ।

ਪ੍ਰਮੋਦ ਬਾਨ
Gurminder Grewal/bbc
ਏਜੀਟੀਐੱਫ ਮੁਖੀ ਪ੍ਰਮੋਦ ਬਾਨ

ਪ੍ਰਮੋਦ ਬਾਨ ਨੇ ਦੱਸਿਆ, "ਮੁਕਾਬਲੇ ਵਿੱਚ ਤੇਜਿੰਦਰ ਸਿੰਘ ਉਰਫ਼ ਤੇਜਾ ਅਤੇ ਉਸ ਦੇ ਇੱਕ ਸਾਥੀ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਜਖ਼ਮੀ ਹੋ ਗਿਆ ਸੀ।"

ਉਨ੍ਹਾਂ ਨੇ ਦੱਸਿਆ ਜਾਣਕਾਰੀ ਮਿਲਣ ''''ਤੇ ਬਸੀ ਪਠਾਣਾ ਦੀ ਮੇਨ ਮਾਰਕੀਟ ਵਿੱਚ ਜਦੋਂ ਤੇਜਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਉੱਤੇ ਫਾਇਰਿੰਗ ਖੋਲ੍ਹ ਦਿੱਤੀ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ।

ਉਨ੍ਹਾਂ ਨੇ ਦੱਸਿਆ ਇਸ ਮੁਕਾਬਲੇ ਵਿੱਚ ਇੱਕ ਪੁਲਿਸ ਕਰਮੀ ਵੀ ਜਖ਼ਮੀ ਹੋਇਆ ਹੈ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ ਜਖ਼ਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ ਹੈ।

ਐੱਸਐੱਸਪੀ ਰਵਜੋਤ ਗਰੇਵਾਲ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਮੁਕਾਬਲੇ ਦੌਰਾਨ ਜਖ਼ਮੀ ਹੋਏ ਮੁਲਜ਼ਮ ਨੂੰ ਪਹਿਲਾਂ ਬੱਸੀ ਪਠਾਣਾ ਹਸਪਤਾਲ ਲੈ ਕੇ ਅਤੇ ਫਿਰ ਉਸ ਤੋਂ ਬਾਅਦ ਫਤਹਿਗੜ੍ਹ ਸਿਵਲ ਹਸਪਤਾਲ ਰੈਫਰ ਕੀਤਾ ਗਿਆ, ਉਥੇ ਉਸ ਦਾ ਮੌਤ ਹੋ ਗਈ।

ਉਨ੍ਹਾਂ ਨੇ ਕਿਹਾ, "ਫੈਰੈਂਸਿਕ ਟੀਮ ਆਪਣੀ ਜਾਂਚ ਕਰ ਰਹੀ ਹੈ। ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਜੋ ਬਣਦੀ ਉਸਦੀ ਕਾਨੂੰਨੀ ਕਾਰਵਾਈ ਹੈ, ਉਹ ਅਮਲ ਵਿੱਚ ਲਿਆਂਦੀ ਜਾਵੇਗੀ।"

ਕੌਣ ਸੀ ਤੇਜਿੰਦਰ ਤੇਜਾ

ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਦੀ ਰਿਪੋਰਟ ਮੁਤਾਬਕ ਤੇਜਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬਲਾਚੌਰ ਦੇ ਪਿੰਡ ਜੈਨਪੁਰ ਮਹਿੰਦਪੁਰ ਦਾ ਰਹਿਣ ਵਾਲਾ ਸੀ। ਤੇਜਾ ਹੁਣੀ ਤਿੰਨ ਭਰਾ ਸਨ, ਸਭ ਤੋਂ ਵੱਡਾ ਭਰਾ ਜਤਿੰਦਰ ਸਿੰਘ ਜ਼ਿੰਦੀ ਯੂਕੇ ਵਿੱਚ ਰਹਿੰਦਾ ਹੈ, ਦੂਜੇ ਨੰਬਰ ਵਾਲਾ ਗੁਰਜਿੰਦਰ ਸਿੰਘ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹਨ।

1993 ਵਿੱਚ ਪੈਦਾ ਹੋਇਆ ਤੇਜਾ ਸਭ ਤੋਂ ਛੋਟਾ ਸੀ। ਤੇਜਿੰਦਰ ਉਰਫ਼ ਤੇਜਾ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਉਸ ਦਾ ਕਦ ਕਰੀਬ 6 ਫੁੱਟ ਉੱਚਾ ਸੀ।

