ਆਫ਼ਤ ਮਾਰੇ ਲੋਕਾਂ ਦੀ ਮਦਦ ਦੇ ਨਾਂ ਉੱਤੇ ਸੋਸ਼ਲ ਅਕਾਊਂਟ ਇੰਝ ਲੁੱਟ ਰਹੇ ਹਨ ਲੋਕਾਂ ਤੋਂ ਪੈਸੇ
Monday, Feb 20, 2023 - 02:15 PM (IST)

ਸੁਰੱਖਿਆ ਮਾਹਿਰਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਕਈ ਜਾਅਲਸਾਜ਼ ਤੁਰਕੀ ਅਤੇ ਸੀਰੀਆ ਵਿੱਚ ਆਏ ਭੁਚਾਲ ਦੀ ਆੜ ਵਿੱਚ ਲੋਕਾਂ ਤੋਂ ਪੈਸੇ ਲੁੱਟ ਰਹੇ ਹਨ।
ਇਹ ਧੋਖੇਬਾਜ਼ ਭੂਚਾਲ ਪੀੜਤਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਦਾ ਦਾਅਵਾ ਤਾਂ ਕਰਦੇ ਹਨ ਪਰ ਲੋੜਵੰਦਾਂ ਦੀ ਮਦਦ ਨਹੀਂ ਕਰਦੇ ਹਨ।
ਸਗੋਂ ਇਹ ਧੋਖਾਧੜੀ ਕਰਨ ਵਾਲੇ ਲੋਕਾਂ ਵੱਲੋਂ ਆ ਰਹੇ ਦਾਨ ਨੂੰ ਆਪਣੇ ਪੇਅ-ਪਾਲ ਖਾਤਿਆਂ ਜਾਂ ਕ੍ਰਿਪਟੋਕ੍ਰੰਸੀ ਖਾਤਿਆਂ ਵਿੱਚ ਭੇਜ ਰਹੇ ਹਨ।
ਅਸੀਂ ਅਜਿਹੇ ਕੁਝ ਤਰੀਕਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਜ਼ਰੀਏ ਇਹ ਧੋਖਾ ਦਿੰਦੇ ਹਨ ਅਤੇ ਕੁਝ ਅਜਿਹੇ ਤਰੀਕਿਆਂ ਦੀ ਵੀ ਜਿਨ੍ਹਾਂ ਜ਼ਰੀਏ ਤੁਸੀਂ ਦਾਨ ਕਰਨ ਤੋਂ ਪਹਿਲਾਂ ਡਬਲ-ਚੈੱਕ ਕਰ ਸਕਦੇ ਹੋ।
ਤੁਰਕੀ ਲਈ ਪ੍ਰਾਰਥਨਾ
ਟਿਕਟੌਕ ਜਾਂ ਹੋਰ ਕਿਸੇ ਮੀਡੀਆ ਅਦਾਰੇ ਲਈ ਲਾਈਵ ਜ਼ਰੀਏ, ਜਾਂ ਡਿਜੀਟਲ ਤੋਹਫ਼ਿਆਂ ਜ਼ਰੀਏ ਕੰਟੈਂਟ ਬਣਾਉਣ ਵਾਲੇ ਪੈਸਾ ਕਮਾ ਸਕਦੇ ਹਨ।
ਹੁਣ ਟਿਕਟੌਕ ਖਾਤਿਆਂ ਤੋਂ ਤਬਾਹੀ ਦੀਆਂ ਤਸਵੀਰਾਂ, ਲੂਪ ਕਰਕੇ ਵੀਡੀਓਜ਼ ਅਤੇ ਰਾਹਤ ਕਾਰਜ ਦਿਖਾਉਂਦੀਆਂ ਟੈਲੀਵਿਜ਼ਨ ਦੀਆਂ ਰਿਕਾਰਡਿੰਗਾਂ ਸਾਂਝੀਆਂ ਕਰਕੇ ਦਾਨ ਮੰਗਿਆ ਜਾ ਰਿਹਾ ਹੈ।

