ਤੁਰਕੀ ਭੂਚਾਲ: ਭੂਚਾਲ ਨੇ ਇੰਨਾ ਵਿਨਾਸ਼ਕਾਰੀ ਅਤੇ ਤਬਾਹੀ ਮਚਾਉਣ ਵਾਲਾ ਕਿਵੇਂ ਬਣ ਗਿਆ
Tuesday, Feb 07, 2023 - 10:59 AM (IST)


ਸੀਰੀਆ ਅਤੇ ਤੁਰਕੀ ਦੀ ਸਰਹੱਦ ''''ਤੇ ਸੋਮਵਾਰ ਨੂੰ ਆਏ ਜ਼ਬਰਦਸਤ ਭੂਚਾਲ ''''ਚ ਹੁਣ ਤੱਕ 4300 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਗਾਜ਼ਿਅਨਟੇਪ ਸ਼ਹਿਰ ਨੇੜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਕੁਝ ਦੇਰ ਬਾਅਦ ਹੀ ਦੂਜਾ ਝਟਕਾ ਲੱਗਾ।
ਸਵਾਲ ਇਹ ਉੱਠ ਰਿਹਾ ਹੈ ਕਿ ਇਨ੍ਹਾਂ ਭੁਚਾਲਾਂ ਵਿੱਚ ਇੰਨੀਆਂ ਮੌਤਾਂ ਕਿਉਂ ਹੋਈਆਂ ਹਨ?
ਇਹ ਝਟਕਾ ਬਹੁਤ ਵੱਡਾ ਸੀ। ਗਾਜ਼ਿਅਨਟੇਪ ਨੇੜੇ ਭੂਚਾਲ ਦੀ ਤੀਬਰਤਾ 7.8 ਸੀ। ਰਿਕਟਰ ਪੈਮਾਨੇ ''''ਤੇ, ਇਸ ਨੂੰ ਬਹੁਤ ਤਬਾਹਕੁੰਨ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਇਸ ਦਾ ਕੇਂਦਰ ਧਰਤੀ ਦੇ ਤਕਰੀਬਨ 18 ਕਿਲੋਮੀਟਰ ਹੇਠਾਂ ਸੀ, ਜਿਸ ਕਾਰਨ ਜ਼ਮੀਨ ''''ਤੇ ਖੜ੍ਹੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਜ਼ੋਰਦਾਰ ਝਟਕੇ ਤਬਾਹੀ ਦਾ ਕਾਰਨ
ਯੂਨੀਵਰਸਿਟੀ ਕਾਲਜ ਲੰਡਨ ਦੇ ਰਿਸਕ ਐਂਡ ਡਿਜ਼ਾਸਟਰ ਰਿਡਕਸ਼ਨ ਇੰਸਟੀਚਿਊਟ ਦੀ ਮੁਖੀ ਪ੍ਰੋਫ਼ੈਸਰ ਜੋਆਨਾ ਫੌਰੇ ਵਾਕਰ ਮੁਤਾਬਕ, ''''''''ਜੇਕਰ ਅਸੀਂ ਕਿਸੇ ਵੀ ਸਾਲ ਵਿੱਚ ਆਏ ਵਿਨਾਸ਼ਕਾਰੀ ਭੂਚਾਲਾਂ ''''ਤੇ ਨਜ਼ਰ ਮਾਰੀਏ ਤਾਂ ਪਿਛਲੇ ਦਸ ਸਾਲਾਂ ''''ਚ ਇਸ ਤੀਬਰਤਾ ਦੇ ਮਹਿਜ਼ ਦੋ ਭੂਚਾਲ ਰਿਕਾਰਡ ਕੀਤੇ ਗਏ ਹਨ ਅਤੇ ਉਸ ਤੋਂ ਪਹਿਲਾਂ ਦੇ ਦਹਾਕੇ ਵਿੱਚ ਅਜਿਹੇ ਚਾਰ ਭੂਚਾਲ ਦਰਜ ਹੋਏ ਸਨ।"
ਪਰ ਬਹੁਤ ਜ਼ਿਆਦਾ ਤੀਬਰ ਝਟਕਿਆ ਕਾਰਨ ਹੀ ਇੰਨੇ ਵੱਡੇ ਪੱਧਰ ''''ਤੇ ਤਬਾਹੀ ਹੋਈ ਹੈ।
