ਯੁਵਰਾਜ ਤੋਂ ਗੁਰ ਸਿੱਖਣ ਵਾਲੇ ਸ਼ੁਭਮਨ ਨੇ ਕਿਵੇਂ ਆਪਣਾ ਖੇਡ ਬਦਲਿਆ ਕਿ ਉਹ ‘ਸਮੂਥਮੈਨ ਗਿੱਲ’ ਬਣ ਗਏ

Friday, Feb 03, 2023 - 08:44 AM (IST)

ਯੁਵਰਾਜ ਤੋਂ ਗੁਰ ਸਿੱਖਣ ਵਾਲੇ ਸ਼ੁਭਮਨ ਨੇ ਕਿਵੇਂ ਆਪਣਾ ਖੇਡ ਬਦਲਿਆ ਕਿ ਉਹ ‘ਸਮੂਥਮੈਨ ਗਿੱਲ’ ਬਣ ਗਏ
Shubhman gill
Getty Images

ਹਾਲ ਹੀ ਵਿੱਚ ਜਦੋਂ ਸ਼ੁੱਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ਼ ਦੋਹਰਾ ਸੈਂਕੜਾ ਜੜਿਆ ਤਾਂ ਕ੍ਰਿਕਟ ਦੀ ਦੁਨੀਆਂ ਦੇ ਲਿਟਿਲ ਮਾਸਟਰ ਮੰਨੇ ਜਾਣ ਵਾਲੇ ਸੁਨੀਲ ਗਵਾਸਕਰ ਨੇ ਸ਼ੁੱਭਮਨ ਨੂੰ ਇੱਕ ਨਵਾਂ ਨਾਂ ਦਿੱਤਾ।

ਟੈਸਟ ਕ੍ਰਿਕਟ ਵਿੱਚ ਦਸ ਹਜ਼ਾਰ ਤੋਂ ਵੱਧ ਦੌੜਾਂ ਬਣਾਉਣ ਵਾਲੇ ਸੁਨੀਲ ਗਵਾਸਕਰ ਕਹਿੰਦੇ, “ਸ਼ੁਭਮਨ ਮੈਂ ਤੁਹਾਡਾ ਨਵਾਂ ਨਿੱਕਨੇਮ (ਨਾਮ), ‘ਸਮੂਥਮੈਨ ਗਿੱਲ’ ਰੱਖਣਾ ਚਾਹੁੰਦਾ ਹਾਂ ਜੇ ਤੁਹਾਨੂੰ ਬੁਰਾ ਨਾ ਲੱਗੇ।

ਸ਼ੁਭਮਨ ਗਿੱਲ ਦਾ ਜਵਾਬ ਸੀ, “ਸਰ ਮੈਨੂੰ ਬਿਲਕੁੱਲ ਬੁਰਾ ਨਹੀਂ ਲੱਗਿਆ।”

ਕਮੈਂਟਰੀ ਦੌਰਾਨ ਸੁਨੀਲ ਗਵਾਸਕਰ ਨੇ ਇਸ ਨਾਮ ਨੂੰ ਦੋ-ਤਿੰਨ ਵਾਰ ਲਿਆ। ਉਹ ਸ਼ੁਭਮਨ ਦੀ ਖੇਡ ਤੋਂ ਖਾਸੇ ਪ੍ਰਭਾਵਿਤ ਹਨ।

ਸ਼ੁਭਮਨ ਨੇ ਨਿਊਜ਼ੀਲੈਂਡ ਖਿਲਾਫ਼ ਤੀਜੇ ਟੀ-20 ਮੈਚ ਵਿੱਚ 63 ਗੇਂਦਾਂ ਉੱਤੇ 126 ਦੌੜਾਂ ਬਣਾਈਆਂ। ਇਸ ਪਾਰੀ ਸਦਕੇ ਜਿੱਥੇ ਭਾਰਤ ਨੇ ਨਿਊਜ਼ੀਲੈਂਡ ਨੂੰ ਭਾਰੀ ਅੰਤਰ ਨਾਲ ਹਰਾਇਆ, ਉੱਥੇ ਹੀ ਟੀ-20 ਮੈਚਾਂ ਦੀ ਲੜੀ ਨੂੰ ਵੀ ਆਪਣੇ ਨਾਮ ਕੀਤਾ।

