ਕੁਰੂਕਸ਼ਤੇਰ: ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਰਿਆਣਾ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਭਿੜਨ ਤੋਂ ਬਾਅਦ ਤਣਾਅ ਹੋਰ ਵਧਿਆ
Tuesday, Feb 21, 2023 - 02:00 PM (IST)


ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਸਾਹਿਬ ਵਿੱਚ ਹਰਿਆਣਾ ਦੀ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਮੈਂਬਰਾਂ ਦਰਮਿਆਨ ਸੋਮਵਾਰ ਨੂੰ ਤਕਰਾਰ ਹੋਣ ਤੋਂ ਬਾਅਦ ਤਣਾਅ ਲਗਾਤਾਰ ਬਣਿਆ ਹੋਇਆ ਹੈ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸਮਰਥਕ ਕੁਰੂਕਸ਼ੇਤਰ ਪਹੁੰਚ ਰਹੇ ਹਨ , ਦੂਜੇ ਪਾਸੇ ਹਰਿਆਣਾ ਦੀ ਕਮੇਟੀ ਨੇ ਦੋ ਹੋਰ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਵਿੱਚ 5 ਮੈਂਬਰੀ ਕਮੇਟੀ ਕੁਰੂਕਸ਼ੇਤਰ ਆ ਰਹੀ ਹਨ, ਪਿਪਲੀ ਨੇੜੇ ਹਰਿਆਣਾ ਦੇ ਸ਼੍ਰੋਮਣੀ ਕਮੇਟੀ ਦੇ ਸਮਰਥਕ ਕਾਫ਼ੀ ਗਿਣਤੀ ਵਿੱਚ ਇਕੱਠੇ ਹੋਏ ਹਨ।
ਜ਼ਿਕਰਯੋਗ ਹੈ ਕਿ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦੇ ਦਿੱਤੀ ਗਈ ਸੀ।
ਹਰਿਆਣਾ ਵਿਧਾਨ ਸਭਾ ਦਾ ਪਾਸ ਐਕਟ ਨਾਲ ਹਰਿਆਣਾ ਵਿੱਚ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਹੋਂਦ ਵਿੱਚ ਆਈ ਸੀ, ਜਿਸ ਨੂੰ ਸਰਬਉੱਚ ਅਦਾਲਤ ਨੇ ਜਾਇਜ਼ ਠਹਿਰਾਇਆ ਸੀ।
ਇਸ ਤੋਂ ਬਾਅਦ ਐਤਵਾਰ ਨੂੰ ਨਵੀਂ ਐਡਹਾਕ ਕਮੇਟੀ ਨੇ ਕੁਰੂਕਸ਼ੇਤਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਨੂੰ ਜ਼ਬਰੀ ਕਬਜ਼ੇ ਵਿੱਚ ਲੈ ਲਿਆ ਸੀ।
ਜਿਸ ਦੌਰਾਨ ਗੋਲਕਾਂ ’ਤੇ ਕਬਜ਼ੇ ਕੀਤੇ ਜਾਣ ਦਾ ਐੱਸਜੀਪੀਸੀ ਵਲੋਂ ਵਿਰੋਧ ਕੀਤਾ ਗਿਆ ਸੀ। ਮੰਗਲਵਾਰ ਨੂੰ ਹਰਿਆਣਾ ਦੀ ਐਡਹਾਕ ਕਮੇਟੀ ਨੇ ਕੈਥਲ ਦੇ ਦੋ ਹੋਰ ਗੁਰੂਦੁਆਰਿਆਂ ਦਾ ਕਬਜ਼ਾ ਲੈ ਲਿਆ।

ਤਣਾਅ ਦਾ ਕਾਰਨ
ਹਰਿਆਣਾ ਕਮੇਟੀ ਵਲੋਂ ਕੁਰੂਕਸ਼ੇਤਰ ਦੇ ਗੁਰੂਦੁਆਰੇ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਏ ਜਾਣ ਦੌਰਾਨ ਗੋਲਕਾਂ ’ਤੇ ਆਪਣੀ ਸੀਲ ਵੀ ਲਗਾਈ ਗਈ ਸੀ।
