ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ: ''''ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੱਕਿਆ ਤਾਂ ਤੁਸੀਂ 120 ਦੇ 120 ਜਵਾਨ ਮੇਰੇ ਗੋਲੀਆਂ ਮਾਰ ਦਿਓ''''

Friday, Feb 17, 2023 - 09:00 AM (IST)

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ: ''''ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੱਕਿਆ ਤਾਂ ਤੁਸੀਂ 120 ਦੇ 120 ਜਵਾਨ ਮੇਰੇ ਗੋਲੀਆਂ ਮਾਰ ਦਿਓ''''

"ਮੈਂ ਕਿਹਾ ਜਿੱਥੋਂ ਤੱਕ ਮੇਰਾ ਸਵਾਲ ਹੈ ਮੈਂ ਉਦੋਂ ਤੱਕ ਪੋਸਟ ਉੱਤੇ ਰਹਾਂਗਾ ਜਦੋਂ ਤੱਕ ਹੁਕਮ ਨਹੀਂ ਆਉਂਦਾ। ਮੈਂ ਆਪਣੀ ਜੇਬ੍ਹ ਵਿੱਚ ਇੱਕ ਮੈਗ਼ਜ਼ੀਨ ਰੱਖੀ ਸੀ ਕਿਉਂਕਿ ਜੇ ਮੈਨੂੰ ਕਿਸੇ ਨੇ ਹੱਥ ਪਾਇਆ ਤਾਂ ਮੈਂ ਕੈਦੀ ਨਹੀਂ ਬਣਨਾ ਸਗੋਂ ਮੈਂ ਮਾਰ ਲੈਣਾ ਆਪਣੇ ਆਪ ਨੂੰ।"

ਇਹ ਸ਼ਬਦ ਬ੍ਰਿਗੇਡੀਅਰ (ਰਿਟਾ.) ਕੁਲਦੀਪ ਸਿੰਘ ਚਾਂਦਪੁਰੀ ਨੇ ਬੀਬੀਸੀ ਨਾਲ 2017 ਦੀ ਗੱਲਬਾਤ ਵਿੱਚ ਕਹੇ ਸਨ।

ਉਹ ਭਾਰਤ ਪਾਕਿਸਤਾਨ ਵਿਚਾਲੇ 1971 ਵਿਚ ਹੋਈ ਲੌਂਗੇਵਾਲਾ ਦੀ ਲੜਾਈ ਦੇ ਭਾਰਤੀ ''''ਹੀਰੋ'''' ਸਨ।

ਭਾਰਤੀ ਫੌਜ ਵਿੱਚ ਸ਼ਾਨਦਾਰ ਸੇਵਾਵਾਂ ਬਦਲੇ ਉਨ੍ਹਾਂ ਨੂੰ ਮਹਾਵੀਰ ਚੱਕਰ ਅਤੇ ਵਿਸ਼ਿਸਟ ਸੇਵਾ ਮੈਡਲ ਨਾਲ ਨਵਾਜ਼ਿਆ ਗਿਆ ਸੀ।

ਫੌਜ ਵਿੱਚ ਜਾਣ ਬਾਰੇ ਚਾਂਦਪੁਰੀ ਦਾ ਕਹਿਣਾ ਸੀ, "ਅਸੀਂ ਸਿੱਧੇ ਕਾਲਜਾਂ ਵਿੱਚੋਂ ਆਏ ਸੀ ਅਤੇ ਕਮਿਸ਼ਨ ਮਿਲ ਗਿਆ। ਸਾਨੂੰ ਤਾਂ ਪਤਾ ਸੀ ਸਾਡਾ ਕਿਤੇ ਹੋਰ ਕੁਝ ਨਹੀਂ ਬਣਨਾ। ਮੇਰੀ ਮਾਤਾ ਜੀ ਨਹੀਂ ਚਾਹੁੰਦੇ ਸਨ ਕਿ ਮੈਂ ਫੌਜ ਵਿੱਚ ਜਾਵਾਂ ਕਿਉਂਕਿ ਮੈਂ ਇਕਲੌਤਾ ਸੀ। ਮੇਰੇ ਪਿਤਾ ਜੀ ਮੇਰੇ ਹੱਕ ਵਿੱਚ ਸੀ ਕਿਉਂਕਿ ਮੇਰੇ ਦੋਵੇਂ ਚਾਚੇ ਏਅਰ ਫੋਰਸ ਵਿੱਚ ਸਨ। ਦੋਵੇਂ ਹੀ ਫਾਇਟਰ ਪਾਇਲਟ ਸਨ ਤੇ ਦੋਵਾਂ ਨੂੰ 1971 ਵਿੱਚ ਵੀਰ ਚੱਕਰ ਮਿਲਿਆ। ਇਸ ਲਈ ਮੈਨੂੰ ਫੌਜ ਵਿੱਚ ਜਾਣਾ ਚੰਗਾ ਲਗਦਾ ਸੀ ਤੇ ਮੈਨੂੰ ਸ਼ੌਕ ਵੀ ਸੀ।"