ਉਨ੍ਹਾਂ ਦੀ ਇਸ ਪਾਰੀ ਬਾਰੇ ਜਦੋਂ ਕਪਤਾਨ ਹਾਰਦਿਕ ਪਾਂਡਿਆ ਨੂੰ ਪੁੱਛਿਆ ਤਾਂ ਉਹ ਕਹਿੰਦੇ, “ਸ਼ੁਭਮਨ ਗਿੱਲ ਤਕਨੀਕੀ ਤੌਰ ਉੱਤੇ ਇੰਨੇ ਜ਼ਿਆਦਾ ਵਧੀਆ ਹਨ ਕਿ ਟੈਸਟ ਤੋਂ ਵਨਡੇਅ ਤੇ ਵਨਡੇਅ ਤੋਂ ਟੀ-20 ਖੇਡਣ ਲਈ ਖੁਦ ਨੂੰ ਢਾਲਣਾ ਉਨ੍ਹਾਂ ਲਈ ਬਹੁਤ ਸੌਖਾ ਹੈ।”

ਨਿਊਜ਼ੀਲੈਂਡ ਖਿਲਾਫ਼ ਪਹਿਲੇ ਦੋ ਟੀ-20 ਮੈਚਾਂ ਵਿੱਚ ਸ਼ੁਭਮਨ ਕੁਝ ਖ਼ਾਸ ਨਹੀਂ ਕਰ ਸਕੇ ਸਨ। ਆਈਪੀਐੱਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਤੇ ਗੁਜਰਾਤ ਟਾਈਟਨ ਲਈ ਖੇਡਣ ਵੇਲੇ ਸ਼ੁਭਮਨ ਇੱਕ ਐਂਕਰ ਵਜੋਂ ਇੱਕ ਛੋਰ ਨੂੰ ਸਾਂਭਣ ਦਾ ਕੰਮ ਕਰਦੇ ਹਨ।

ਬੁੱਧਵਾਰ ਰਾਤ ਨੂੰ ਉਨ੍ਹਾਂ ਨੇ ਸੰਭਲ ਕੇ ਖੇਡਣ ਵਾਲੇ ਆਪਣੇ ਅੰਦਾਜ਼ ਨੂੰ ਛਿੱਕੇ ਟੰਗ ਦਿੱਤਾ ਸੀ ਤੇ ਕਈ ਵਾਰ ਗੇਂਦ ਨੂੰ ਗਰਾਊਂਡ ਤੋਂ ਬਾਹਰ ਪਹੁੰਚਾਇਆ ਸੀ।

ਸ਼ੁਭਮਨ ਗਿੱਲ
Getty Images
ਸ਼ੁਭਮਨ ਗਿੱਲ ਚੰਗੀਆਂ ਗੇਂਦਾਂ ਨੂੰ ਵੀ ਬਾਊਂਡਰੀ ਦੇ ਪਾਰ ਪਹੁੰਚਾਉਣ ਦੀ ਕਾਬਲੀਅਤ ਰੱਖਦੇ ਹਨ

‘ਟੀਮ ਲਈ ਖੇਡਣ ਵੇਲੇ ਥਕਾਨ ਮਹਿਸੂਸ ਨਹੀਂ ਹੁੰਦੀ’

ਗਿੱਲ ਨੇ ਸਟਾਰ ਸਪੋਰਟਸ ਨਾਲ ਗੱਲਬਾਤ ਵਿੱਚ ਕਿਹਾ, “ਬਹੁਤ ਚੰਗਾ ਲਗਦਾ ਹੈ ਜਦੋਂ ਤੁਸੀਂ ਪ੍ਰੈਕਟਿਸ ਕਰੋ ਤੇ ਉਹ ਕੰਮ ਆਏ।”