ਤੇਜਾ 12ਵੀਂ ਪਾਸ ਸੀ ਅਤੇ ਸਕੂਲ ਵਿੱਚ ਫੁੱਟਬਾਲ ਦਾ ਖਿਡਾਰੀ ਸੀ। ਉਸ ਉੱਤੇ 18 ਸਾਲ ਉਮਰ ਵਿੱਚ ਪਿੰਡ ਵਿੱਚ ਹੋਏ ਲੜਾਈ-ਝਗੜੇ ਨੂੰ ਲੈ ਕੇ ਪਹਿਲਾਂ ਕੇਸ ਦਰਜ ਹੋਇਆ ਸੀ।

ਪ੍ਰਮੋਦ ਬਾਨ ਨੇ ਵਧੇਰੇ ਜਾਣਕਾਰੀ ਦਿੰਦਿਆ ਇਹ ਵੀ ਦੱਸਿਆ ਕਿ ਤੇਜਾ ਦੀ ਭਾਲ ਪੁਲਿਸ ਨੂੰ 8 ਜਨਵਰੀ ਵਾਲੀ ਵਾਰਦਾਤ ਤੋਂ ਹੀ ਸੀ। ਜਿਸ ਵਿੱਚ ਪੰਜਾਬ ਪੁਲਿਸ ਦੇ ਹੌਲਦਾਰ ਕੁਲਦੀਪ ਸਿੰਘ ਬਾਜਵਾ ਦੀ ਮੌਤ ਹੋ ਗਈ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਨਵਾਂ ਸ਼ਹਿਰ ਵਿੱਚ ਸਰਗਰਮ ਤੇਜਾ ਗੈਂਗ ਦਾ ਮੁਖੀ ਸੀ ਤੇਜਿੰਦਰ ਸਿੰਘ ਉਰਫ਼ ਤੇਜਾ। ਇਸ ਦੇ ਫਿਲੌਰ ਪੁਲਿਸ ਮੁਲਾਜ਼ਾਮ ਕੁਲਦੀਪ ਸਿੰਘ ਬਾਜਵਾ ਮਾਮਲੇ ਵਿੱਚ ਮੁੱਖ ਮੁਲਜ਼ਮ ਸੀ। ਜਿਸ ਵਿੱਚ ਹੌਲਦਾਰ ਕੁਲਦੀਪ ਸਿੰਘ ਬਾਜਵਾ ਦੀ ਮੌਤ ਹੋਈ ਸੀ।

ਪ੍ਰਮੋਦ ਬਾਨ ਮੁਤਾਬਕ ਤੇਜਾ ਮਹਿਤਪੁਰ ਫਿਲੌਰ ਦਾ ਰਹਿਣ ਵਾਲਾ ਸੀ ਅਤੇ ਉਸ ''''ਤੇ ਵੱਖ-ਵੱਖ ਥਾਣਿਆਂ ਵਿੱਚ 38 ਤੋਂ ਜ਼ਿਆਦਾ ਪਰਚੇ ਦਰਜ ਸਨ।

ਦਰਅਸਲ, 8 ਜਨਵਰੀ ਨੂੰ ਫਗਵਾੜਾ ਵਿੱਚ ਇੱਕ ਗੱਡੀ ਲੈ ਕੇ ਫਰਾਰ ਹੋ ਰਹੇ ਲੁਟੇਰਿਆ ਦਾ ਕੁਲਦੀਪ ਸਿੰਘ ਬਾਜਵਾ ਨੇ ਪਿੱਛਾ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਉੱਤੇ ਹਮਲਾ ਹੋਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਪੁਲਿਸ ਮੁਕਾਬਲਾ
Gurminder Grewal/bbc

ਏਐੱਸਆਈ ਨੂੰ ਲੱਗੀ ਗੋਲ਼ੀ

ਬੱਸੀ ਪਠਾਣਾ ਵਿੱਚ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਨੂੰ ਘੇਰਾ ਪਾਇਆ, ਇਸ ਮੌਕੇ ਤੇਜਾ ਆਪਣੇ ਦੋ ਸਾਥੀਆਂ ਨਾਲ ਥਾਰ ਜੀਪ ਵਿੱਚ ਸਵਾਰ ਸੀ।

ਮੌਕੇ ਉੱਤੇ ਹਾਜ਼ਰ ਪੁਲਿਸ ਅਫ਼ਸਰ ਸੰਦੀਪ ਗੋਇਲ ਮੁਤਾਬਕ ਦਿਨ ਦਾ ਸਮਾਂ ਹੋਣ ਕਰਕੇ ਗੈਂਗਸਟਰਾਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਪਛਾਣ ਲਿਆ ਅਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।