ਕੁਲਦੀਪ ਸਿੰਘ ਚਾਂਦਪੁਰੀ ਦਾ ਸਾਲ 2018 ਵਿੱਚ ਦੇਹਾਂਤ ਹੋ ਗਿਆ ਸੀ। ਉਸ ਵੇਲੇ ਉਨ੍ਹਾਂ ਦੀ ਉਮਰ 78 ਸਾਲ ਦੀ ਸੀ।

ਬ੍ਰਿਗੇਡੀਅਰ ਚਾਂਦਪੁਰੀ ਦਾ ਪਿਛੋਕੜ

ਬ੍ਰਿਗੇਡੀਅਰ ਚਾਂਦਪੁਰੀ ਦਾ ਜਨਮ 22 ਨਵੰਬਰ 1940 ਨੂੰ ਮੌਜੂਦਾ ਪਾਕਿਸਤਾਨ ਦੇ ਮਿੰਟਗੁਮਰੀ ਵਿੱਚ ਹੋਇਆ ਸੀ।

1947 ਵਿੱਚ ਹੋਈ ਭਾਰਤ-ਪਾਕ ਵੰਡ ਮਗਰੋਂ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਕਸਬੇ ਬਲਾਚੌਰ ਦੇ ਪਿੰਡ ਚਾਂਦਪੁਰ ਵਿੱਚ ਆ ਕੇ ਵੱਸ ਗਿਆ।

ਕੁਲਦੀਪ ਚਾਂਦਪੁਰੀ ਨੇ ਆਪਣੀ ਪੜ੍ਹਾਈ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਅਤੇ ਉਹ 1962 ਵਿੱਚ ਭਾਰਤੀ ਫੌਜ ਦੀ ਪੰਜਾਬ ਰੈਂਜੀਮੈਂਟ ਵਿਚ ਬਤੌਰ ਲੈਂਫਟੀਨੈਂਟ ਭਰਤੀ ਹੋਏ।

ਉਨ੍ਹਾਂ ਨੇ ਭਾਰਤ ਲਈ 1965 ਅਤੇ 1971 ਦੀਆਂ ਜੰਗਾਂ ਵਿੱਚ ਹਿੱਸਾ ਲਿਆ। ਚਾਂਦਪੁਰੀ ਨੇ ਸਯੁੰਕਤ ਰਾਸ਼ਟਰ ਦੀਆਂ ਐਮਰਜੈਂਸੀ ਸੇਵਾਵਾਂ ''''ਚ ਵੀ ਸਰਵਿਸ ਕੀਤੀ ਸੀ।

ਚਾਂਦਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਲੌਂਗੇਵਾਲਾ ਦੀ ਜੰਗ ਵਿੱਚ ਦਿਖਾਈ ਬਹਾਦਰੀ ਉੱਤੇ ਬਾਲੀਵੁੱਡ ਫ਼ਿਲਮ ''''ਬਾਰਡਰ'''' ਬਣਾਈ ਗਈ ਸੀ।

ਇਸ ਫਿਲਮ ਵਿੱਚ ਜੰਗ ਦੌਰਾਨ ਮੇਜਰ ਰਹੇ ਕੁਲਦੀਪ ਚਾਂਦਪੁਰੀ ਦੀ ਭੂਮਿਕਾ ਅਦਾਕਾਰ ਸਨੀ ਦਿਓਲ ਨੇ ਨਿਭਾਈ ਸੀ।