“ਮੈਂ ਸ਼੍ਰੀ ਲੰਕਾ ਖਿਲਾਫ਼ ਵਨਡੇਅ ਤੇ ਟੀ-20 ਮੈਚਾਂ ਵਿੱਚ ਵੱਡੇ ਸਕੋਰ ਕਰਨਾ ਚਾਹੁੰਦਾ ਸੀ ਪਰ ਉੱਥੇ ਸਫ਼ਲ ਨਹੀਂ ਹੋ ਸਕਿਆ। ਪਰ ਹੁਣ ਮੈਂ ਟੀਮ ਲਈ ਸਕੋਰ ਕਰਕੇ ਖੁਸ਼ ਹਾਂ।”

“ਛੱਕਾ ਮਾਰਨ ਦੀ ਸਾਰਿਆਂ ਦੀ ਵੱਖਰੀ ਤਕਨੀਕ ਹੁੰਦੀ ਹੈ। ਮੈਂ ਹਾਰਦਿਕ ਨਾਲ ਵੀ ਇਸ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਨੂੰ ਕੁਝ ਵੀ ਵੱਖਰਾ ਕਰਨ ਦੀ ਲੋੜ ਨਹੀਂ ਹੈ। ਮੈਨੂੰ ਆਪਣਾ ਗੇਮ ਖੇਡਣਾ ਹੈ ਤੇ ਅਜਿਹਾ ਕਰਨਾ ਮੇਰੇ ਲਈ ਸਹੀ ਸਾਬਿਤ ਵੀ ਹੋਇਆ ਹੈ।”

ਤਿੰਨੇ ਫਾਰਮੇਟ ਖੇਡਣ ਬਾਰੇ ਸ਼ੁਭਮਨ ਕਹਿੰਦੇ ਹਨ, “ਜਦੋਂ ਤੁਸੀਂ ਆਪਣੇ ਦੇਸ ਲਈ ਖੇਡ ਰਹੇ ਹੁੰਦੇ ਹੋ ਤਾਂ ਤੁਹਾਨੂੰ ਕੋਈ ਥਕਾਨ ਮਹਿਸੂਸ ਨਹੀਂ ਹੁੰਦੀ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਤਿੰਨੇ ਫਾਰਮੇਟ ਖੇਡ ਰਿਹਾ ਹਾਂ ਤੇ ਮੈਨੂੰ ਕੋਈ ਥਕਾਨ ਨਹੀਂ ਲੱਗ ਰਹੀ ਹੈ।”

ਈਐੱਸਪੀਐੱਨ ਕ੍ਰਿਕ ਇਨਫੋ ਨਾਲ ਗੱਲਬਾਤ ਕਰਦੇ ਹੋਏ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਸੀਮ ਜਾਫ਼ਰ ਕਹਿੰਦੇ ਹਨ ਕਿ ਟੈਸਟ ਤੇ ਵਨਡੇਅ ਮੈਚਾਂ ਵਿੱਚ ਤਾਂ ਸ਼ੁਭਮਨ ਗਿੱਲ ਆਪਣੀ ਕਾਬਲੀਅਤ ਨੂੰ ਸਾਬਿਤ ਕਰ ਹੀ ਚੁੱਕੇ ਹਨ।

