ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਨੇ ਮੁੜ ਕੀਤਾ ਗ੍ਰਿਫ਼ਤਾਰ, ਕੀ ਹੈ ਮਾਮਲਾ
Monday, Feb 06, 2023 - 11:14 PM (IST)

ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਆਮਦਨੀ ਤੋਂ ਵੱਧ ਜਾਇਦਾਦ ਹੋਣ ਦੇ ਮਾਮਲੇ ਵਿੱਚ ਕੀਤੀ ਗਈ ਹੈ।
ਵਿਜੀਲੈਂਸ ਬਿਓਰੋ ਦਾ ਇਲਜ਼ਾਮ ਹੈ ਕਿ ਉਨ੍ਹਾਂ ਕੋਲ ਆਮਦਨੀ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਸਾਹਮਣੇ ਆਈ ਹੈ।
ਸਾਧੂ ਸਿੰਘ ਧਰਮਸੋਤ ਨੂੰ ਪਹਿਲਾਂ ਵੀ ਪਿਛਲੇ ਸਾਲ ਜੂਨ ਵਿੱਚ ਵਿਜੀਲੈਂਸ ਬਿਓਰੋ ਨੇ ਗ੍ਰਿਫ਼ਤਾਰ ਕੀਤਾ ਸੀ।
ਧਰਮਸੋਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਸਮਾਜ ਭਲਾਈ ਅਤੇ ਜੰਗਲਾਤ ਮਹਿਕਮੇ ਦੇ ਮੰਤਰੀ ਰਹੇ ਸਨ।
ਉਸ ਵੇਲੇ ਉਨ੍ਹਾਂ ''''ਤੇ ਰੁੱਖ ਕੱਟਣ ਦੇ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਇਲਜ਼ਾਮਾਂ ਤਹਿਤ ਹੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਹੋਈ ਸੀ।
ਗ੍ਰਿਫ਼ਤਾਰੀ ਬਾਰੇ ਵਿਜੀਲੈਂਸ ਨੇ ਕੀ ਦੱਸਿਆ
ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ ਜਾਂਚ ਦੀ ਤਫਤੀਸ਼ ਮਗਰੋਂ ਸਾਧੂ ਸਿੰਘ ਧਰਮਸੋਤ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ), 13(2) ਤਹਿਤ ਵਿਜੀਲੈਂਸ ਬਿਊਰੋ ਰੇਂਜ ਦੇ ਪੁਲਿਸ ਥਾਣਾ ਮੋਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵਿਜੀਲੈਂਸ ਬਿਊਰੋ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ, “ਜਾਂਚ ਇੱਕ ਮਾਰਚ, 2016 ਤੋਂ 31 ਮਾਰਚ, 2022 ਦੌਰਾਨ ਦੇਖਿਆ ਕਿ ਸਾਬਕਾ ਮੰਤਰੀ ਅਤੇ ਉਸ ਦੇ ਪਰਿਵਾਰ ਦੀ ਆਮਦਨੀ 2,37,12,596.48 ਰੁਪਏ ਸੀ ਜਦਕਿ ਖਰਚਾ 8,76,30,888.87 ਰੁਪਏ ਸੀ ਜੋ ਕਿ 6,39,18,292.39 ਰੁਪਏ ਵੱਧ ਸੀ। ਭਾਵ ਇਹ ਅੰਕੜਾ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਨਾਲੋਂ 269 ਫੀਸਦੀ ਵੱਧ ਸੀ।”
ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਮੰਤਰੀ ਦੀ ਹੋਰ ਜਾਇਦਾਦ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਨੂੰ ਭਲਕੇ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪਹਿਲਾਂ ਕਿਹੜੇ ਲੱਗੇ ਇਲਜ਼ਾਮ
ਪਿਛਲੇ ਸਾਲ ਜੂਨ ਵਿੱਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੁਰਾਣੇ ਮੰਤਰੀ ਬੜੇ ਸੰਗਠਿਤ ਤਰੀਕੇ ਨਾਲ ਜੰਗਲਾਤ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਕਰਦੇ ਸਨ, ਪੈਸੇ ਲੈਂਦੇ ਸੀ।