ਇਸ ਮੌਕੇ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਚੱਲਦੇ ਕੀਰਤਨ ਦੌਰਾਨ ਗੋਲਕ ਨੂੰ ਲੱਗੇ ਜਿੰਦਰਿਆਂ ਨੂੰ ਕਟਰ ਨਾਲ ਕੱਟਿਆ ਜਾ ਰਿਹਾ ਸੀ।
ਸੋਮਵਾਰ ਨੂੰ ਐੱਸਜੀਪੀਸੀ ਦੇ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਦਾ ਜਿੰਦਰਾ ਤੋੜਨ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਵਲੋਂ ਇਸ ਕਾਰਵਾਈ ਨੂੰ ਮਰਿਯਾਦਾ ਦੀ ਉਲੰਘਣਾ ਤੇ ਬੇਅਦਬੀ ਕਰਾਰ ਦਿੱਤਾ ਗਿਆ ਸੀ।
ਇਸੇ ਦੌਰਾਨ ਗੁਰੂਦੁਆਰੇ ਵਿੱਚ ਹਾਲਾਤ ਕਾਫ਼ੀ ਤਣਾਅਪੂਰਨ ਹੋ ਗਏ ਸਨ।
ਕਈ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਅੱਠ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਥਾਣੇ ਦੇ ਬਾਹਰ ਸ਼੍ਰੋਮਣੀ ਕਮੇਟੀ ਦੇ ਸਮਰਥਕਾਂ ਨੇ ਦੇ ਰਾਤ ਤੱਕ ਲੋਕਾਂ ਨੇ ਧਰਨਾ ਲਗਾਈ ਰੱਖਿਆ।

ਮਰਿਆਦਾ ਭੰਗ ਕਰਨ ਦੇ ਇਲਜ਼ਾਮ
ਕੁਰੂਕਸ਼ੇਤਰ ਦੇ ਗੁਰੂਦੁਆਰੇ ਦੇ ਕਬਜ਼ੇ ਤੇ ਗੋਲਕ ਦੇ ਜ਼ਿੰਦਰੇ ਤੋੜਨ ਦਾ ਵਿਰੋਧ ਕਰਨ ਆਏ ਐੱਸਜੀਪੀਸੀ ਦੇ ਮੈਂਬਰਾਂ ਦੇ ਹਰਿਆਣਾ ਦੀ ਐਡਹਾਕ ਕਮੇਟੀ ਦੇ ਮੈਂਬਰਾਂ ਦਰਮਿਆਨ ਦਰਬਾਰ ਸਾਹਿਬ ਹਾਲ ਵਿੱਚ ਤਣਾਅ ਪੈਦਾ ਹੋਇਆ।
ਐੱਸਜੀਪੀਸੀ ਨੇ ਇਤਰਾਜ਼ ਜਾਹਰ ਕੀਤਾ ਸੀ ਕਿ ਹਰਿਆਣਾ ਕਮੇਟੀ ਦੇ ਮੈਂਬਰਾਂ ਵਲੋਂ ਚਲਦੇ ਕੀਰਤਨ ਦੌਰਾਨ ਗੋਲਕਾਂ ਨੂੰ ਕੱਟਣਾ ਤੇ ਜਿੰਦਰੇ ਤੋੜ੍ਹਨਾ ਮਰਿਆਦਾ ਦੀ ਉਲੰਘਣਾ ਹੈ।
ਦੂਜੇ ਪਾਸੇ ਵਿਰੋਧ ਵਿੱਚ ਆਏ ਐੱਸਜੀਪੀਸੀ ਦੇ ਮੈਂਬਰਾਂ ਵਲੋਂ ਵੀ ਅਰਦਾਸ ਦੌਰਾਨ ਜੈਕਾਰੇ ਲਗਾਏ ਜਾਣ ਤੇ ਗੁਰੂਦੁਆਰੇ ਦਾ ਮਾਹੌਲ ਖ਼ਰਾਬ ਕਰਨ ਦੇ ਇਲਜ਼ਾਮ ਲਗਾਉਂਦਿਆਂ ਹਰਿਆਣਾ ਦੀ ਨਵੀਂ ਐਡਹਾਕ ਕਮੇਟੀ ਦੇ ਪ੍ਰਧਾਨ ਮਹੰਤ ਕਮਲਜੀਤ ਸਿੰਘ ਨੇ ਕਿਹਾ ਕਿ ਐੱਸਜੀਪੀਸੀ ਵਲੋਂ ਮਰਿਆਦਾ ਭੰਗ ਕੀਤੀ ਗਈ ਹੈ।

ਗੁਰਦੁਆਰਿਆਂ ਦਾ ਪ੍ਰਬੰਧ ਤੇ ਹਰਿਆਣਾ
- ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕਰਦੀ ਹੈ
- ਸ਼੍ਰੋਮਣੀ ਕਮੇਟੀ ਦਾ ਗਠਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1925 ਤਹਿਤ ਕੀਤਾ ਗਿਆ ਸੀ