ਭੂਚਾਲ ਦੇ ਇਹ ਝਟਕੇ ਸੋਮਵਾਰ ਤੜਕੇ ਆਏ, ਜਦੋਂ ਲੋਕ ਆਪਣੇ ਘਰਾਂ ਦੇ ਅੰਦਰ ਸੁੱਤੇ ਪਏ ਸਨ।
ਇਮਾਰਤਾਂ ਦੀ ਮਜ਼ਬੂਤੀ ਵੀ ਇਸ ਤਬਾਹੀ ਦਾ ਇੱਕ ਕਾਰਕ ਹੈ।
ਪੋਰਟਸਮਾਊਥ ਯੂਨੀਵਰਸਿਟੀ ਵਿਚ ਵੋਲਕੈਨੋਲਾਜੀ ਐਂਡ ਰਿਸਕ ਕਮਿਊਨੀਕੇਸ਼ਨ ਦੇ ਰੀਡਰ ਡਾ. ਕਾਰਮੇਨ ਸੋਲਾਨਾ ਕਹਿੰਦੇ ਹਨ,"ਦੱਖਣੀ ਤੁਰਕੀ ਅਤੇ ਖ਼ਾਸ ਤੌਰ ''''ਤੇ ਸੀਰੀਆ ਵਿੱਚ ਇੱਕ ਗੱਲ ਬਦਕਿਸਮਤੀ ਸਾਬਤ ਹੋਈ, ਉਹ ਹੈ ਰਿਹਾਇਸ਼ੀ ਘਰਾਂ ਦਾ ਦੂਰ ਦੂਰ ਹੋਣਾ। ਇਸ ਲਈ ਬਚਾਅ ਕਾਰਜਾਂ ਨੂੰ ਹਰ ਥਾਂ ਪਹੁੰਚਾਉਣਾ ਤੇ ਜਾਨਾਂ ਬਚਾਉਣ ਦਾ ਕੰਮ ਔਖਾ ਹੋ ਗਿਆ ਸੀ। ਜਾਨਾਂ ਬਚਾਉਣ ਲਈ ਪਹਿਲੇ 24 ਘੰਟੇ ਅਹਿਮ ਹੁੰਦੇ ਹਨ। 48 ਘੰਟਿਆਂ ਬਾਅਦ ਬਚਣ ਦੀ ਸੰਭਾਵਨਾ ਘੱਟ ਜਾਂਦੀ ਹੈ।"
ਇਹ ਅਜਿਹਾ ਇਲਾਕਾ ਹੈ, ਜਿੱਥੇ ਪਿਛਲੇ 200 ਸਾਲਾਂ ਤੋਂ ਕੋਈ ਵੱਡਾ ਭੂਚਾਲ ਨਹੀਂ ਆਇਆ ਤੇ ਅਜਿਹੀ ਖ਼ਤਰਨਾਕ ਆਫ਼ਤ ਦਾ ਕੋਈ ਸੰਕੇਤ ਵੀ ਨਹੀਂ ਸੀ।
ਇਸ ਲਈ ਇਥੇ ਉਨ੍ਹਾਂ ਇਲਾਕਿਆਂ ਦੇ ਮੁਕਾਬਲੇ ਘੱਟ ਤਿਆਰੀ ਸੀ, ਜਿੱਥੇ ਭੂਚਾਲ ਦੇ ਝਟਕੇ ਆਉਂਦੇ ਰਹਿੰਦੇ ਹਨ।

ਤੁਰਕੀ ਤੇ ਸੀਰੀਆ ਦੀ ਹੱਦ ’ਤੇ ਭੂਚਾਲ ਨੇ ਮਚਾਈ ਤਬਾਹੀ
- ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਤੋਂ ਬਾਅਦ ਲਗਾਤਾਰ ਰਾਹਤ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਪਰ ਭੂਚਾਲ ਮਗਰੋਂ ਪਏ ਮੀਂਹ ਕਾਰਨ ਰਾਹਤ ਕਾਰਜਾਂ ਵਿਚ ਰੁਕਾਵਟ ਪਈ ਹੈ।
- ਆਖਰੀ ਰਿਪੋਰਟਾਂ ਮਿਲਣ ਤੱਕ ਦੋਵਾਂ ਮੁਲਕਾਂ ਵਿਚ 4300 ਤੋਂ ਵੱਧ ਲੋਕ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
