ਕੌਣ ਹਨ ਗੁਨਿੰਦਰਜੀਤ ਜਵੰਧਾ ਜਿਨ੍ਹਾਂ ''''ਤੇ ਲੱਗੇ ਕਥਿਤ ਗੰਭੀਰ ਇਲਜ਼ਾਮਾਂ ਦਾ ਵੇਰਵਾ ਪੰਜਾਬ ਦੇ ਰਾਜਪਾਲ ਮੰਗ ਰਹੇ
Thursday, Feb 16, 2023 - 08:30 AM (IST)

ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਚੱਲ ਰਹੇ ਵਿਵਾਦ ਵਿੱਚ ਜਿਸ ਇੱਕ ਨਾਮ ਨੇ ਕਾਫ਼ੀ ਧਿਆਨ ਖਿੱਚਿਆ ਹੈ, ਉਹ ਹੈ ਸੰਗਰੂਰ ਦੇ ਗੁਨਿੰਦਰਜੀਤ ਸਿੰਘ ਜਵੰਧਾ, ਜਿਨ੍ਹਾਂ ਨੂੰ ਇਨਫਾਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੌਜੀ ਲਿਮਿਟਡ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਰਾਜਪਾਲ ਨੇ ਜਵੰਧਾ ਬਾਰੇ ਅਗਵਾ ਕਰਨ ਅਤੇ ਜਾਇਦਾਦ ਕਬਜ਼ਾਉਣ ਵਰਗੇ ਮਾਮਲਿਆਂ ਵਿੱਚ ਸ਼ਮੂਲੀਅਤ ਦੀ ਗੱਲ ਕਹੀ ਹੈ।
ਜਵੰਧਾ ਬਾਰੇ ਰਾਜਪਾਲ ਨੇ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਕਿਹਾ ਸੀ, "ਮੈਨੂੰ ਜਾਣੂ ਕਰਵਾਇਆ ਗਿਆ ਹੈ ਕਿ ਜਵੰਦਾ ਦਾ ਨਾਂ ਅਗਵਾ ਅਤੇ ਜਾਇਦਾਦ ਕਬਜ਼ਾਉਣ ਦੇ ਕੇਸ ਵਿੱਚ ਸਾਹਮਣੇ ਆਇਆ ਹੈ।"
ਗੁਨਿੰਦਰਜੀਤ ਜਵੰਧਾ ਕੌਣ ਹਨ ਅਤੇ ਉਨ੍ਹਾਂ ਵਿਰੁੱਧ ਕਿਹੜੇ ਅਪਰਾਧਿਕ ਮਾਮਲੇ ਦਰਜ ਹਨ, ਇਸ ਬਾਰੇ ਬੀਬੀਸੀ ਪੰਜਾਬੀ ਨੇ ਵਿਸਥਾਰ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੰਗਰੂਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ, "ਸਾਨੂੰ ਗੁਨਿੰਦਰਜੀਤ ਸਿੰਘ ਜਵੰਧਾ ਖ਼ਿਲਾਫ਼ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ। ਇਹ ਪੁੱਛੇ ਜਾਣ ''''ਤੇ ਕਿ ਰਾਜਪਾਲ ਨੇ ਆਪਣੇ ਪੱਤਰ ''''ਚ ਇਸ ਦਾ ਜ਼ਿਕਰ ਕਿਵੇਂ ਕੀਤਾ, ਉਨ੍ਹਾਂ ਕਿਹਾ ਕਿ ਉਹ ਇਸ ''''ਤੇ ਕੋਈ ਟਿੱਪਣੀ ਨਹੀਂ ਕਰ ਸਕਣਗੇ।"
ਬੀਬੀਸੀ ਨੇ ਗੁਨਿੰਦਰਜੀਤ ਜਵੰਧਾ ਨਾਲ ਵੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ "ਮੈਂ ਹੈਰਾਨ ਹਾਂ ਕਿ ਉਹ ਕਿਵੇਂ ਕਹਿ ਰਹੇ ਹਨ ਕਿ ਮੇਰੇ ਵਿਰੁੱਧ ਅਗਵਾ ਅਤੇ ਜਾਇਦਾਦ ਕਬਜ਼ਾਉਣ ਦੇ ਕੇਸ ਹਨ। ਮੇਰੇ ਖ਼ਿਲਾਫ਼ ਕਦੇ ਕੋਈ ਕੇਸ ਦਰਜ ਨਹੀਂ ਹੋਇਆ।"
ਕੌਣ ਹਨ ਗੁਨਿੰਦਰਜੀਤ ਜਵੰਧਾ
