ਮਹਿਲਾ ਟੀ20 ਵਰਲਡ ਕੱਪ: ਭਾਰਤ ਦਾ ਤੀਜਾ ਤੇ ਅਹਿਮ ਮੁਕਾਬਲਾ ਇੰਗਲੈਂਡ ਨਾਲ, ਹਰਮਨਪ੍ਰੀਤ ਕੌਰ ਲਈ ਇਹ ਮੈਚ ਇਸ ਲਈ ਖ਼ਾਸ

Saturday, Feb 18, 2023 - 07:45 PM (IST)

ਮਹਿਲਾ ਟੀ20 ਵਰਲਡ ਕੱਪ: ਭਾਰਤ ਦਾ ਤੀਜਾ ਤੇ ਅਹਿਮ ਮੁਕਾਬਲਾ ਇੰਗਲੈਂਡ ਨਾਲ, ਹਰਮਨਪ੍ਰੀਤ ਕੌਰ ਲਈ ਇਹ ਮੈਚ ਇਸ ਲਈ ਖ਼ਾਸ

ਮਹਿਲਾ ਟੀ20 ਵਰਲਡ ਕੱਪ ਵਿੱਚ ਗਰੁੱਪ-2 ਦੇ ਸਭ ਤੋਂ ਅਹਿਮ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਹੈ।

ਇਹ ਇਸ ਟੂਰਨਾਮੈਂਟ ਵਿੱਚ ਭਾਰਤੀ ਮਹਿਲਾ ਟੀਮ ਦਾ ਤੀਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਖੇਡੇ ਗਏ ਆਪਣੇ ਦੋਵੇਂ ਮੁਕਾਬਲੇ ਭਾਰਤ ਜਿੱਤ ਚੁੱਕਿਆ ਹੈ।

ਦੂਜੇ ਪਾਸੇ ਇੰਗਲੈਂਡ ਦੀ ਟੀਮ ਵੀ ਆਪਣੇ ਦੋਵੇਂ ਮੁਕਾਬਲੇ ਆਸਾਨੀ ਨਾਲ ਜਿੱਤ ਚੁੱਕੀ ਹੈ।

ਇੰਗਲੈਂਡ ਨੇ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ। ਦੁਜੇ ਪਾਸੇ ਭਾਰਤੀ ਟੀਮ ਨੇ ਇੱਕ ਬਦਲਾਅ ਕਰਦੇ ਹੋਏ ਦੇਵਿਕਾ ਵੈਧ ਦੀ ਥਾਂ ਉੱਤੇ ਸ਼ਿਖਾ ਪਾਂਡੇ ਨੂੰ ਲਿਆ ਹੈ।

ਦੋਵੇਂ ਟੀਮਾਂ ਵਿਚਾਲੇ ਹੋ ਰਹੇ ਇਸ ਮੈਚ ਦੀ ਚਰਚਾ ਟੂਰਨਾਮੈਂਟ ਤੋਂ ਪਹਿਲਾਂ ਹੀ ਸੀ ਕਿਉਂਕਿ ਜੇ ਅੱਗੇ ਕੋਈ ਵੱਡਾ ਉਲਟਫੇਰ ਨਾ ਹੋਇਆ ਤਾਂ ਇਸ ਨੂੰ ਜਿੱਤਣ ਵਾਲੀ ਟੀਮ ਹੀ ਗਰੁੱਪ-2 ''''ਚੋਂ ਨੰਬਰ ਇੱਕ ਟੀਮ ਬਣੇਗੀ।

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਹੁਣ ਤੱਕ ਇਸ ਟੂਰਨਾਮੈਂਟ ਵਿੱਚ ਵੱਡੇ ਸਕੋਰ ਨਹੀਂ ਕੀਤੇ ਹਨ। ਅੱਜ ਹਰਮਨਪ੍ਰੀਤ ਤੌਕ ਇੱਕ ਰਿਕਾਰਡ ਵੀ ਬਣਾਉਣ ਦੇ ਕੰਢੇ ਉੱਤੇ ਹਨ।