ਕੈਪਸ਼ਨ ਵਿੱਚ ''''ਆਓ ਤੁਰਕੀ ਦੀ ਮਦਦ ਕਰੀਏ'''', ''''ਤੁਰਕੀ ਲਈ ਪ੍ਰਾਰਥਨਾ'''' ਅਤੇ ''''ਭੂਚਾਲ਼ ਪੀੜਤਾਂ ਲਈ ਦਾਨ ਕਰੋ'''' ਜਿਹੇ ਵਾਕ ਲਿਖੇ ਜਾਂਦੇ ਹਨ।
ਇੱਕ ਟਿਕਟੌਕ ਖਾਤਾ, ਜੋ ਕਿ ਕਰੀਬ ਤਿੰਨ ਘੰਟਿਆਂ ਲਈ ਲਾਈਵ ਸੀ, ਨੇ ਤਬਾਹ ਹੋਈਆਂ ਇਮਾਰਤਾਂ ਦੀਆਂ ਧੁੰਦਲੀਆਂ ਤਸਵੀਰਾਂ ਦਿਖਾਈਆਂ ਅਤੇ ਨਾਲ ਹੀ ਧਮਾਕਿਆਂ ਦੀਆਂ ਅਵਾਜ਼ਾਂ ਵੀ ਸਨ।
ਆਫ-ਕੈਮਰਾ ਇੱਕ ਆਦਮੀ ਦਾ ਹਾਸਾ ਵੀ ਸੁਣਦਾ ਹੈ ਅਤੇ ਉਹ ਚੀਨੀ ਭਾਸ਼ਾ ਬੋਲਦਾ ਹੈ। ਇਸ ਵੀਡੀਓ ਦੇ ਕੈਪਸ਼ਨ ਵਿੱਚ ''''ਆਓ ਤੁਰਕੀ ਦੀ ਮਦਦ ਕਰੀਏ, ਦਾਨ ਕਰੀਏ'''' ਲਿਖਿਆ ਸੀ।
ਇੱਕ ਹੋਰ ਵੀਡੀਓ ਧਮਾਕਿਆਂ ਤੋਂ ਭੱਜ ਰਹੇ ਪਰੇਸ਼ਾਨ ਬੱਚੇ ਦੀ ਤਸਵੀਰ ਦਿਖਾਉਂਦੀ ਹੈ।

ਲਾਈਵ ਸਟ੍ਰੀਮ ਦੇ ਮੇਜ਼ਬਾਨ ਦਾ ਸੰਦੇਸ਼ ਹੈ ਕਿ ਕ੍ਰਿਪਾ ਕਰਕੇ ਇਹ ਟੀਚਾ ਹਾਸਿਲ ਕਰਨ ਵਿੱਚ ਮਦਦ ਕਰੋ, ਜੋ ਕਿ ਜ਼ਾਹਿਰ ਤੌਰ ''''ਤੇ ਤੋਹਫ਼ਿਆਂ ਦੀ ਅਪੀਲ ਹੈ ਪਰ ਬੱਚੇ ਦੀ ਤਸਵੀਰ ਪਿਛਲੇ ਹਫ਼ਤੇ ਆਏ ਭੂਚਾਲ ਵੇਲੇ ਦੀ ਨਹੀਂ ਹੈ।
''''ਰਿਵਰਸ ਇਮੇਜ਼ ਸਰਚ'''' ਜ਼ਰੀਏ ਪਤਾ ਲੱਗਿਆ ਕਿ ਉਹੀ ਤਸਵੀਰ ਟਵਿੱਟਰ ''''ਤੇ ਸਾਲ 2018 ਵਿੱਚ ਸਾਂਝੀ ਕੀਤੀ ਗਈ ਸੀ ਅਤੇ ਕੈਪਸ਼ਨ ਦਿੱਤਾ ਗਿਆ ਸੀ ''''ਅਫਰੀਨ ਕਤਲੇਆਮ ਬੰਦ ਕਰੋ''''।
ਕਿਵੇਂ ਕਰ ਰਹੇ ਦਾਨ ਦੀ ਮੰਗ
- ਪੜਤਾਲ ਵਿੱਚ ਪਤਾ ਲੱਗਿਆ ਕਿ ਟਿਕਟੌਕ ਡਿਜੀਟਲ ਤੋਹਫ਼ਿਆਂ ਦਾ 70 ਫੀਸਦੀ ਤੱਕ ਹਿੱਸਾ ਲੈਂਦਾ ਹੈ।
- ਕ੍ਰਿਪਟੋਕਰੰਸੀ ਅਪੀਲਾਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