- ਸੋਮਵਾਰ ਤੜਕੇ ਸਵੇਰੇ 4.17 ਵਜੇ ਆਏ ਭੂਚਾਲ ਦੀ ਤੀਬਰਤਾ ਗਾਜ਼ੀਆਨਟੇਪ ਨੇੜੇ 7.8 ਸੀ ਅਤੇ ਇਸ ਨੇ ਸੁੱਤੇ ਪਏ ਲੋਕ ਹੀ ਦੱਬ ਲਏ।
- ਸੋਮਵਾਰ ਨੂੰ ਦੁਪਹਿਰ ਸਥਾਨਕ ਸਮੇਂ ਮੁਤਾਬਕ 1.30 ਵਜੇ 7.5 ਤੀਬਰਤਾ ਵਾਲਾ ਛੋਟਾ ਝਟਕਾ ਲੱਗਿਆ
- ਪਹਿਲੇ ਝਟਕੇ ਤੋਂ ਬਾਅਦ ਆਫ਼ਤ ਏਜੰਸੀ ਨੇ ਦੱਸਿਆ ਸੀ ਕਿ 2900 ਲੋਕ ਮਾਰੇ ਗਏ, ਜਦਕਿ 15000 ਜ਼ਖ਼ਮੀ ਹਨ
- ਸੀਰੀਆ ਵਿੱਚ ਵੀ 1400 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।
- ਦੋਵਾਂ ਮੁਲਕਾਂ ਵਿਚ ਹਜ਼ਾਰਾਂ ਇਮਾਰਤਾਂ ਡਿੱਘਣ ਕਾਰਨ ਦੱਬੇ ਹਜ਼ਾਰਾ ਲੋਕਾਂ ਨੂੰ ਜ਼ਿਉਂਦੇ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਜੰਗੀ ਪੱਧਰ ਉੱਤੇ ਕੰਮ ਕੀਤਾ ਜਾ ਰਿਹਾ ਹੈ।
- ਤੁਰਕੀ ਵਲੋਂ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਤੋਂ ਬਾਅਦ ਅਮਰੀਕਾ ਅਤੇ ਇੰਗਲੈਂਡ ਰਾਹਤ ਸਮੱਗਰੀ ਅਤੇ ਸਾਜ਼ੋ-ਸਮਾਨ ਭੇਜ ਰਹੇ ਹਨ।

ਭੂਚਾਲ ਆਉਂਦੇ ਕਿਉਂ ਹਨ?
ਧਰਤੀ ਦਾ ਅੰਦਰਲਾ ਹਿੱਸਾ ਵੱਖ-ਵੱਖ ਪਰਤਾਂ ਦਾ ਬਣਿਆ ਹੋਇਆ ਹੈ, ਜੋ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ।
ਅਕਸਰ ਇਹ ਪਰਤਾਂ ਹਿੱਲਦੀਆਂ ਹਨ ਅਤੇ ਨਜ਼ਦੀਕੀ ਪਲੇਟਾਂ ਨਾਲ ਰਗੜਦਾ ਹੈ। ਕਈ ਵਾਰ ਤਣਾਅ ਇੰਨਾ ਵੱਧ ਜਾਂਦਾ ਹੈ ਕਿ ਇੱਕ ਪਰਤ ਦੂਜੀ ''''ਤੇ ਚੜ੍ਹ ਜਾਂਦੀ ਹੈ, ਜਿਸ ਨਾਲ ਸਤ੍ਹਾ ''''ਤੇ ਵੀ ਹਿਲਜੁਲ ਹੁੰਦੀ ਹੈ।
ਇਸ ਸਥਿਤੀ ਵਿੱਚ, ਅਰਬੀਅਨ ਪਲੇਟ ਉੱਤਰ ਵੱਲ ਖਿਸਕ ਰਹੀ ਹੈ ਅਤੇ ਐਨਾਟੋਲੀਅਨ ਪਲੇਟ ਦੇ ਵਿਰੁੱਧ ਜਾ ਰਹੀ ਹੈ।
ਪਲੇਟਾਂ ਵਿਚਕਾਰ ਰਗੜ ਹੀ ਅਤੀਤ ਵਿੱਚ ਵੀ ਵਿਨਾਸ਼ਕਾਰੀ ਭੁਚਾਲਾਂ ਦਾ ਮੁੱਖ ਕਾਰਨ ਬਣਦੀ ਹੈ।