ਉਹ ਕਹਿੰਦੇ ਹਨ, “ਕੇਵਲ ਟੀ-20 ਮੈਚ ਹੀ ਸਨ ਜਿਨ੍ਹਾਂ ਨੂੰ ਲੈ ਕੇ ਸ਼ੁਭਮਨ ਗਿੱਲ ਉੱਤੇ ਸਵਾਲੀਆ ਨਿਸ਼ਾਨ ਸੀ ਕਿ ਉਨ੍ਹਾਂ ਦਾ ਸਟ੍ਰਾਈਕ ਰੇਟ ਘੱਟ ਹੈ ਅਤੇ ਉਹ ਘੱਟ ਰਫ਼ਤਾਰ ਨਾਲ ਖੇਡਦੇ ਹਨ। ਪਰ ਟੀ-20 ਵਿੱਚ ਸੈਂਕੜੇ ਤੋਂ ਬਾਅਦ ਇਹ ਪਤਾ ਲੱਗ ਗਿਆ ਹੈ ਕਿ ਟੀ-20 ਲਈ ਭਾਰਤ ਨੂੰ ਕਿੰਨਾ ਵਧੀਆ ਖਿਡਾਰੀ ਮਿਲ ਗਿਆ ਹੈ।”

“ਸ਼ੁਭਮਨ ਗਿੱਲ ਰੋਹਿਤ ਸ਼ਰਮਾਂ ਤੇ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਉਹ ਜਾਣਦੇ ਹਨ ਕਿ ਕਦੋਂ ਉਨ੍ਹਾਂ ਨੇ ਆਪਣੇ ਗੇਅਰ ਬਦਲਣੇ ਹਨ। ਉਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਚੰਗੀਆਂ ਗੇਂਦਾਂ ਨੂੰ ਵੀ ਬਾਊਂਡਰੀ ਦੇ ਬਾਹਰ ਭੇਜਦੇ ਹਨ।”

ਬੀਤੇ ਕੁਝ ਦਿਨਾਂ ਵਿੱਚ ਸ਼ਭਮਨ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ

  • ਹਰ ਫਾਰਮੈਟ ਯਾਨੀ ਟੈਸਟ, ਟੀ-20 ਤੇ ਵਨਡੇਅ ਵਿੱਚ ਸੈਂਕੜਾ ਲਗਾਉਣ ਵਾਲੇ 5ਵੇਂ ਭਾਰਤੀ ਬਣੇ।
  • 21 ਵਨਡੇਅ ਮੈਚਾਂ ਵਿੱਚ ਇਸ ਵੇਲੇ ਉਨ੍ਹਾਂ ਦਾ ਔਸਤ 73.76 ਹੈ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ।
  • ਸ਼ੁਭਮਨ ਦਾ 126 ਦੌੜਾਂ ਦਾ ਸਕੋਰ ਟੀ-20 ਮੈਚ ਵਿੱਚ ਇੱਕ ਭਾਰਤੀ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ।
  • ਪਾਰੀ ਦੇ ਹਿਸਾਬ ਨਾਲ ਉਨ੍ਹਾਂ ਨੇ ਵਾਹਨਡੇਅ ਮੈਚਾਂ ਵਿੱਚ ਸਭ ਤੋਂ ਤੇਜ਼ੀ ਨਾਲ 1000 ਦੌੜਾਂ ਪੂਰੀਆਂ ਕੀਤੀਆਂ।
ਸ਼ੁਭਮਨ ਗਿੱਲ
Getty Images

ਔਖੇ ਵੇਲੇ ਯੁਵਰਾਜ ਨੇ ਕੀਤੀ ਸੀ ਮਦਦ

ਜਦੋਂ ਦੇਸ ਵਿੱਚ ਕੋਵਿਡ ਦੀ ਲਹਿਰ ਜ਼ੋਰਾਂ ਉੱਤੇ ਸੀ ਉਸ ਵੇਲੇ ਸ਼ੁਭਮਨ ਗਿੱਲ ਨੇ ਯੁਵਰਾਜ ਕੋਲ ਆ ਕੇ ਟਰੇਨਿੰਗ ਲਈ ਸੀ।

ਆਈਪੀਐੱਲ ਤੋਂ ਕੁਝ ਵਕਤ ਪਹਿਲਾਂ ਯੁਵਰਾਜ ਨੇ ਸ਼ੁਭਮਨ ਗਿੱਲ ਨੂੰ 21 ਦਿਨਾਂ ਲਈ ਟਰੇਨਿੰਗ ਦਿੱਤੀ ਸੀ।

ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਵਿੱਚ ਉਹ ਇਸ ਟਰੇਨਿੰਗ ਬਾਰੇ ਕਹਿੰਦੇ ਹਨ, “ਕੈਂਪ ਵੇਲੇ ਯੁਵਰਾਜ ਨੇ ਮੈਨੂੰ ਬਾਊਂਸਰਾਂ ਲਈ ਤਿਆਰ ਕੀਤਾ ਸੀ। ਉਨ੍ਹਾਂ ਨੇ ਮੇਰੇ ਵੱਲ ਵੱਖ-ਵੱਖ ਐਂਗਲਾਂ ਤੋਂ ਸੈਂਕੜੇ ਸ਼ਾਰਟ ਪਿੱਚ ਗੇਂਦਾਂ ਸੁੱਟੀਆਂ ਸਨ ਜਿਸ ਨਾਲ ਮੇਰੀ ਬਹੁਤ ਮਦਦ ਹੋਈ ਸੀ।”

ਸ਼ੁਭਮਨ ਗਿੱਲ ਨੇ ਜ਼ਿੰਬਾਬਵੇ ਖਿਲਾਫ਼ ਵਨਡੇਅ ਮੈਚਾਂ ਦਾ ਪਹਿਲਾ ਸੈਂਕੜਾ ਮਾਰਿਆ ਸੀ। ਬੀਸੀਸੀਆਈ ਦੀ ਇੱਕ ਵੀਡੀਓ ਵਿੱਚ ਉਹ ਦੱਸਦੇ ਹਨ, “ਜ਼ਿੰਬਾਬਵੇ ਜਾਣ ਤੋਂ ਪਹਿਲਾਂ ਮੈਂ ਯੁਵਰਾਜ ਨਾਲ ਮੁਲਾਕਾਤ ਕੀਤੀ ਸੀ।”

“ਯੁਵਰਾਜ ਨੇ ਮੈਨੂੰ ਕਿਹਾ ਸੀ ਕਿ ਮੈਂ ਚੰਗਾ ਖੇਡ ਰਿਹਾ ਹਾਂ ਤੇ ਜਦੋਂ ਮੈਂ ਸੈਟ ਹੋਵਾਂ ਤਾਂ ਲੰਬੀ ਪਾਰੀ ਖੇਡਣ ਬਾਰੇ ਸੋਚਾਂ। ਉਸ ਵੇਲੇ ਮੈਂ ਯੁਵਰਾਜ ਨੂੰ ਕਿਹਾ ਸੀ 100 ਨਹੀਂ ਆ ਰਹੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਫਿਕਰ ਨਾ ਕਰੋ ਉਹ ਵੀ ਆਉਣਗੇ।”

ਸ਼ੁਭਮਨ ਦੇ ਪ੍ਰਦਰਸ਼ਨ ਨਾਲ ਯੁਵਰਾਜ ਵੀ ਕਾਫੀ ਖੁਸ਼ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਕਿਹਾ ਸੀ, “ਸ਼ੁਭਮਨ ਬਹੁਤ ਮਿਹਨਤ ਕਰ ਰਹੇ ਹਨ ਤੇ ਸਾਰੀਆਂ ਸਹੀ ਚੀਜ਼ਾਂ ਕਰ ਰਹੇ ਹਨ। ਮੈਂ ਮੰਨਦਾ ਹਾਂ ਅਗਲੇ 10 ਸਾਲਾਂ ਵਿੱਚ ਮਹਾਨ ਖਿਡਾਰੀ ਬਣਨਾ ਉਨ੍ਹਾਂ ਦੀ ਕਿਸਮਤ ਵਿੱਚ ਲਿਖਿਆ ਹੈ।”