- ਹੁਣ ਟਿਕਟੌਕ ਖਾਤਿਆਂ ਤੋਂ ਤਬਾਹੀ ਦੀਆਂ ਤਸਵੀਰਾਂ, ਲੂਪ ਕਰਕੇ ਵੀਡੀਓਜ਼ ਅਤੇ ਹੋਰਨਾਂ ਚੀਜ਼ਾਂ ਨੂੰ ਦਿਖਾ ਕੇ ਦਾਨ ਮੰਗਿਆ ਜਾ ਰਿਹਾ ਹੈ।
- ਇੱਕ ਹੋਰ ਵੀਡੀਓ ਧਮਾਕਿਆਂ ਤੋਂ ਭੱਜ ਰਹੇ ਪਰੇਸ਼ਾਨ ਬੱਚੇ ਦੀ ਤਸਵੀਰ ਦਿਖਾਉਂਦੀ ਹੈ।
- ਧੋਖਾਧੜੀ ਕਰਨ ਵਾਲੇ ਫੰਡ ਇਕੱਠਾ ਕਰਨ ਲਈ ਟਵਿੱਟਰ ''''ਤੇ ਜਾਅਲੀ ਖਾਤੇ ਬਣਾ ਰਹੇ ਹਨ ਅਤੇ ਪੇਅ-ਪਾਲ ਦੇ ਲਿੰਕ ਪੋਸਟ ਕਰ ਰਹੇ ਹਨ।
- ਪੇਅ-ਪਾਲ ਨੇ ਧੋਖਾਧੜੀ ਵਾਲੇ ਖਾਤੇ ਨੂੰ ਸਸਪੈਂਡ ਕਰ ਦਿੱਤਾ ਹੈ।
ਟਿਕਟੌਕ ''''ਤੇ ਗਿਫਟਿੰਗ ਸਬੰਧੀ ਚੇਤਾਵਨੀ
ਬੀਬੀਸੀ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਟਿਕਟੌਕ ਡਿਜੀਟਲ ਤੋਹਫ਼ਿਆਂ ਦਾ 70 ਫੀਸਦੀ ਤੱਕ ਹਿੱਸਾ ਲੈਂਦਾ ਹੈ। ਹਾਲਾਂਕਿ ਟਿਕਟੌਕ ਇਸ ਤੋਂ ਘੱਟ ਹਿੱਸਾ ਲੈਣ ਦੀ ਗੱਲ ਕਹਿੰਦਾ ਹੈ।
ਟਿਕਟੌਕ ਦੇ ਬੁਲਾਰੇ ਨੇ ਬੀਬੀਸੀ ਨੂੰ ਕਿਹਾ, "ਅਸੀਂ ਤੁਰਕੀ ਅਤੇ ਸੀਰੀਆ ਦੇ ਭਿਆਨਕ ਭੂਚਾਲਾਂ ਕਰਕੇ ਬਹੁਤ ਉਦਾਸ ਹਾਂ ਅਤੇ ਰਾਹਤ ਲਈ ਕੋਸ਼ਿਸ਼ਾਂ ਕਰ ਰਹੇ ਹਾਂ। ਅਸੀਂ ਸਰਗਰਮੀ ਨਾਲ ਕੰਮ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਧੋਖਾ ਕਰਨ ਤੋਂ ਅਤੇ ਅਸਲ ਵਿੱਚ ਮਦਦ ਕਰਨ ਦੇ ਇਛੁੱਕਾਂ ਬਾਰੇ ਗਲਤ ਧਾਰਨਾਵਾਂ ਫੈਲਾਉਣ ਤੋਂ ਰੋਕ ਸਕੀਏ।"
ਕ੍ਰਿਪਟੋਕਰੰਸੀ ਅਪੀਲਾਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਤਸਵੀਰਾਂ
ਟਵਿੱਟਰ ''''ਤੇ ਲੋਕ ਭਾਵਨਾਤਮਕ ਤਸਵੀਰਾਂ ਦੇ ਨਾਲ ਕ੍ਰਿਪਟੋਕਰੰਸੀ ਖਾਤਿਆਂ ਦੇ ਲਿੰਕ ਸਾਂਝੇ ਕਰਕੇ ਦਾਨ ਦੀ ਮੰਗ ਕਰ ਰਹੇ ਹਨ।
ਇੱਕ ਅਕਾਊਂਟ ਤੋਂ ਅਜਿਹੀ ਇੱਕ ਅਪੀਲ 12 ਘੰਟਿਆਂ ਅੰਦਰ ਅੱਠ ਵਾਰ ਕੀਤੀ ਗਈ, ਉਸ ਪੋਸਟ ਵਿੱਚ ਤਬਾਹ ਹੋਈਆਂ ਇਮਾਰਤਾਂ ਵਿਚਕਾਰ ਬੱਚੇ ਨੂੰ ਚੁੱਕ ਕੇ ਖੜ੍ਹੇ ਇੱਕ ਫਾਈਰਫਾਈਟਰ ਦੀ ਵੀ ਤਸਵੀਰ ਪਾਈ ਗਈ ਸੀ।
ਹਾਲਾਂਕਿ ਵਰਤੀ ਗਈ ਤਸਵੀਰ ਅਸਲ ਨਹੀਂ ਸੀ। ਗ੍ਰੀਕ ਅਖ਼ਬਾਰ OEMA ਨੇ ਰਿਪੋਰਟ ਕੀਤਾ ਕਿ ਉਹ ਤਸਵੀਰ ਐਜਨ ਫ਼ਾਇਰ ਬ੍ਰਿਗੇਡ ਵੱਲੋਂ ਆਰਟੀਫਿਸ਼ਲ ਇੰਟੈਲੀਜੈਂਸ ਜ਼ਰੀਏ ਮਿਡਜਰਨੀ ਨਾਮੀ ਸਾਫਟਵੇਅਰ ਦਾ ਇਸਤੇਮਾਲ ਕਰਕੇ ਤਿਆਰ ਕੀਤੀ ਗਈ ਸੀ।
ਆਰਟੀਫਿਸ਼ੀਅਲ ਇੰਟੈਲੀਜੈਂਸ ਜ਼ਰੀਏ ਤਸਵੀਰਾਂ ਬਣਾਉਣ ਵੇਲੇ ਅਕਸਰ ਗ਼ਲਤੀਆਂ ਕਰਦੇ ਹਨ ਅਤੇ ਟਵਿੱਟਰ ਯੂਜ਼ਰਜ਼ ਨੂੰ ਬਹੁਤ ਜਲਦੀ ਪਤਾ ਲਗ ਗਿਆ ਕਿ ਉਸ ਫ਼ਾਇਰ-ਫਾਈਟਰ ਦੇ ਸੱਜੇ ਹੱਥ ''''ਤੇ ਛੇ ਉਂਗਲਾਂ ਸੀ।
ਇਸ ਦੀ ਪੜਤਾਲ ਕਰਨ ਲਈ ਅਸੀਂ ਬੀਬੀਸੀ ਦੇ ਤਕਨੀਕੀ ਰਿਸਰਚ ਹੱਬ ਦੀ ਟੀਮ ਨੂੰ ਉਸੇ ਸਾਫਟਵੇਅਰ ਜ਼ਰੀਏ ਉਸੇ ਤਰ੍ਹਾਂ ਦੀਆਂ ਤਸਵੀਰਾਂ ਬਣਾਉਣ ਲਈ ਕਿਹਾ।
ਉਨ੍ਹਾਂ ਨੇ ਸਾਫਟਵੇਅਰ ਨੂੰ ''''ਭੂਚਾਲ਼ ਤੋਂ ਬਾਅਦ ਛੋਟੇ ਬੱਚੇ ਨੂੰ ਬਚਾਉਂਦੇ ਅਤੇ ਗਰੀਕ ਝੰਡੇ ਵਾਲਾ ਹੈਲਮਟ ਪਾਈ ਫਾਈਰਫਾਈਟਰ ਦੀ ਤਸਵੀਰ'''' ਲਈ ਕਿਹਾ, ਅਤੇ ਇਹ ਬਦਲ ਦਿੱਤੇ ਗਏ।
ਇਸ ਤੋਂ ਇਲਾਵਾ, ਇਨ੍ਹਾਂ ਵਿੱਚੋਂ ਇੱਕ ਕ੍ਰਿਪਟੋ ਵਾਲੇਟ ਐਡਰੈੱਸ ਵੀ ਸਾਲ 2018 ਤੋਂ ਸਕੈਮ ਲਈ ਵਰਤਿਆ ਜਾ ਰਿਹਾ ਸੀ।