ਇਸੇ ਕਾਰਨ ਇੱਥੇ 13 ਅਗਸਤ 1822 ਨੂੰ 7.4 ਤੀਬਰਤਾ ਦਾ ਭੂਚਾਲ ਆਇਆ ਸੀ, ਜੋ ਕਿ ਸੋਮਵਾਰ ਨੂੰ ਆਏ 7.8 ਤੀਬਰਤਾ ਦੇ ਭੂਚਾਲ ਤੋਂ ਬਹੁਤ ਘੱਟ ਹੈ।
ਇੱਥੋਂ ਤੱਕ ਕਿ19ਵੀਂ ਸਦੀ ਵਿੱਚ ਆਏ ਭੂਚਾਲ ਨਾਲ ਇਸ ਇਲਾਕੇ ਦੇ ਕਈ ਕਸਬਿਆਂ ਵਿੱਚ ਭਾਰੀ ਤਬਾਹੀ ਹੋਈ ਸੀ। ਇਸ ਵਿੱਚ ਇੱਕਲੇ ਅਲੇਪੋ ਵਿੱਚ 7,000 ਮੌਤਾਂ ਦਰਜ ਕੀਤੀਆਂ ਗਈਆਂ ਸਨ।
ਇਸ ਤੋਂ ਬਾਅਦ ਵੀ ਪੂਰਾ ਸਾਲ ਨੁਕਸਾਨ ਪਹੁੰਚਾਉਣ ਵਾਲੇ ਝਟਕੇ ਆਉਂਦੇ ਰਹੇ ਸਨ।
ਤੁਰਕੀ ਸੀਰੀਆ ਵਿਚ ਕਿੱਥੇ ਪਈ ਹੈ ਮਾਰ
- ਭੂਚਾਲ ਵਿੱਚ ਤੁਰਕੀ ਦਾ ਉੱਤਰੀ ਖਿੱਤਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਇਸ ਨੂੰ ਤੁਰਕੀ ਦੀ ਉੱਤਰੀ ਅਤੇ ਸੀਰੀਆ ਦੀ ਦੱਖਣੀ ਸਰਹੱਦ ਕਿਹਾ ਜਾ ਸਕਦਾ ਹੈ।
- ਤੁਰਕੀ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਮੁਤਾਬਕ 10 ਸ਼ਹਿਰ ਸਭ ਤੋਂ ਵੱਧ ਮਾਰ ਹੇਠ ਆਏ ਹਨ। ਇਨ੍ਹਾਂ ਵਿੱਚ ਹੈਤੇ, ਓਸਮਾਨੀਏ, ਅਡਿਆਮਨ, ਮਾਲਤਿਆ, ਸਾਨਲੀਉਰਫਾ, ਅਡਾਨਾ, ਦਿਯਾਰਬਾਕਿਰ ਅਤੇ ਕਿਲਿਸ ਸ਼ਾਮਲ ਹਨ
- ਸੀਰੀਆ ਦਾ ਉੱਤਰੀ ਖਿੱਤਾ ਜਿਹੜਾ ਭੂਚਾਲ ਦੀ ਮਾਰ ਹੇਠ ਆਇਆ ਹੈ। ਇੱਥੇ ਏਲਪੋ ਸ਼ਹਿਰ ਆਫ਼ਤ ਦਾ ਕੇਂਦਰ ਬਣਿਆ ਹੈ।
- ਇਹ ਸਰਕਾਰ ਅਤੇ ਕੁਰਦਿਸ਼ ਬਾਗੀਆਂ ਵਿਚਾਲੇ ਵੰਡਿਆ ਹੋਇਆ ਇਲਾਕਾ ਹੈ। ਇੱਥੇ ਘਰੇਲੂ ਜੰਗ ਦਾ ਸ਼ਿਕਾਰ ਬਣੇ ਲੱਖਾਂ ਲੋਕ ਸ਼ਰਨਾਰਥੀਆਂ ਵਜੋਂ ਰਹਿ ਰਹੇ ਹਨ।
- ਭੂਚਾਲ ਤੋਂ ਪਹਿਲਾਂ ਇਸ ਇਲਾਕੇ ਵਿੱਚ ਜੰਗੀ ਹਾਲਾਤ ਕਾਰਨ ਹੋਏ ਉਜਾੜੇ, ਕਹਿਰ ਦੀ ਠੰਢ ਸਹਿੰਦੇ ਅਤੇ ਹੈਜੇ ਦਾ ਸ਼ਿਕਾਰ ਹੋਣ ਕਾਰਨ ਲੋਕਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਸੀ।

ਭੂਚਾਲ ਦੀ ਤੀਬਰਤਾ