- ਪਿਛਲੇ ਕਈ ਦਹਾਕਿਆਂ ਤੋਂ ਹਰਿਆਣਾ ਦੇ ਸਿੱਖ ਸੂਬੇ ਲਈ ਵੱਖਰੀ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਸਨ
- ਹਰਿਆਣਾ ਦੇ ਸਿੱਖਾਂ ਦੇ ਇਲਜ਼ਾਮ ਸਨ ਕਿ ਸ਼੍ਰੋਮਣੀ ਕਮੇਟੀ ਹਰਿਆਣਾ ਨਾਲ ਮਤਭੇਦ ਕਰਦੀ ਹੈ
- ਹਰਿਆਣਾ ਦੀ ਮੰਗ ਮੁਤਾਬਕ ਭੁਪਿੰਦਰ ਹੁੱਡਾ ਸਰਕਾਰ ਨੇ 2014 ਵਿੱਚ ਹਰਿਆਣਾ ਗੁਰਦੁਆਰਾ ਐਕਟ ਪਾਸ ਕਰ ਦਿੱਤਾ
- ਹਰਿਆਣਾ ਦੀ ਕਮੇਟੀ ਦੀ ਹੋਂਦ ਨੂੰ ਚੂਣੌਤੀ ਦੇਣ ਲਈ ਹਰਿਆਣਾ ਦੇ ਐਕਟ ਖਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ
- ਸੁਪਰੀਮ ਕੋਰਟ ਨੇ ਹਰਿਆਣਾ ਦੇ ਐਕਟ ਖਿਲਾਫ਼ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਅਤੇ ਜਿਸ ਤੋਂ ਬਾਅਦ ਵੱਖਰੀ ਕਮੇਟੀ ਬਣੀ ਰਹੇਗੀ
- ਹੁਣ ਹਰਿਆਣਾ ਵਿੱਚ ਬਣੀ ਨਵੀਂ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਰਹੀ ਹੈ। ਜਿਸ ਤੋਂ ਬਾਅਦ ਤਣਾਅ ਪੈਦਾ ਹੋਇਆ

ਪ੍ਰਬੰਧਕ ਕਮੇਟੀ ਦੀ ਹੋਂਦ
ਹਰਿਆਣਾ ਦੀ ਐਡਹਾਕ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਮੁਤਾਬਕ 2014 ਵਿੱਚ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਬਣਾਇਆ ਸੀ।
“ਜਿਸ ਨੂੰ ਐੱਸਜੀਪੀਸੀ ਵਲੋਂ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। 20 ਸਤੰਬਰ 2022 ਨੂੰ ਹਰਿਆਣਾ ਦੇ ਐਕਟ ਦੀ ਮਾਨਤਾ ਨੂੰ ਸਵਿਕਾਇਆ ਸੀ।
ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਹਰਿਆਣਾ ਸਰਕਾਰ ਇੱਕ ਐਡਹਾਕ ਕਮੇਟੀ ਬਣਾਕੇ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਉਸ ਕਮੇਟੀ ਨੂੰ ਸੋਂਪ ਦੇਵੇ।
ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਗਿਆ ਐੱਸਜੀਪੀਸੀ ਸਭ ਪ੍ਰਬੰਧ ਹਰਿਆਣਾ ਦੀ ਐਡਹਾਕ ਕਮੇਟੀ ਸਪੁਰਦ ਕਰ ਦੇਵੇ।”
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ (ਐਡਹਾਕ) ਦੇ ਪ੍ਰਧਾਨ,ਮਹੰਤ ਕਰਮਜੀਤ ਸਿੰਘ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਐੱਸਜੀਪੀਸੀ ਦੀ ਇਸ ਕਾਰਵਾਈ ਨਾਲ ਮਰਿਆਦਾ ਭੰਗ ਹੋਈ ਹੈ।
ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰੇ ਜਿੰਦਰੇ ਤੋੜਨ ਦੀ ਨਿੰਦਾ ਕੀਤੀ ਹੈ ਤੇ ਕਿਹਾ ਕਿ ਆਪਸੀ ਵੰਡ ਦੀ ਬਜਾਇ ਠੀਕ ਤਰੀਕੇ ਨਾਲ ਕੰਮ ਕੀਤਾ ਜਾਵੇ।
ਕੈਥਲ ਦੇ ਦੋ ਹੋਰ ਗੁਰੂਦਵਾਰਿਆਂ ਦਾ ਕਬਜ਼ਾ ਵੀ ਐੱਚਐੱਸਜੀਪੀਸੀ ਨੇ ਲਿਆ
ਐੱਚਐੱਸਜੀਪੀਸੀ ਵਲੋਂ ਹਰਿਆਣਾ ਦੇ ਗੁਰੂਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈਣ ਦਾ ਸਿਲਸਲਾ ਜਾਰੀ ਹੈ। ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਕੈਥਲ ਦੇ ਦੋ ਗੁਰੂਦੁਆਰਿਆਂ ਦਾ ਕਬਜ਼ਾ ਵੀ ਲੈ ਲਿਆ ਗਿਆ ਹੈ।
ਦਾਦੂਵਾਲ ਤੇ ਉਨ੍ਹਾਂ ਦੇ ਸਾਥੀ ਗੁਰਦੁਆਰਾ ਨਿੰਮ ਸਾਹਿਬ ਤੇ ਮੰਜੀ ਸਾਹਿਬ ਪਹੁੰਚੇ ਸਨ। ਉਨ੍ਹਾਂ ਵਲੋਂ ਦੋਵਾਂ ਗੁਰੂਦੁਆਰਿਆਂ ਦੀਆਂ ਗੋਲਕਾਂ ਦੀਆਂ ਚਾਬੀਆਂ ਲੈ ਲਈਆਂ ਗਈਆਂ ਹਨ।
ਐੱਸਜੀਪੀਸੀ ਦੇ ਮੈਂਬਰ ਸੁਖਵਿੰਦਰ ਸਿੰਘ ਵਲੋਂ ਦਾਦੂਵਾਲ ਨੂੰ ਸੋਂਪੀਆਂ ਗਈਆਂ ਹਨ।
ਇਸ ਕਾਰਵਾਈ ਦੌਰਾਨ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਵੀ ਮੌਜੂਦ ਸਨ। ਤੇ ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲਿਸ ਕਰਮੀ ਵੀ ਤੈਨਾਤ ਸਨ।
ਇਨ੍ਹਾਂ ਗੁਰੂਦੁਾਰਿਆਂ ਦਾ ਪ੍ਰਬੰਧਕ ਕੈਥਲ ਤੋਂ ਕਮੇਟੀ ਦੇ ਮੈਂਬਰ ਅੰਗਰੇਜ਼ ਸਿੰਘ ਗੁਰਾਇਆ ਨੂੰ ਬਣਾਇਆ ਗਿਆ ਹੈ।

ਸਭ ਨੂੰ ਇਕੱਠਿਆਂ ਕੰਮ ਕਰਨ ਦੀ ਲੋੜ
ਹਰਿਆਣਾ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਨੇ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਵਿਰੋਧ ਛੱਡ ਕੇ ਨਵੀਂ ਕਮੇਟੀ ਦਾ ਸਾਥ ਦੇਣ।
ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਨੇ ਆਪਣੀ ਵੱਖਰੀ ਕਮੇਟੀ ਲਈ ਲੰਬਾ ਸੰਘਰਸ਼ ਕੀਤਾ ਹੈ। ਹੁਣ ਜਦੋਂ ਉਨ੍ਹਾਂ ਨੂੰ ਸਫ਼ਲਤਾ ਮਿਲੀ ਹੈ ਤਾਂ ਸਭ ਨੂੰ ਇਕੱਠਿਆਂ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਮੇਟੀ ਨੂੰ ਸਾਰੀ ਸੰਗਤ ਨੂੰ ਨਾਲ ਲੈ ਕੇ ਕੰਮ ਕਰਨਾ ਪਵੇਗਾ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)