Banner
BBC

ਕੌਣ ਸਨ ਕੁਲਦੀਪ ਸਿੰਘ ਚਾਂਦਪੁਰੀ

  • ਬ੍ਰਿਗੇਡੀਅਰ (ਰਿਟਾ.) ਕੁਲਦੀਪ ਸਿੰਘ ਚਾਂਦਪੁਰੀ ਦਾ ਜਨਮ 22 ਨਵੰਬਰ 1940 ਨੂੰ ਮੌਜੂਦਾ ਪਾਕਿਸਤਾਨ ਦੇ ਮਿੰਟਗੁਮਰੀ ''''ਚ ਹੋਇਆ।
  • 1947 ਮਗਰੋਂ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਨਵਾਂ ਸ਼ਹਿਰ ਜ਼ਿਲੇ ਦੇ ਕਸਬੇ ਬਲਾਚੌਰ ਦੇ ਪਿੰਡ ਚਾਂਦਪੁਰ ''''ਚ ਆ ਕੇ ਵੱਸ ਗਿਆ।
  • ਉਨ੍ਹਾਂ ਨੇ ਆਪਣੀ ਪੜ੍ਹਾਈ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਸੀ।
  • 1962 ਵਿਚ ਭਾਰਤੀ ਫੌਜ ਦੀ ਪੰਜਾਬ ਰੈਂਜੀਮੈਂਟ ਵਿਚ ਬਤੌਰ ਲੈਂਫਟੀਨੈਂਟ ਭਰਤੀ ਹੋਏ ਸਨ।
  • ਉਨ੍ਹਾਂ ਨੇ ਭਾਰਤ ਲਈ 1965 ਅਤੇ 1971 ਦੀਆਂ ਜੰਗਾਂ ਲੜੀਆਂ।
  • ਚਾਂਦਪੁਰੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲੌਂਗੇਵਾਲਾ ਜੰਗ ਦੌਰਾਨ ਦਿਖਾਈ ਗਈ ਬਹਾਦਰੀ ਸਦਕਾ ਇੱਕ ਬਾਲੀਵੁੱਡ ਫ਼ਿਲਮ ''''ਬਾਰਡਰ'''' ਬਣੀ।
  • ਉਨ੍ਹਾਂ ਦੇਹਾਂਤ ਸਾਲ 2018 ਵਿੱਚ ਹੋਇਆ ਸੀ।
Banner
BBC

ਬਾਰਡਰ ਫਿਲਮ ਬਾਰੇ ਚਾਂਦਪੁਰੀ ਦੇ ਵਿਚਾਰ

ਬਾਰਡਰ ਫਿਲਮ ਬਾਰੇ ਬ੍ਰਿਗੇਡੀਅਰ ਚਾਂਦਪੁਰੀ ਨੇ ਸਾਲ 2017 ਵਿੱਚ ਇੱਕ ਖਾਸ ਮੁਲਾਕਾਤ ਦੌਰਾਨ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਦੱਸਿਆ ਸੀ, "ਫਿਲਮ ਇੱਕ ਸਿਵੀਲੀਅਨ ਜੇਪੀ ਦੱਤਾ ਨੇ ਬਣਾਈ ਸੀ। ਫਰਕ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਫਿਲਮਾਂ ਵਿੱਚ ਦਿਖਾਈਆਂ ਜਾਂਦੀਆਂ ਹਨ ਇਹ ਸਾਰੀਆਂ ਸਹੀ ਨਹੀਂ ਹੁੰਦੀਆਂ।''''''''

"ਲੜਾਈ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਕੋਈ ਵੀ ਪ੍ਰੋਡਿਊਸਰ ਜਾਂ ਡਾਇਰੈਕਟਰ ਫਿਲਮ ਵਿੱਚ ਨਹੀਂ ਦਿਖਾ ਸਕਦਾ ਕਿਉਂਕਿ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਬਲਿਕ ਦੇ ਸਾਹਮਣੇ ਨਹੀਂ ਦੱਸਿਆ ਜਾ ਸਕਦਾ।"