ਇੱਕ ਹੋਰ ਐਡਰੈੱਸ ਰੂਸ ਦੇ ਸੋਸ਼ਲ ਮੀਡੀਆ ਵੈਬਸਾਈਟ VK ''''ਤੇ ਪੌਰਨ ਕੰਟੈਂਟ ਦੇ ਨਾਲ ਪਾਇਆ ਗਿਆ ਸੀ।
ਜਦੋਂ ਬੀਬੀਸੀ ਨੇ ਟਵੀਟ ਕਰਨ ਵਾਲੇ ਸ਼ਖ਼ਸ ਨਾਲ ਰਾਬਤੇ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਸ ਨੂੰ ਸਕੈਮ ਮੰਨਣ ਤੋਂ ਇਨਕਾਰ ਕੀਤਾ।
ਉਨ੍ਹਾਂ ਨੇ ਕਨੈਕਟਿਵਿਟੀ ਸਹੀ ਨਾ ਹੋਣ ਦੀ ਗੱਲ ਆਖੀ ਅਤੇ ਟਵਿੱਟਰ ''''ਤੇ ਗੂਗਲ ਟਰਾਂਸਲੇਟਰ ਦੀ ਵਰਤੋਂ ਕਰਕੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ।
"ਮੇਰਾ ਮਕਸਦ ਹੈ ਕਿ ਫੰਡ ਇਕੱਠੇ ਕਰਕੇ ਭੂਚਾਲ਼ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰ ਸਕਾਂ। ਪ੍ਰਭਾਵਿਤ ਖੇਤਰਾਂ ਵਿੱਚ ਲੋਕ ਹੁਣ ਠੰਢ ਦਾ ਸਾਹਮਣਾ ਕਰ ਰਹੇ ਹਨ ਅਤੇ ਖਾਸ ਕਰਕੇ ਬੱਚਿਆਂ ਲਈ ਭੋਜਨ ਨਹੀਂ ਹੈ।"
"ਮੈਂ ਰਸੀਦਾਂ ਜ਼ਰੀਏ ਇਸ ਪ੍ਰਕਿਰਿਆ ਨੂੰ ਸਾਬਿਤ ਕਰ ਸਕਦਾ ਹਾਂ।"
ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣ ਤੱਕ ਆਪਣੀ ਪਛਾਣ ਦੇ ਸਬੂਤ ਵਜੋਂ ਰਸੀਦਾਂ ਸਾਨੂੰ ਨਹੀਂ ਭੇਜੀਆਂ ਹਨ।
ਟਵਿੱਟਰ ਅਤੇ ਪੇਅ-ਪਾਲ
ਧੋਖਾਧੜੀ ਕਰਨ ਵਾਲੇ ਫੰਡ ਇਕੱਠਾ ਕਰਨ ਲਈ ਟਵਿੱਟਰ ''''ਤੇ ਜਾਅਲੀ ਖਾਤੇ ਬਣਾ ਰਹੇ ਹਨ ਅਤੇ ਪੇਅ-ਪਾਲ ਦੇ ਲਿੰਕ ਪੋਸਟ ਕਰ ਰਹੇ ਹਨ।