ਜਵੰਧਾ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੌਜੂਦਾ ਚੇਅਰਮੈਨ ਹਨ, ਜਿਸ ਦੇ ਸੰਗਰੂਰ ਅਤੇ ਪਟਿਆਲਾ ਵਿੱਚ 9 ਵੱਖ-ਵੱਖ ਕਾਲਜ ਹਨ।
ਸੰਸਥਾਨ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਤਕਨੀਕੀ ਸੰਸਥਾਨ ਨੂੰ ਬੁਨਿਆਦੀ ਢਾਂਚੇ ਅਤੇ ਸਿੱਖਿਆ ਪ੍ਰਣਾਲੀਆਂ ਦੇ ਮਾਮਲੇ ਵਿੱਚ ਪੰਜਾਬ ਦੇ ਚੋਟੀ ਦੇ 5 ਇੰਜਨੀਅਰਿੰਗ ਇੰਸਟੀਚਿਊਟਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਸ਼ੁਰੂ ਵਿੱਚ ਇਸ ਸੰਸਥਾ ਨੇ ਕੰਪਿਊਟਰ ਐਪਲੀਕੇਸ਼ਨ (BCA) ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ (BBA) ਵਿੱਚ ਬੈਚਲਰ ਡਿਗਰੀਆਂ ਦਾ ਇੱਕ ਕਾਲਜ ਖੋਲ੍ਹਿਆ ਸੀ।
ਇੱਕ ਸਾਲ ਦੇ ਅੰਦਰ ਇਸ ਨੇ ਪਟਿਆਲਾ ਵਿੱਚ ਇੱਕ ਨਰਸਿੰਗ ਇੰਸਟੀਚਿਊਟ ਖੋਲ੍ਹਿਆ। ਉਨ੍ਹਾਂ ਕੋਲ ਇੱਕ ਲਾਅ ਕਾਲਜ, ਪੌਲੀਟੈਕਨਿਕ ਕਾਲਜ, ਫਾਰਮੇਸੀ ਕਾਲਜ, ਬੀਐੱਡ ਕਾਲਜ ਅਤੇ ਵਿਗਿਆਨ ਸੰਸਥਾਨ ਵੀ ਹੈ।
ਜਵੰਧਾ ਦੇ ਪਿਤਾ ਹਾਕਮ ਸਿੰਘ ਜਵੰਧਾ ਪੇਸ਼ੇ ਵਜੋਂ ਵਕੀਲ ਸਨ, ਉਨ੍ਹਾਂ ਨੇ ਦੋ ਦਹਾਕੇ ਪਹਿਲਾਂ ਟੈਕਨਾਲੋਜੀ ਦੇ "ਬੂਮ" ਦਾ ਫ਼ਾਇਦਾ ਚੁੱਕਦੇ ਹੋਏ 2002 ਵਿੱਚ ਇਸ ਸੰਸਥਾ ਨੂੰ ਖੋਲ੍ਹਿਆ ਜਦੋਂ ਪੰਜਾਬ ਵਿੱਚ ਤਕਨੀਕੀ ਸਿੱਖਿਆ ਦਾ ਪ੍ਰਚਾਰ ਸ਼ੁਰੂ ਹੀ ਹੋਇਆ ਸੀ।
ਕੀ ਕਹਿੰਦੇ ਹਨ ਸੰਗਰੂਰ ਵਾਸੀ
ਸੰਗਰੂਰ ਵਾਸੀਆਂ ਦਾ ਕਹਿਣਾ ਹੈ ਕਿ ਜਵੰਧਾ ਪਰਿਵਾਰ ਦਾ ਅੱਜ ਸੰਗਰੂਰ ਵਿੱਚ ਕਾਫ਼ੀ ਸਾਮਰਾਜ ਹੈ। ਉਨ੍ਹਾਂ ਕਿਹਾ ਕਿ ਜਵੰਧਾ ਦੇ ਪਤਨੀ ਆਮ ਤੌਰ ''''ਤੇ ਕੈਨੇਡਾ ਵਿੱਚ ਰਹਿੰਦੇ ਹਨ ਪਰ ਇੱਥੇ ਆਉਂਦੇ ਰਹਿੰਦੇ ਹਨ ।
ਇੱਕ ਸਥਾਨਕ ਵਕੀਲ ਨੇ ਬੀਬੀਸੀ ਨੂੰ ਦੱਸਿਆ, "ਪਰਿਵਾਰ ਅਸਲ ਵਿੱਚ ਕਦੇ ਵੀ ਰਾਜਨੀਤੀ ਵਿੱਚ ਨਹੀਂ ਸੀ ਪਰ ਜਿਵੇਂ-ਜਿਵੇਂ ਉਨ੍ਹਾਂ ਦਾ ਕਾਰੋਬਾਰ ਵਧਿਆ, ਉਨ੍ਹਾਂ ਦੇ ਸਥਾਨਕ ਸਿਆਸੀ ਨੇਤਾਵਾਂ ਨਾਲ ਚੰਗੇ ਸਬੰਧ ਬਣ ਗਏ।"
"ਉਹ ਕਈ ਸਿਆਸਤਦਾਨਾਂ ਦੇ ਨੇੜੇ ਸਨ ਪਰ ਉਨ੍ਹਾਂ ਦੇ ਸੰਗਰੂਰ ਤੋਂ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਜੋ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨਾਲ ਸਨ, ਨਾਲ ਬਿਹਤਰ ਸਬੰਧ ਸਨ। ਪਰ ਪਰਿਵਾਰ ਨੇ ਇਹ ਯਕੀਨੀ ਬਣਾਇਆ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਜੁੜੇ।"