ਸ਼ੁਭਮਨ
Getty Images
ਕ੍ਰਿਕਟ ਦੇ ਮਾਹਿਰ ਸ਼ੁਭਮਨ ਗਿੱਲ ਨੂੰ ਕੋਹਲੀ ਤੇ ਰੋਹਿਤ ਵਰਗਾ ਵਧੀਆ ਖਿਡਾਰੀ ਮੰਨਦੇ ਹਨ

ਸ਼ੁਭਮਨ ਗਿੱਲ ਦੇ ਭਾਰਤੀ ਟੀਮ ਵਿੱਚ ਉਭਾਰ ਬਾਰੇ ਅਸੀਂ ਸੀਨੀਅਰ ਖੇਡ ਪੱਤਰਕਾਰ ਚੰਦਰ ਸ਼ੇਖਰ ਲੂਥਰਾ ਨਾਲ ਗੱਲਬਾਤ ਕੀਤੀ।

ਸ਼ੁਭਮਨ ਗਿੱਲ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਸੀਨੀਅਰ ਖੇਡ ਪੱਤਰਕਾਰ ਚੰਦਰ ਸ਼ੇਖਰ ਲੂਥਰਾ ਦੱਸਦੇ ਹਨ, “ਸਭ ਤੋਂ ਪਹਿਲਾਂ ਮੈਂ ਸ਼ੁਭਮਨ ਗਿੱਲ ਨੂੰ ਅੰਡਰ-19 ਖੇਡਣ ਵੇਲੇ ਟ੍ਰੈਕ ਕੀਤਾ ਸੀ। ਉਨ੍ਹਾਂ ਦਾ ਖੇਡਣ ਦਾ ਅੰਦਾਜ਼ ਬਹੁਤ ਚੰਗਾ ਹੈ। ਉਨ੍ਹਾਂ ਦੀ ਤਕਨੀਕ ਸ਼ਾਨਦਾਰ ਹੈ।”

“ਹਾਂ ਅਜਿਹਾ ਨਹੀਂ ਹੈ ਕਿ ਉਨ੍ਹਾਂ ਵਿੱਚ ਕੋਈ ਤਕਨੀਕੀ ਖਾਮੀ ਨਹੀਂ ਸੀ। ਕੁਝ ਖਾਮੀਆਂ ਸਨ ਜਿਨ੍ਹਾਂ ਉੱਤੇ ਕੰਮ ਕਰਨ ਦੀ ਲੋੜ ਸੀ ਤੇ ਉਨ੍ਹਾਂ ਉੱਤੇ ਕੰਮ ਵੀ ਕੀਤਾ ਗਿਆ ਹੈ। ਉਨ੍ਹਾਂ ਨੂੰ ਚੰਗਾ ਪ੍ਰੋਤਸਾਹਨ ਵੀ ਮਿਲਿਆ ਤੇ ਛੇਤੀ ਹੀ ਉਹ ਭਾਰਤੀ ਟੀਮ ਵਿੱਚ ਆ ਗਏ।”

“ਭਾਵੇਂ ਸ਼ੁਰੂਆਤ ਚੰਗੀ ਨਹੀਂ ਰਹੀ ਸੀ, ਫਾਰਮ ਵੀ ਉਨ੍ਹਾਂ ਦੀ ਕਾਫੀ ਦੇਰ ਤੱਕ ਖਰਾਬ ਰਹੀ ਸੀ। ਇਸ ਕਰਕੇ ਟੀਮ ਦੇ ਅੰਦਰ-ਬਾਹਰ ਵੀ ਹੁੰਦੇ ਰਹੇ। ਪਿਛਲੇ ਦਿਨਾਂ ਵਿੱਚ ਉਨ੍ਹਾਂ ਨੂੰ ਵਨਡੇਅ ਤੇ ਖਾਸਕਰ ਟੀ-20 ਜ਼ਿਆਦਾ ਖਿਡਾਏ ਗਏ ਹਨ।”