ਸੋਨਾਟਾਈਪ ਵਿੱਚ ਸਾਈਬਰ ਸੁਰੱਖਿਆ ਮਾਹਿਰ ਐਕਸ ਸ਼ਰਮਾ ਕਹਿੰਦੇ ਹਨ ਕਿ ਇਹ ਅਕਾਊਂਟ ਖ਼ਬਰਾਂ ਵਾਲੇ ਆਰਟੀਕਲ ਰਿ-ਟਵੀਟ ਕਰਦੇ ਹਨ ਅਤੇ ਪ੍ਰਤੱਖ ਹੋਣ ਲਈ ਮਸ਼ਹੂਰ ਹਸਤੀਆਂ ਦੇ ਟਵੀਟਾਂ ਦਾ ਜਵਾਬ ਦਿੰਦੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉਹ ਆਫ਼ਤ ਤੋਂ ਰਾਹਤ ਲਈ ਝੂਠੇ ਖਾਤੇ ਬਣਾਉਂਦੇ ਹਨ ਅਤੇ ਜਾਇਜ਼ ਸੰਸਥਾ ਵਜੋਂ ਜਾਂ ਨਿਊਜ਼ ਆਊਟਲੇਟ ਵਜੋਂ ਪੇਸ਼ ਆਉਂਦੇ ਹਨ, ਪਰ ਫਿਰ ਉਹ ਦਾਨ ਹੋਈ ਰਾਸ਼ੀ ਨੂੰ ਆਪਣੇ ਖਾਤਿਆਂ ਵਿਚ ਪਾਉਂਦੇ ਹਨ।"

ਇੱਕ ਉਦਾਹਰਨ ਹੈ @TurkeyRelief ਜੋ ਜਨਵਰੀ ਮਹੀਨੇ ਟਵਿੱਟਰ ਵਿੱਚ ਸ਼ਾਮਲ ਹੋਇਆ ਅਤੇ ਸਿਰਫ਼ 31 ਫੌਲੋਅਰਜ਼ ਹਨ ਅਤੇ ਪੇਅ-ਪਾਲ ਜ਼ਰੀਏ ਡੋਨੇਸ਼ਨਜ਼ ਲੈਂਦਾ ਹੈ।
ਉਕਤ ਪੇਅ-ਪਾਲ ਖਾਤੇ ਵਿੱਚ ਹੁਣ ਤੱਕ ਕਰੀਬ 900 ਡਾਲਰ ਆ ਚੁੱਕੇ ਹਨ। ਪਰ ਇਸ ਵਿੱਚ ਪੇਜ ਬਣਾਉਣ ਵਾਲੇ ਵੱਲੋਂ ਪਾਏ ਗਏ 500 ਡਾਲਰ ਵੀ ਸ਼ਾਮਲ ਹਨ, ਜਿਸ ਨੇ ਖੁਦ ਵੀ ਦਾਨ ਦਿੱਤਾ।
ਸ਼ਰਮਾ ਕਹਿੰਦੇ ਹਨ ਕਿ, ਇਹ ਫੰਡ ਇਕੱਠਾ ਕਰਨ ਦੀ ਅਪੀਲ ਨੂੰ ਵਧੇਰੇ ਜਾਇਜ਼ ਦਿਖਾਉਣ ਲਈ ਕੀਤਾ ਜਾਂਦਾ ਹੈ।
ਹਾਲ ਹੀ ਵਿੱਚ ਪੇਅ-ਪਾਲ ਤੋਂ ਇਸ ਤਰ੍ਹਾਂ ਦੇ 100 ਤੋਂ ਜ਼ਿਆਦਾ ਫੰਡ ਇਕੱਠਾ ਕਰਨ ਵਾਲੇ ਸਾਹਮਣੇ ਆਏ ਹਨ ਜੋ ਕਿ ਭੁਚਾਲ ਪੀੜਤਾਂ ਦੀ ਮਦਦ ਲਈ ਦਾਨ ਮੰਗ ਰਹੇ ਹਨ, ਇਨ੍ਹਾਂ ਵਿੱਚੋਂ ਕੁਝ ਜਾਅਲੀ ਹਨ।
ਸ਼ਰਮਾ ਕਹਿੰਦੇ ਹਨ ਕਿ ਦਾਨ ਕਰਨ ਵਾਲਿਆਂ ਨੂੰ ਉਨ੍ਹਾਂ ਖਾਤਿਆਂ ਬਾਰੇ ਚੌਕਸ ਰਹਿਣਾ ਚਾਹੀਦਾ ਹੈ, ਜੋ ਤੁਰਕੀ ਵਿੱਚ ਹੋਣ ਦਾ ਦਾਅਵਾ ਕਰਦੇ ਹਨ ਕਿਉਂਕਿ ਤੁਰਕੀ ਵਿੱਚ 2016 ਤੋਂ ਪੇਅ-ਪਾਲ ਨਹੀਂ ਚੱਲ ਰਿਹਾ।