ਉਨ੍ਹਾਂ ਨੇ ਕਿਹਾ ਸੀ, "ਉਹ 500 ਰੁਪਏ ਪ੍ਰਤੀ ਰੁੱਖ਼ ਦੀ ਕਟਾਈ ਲੈਂਦੇ ਸਨ। ਇਸ ਤੋਂ ਇਲਾਵਾ ਉਹ ਬਦਲੀਆਂ, ਪੋਸਟਿੰਗ, ਇਸ ਤੋਂ ਇਲਾਵਾ ਕੋਈ ਚੀਜ਼ ਖਰੀਦਣ, ਬਾੜ ਲਗਾਉਣ, ਲਗਭਗ ਹਰੇਕ ਚੀਜ਼ ਦਾ ਉਹ ਪੈਸਾ ਲੈਂਦੇ ਸੀ।"
ਸਾਧੂ ਸਿੰਘ ਧਰਮਸੋਤ ਦਾ ਪਿਛੋਕੜ
ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਵਿਚ ਕਾਂਗਰਸ ਦੇ ਦਲਿਤ ਸਮਾਜ ਨਾਲ ਸਬੰਧਤ ਆਗੂਆਂ ਵਿਚੋਂ ਮੋਹਰੀ ਆਗੂ ਸਮਝਿਆ ਜਾਂਦਾ ਹੈ।
ਉਨ੍ਹਾਂ ਦਾ ਜਨਮ 1960 ਵਿਚ ਮੌਜੂਦਾ ਫਤਹਿਗੜ੍ਹ ਸਾਹਿਬ ਦੇ ਕਸਬਾ ਅਮਲੋਹ ਵਿਚ ਹੋਇਆ।
ਇੱਥੋਂ ਹੀ ਉਨ੍ਹਾਂ ਨੇ ਆਪਣੀ ਸਿਆਸਤ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਉਹ ਅਮਲੋਹ ਹਲਕੇ ਤੋਂ ਚਾਰ ਵਾਰ ਵਿਧਾਇਕ ਬਣੇ।
ਹਲਕਾਬੰਦੀ ਤੋਂ ਬਾਅਦ ਉਨ੍ਹਾਂ ਨੂੰ ਨਾਭਾ ਦਾ ਰਾਖਵਾਂ ਹਲਕਾ ਬਣਨ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ਹਲਕਾ ਨਾਭਾ ਤੋਂ ਲੜਨੀਆਂ ਪਈਆਂ ਅਤੇ ਉਹ ਜਿੱਤ ਹਾਸਲ ਕਰਕੇ ਸਰਕਾਰ ਵਿਚ ਮੰਤਰੀ ਬਣੇ।
2005 ਵਿੱਚ ਪੀਡਬਲਿਊਡੀ ਗ੍ਰਹਿ ਅਤੇ ਕਾਨੂੰਨ ਤੇ ਨਿਆਂ ਦੇ ਸੰਸਦੀ ਸਕੱਤਰ ਵਜੋਂ ਵੀ ਤਾਇਨਾਤ ਰਹੇ ਹਨ।
ਸਾਲ 2017 ਵਿੱਚ ਕੈਬਨਿਟ ਮੰਤਰੀ ਜੰਗਲਾਤ ਛਪਾਈ ਅਤੇ ਸਟੇਸ਼ਨਰੀ ਅਤੇ ਐਸਸੀ/ਬੀਸੀ ਭਲਾਈ ਮੰਤਰੀ ਵੀ ਰਹੇ ਹਨ।
ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਧਰਮਸੋਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਰਕਾਰ ਵਿਚ ਸਾਧੂ ਸਿੰਘ ਧਰਮਸੋਤ ਨੂੰ ਸਮਾਜ ਭਲਾਈ ਅਤੇ ਜੰਗਲਾਤ ਮੰਤਰੀ ਬਣਾਇਆ ਗਿਆ ਸੀ।
ਮੰਤਰੀ ਰਹਿੰਦਿਆਂ ਉਨ੍ਹਾਂ ਖਿਲਾਫ਼ ਦਲਿਤ ਵਿਦਿਆਰਥੀਆਂ ਦੇ ਵਜੀਫੇ ਵਿਚ ਘੁਟਾਲਾ ਕਰਨ ਦੇ ਇਲਜ਼ਾਮ ਲੱਗੇ।
ਨੈਸ਼ਨਲ ਸ਼ਡਿਊਲ ਕਾਸਟ ਕਮਿਸ਼ਨ ਨੇ ਸਾਧੂ ਸਿੰਘ ਖਿਲਾਫ਼ ਜਾਂਚ ਦੇ ਹੁਕਮ ਵੀ ਦਿੱਤੇ। ਇਸ ਮਾਮਲੇ ਵਿੱਚ ਕੈਪਟਨ ਸਰਕਾਰ ਨੇ ਤਿੰਨ ਆਈਏਐੱਸ ਅਫ਼ਸਰਾਂ ਦੀ ਜਾਂਚ ਕਮੇਟੀ ਬਣਾਈ ਸੀ ਜਿਸ ਨੇ ਸਾਧੂ ਸਿੰਘ ਨੂੰ ਕਲੀਨ ਚਿਟ ਦੇ ਦਿੱਤੀ ਸੀ।
ਵਿਰੋਧੀ ਧਿਰ ਦੇ ਲਗਾਤਾਰ ਵਿਰੋਧ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮੰਤਰੀ ਸਾਧੂ ਸਿੰਘ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਧੂ ਸਿੰਘ ਧਰਮਸੋਤ ਆਮ ਆਦਮੀ ਪਾਰਟੀ ਦੇ ਗੁਰਦੇਵ ਸਿੰਘ ਮਾਨ ਤੋਂ ਚੋਣ ਹਾਰ ਗਏ ਸਨ।
-
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)