ਹਾਲਾਂਕਿ, ਇਹ ਕੁਝ ਸਾਲ ਪਹਿਲਾਂ ਬਦਲ ਗਿਆ ਸੀ, ਗੁਨਿੰਦਰਜੀਤ ਜਵੰਧਾ ਦੇ ਆਮ ਆਦਮੀ ਪਾਰਟੀ ਨਾਲ ਚੰਗੇ ਸਮੀਕਰਨ ਸਨ ਅਤੇ ਉਨ੍ਹਾਂ ਨੂੰ ਸੰਗਰੂਰ ਤੋਂ 2017 ਵਿੱਚ ਟਿਕਟ ਮਿਲਣ ਦੀ ਉਮੀਦ ਸੀ। ਪਰ ਉਸ ਨੂੰ ਟਿਕਟ ਨਹੀਂ ਮਿਲੀ।
ਫੇਰ 2022 ਵਿਧਾਨ ਸਭਾ ਚੋਣਾਂ ਵਿੱਚ ਉਹ ਇੱਥੋਂ ਟਿਕਟ ਮਿਲਣ ਵਾਲਿਆਂ ਵਿੱਚ ਸਭ ਤੋਂ ਅੱਗੇ ਸਨ ਅਤੇ ਰਾਜਨੀਤੀ ਵਿੱਚ ਕਾਫ਼ੀ ਸਰਗਰਮ ਸਨ।
ਹਾਲਾਂਕਿ, ਪਾਰਟੀ ਨੇ ਨਰਿੰਦਰ ਕੌਰ ਭਰਾਜ ਨੂੰ ਟਿਕਟ ਦਿੱਤੀ ਜੋ ਜਿੱਤ ਕੇ ਵਿਧਾਨ ਸਭਾ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕ ਬਣੇ।
ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਕੰਮ ਦੇ ਇਨਾਮ ਵਜੋਂ ਅਤੇ ਟਿਕਟ ਦੇਣ ਵੇਲੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਭਰਪਾਈ ਵਜੋਂ ਪਾਰਟੀ ਨੇ ਹੁਣ ਉਨ੍ਹਾਂ ਨੂੰ ਚੇਅਰਮੈਨ ਬਣਾਇਆ ਹੈ।
ਗੁਨਿੰਦਰਜੀਤ ਜਵੰਧਾ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਹਿੰਦੇ ਹਨ, "ਮੈਨੂੰ ਨਹੀਂ ਪਤਾ ਕਿ ਮੈਂ ਟਿਕਟ ਲਈ ਸਭ ਤੋਂ ਅੱਗੇ ਸੀ ਜਾਂ ਨਹੀਂ, ਪਰ ਮੈਂ ਆਮ ਆਦਮੀ ਪਾਰਟੀ ਦਾ ਇੱਕ ਮਿਹਨਤੀ ਮੈਂਬਰ ਰਿਹਾ ਹਾਂ, ਪਾਰਟੀ ਵਿੱਚ ਮੈਂ 2014 ਵਿੱਚ ਸ਼ਾਮਲ ਹੋਇਆ ਸੀ।"
ਇੱਕ ਸਥਾਨਕ ਨਿਵਾਸੀ ਨੇ ਬੀਬੀਸੀ ਨੂੰ ਦੱਸਿਆ ਕਿ 2018 ਵਿੱਚ ਜਵੰਧਾ ਦੇ ਪਿਤਾ ਹਾਕਮ ਸਿੰਘ ਜਵੰਧਾ ਦੀ ਕੈਂਸਰ ਨਾਲ ਮੌਤ ਹੋ ਗਈ ਅਤੇ ਪੁੱਤਰ ਗੁਨਿੰਦਰਜੀਤ ਨੇ ਸੰਸਥਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ।
ਸੰਗਰੂਰ ਸ਼ਹਿਰ ਵਿੱਚ ਉਨ੍ਹਾਂ ਦਾ ਪਰਿਵਾਰ ਇੱਕ ਆਈਲਟਸ ਇੰਸਟੀਚਿਊਟ ਵੀ ਚਲਾਉਂਦਾ ਹੈ।
ਅਪਰਾਧਿਕ ਰਿਕਾਰਡ ਬਾਰੇ ਇੱਕ ਵਕੀਲ ਨੇ ਕਿਹਾ ਕਿ ਅਜਿਹਾ ਨਹੀਂ ਲੱਗਦਾ ਕਿ ਜਵੰਧਾ ਦਾ ਅਜਿਹਾ ਕੋਈ ਪਿਛੋਕੜ ਹੈ।
ਉਹ ਆਖਦੇ ਹਨ, "ਹਾਂ ਜਾਇਦਾਦ ਨੂੰ ਲੈ ਕੇ ਕੁਝ ਪਰਿਵਾਰਕ ਮੁੱਦੇ ਰਹੇ ਹਨ ਪਰ ਉਹ ਮਾਮੂਲੀ ਹਨ ਅਤੇ ਅਜਿਹਾ ਕੋਈ ਅਪਰਾਧਿਕ ਮਾਮਲਾ ਨਹੀਂ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)