ਇਸ ਤਾਜ਼ਾ ਭੂਚਾਲ ਤੋਂ ਬਾਅਦ ਵੀ ਲਗਾਤਾਰ ਝਟਕੇ ਆ ਰਹੇ ਹਨ ਅਤੇ ਵਿਗਿਆਨੀ ਅੰਦਾਜ਼ਾ ਲਗਾ ਰਹੇ ਹਨ ਕਿ ਇਸ ਖੇਤਰ ਇਲਾਕੇ ਵਿੱਚ ਪਹਿਲਾਂ ਆਏ ਵੱਡੇ ਭੂਚਾਲ ਵਾਂਗ ਹੀ ਛੋਟੇ ਭੂਚਾਲ ਆਉਂਦੇ ਰਹਿਣਗੇ।
ਹੁਣ ਭੂਚਾਲਾਂ ਨੂੰ ਮੂਮੈਂਟ ਮੈਗਨੀਟਿਊਡ ਸਕੇਲ ''''ਤੇ ਮਾਪਿਆ ਜਾਂਦਾ ਹੈ।
2.5 ਜਾਂ ਇਸ ਤੋਂ ਘੱਟ ਤੀਬਰਤਾ ਦਾ ਭੂਚਾਲ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ। ਪਰ ਇਸਨੂੰ ਯੰਤਰਾਂ ਨਾਲ ਵੀ ਮਾਪਿਆ ਜਾ ਸਕਦਾ ਹੈ।
ਪੰਜ ਦੀ ਤੀਬਰਤਾ ਵਾਲੇ ਭੂਚਾਲ ਮਹਿਸੂਸ ਕੀਤੇ ਜਾ ਸਕਦੇ ਹਨ ਤੇ ਅਜਿਹੇ ਝਟਕਿਆਂ ਨਾਲ ਮਾਮੂਲੀ ਨੁਕਸਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਪਰ ਤੁਰਕੀ ਵਿੱਚ ਭੂਚਾਲ ਦੀ ਤੀਬਰਤਾ 7.8 ਸੀ। ਇਸ ਨੂੰ ਵੱਡਾ ਭੂਚਾਲ ਕਿਹਾ ਜਾਂਦਾ ਹੈ। ਅਜਿਹਾ ਭੂਚਾਲ ਤਬਾਹੀ ਮਚਾਉਣ ਵਾਲਾ ਸਾਬਤ ਹੁੰਦਾ ਹੈ। ਤੁਰਕੀ ਵਿੱਚ ਵੀ ਅਜਿਹਾ ਹੀ ਹੋਇਆ ਹੈ।

ਪਰ ਅੱਠ ਤੋਂ ਵੱਧ ਤੀਬਰਤਾ ਵਾਲੇ ਭੁਚਾਲ ਭਿਆਨਕ ਤਬਾਹੀ ਦਾ ਕਾਰਨ ਬਣਦੇ ਹਨ ਅਤੇ ਅਜਿਹੇ ਭੂਚਾਲ ਮੁਕੰਮਲ ਖਾਤਮੇ ਦਾ ਕਾਰਨ ਹੋ ਸਕਦੇ ਹਨ।
ਜਾਪਾਨ ਦੇ ਤੱਟ ''''ਤੇ 2011 ਦੇ ਭੂਚਾਲ ਦੀ ਤੀਬਰਤਾ 9 ਸੀ। ਇਸ ਨਾਲ ਜਾਪਾਨ ਵਿਚ ਭਾਰੀ ਤਬਾਹੀ ਹੋਈ।
ਬਾਅਦ ਵਿੱਚ ਭੂਚਾਲ ਕਾਰਨ ਸੁਨਾਮੀ ਦੀਆਂ ਲਹਿਰਾਂ ਉੱਠੀਆਂ ਅਤੇ ਨੁਕਸਾਨ ਵਧਿਆ
ਇਸ ਕਾਰਨ ਜਾਪਾਨ ਦਾ ਇੱਕ ਪ੍ਰਮਾਣੂ ਪਲਾਂਟ ਵੀ ਖ਼ਤਰੇ ਵਿੱਚ ਆ ਗਿਆ ਸੀ।
ਚਿਲੀ ਵਿੱਚ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਭੂਚਾਲ 1960 ਵਿੱਚ ਦਰਜ ਕੀਤਾ ਗਿਆ ਸੀ।
ਇਸ ਦੀ ਤੀਬਰਤਾ 9.5 ਦੱਸੀ ਗਈ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)