“ਮੈਨੂੰ ਲਗਦਾ ਹੈ ਕਿ ਟੀ-20 ਚੰਗੇ ਖਿਡਾਰੀਆਂ ਨੂੰ ਘੱਟ ਖਿਡਾਉਣੇ ਚਾਹੀਦੇ ਹਨ ਪਰ ਅੱਜ ਇਹ ਕਰਨਾ ਮੁਸ਼ਕਲ ਹੈ। ਅੱਜ ਟੀ-20 ਦਾ ਹੀ ਜ਼ਮਾਨਾ ਹੈ। ਤਾਂ ਇਸ ਵੇਲੇ ਕਿਸੇ ਵੀ ਖਿਡਾਰੀ ਨੂੰ ਭਰੋਸੇਮੰਦ ਕਹਿਣਾ ਸਹੀ ਨਹੀਂ ਹੁੰਦਾ ਕਿਉਂਕਿ ਟੀ-20 ਵਿੱਚ ਇੱਕ-ਦੋ ਗੇਂਦਾਂ ਹੀ ਤੁਹਾਡਾ ਕਰੀਅਰ ਤੈਅ ਕਰਦੀਆਂ ਹਨ।”

‘ਸ਼ੁਭਮਨ ਨੂੰ ਪਤਾ ਹੈ ਕਦੋਂ ਗੇਅਰ ਬਦਲਣੇ ਹਨ’

ਸ਼ੁਭਮਨ ਗਿੱਲ
Getty Images

ਟੀਮ ਇੰਡੀਆ ਵਿੱਚ ਇਸ ਹੋਣ ਵਾਲੇ ਵਿਸ਼ਵ ਕੱਪ ਵਿੱਚ ਮੁਕਾਬਲਾ ਕਾਫੀ ਸਖਤ ਹੈ। ਉਸ ਵੇਲੇ ਸ਼ੁਭਮਨ ਗਿੱਲ ਨੇ ਆਪਣੀ ਸ਼ਾਨਦਾਰ ਪਰਫੌਰਮੈਂਸ ਨਾਲ ਆਪਣੀ ਦਾਅਵੇਦਾਰੀ ਨੂੰ ਮਜ਼ਬੂਤ ਕਰ ਦਿੱਤਾ ਹੈ।

ਵਿਸ਼ਵ ਕੱਪ ਦੀ ਟੀਮ ਵਿੱਚ ਸ਼ੁਭਮਨ ਗਿੱਲ ਦੀ ਥਾਂ ਬਾਰੇ ਚੰਦਰ ਸ਼ੇਖਰ ਕਹਿੰਦੇ ਹਨ, “ਜੇਕਰ ਭਵਿੱਖ ਦੇ ਵੱਡੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਮੇਰੇ ਦਿਮਾਗ ਵਿੱਚ ਤਿੰਨ ਖਿਡਾਰੀ ਆਉਂਦੇ ਹਨ, ਪ੍ਰਿਥਵੀ ਸ਼ਾਅ, ਇਸ਼ਾਨ ਕਿਸ਼ਨ ਤੇ ਸ਼ੁਭਮਨ ਗਿੱਲ।”

“ਜੇ ਵਨਡੇਅ ਟੀਮ ਦੀ ਗੱਲ ਕਰੀਏ ਤਾਂ ਉਸ ਵਿੱਚ ਸੰਜਮ ਤੇ ਸਮਝ ਰੱਖਣਾ ਅਤੇ ਤਕਨੀਕ ਦਾ ਚੰਗਾ ਹੋਣਾ ਬੇਹੱਦ ਜ਼ਰੂਰੀ ਹੈ।”