ਉਹ ਕਹਿੰਦੇ ਹਨ, "ਤੁਰਕੀ ਤੋਂ ਬਾਹਰ ਪੇਅ-ਪਾਲ ਇਸਤੇਮਾਲ ਕਰਨ ਵਾਲੀਆਂ ਅਸਲ ਦਾਨੀ ਸੰਸਥਾਵਾਂ ਵੀ ਹਨ, ਪਰ ਜੋ ਤੁਰਕੀ ਵਿੱਚ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਪ੍ਰਤੀ ਚੌਕੰਨੇ ਰਹਿਣਾ ਚਾਹੀਦਾ ਹੈ।"
ਸ਼ਰਮਾ ਕਹਿੰਦੇ ਹਨ ਕਿ ਹੋਰ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉਹ ਹਨ ਬੇਨਾਮ ਡੋਨੇਸ਼ਨਜ਼ ਅਤੇ ਅਪੀਲ ਜਿਨ੍ਹਾਂ ਵਿੱਚ ਥੋੜ੍ਹੀ ਰਾਸ਼ੀ ਇਕੱਠੀ ਕੀਤੀ ਗਈ ਹੋਵੇ।
ਅਸਲੀ ਦਾਨ ਸੰਸਥਾਵਾਂ ਕੋਲ ਕਾਫ਼ੀ ਫੰਡ ਹੋਣ ਦੀ ਉਮੀਦ ਹੁੰਦੀ ਹੈ, ਹਾਲਾਂਕਿ ਪੇਅ-ਪਾਲ ਜ਼ਰੀਏ ਫੰਡ ਇਕੱਠੇ ਕਰਨ ਵਾਲੇ ਕਈ ਸਾਰਿਆਂ ਕੋਲ 100 ਯੂਰੋ ਤੋਂ ਵੀ ਘੱਟ ਰਾਸ਼ੀ ਹੈ।

ਪੇਅ-ਪਾਲ ਨੇ ਧੋਖਾਧੜੀ ਵਾਲੇ ਖਾਤੇ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, "ਜਿੱਥੇ ਪੇਅ-ਪਾਲ ਜ਼ਰੀਏ ਦਾਨ ਲੈ ਰਹੇ ਵਧੇਰੇ ਲੋਕਾਂ ਦੀ ਨੀਅਤ ਸਹੀ ਹੈ, ਪਰ ਫਿਰ ਵੀ ਕੁਝ ਅਜਿਹੇ ਹਨ ਜੋ ਕਿਸੇ ਦੇ ਦਾਨੀ ਸੁਭਾਅ ਨੂੰ ਵਰਤਣਾ ਚਾਹੁੰਦੇ ਹਨ।"
"ਸਾਡੀਆਂ ਟੀਮਾਂ ਹਮੇਸ਼ਾ ਅਜਿਹੇ ਖਾਤਿਆਂ ਦੀ ਪੜਤਾਲ ਕਰਨ ਲਈ ਸਰਗਰਮ ਹਨ ਅਤੇ ਅਜਿਹੇ ਖਾਤੇ ਬੰਦ ਕਰ ਰਹੀਆਂ ਹਨ ਖਾਸ ਕਰਕੇ ਸੀਰੀਆ ਅਤੇ ਤੁਰਕੀ ਦੇ ਭੁਚਾਲਾਂ ਦੇ ਮੱਦੇਨਜ਼ਰ ਤਾਂ ਕਿ ਦਾਨ ਸਹੀ ਕੰਮ ਵਿੱਚ ਜਾਵੇ।"
ਟਵਿੱਟਰ ਨੇ @TurkeyRelief, ਖਾਤੇ ਨੂੰ ਵੀ ਸਸਪੈਂਡ ਕੀਤਾ ਹੈ ਪਰ ਕੰਪਨੀ ਨੇ ਟਿੱਪਣੀ ਕਰਨ ਸਬੰਧੀ ਕੋਈ ਜਵਾਬ ਨਹੀਂ ਦਿੱਤਾ।
-
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)