ਗੈਂਗਸਟਰਾਂ ਦੀ ਫਾਇਰਿੰਗ ਵਿੱਚ ਇੱਕ ਏਐੱਸਆਈ ਸੁਖਰਾਜ ਸਿੰਘ ਨੂੰ ਗੋਲ਼ੀ ਵੀ ਲੱਗੀ ਅਤੇ ਜੀਪ ਨੂੰ ਰੋਕਣ ਵਾਲੇ ਇੱਕ ਪੁਲਿਸ ਦੇ ਸਿਪਾਹੀ ਉੱਤੇ ਗੱਡੀ ਚੜ੍ਹਾ ਦਿੱਤੀ ਗਈ ਅਤੇ ਉਸ ਦੀ ਲੱਤ ਟੁੱਟ ਗਈ।

ਸੰਦੀਪ ਗੋਇਲ ਮੁਤਾਬਕ ਪੁਲਿਸ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ, ਏਜੀਟੀਐੱਫ਼ ਵੀ ਪੂਰੀ ਤਿਆਰੀ ਵਿੱਚ ਸੀ, ਸੀਨੀਅਨ ਅਫ਼ਸਰ ਖੁਦ ਆਪਰੇਸ਼ਨ ਦੀ ਅਗਵਾਈ ਕਰ ਰਹੇ ਸਨ।

ਹੌਲਦਾਰ ਕੁਲਦੀਪ ਸਿੰਘ ਬਾਜਵਾ
Kuldeep Bajwa/twitter
ਹੌਲਦਾਰ ਕੁਲਦੀਪ ਸਿੰਘ ਬਾਜਵਾ ਦੀ ਮੌਤ 8 ਜਨਵਰੀ ਨੂੰ ਮੁਕਾਬਲੇ ਦੌਰਾਨ ਹੋਈ ਸੀ

ਕਿਵੇਂ ਹੋਈ ਸੀ ਸਿਪਾਹੀ ਕੁਲਦੀਪ ਬਾਜਵਾ ਦੀ ਮੌਤ

8 ਜਨਵਰੀ ਦੀ ਸ਼ਾਮ ਨੂੰ ਫਗਵਾੜਾ ਵਿੱਚ ਤੈਨਾਤ ਹੌਲਦਾਰ ਕੁਲਦੀਪ ਸਿੰਘ ਬਾਜਵਾ ਉੱਤੇ ਹਮਲਾ ਹੋਇਆ ਸੀ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਪੁਲਿਸ ਨੇ ਉਸ ਵੇਲੇ ਦੱਸਿਆ ਸੀ ਕਿ ਪੁਲਿਸ ਕੰਟਰੋਲ ਰੂਮ ਫਗਵਾੜਾ ਨੂੰ ਉਸੇ ਦੇਰ ਸ਼ਾਮ ਫੋਨ ਰਾਹੀਂ ਅਰਬਨ ਅਸਟੇਟ ਫਗਵਾੜਾ ਦੇ ਵਾਸੀ ਦੀ ਹੁੰਡਾਈ ਕਰੇਟਾ ਗੱਡੀ ਹਥਿਆਰਬੰਦ ਲੁਟੇਰਿਆਂ ਵਲੋਂ ਖੋਹੇ ਜਾਣ ਦੀ ਸੂਚਨਾ ਮਿਲੀ ਸੀ।

ਪੁਲਿਸ ਪਾਰਟੀ ਵੱਲੋਂ ਕਾਰ ਨੂੰ ਗੋਰਾਇਆ ਵੱਲ ਲੈ ਕੇ ਜਾਂਦੇ ਹੋਏ ਵੇਖਿਆ ਗਿਆ, ਜਿਸ ਉੱਤੇ ਐੱਸਐੱਚਓ ਅਮਨਦੀਪ ਨਾਹਰ ਅਤੇ ਦੋ ਪੁਲਿਸ ਜਵਾਨਾਂ ਵੱਲੋਂ ਕਾਰ ਦਾ ਪਿੱਛਾ ਕਰ ਕੇ ਉਸ ਨੂੰ ਰੋਕ ਲਿਆ ਗਿਆ ਅਤੇ ਕਾਰ ਸਵਾਰਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ ਸੀ।

ਪਰ ਇਸ ਦੌਰਾਨ ਕਾਰ ਸਵਾਰਾਂ ਵੱਲੋਂ ਤੁਰੰਤ ਪੁਲਿਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ ਗਈ, ਜਿਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਅਤੇ ਸੰਘਣੀ ਧੁੰਦ ਹੋਣ ਦੇ ਬਾਵਜੂਦ ਪੁਲਿਸ 3 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੀ।

ਇਸ ਦੌਰਾਨ ਸਿਪਾਹੀ ਕੁਲਦੀਪ ਸਿੰਘ (886/ਕਪੂਰਥਲਾ) ਨੂੰ ਗੋਲੀ ਲੱਗੀ ਅਤੇ ਉਹਨਾਂ ਦੀ ਹਸਪਤਾਲ ਪਹੁੰਚਾਉਣ ਦੌਰਾਨ ਮੌਤ ਹੋ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News