"ਜਿੱਥੋਂ ਤੱਕ ਫਿਲਮ ਬਾਰਡਰ ਦਾ ਸਵਾਲ ਹੈ। ਇਸ ਵਿੱਚ ਜਿਹੜੇ ਵੀ ਸੀਨ ਜਿਨ੍ਹਾਂ ਵਿੱਚ ਫੌਜ ਜਾਂ ਏਅਰ ਫੋਰਸ ਦੇ ਬਾਰੇ ਦਿਖਾਇਆ ਗਿਆ ਹੈ, ਉਹ ਸਾਰੇ ਦੇ ਸਾਰੇ ਸਰਕਾਰ ਵੱਲੋ ਕਲੀਅਰ ਕੀਤੇ ਗਏ ਸਨ। ਬਾਕੀ ਜੇ ਕੋਈ ਉੱਥੇ ਡਾਂਸ ਕਰਦਾ ਨੱਚਦਾ ਹੈ, ਉਹ ਨਾ ਲੜਾਈ ਵਿੱਚ ਹੁੰਦਾ ਹੈ ਅਤੇ ਨਾ ਹੋਇਆ। ਪਰ ਇਹ ਫਿਲਮ ਵਿੱਚ ਸਾਰਿਆਂ ਨੇ ਦੇਖਿਆ ਜੋ ਸੱਚ ਨਹੀਂ ਸੀ।"

1971 ਦੀ ਲੜਾਈ ਦੀ ਕਮਾਂਡ

ਇਸ ਲੜਾਈ ਵਿੱਚ ਚਾਂਦਪੁਰੀ ਲੌਂਗੇਵਾਲਾ ਦੀ ਪੋਸਟ ਉੱਪਰ ਤਾਇਨਾਤ ਸਨ ਜਿਸ ''''ਤੇ ਪਾਕਿਸਤਾਨ ਦੀ ਪੂਰੀ ਟੈਂਕ ਰੈਜੀਮੈਂਟ ਸੀ।

ਕੁਲਦੀਪ ਸਿੰਘ ਚਾਂਦਪੁਰੀ ਦੀ ਕਮਾਂਡ ਹੇਠ ਸਿਰਫ 120 ਜਵਾਨ ਸਨ।

ਉਨ੍ਹਾਂ ਦੱਸਿਆ ਸੀ, "ਲੜਾਈ 3 ਦਸੰਬਰ ਸ਼ਾਮ ਨੂੰ ਸ਼ੁਰੂ ਹੋਈ ਸੀ। ਉਸ ਸਮੇਂ 60 ਦੇ ਕਰੀਬ ਪਾਕਿਸਤਾਨੀ ਟੈਂਕ ਆਏ ਸਨ ਜਿਨ੍ਹਾਂ ਨਾਲ ਕਰੀਬ 3000 ਬੰਦਾ ਸੀ। ਉਨ੍ਹਾਂ ਨੇ ਤਕਰੀਬਨ ਅੱਧੀ ਰਾਤ ਤੋਂ ਪਹਿਲਾਂ ਲੌਂਗੇਵਾਲਾ ਨੂੰ ਘੇਰਾ ਪਾ ਲਿਆ ਸੀ।"

ਉਨ੍ਹਾਂ ਦੀ ਰੈਜੀਮੈਂਟ ਪੰਜਾਬ ਰੈਜੀਮੈਂਟ ਸੀ ਜਿਸ ਵਿੱਚ ਸਾਰੇ ਦੇ ਸਾਰੇ ਸਿੱਖ ਫੌਜੀ ਹੀ ਹੁੰਦੇ ਹਨ। ਉਸ ਸਮੇਂ ਉਨ੍ਹਾਂ ਕੋਲ ਕੁਝ ਡੋਗਰੇ ਫੌਜੀ ਵੀ ਸਨ।

"ਜਿੱਥੋਂ ਤੱਕ ਬਾਕੀ ਫੌਜ ਦਾ ਸਵਾਲ ਹੈ। ਬਾਕੀ ਫੌਜ ਦਾ ਸਭ ਤੋਂ ਨਜ਼ਦੀਕੀ ਬੰਦਾ ਮੈਥੋਂ 17-18 ਕਿਲੋਮੀਟਰ ਦੂਰ ਸੀ। ਜਦੋਂ ਅਸੀਂ ਘਿਰ ਗਏ ਤਾਂ ਮੇਰੀ ਪੰਜਾਬ ਰੈਜੀਮੈਂਟ ਦੀ ਕੰਪਨੀ ਨੂੰ ਇਹ ਹੁਕਮ ਸਨ ਕਿ ਲੌਂਗੇਵਾਲਾ ਇੱਕ ਅਹਿਮ ਪੋਸਟ ਹੈ ਜਿਸ ਲਈ ਤੁਸੀਂ ਆਖਰੀ ਬੰਦੇ ਤੱਕ ਲੜਨਾ ਹੈ। ਹਰ ਹਾਲਤ ਵਿੱਚ ਕਬਜ਼ੇ ਵਿੱਚ ਰੱਖਣਾ ਹੈ।"