ਹਰਮਨਪ੍ਰੀਤ ਕੌਰ ਨੂੰ ਮਹਿਲਾ ਟੀ20 ਕ੍ਰਿਕਟ ਵਿੱਚ ਤਿੰਨ ਹਜ਼ਾਰ ਦੌੜਾਂ ਪੂਰਾ ਕਰਨ ਲਈ 11 ਦੌੜਾਂ ਦੀ ਜ਼ਰੂਰਤ ਹੈ।

ਭਾਰਤ ਨੇ ਪਹਿਲਾਂ ਕਿਹੜੇ ਮੁਕਾਬਲੇ ਖੇਡੇ ਤੇ ਜਿੱਤੇ

ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦਾ ਟੀ20 ਵਰਲਡ ਕੱਪ ਵਿੱਚ ਸਭ ਤੋਂ ਪਹਿਲਾ ਮੁਕਾਬਲਾ ਪਾਕਿਸਤਾਨ ਦੀ ਟੀਮ ਨਾਲ ਸੀ।

12 ਫ਼ਰਵਰੀ ਨੂੰ ਆਪਣੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਮਾਤ ਦਿੰਦਿਆਂ ਜਿੱਤ ਹਾਸਲ ਕੀਤੀ ਸੀ।

ਸਾਊਥ ਅਫ਼ਰੀਕਾ ਦੇ ਕੇਪ ਟਾਊਨ ਵਿੱਚ ਹੋਏ ਇਸ ਮੈਚ ਨੂੰ ਭਾਰਤੀ ਟੀਮ ਨੇ 4 ਵਿਕਟਾਂ ਨਾਲ ਜਿੱਤਿਆ ਸੀ।

ਇਸ ਤੋਂ ਬਾਅਦ ਭਾਰਤ ਦਾ ਦੂਜਾ ਮੁਕਾਬਲਾ 15 ਫ਼ਰਵਰੀ ਨੂੰ ਵੈਸਟ ਇੰਡੀਜ਼ ਦੀ ਟੀਮ ਨਾਲ ਸੀ।

ਕੇਪ ਟਾਊਨ ਵਿੱਚ ਹੀ ਹੋਏ ਇਸ ਮੈਚ ਨੂੰ ਵੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਸੀ।

ਅੰਕੜਿਆਂ ਵਿੱਚ ਇੰਗਲੈਂਡ ਕਾਫ਼ੀ ਅੱਗੇ

ਗੱਲ ਜੇ ਅੰਕੜਿਆਂ ਦੀ ਕੀਤੀ ਜਾਵੇ ਤਾਂ ਦੋਵੇਂ ਟੀਮਾਂ ਵਿਚਾਲੇ ਲੰਘੇ ਸਾਲ ਚਾਰ ਟੀ20 ਮੈਚ ਖੇਡੇ ਗਏ। ਉਦੋਂ ਦੋਵੇਂ ਟੀਮਾਂ ਨੇ 2-2 ਮੈਚ ਜਿੱਤੇ ਸਨ।

ਦੂਜੇ ਪਾਸੇ ਟੀ20 ਵਰਲਡ ਕੱਪ ਵਿੱਚ ਹੁਣ ਤੱਕ ਭਾਰਤੀ ਮਹਿਲਾ ਟੀਮ ਇੰਗਲੈਂਡ ਨੂੰ ਨਹੀਂ ਹਰਾ ਸਕੀ ਹੈ। ਟੀ20 ਵਰਲਡ ਕੱਪ ਵਿੱਚ ਇੰਗਲੈਂਡ 5-0 ਤੋਂ ਅੱਗੇ ਹੈ।

ਜੇ ਹੁਣ ਤੱਕ ਦੋਵੇਂ ਟੀਮਾਂ ਵਿਚਾਲੇ ਖੇਡੇ ਗਏ ਟੀ20 ਮੁਕਾਬਲਿਆਂ ਦੇ ਅੰਕੜੇ ਦੇਖੀਏ ਤਾਂ ਉੱਥੇ ਵੀ 19-07 ਨਾਲ ਇੰਗਲੈਂਡ ਦਾ ਪਲੜਾ ਕਾਫ਼ੀ ਭਾਰੀ ਹੈ।

Banner
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News