“ਪਹਿਲਾਂ ਇਸ ਦੋਵੇ ਮਾਮਲਿਆਂ ਵਿੱਚ ਮੈਂ ਪ੍ਰਿਥਵੀ ਸ਼ੌਅ ਨੂੰ ਸ਼ੁਭਮਨ ਤੋਂ ਅੱਗੇ ਮੰਨਦਾ ਸੀ ਪਰ ਹੁਣ ਮੈਨੂੰ ਲਗਦਾ ਹੈ ਕਿ ਸ਼ੁਭਮਨ ਇਸ ਮਾਮਲੇ ਵਿੱਚ ਪ੍ਰਿਥਵੀ ਸ਼ੌਅ ਤੋਂ ਅੱਗੇ ਹਨ ਤੇ ਤੀਜੇ ਨੰਬਰ ਉੱਤੇ ਈਸ਼ਾਨ ਕਿਸ਼ਨ ਨੂੰ ਮੰਨਦਾ ਸੀ।”

ਚੰਦਰ ਸ਼ੇਖਰ ਲੂਥਰਾ ਟੀ-20 ਵਿੱਚ ਈਸ਼ਾਨ ਕਿਸ਼ਨ ਨੂੰ ਨੰਬਰ ਵਨ ਮੰਨਦੇ ਸਨ ਪਰ ਹੁਣ ਉਨ੍ਹਾਂ ਦੀ ਸੋਚ ਬੀਤੇ ਕੁਝ ਮੈਚਾਂ ਤੋਂ ਬਾਅਦ ਬਦਲੀ ਹੈ।

ਹੁਣ ਉਹ ਕਹਿੰਦੇ ਹਨ, “ਬੀਤੇ ਮੈਚਾਂ ਵਿੱਚ ਸ਼ੁਭਮਨ ਦੇ ਪ੍ਰਦਰਸ਼ਨ ਨੇ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਹੁਣ ਤੁਸੀਂ ਉਨ੍ਹਾਂ ਨੂੰ ਨੰਬਰ -2 ਨਹੀਂ ਕਹਿ ਸਕਦੇ ਹੋ। ਹੁਣ ਗਿੱਲ ਨੂੰ ਤੁਸੀਂ ਨੰਬਰ ਵਨ ਉੱਤੇ ਹੀ ਰੱਖ ਕੇ ਕਿਸੇ ਨੰਬਰ ਵਨ ਖਿਡਾਰੀ ਨਾਲ ਤੁਲਨਾ ਕਰਦੇ ਹੋ।”

“ਜਦੋਂ ਤੁਸੀਂ ਸਕੋਰ ਕਰ ਰਹੇ ਹੁੰਦੇ ਹੋ ਤਾਂ ਕ੍ਰਿਕਟ ਵਿੱਚ ਲਗਾਤਾਰ ਪਰਫੌਰਮ ਕਰਨਾ ਕੰਮ ਆਉਂਦਾ ਹੈ। ਜੇ ਤੁਹਾਨੂੰ ਚੰਗਾ ਸਕੋਰ ਕਰਨ ਵੇਲੇ ਖਿਡਾਇਆ ਨਹੀਂ ਜਾਵੇਗਾ ਤਾਂ ਤੁਹਾਡਾ ਇਹ ਗੋਲਡਨ ਪੀਰੀਅਡ ਮੁੜ ਨਹੀਂ ਆਵੇਗਾ।”

ਚੰਦਰ ਸ਼ੇਖਰ ਮੰਨਦੇ ਹਨ ਕਿ ਸ਼ੁਭਮਨ ਜਿਸ ਤਰੀਕੇ ਨਾਲ ਖੇਡ ਰਹੇ ਹਨ ਤਾਂ ਉਨ੍ਹਾਂ ਨੂੰ ਟੀਮ ਇੰਡੀਆ ਵਿੱਚ ਲਗਾਤਾਰ ਖਿਡਾਉਣਾ ਚਾਹੀਦਾ ਹੈ। ਉਹ ਸ਼ੁਭਮਨ ਨੂੰ ਵਿਸ਼ਵ ਕੱਪ ਦੇ ਪਹਿਲੇ 15 ਖਿਡਾਰੀਆਂ ਦੀ ਟੀਮ ਵਿੱਚ ਦੇਖਦੇ ਹਨ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News