"ਮੈਂ ਬਹੁਤ ਦੇਣਦਾਰ ਹਾਂ ਆਪਣੇ ਜਵਾਨਾਂ ਦਾ, ਉਨ੍ਹਾਂ ਨੇ ਬਹੁਤ ਬਹਾਦਰੀ ਦਿਖਾਈ। ਅਸੀਂ ਉੱਥੇ ਇਹ ਫੈਸਲਾ ਕੀਤਾ ਕਿ ਅਸੀਂ ਇੱਥੇ ਲੜਾਂਗੇ ਲੜ ਕੇ ਮਰਾਂਗੇ।"

"ਲੜਾਈ ਤਾਂ ਜਿਹੜੀ ਹੋਣੀ ਸੀ ਉਹ ਹੋਈ ਪਰ ਇੱਕ ਗੱਲ ਜ਼ਰੂਰ ਦੱਸਾਂਗਾ ਕਿ ਮੌਤ ਤੋਂ ਹਰ ਬੰਦਾ ਡਰਦਾ ਹੈ। ਬੜੇ-ਬੜੇ ਮਹਾਂਰਥੀ ਡਰਦੇ ਹਨ, ਬੜੇ-ਬੜੇ ਯੋਧੇ ਡਰਦੇ ਹਨ। ਮੈਂ ਵੀ ਡਰਦਾ ਹਾਂ, ਬਾਕੀ ਵੀ ਸਾਰੇ ਡਰਦੇ ਹਨ। ਆਪ ਲੜ ਕੇ ਮਰਨਾ ਕੋਈ ਮੁਸ਼ਕਿਲ ਕੰਮ ਨਹੀਂ ਹੈ, ਪਰ ਆਪਣੇ ਨਾਲ ਬਾਕੀਆਂ ਨੂੰ ਖੜ੍ਹੇ ਕਰਨਾ ਕਿ ਤੁਸੀਂ ਵੀ ਮੇਰੇ ਨਾਲ ਲੜ ਕੇ ਮਰੋ ਇਹ ਬੜਾ ਮੁਸ਼ਕਲ ਕੰਮ ਹੈ।"

ਜਵਾਨਾਂ ਵਿੱਚ ਮਰਨ ਲਈ ਜਜ਼ਬਾ ਕਿਵੇਂ ਭਰਿਆ?

"ਮੌਤ ਤਾਂ ਸਾਨੂੰ ਯਕੀਨੀ ਨਜ਼ਰ ਆ ਰਹੀ ਸੀ। ਜਦੋਂ 40-45 ਟੈਂਕ ਤੁਹਾਨੂੰ ਆ ਕੇ ਘੇਰ ਲੈਣ, ਹਰ ਟੈਂਕ ਵਿੱਚ ਮਸ਼ੀਨ ਗੰਨ ਲੱਗੀ ਹੁੰਦੀ ਹੈ ਦੋ ਕਿਲੋਮੀਟਰ ਤੱਕ ਉਸਦੀ ਮਾਰ ਹੁੰਦੀ ਹੈ। ਉਨ੍ਹਾਂ ਦੇ ਦਾਇਰੇ ਚੋਂ ਬਚ ਕੇ ਨਿਕਲਣਾ ਬੜਾ ਮੁਸ਼ਕਲ ਸੀ।"

ਕੁਲਦੀਪ ਚਾਂਦਪੁਰੀ
BBC
ਜੰਗ ਦੌਰਾਨ ਫਿਲਮ ਵਿਚ ਜੋ ਡਾਂਸ ਬਗੈਰਾ ਦਿਖਾਇਆ ਗਿਆ ਸੀ ਉਹ ਸੱਚ ਨਹੀਂ ਸੀ

"ਮੇਰੇ ਲਈ ਫੈਸਲਾ ਕਰਨਾ ਬੜਾ ਮੁਸ਼ਕਲ ਕੰਮ ਸੀ। ਮੈਨੂੰ ਐਦਾਂ ਦਾ ਕੋਈ ਨਹੀਂ ਟਾਸਕ ਮਿਲਿਆ ਸੀ, ਕਿ ਜਦੋਂ ਪਾਕਿਸਤਾਨੀ ਫੌਜ ਆਵੇ ਤੁਸੀਂ ਆਪਣਾ ਬੋਰੀਆ ਬਿਸਤਰਾ ਚੁੱਕੋ ਤੇ ਤੁਰ ਪਓ ਘਰ ਨੂੰ।"

"ਦੂਸਰਾ ਇਹ ਸੀ ਕਿ ਉੱਥੇ ਲੜਨਾ ਹੈ। ਲੜਨ ਲਈ ਮੈਂ ਤਾਂ ਬਿਲਕੁਲ ਤਿਆਰ ਸੀ। ਮੇਰੇ ਜਵਾਨ ਵੀ ਬਿਲਕੁਲ ਤਿਆਰ ਸੀ। ਪਰ ਉਨ੍ਹਾਂ ਨੂੰ ਪ੍ਰੇਰਿਤ ਕਰਨਾ, ਉਹ ਵੀ ਦੇਖ ਰਹੇ ਸਨ ਕਿ ਅਸੀਂ ਟੈਂਕਾਂ ਨਾਲ ਘਿਰ ਗਏ ਹਾਂ ਤਾਂ ਮੈਂ ਉਨ੍ਹਾਂ ਨੂੰ ਕਈ ਮਿਸਾਲਾਂ ਦਿੱਤੀਆਂ, ਜਜ਼ਬਾ ਭਰਿਆ।"

"ਮੈਂ ਕਿਹਾ ਜਿੱਥੋਂ ਤੱਕ ਮੇਰਾ ਸਵਾਲ ਹੈ ਮੈਂ ਉਦੋਂ ਤੱਕ ਪੋਸਟ ਉੱਤੇ ਰਹਾਂਗਾ ਜਦੋਂ ਤੱਕ ਹੁਕਮ ਨਹੀਂ ਆਉਂਦਾ ਤੇ ਮੈਂ ਜੰਗ ਦਾ ਕੈਦੀ ਵੀ ਨਹੀਂ ਬਣਾਂਗਾ। ਮੈਂ ਆਪਣੇ ਲਈ ਇੱਕ ਮੈਗ਼ਜ਼ੀਨ ਆਪਣੀ ਜੇਬ੍ਹ ਵਿੱਚ ਪਾਈ ਹੈ, ਜੇ ਮੈਨੂੰ ਕਿਸੇ ਨੇ ਹੱਥ ਪਾਇਆ ਤਾਂ ਮੈਂ ਕੈਦੀ ਨਹੀਂ ਬਣਨਾ, ਮੈਂ ਮਾਰ ਲੈਣਾ ਆਪਣੇ ਆਪ ਨੂੰ।"

"ਮੈਂ ਕਿਹਾ ਕਿ ਜੇ ਮੈਂ ਪੋਸਟ ਤੋਂ ਪੈਰ ਚੁੱਕਿਆ ਤਾਂ ਤੁਸੀਂ 120 ਦੇ 120 ਜਵਾਨ ਮੇਰੇ ਗੋਲੀਆਂ ਮਾਰ ਦਿਓ, ਕਿ ਸਾਡਾ ਕੰਪਨੀ ਕਮਾਂਡਰ ਸਾਨੂੰ ਧੋਖਾ ਦੇ ਗਿਆ, ਸਾਨੂੰ ਛੱਡ ਕੇ ਚਲਾ ਗਿਆ। ਜੇ ਮੈਂ ਕਿਸੇ ਨੂੰ ਪੋਸਟ ਤੋਂ ਪੈਰ ਚੱਕਦਿਆਂ ਦੇਖਿਆ ਤਾਂ ਮੈਂ ਗੋਲੀ ਮਾਰੂੰ।"

Banner
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News